ਇਸ ਸਾਲ ਦਾ ਸਭ ਤੋਂ ਇਤਿਹਾਸਕ ਕਦਮ ਪਾਕਿਸਤਾਨ ਵਾਲੇ ਪਾਸੇ ਤੋਂ ਗੁਰਦੁਆਰਾ ਸਾਹਿਬਾਨ ਦੇ ਖੁੱਲੇ ਦਰਸ਼ਨ ਦੀਦਾਰ ਲਈ ਲਾਂਘਾ ਖੋਲ ਕੇ ਚੁੱਕਿਆ ਗਿਆ ਹੈ। ਭਾਰਤ ਵਾਲੇ ਪਾਸੇ ਤੋਂ ਭਾਰਤੀ ਪੰਜਾਬ ਤੋਂ ਡੇਰਾ ਬਾਬਾ ਨਾਨਕ ਵਾਲੇ ਪਾਸੇ ਤੋਂ ਇਹ ਲਾਂਘਾ ਖੋਲਿਆ ਗਿਆ ਹੈ। ਦੋਵੇਂ ਸਰਕਾਰਾਂ ਵੱਲੋਂ ਆਪਸੀ ਖਿਚਾਅ ਦੇ ਚੱਲਦਿਆਂ ਇਸ ਇਤਿਹਾਸਕ ਕਦਮ ਨੂੰ ਪਹਿਲ ਦਿੱਤੀ ਗਈ ਹੈ। ਸਿੱਖ ਕੌਮ ਨੂੰ ੭੨ ਸਾਲਾਂ ਤੋਂ ਉਡੀਕ ਸੀ ਕਿ ਕਦੋਂ ਬਾਬੇ ਨਾਨਕ ਦਾ ਦਰ ਕਰਤਾਰਪੁਰ ਸਾਹਿਬ ਸਿੱਖ ਕੌਮ ਦੀ ਅਰਦਾਸ ਮੁਤਾਬਕ ਖੋਲਿਆ ਜਾਵੇਗਾ। ਇਹ ਇਤਿਹਾਸਕ ਕਦਮ ਸਿੱਖ ਕੌਮ ਹਮੇਸ਼ਾਂ ਯਾਦ ਰੱਖੇਗੀ। ਨੌਂ ਨਵੰਬਰ ੨੦੧੯ ਨੂੰ ਭਾਰਤ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵੱਲੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਅਰੰਭ ਕੀਤਾ ਗਿਆ। ਇਸ ਇਤਿਹਾਸਕ ਕਦਮ ਨੂੰ ਚੁੱਕਣ ਪਿੱਛੇ ਪਾਕਿਸਤਾਨ ਸਰਕਾਰ ਦੇ ਪ੍ਰਧਾਨ ਮੰਤਰੀ ਦਾ ਵੱਡਾ ਜਿਗਰਾ ਸੀ ਅਤੇ ਉਸਨੇ ਭਾਰਤ ਨਾਲ ਚੱਲਦੇ ਤਣਾਅ ਤੋਂ ਉਪਰ ਉੱਠ ਕੇ ਇਹ ਇਤਿਹਾਸਕ ਕਦਮ ਚੁੱਕਿਆ ਹੈ। ਨੌਂ ਨਵੰਬਰ ੨੦੧੯ ਨੂੰ ਭਾਰਤ ਵਾਲੇ ਪਾਸੇ ਤੋਂ ਪੰਜਾਬ ਵਿੱਚ ਸਿੱਖ ਕੌਮ ਵੱਲੋਂ ਜੱਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਜ਼ਰੀ ਲਵਾਈ । ਇਹ ਦੋਵੇਂ ਸਿੱਖ ਕੌਮ ਦੇ ਨੁਮਾਇੰਦਿਆਂ ਵਜੋਂ ਖੜੇ ਹੋਏ ਅਤੇ ੫੯੫ ਬੰਦਿਆਂ ਦੇ ਪਹਿਲੇ ਜੱਥੇ ਨੂੰ ਇਹਨਾਂ ਨੇ ਅਗਵਾਈ ਦਿੱਤੀ। ਉਸ ਜੱਥੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ੍ਰ: ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਸ਼ਾਮਿਲ ਸੀ। ਇਸਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਕ ਕਮੇਟੀ ਦੇ ਪ੍ਰਧਾਨ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਇਸ ਜੱਥੇ ਵਿੱਚ ਸ਼ਾਮਿਲ ਸਨ। ਇਹਨਾਂ ਦੇ ਨਾਲ ਭਾਰਤੀ ਪੰਜਾਬ ਦੇ ਐਸੰਬਲੀ ਦੇ ਸਾਰੇ ਐਮ.ਐਲ.ਏ ਤੇ ਪੰਜਾਬ ਦੇ ਸਾਰੇ ਐਮ.ਪੀ.ਵੀ ਇਸ ਜੱਥੇ ਵਿੱਚ ਸ਼ਾਮਿਲ ਸਨ। ਇਸ ਜੱਥੇ ਵਿੱਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਸ਼ਾਮਿਲ ਸੀ। ਪਾਕਿਸਤਾਨ ਅਤੇ ਭਾਰਤ ਸਰਕਾਰਾਂ ਵੱਲੋਂ ਕਰਤਾਰਪੁਰ ਸਾਹਿਬ ਦੀ ਤਰਫ ਅਤੇ ਭਾਰਤੀ ਪੰਜਾਬ ਵਾਲੇ ਪਾਸੇ ਡੇਰਾ ਬਾਬਾ ਨਾਨਕ ਦੀ ਤਰਫੋਂ ਦੱਸ ਮਹੀਨਿਆਂ ਵਿੱਚ ਮਾਰਕੇ ਦਾ ਨਿਰਮਾਣ ਕਾਰਜ ਕੀਤਾ ਗਿਆ ਹੈ। ਜਿਸ ਉਪਰ ਦੋਵਾਂ ਸਰਕਾਰਾਂ ਵੱਲੋਂ ਪੈਸਾ ਲਾਇਆ ਗਿਆ। ਕਰਤਾਰਪੁਰ ਸਾਹਿਬ ਗੁਰਦੁਆਰਾ ਦਰਬਾਰ ਸਾਹਿਬ ਵਿੱਚ ਉਦਘਾਟਨ ਮੌਕੇ ਸਿੱਖ ਕੌਮ ਦੀ ਨੁਮਾਇੰਦਗੀ ਭਾਰਤੀ ਪੰਜਾਬ ਦੇ ਐਮ.ਐਲ.ਏ. ਨਵਜੋਤ ਸਿੰਘ ਸਿੱਧੂ ਨੇ ਕੀਤੀ। ਨਵਜੋਤ ਸਿੰਘ ਸਿੱਧੂ ਹੀ ਪਹਿਲੀ ਵਾਰ ਲਾਂਘਾ ਖੁੱਲਣ ਦਾ ਪਾਕਿਸਤਾਨ ਸਰਕਾਰ ਦਾ ਸੰਦੇਸ਼ ਭਾਰਤ ਵਿੱਚ ਲੈ ਕੇ ਆਇਆ ਸੀ। ਪਾਕਿਸਤਾਨੀ ਪੰਜਾਬ ਦੇ ਕਰਤਾਰਪੁਰ ਸਾਹਿਬ ਵਿਖੇ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਲਈ ਪਾਕਿਸਤਾਨ ਵੱਲੋਂ ੮੦੦ ਏਕੜ ਜ਼ਮੀਨ ਰਾਖਵੀਂ ਰੱਖੀ ਗਈ ਹੈ ਅਤੇ ਇਹ ਦਾਅਵਾ ਕੀਤਾ ਗਿਆ ਹੈ ਕਿ ਇਹ ਗੁਰਦੁਆਰਾ ਦਰਬਾਰ ਸਾਹਿਬ ਦੁਨੀਆਂ ਦਾ ਸਭ ਤੋਂ ਵੱਡਾ ਸਿੱਖ ਕੌਮ ਦਾ ਗੁਰਦੁਆਰਾ ਹੋਵੇਗਾ। ਪਹਿਲਾਂ ਵੀ ਗੁਰੂ ਨਾਨਕ ਜੀ ਦੇ ਸਮੇਂ ਜਦੋਂ ਖੇਤੀ ਕਰਨ ਦੀ ਇੱਛਾ ਗੁਰੂ ਸਾਹਿਬ ਨੇ ਕੀਤੀ ਸੀ ਤਾਂ ਰਾਇ ਬੁਲਾਰ ਨੇ ੭੫੦ ਮੁੱਰਬੇ ਗੁਰੂ ਸਾਹਿਬ ਨੂੰ ਭੇਟਾ ਕਰ ਦਿੱਤੇ ਸਨ। ਇਹ ਕਰਤਾਰਪੁਰ ਸਾਹਿਬ ਦਾ ਲਾਂਘਾ ਬਣਨ ਨਾਲ ਭਾਰਤ ਤੇ ਪਾਕਿਸਤਾਨ ਵਿੱਚ ਨਵੇਂ ਦੌਰ ਦੇ ਸ਼ੁਰੂ ਹੋਣ ਦੀ ਆਸ ਕੀਤੀ ਜਾ ਸਕਦੀ ਹੈ। ਦੋਵਾਂ ਮੁਲਕਾਂ ਦੇ ਇਸ ਉਪਰਾਲੇ ਸਦਕਾ ਰੋਜ਼ਾਨਾ ਡੇਰਾ ਬਾਬਾ ਨਾਨਕ ਵਾਲੇ ਪਾਸੇ ਤੋਂ ੫੦੦੦ ਸ਼ਰਧਾਲੂ ਕਰਤਾਰਪੁਰ ਸਾਹਿਬ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ ਕਰ ਸਕਣਗੇ। ਜਿਸ ਨਾਲ ਭਾਰਤ ਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਆਪਸੀ ਤਣਾਅ ਦੇ ਘੱਟ ਹੋਣ ਦੀ ਉਮੀਦ ਬੱਝਦੀ ਹੈ। ਸਿੱਖ ਕੌਮ ਦੀ ਲੰਮੇ ਤੋਂ ਇਹ ਅਰਦਾਸ ਸੀ ਕਿ ਕਰਤਾਰਪੁਰ ਸਾਹਿਬ ਗੁਰਦੁਆਰਾ ਦਰਬਾਰ ਸਾਹਿਬ ਦੇ ਖੁੱਲੇ ਦਰਸ਼ਨ – ਦੀਦਾਰ ਖੋਲੇ ਜਾਣ। ਇਹ ਅਰਦਾਸ ੭੨ ਸਾਲਾਂ ਬਾਅਦ ਮੁਕੰਮਲ ਹੋਈ ਹੈ। ਇਸ ਨਾਲ ਸਿੱਖ ਕੌਮ ਨੂੰ ਇਹ ਆਸ ਬੱਝਦੀ ਹੈ ਕਿ ਬਰਲਿਨ ਦੀ ਦੀਵਾਰ ਵਾਂਗ ਭਾਰਤ ਤੇ ਪਾਕਿਸਤਾਨ ਵਿਚਾਲੇ ਤਾਰਾਂ ਕੱਟ ਦਿੱਤੀਆਂ ਜਾਣਗੀਆਂ ।