ਪਿਛਲੇ ਦਿਨੀਂ ਪੰਜਾਬੀ ਟ੍ਰਿਬਊਨ ਵਿੱਚ ਇੱਕ ਲੇਖ ਛਪਿਆ ਜਿਸ ਦਾ ਮੁੱਖ ਸਿਰਲੇਖ ਸੀ, ‘ਗੁਰਮੁਖਿ ਤਤੁ ਵਿਚਾਰੀ: ਪੰਜਾਬ ਪੰਜਾਬੀਆਂ ਦਾ’। ਇਸਦਾ ਮੁੱਖ ਸਾਰ ਅੰਸ਼ ਸੀ ਕਿ ਇਸਨੇ ਆਪਣੇ ਵਿਚਾਰ ਰਾਹੀਂ ਪੰਜਾਬ ਦੀ ਬੁਧੀਜੀਵੀ ਤੇ ਰਾਜਸੀ ਸੋਚ ਵਿੱਚ ਇੱਕ ਨਵੀਂ ਚੇਤਨਤਾ ਲਿਆਂਦੀ ਹੈ। ਉਸਦਾ ਮੁੱਖ ਵਿਸ਼ਾ ਸੀ ਕਿ ਪੰਜਾਬ ਦੀ ਇਹ ਬਦਨਸੀਬੀ ਰਹੀ ਹੈ ਕਿ ਪੰਜਾਬ ਤੇ ਪੰਜਾਬੀ ਅਜੇ ਇੱਕ ਘਾਣ ਵਿਚੋਂ ਹੀ ਨਹੀਂ ਸੀ ਨਿਕਲੇ ਕੇ ਹੋਰ ਉਤੋਂ ਹੋਰ ਘਾਣ ਹੁੰਦੇ ਗਏ। ਜਖਮ ਕੇ ਉਪਰ ਜਖਮ ਹੁੰਦਾ ਗਿਆ। ਜਿਸ ਨਾਲ ਅੱਲੇ ਜਖਮ ਹੋਰ ਡੂੰਘੇ ਹੋ ਗਏ। ਜਿਸ ਨਾਲ ਸਰੀਰਕ ਪੀੜ ਅਜੇ ਰਵਾਂ ਨਹੀਂ ਸੀ ਹੋਈ ਉਸਦਾ ਮਨ ਵੀ ਇਹਨਾਂ ਘਾਣਾ ਕਰਕੇ ਧੁਰ ਡੂੰਘਾਈ ਤੱਕ ਪੀੜ ਵਿੱਚ ਸਮਾਂ ਗਿਆ। ਇਸ ਪੀੜ ਦੀ ਵਿਲੱਖਣਤਾ ਇਹ ਸੀ ਕਿ ਜਿਸ ਕੌਮ ਨੂੰ ਬਾਰ ਬਾਰ ਏਦਾਂ ਦੇ ਜਖਮ ਦਿਤੇ ਜਾਣ ਉਨਾਂ ਦੇ ਜਖਮ ਪੀੜੀ ਦਰ ਪੀੜੀ ਚਲਦੇ ਰਹਿੰਦੇ ਹਨ। ਇਸੇ ਪੀੜ ਵਿਚੋਂ ਹੀ ਪੰਜਾਬ ਅੰਦਰ ਸਿੱਖ ਕੌਮ ਦੇ ਮਨ ਵਿਚੋਂ ਵੱਖਰੇ ਦੇਸ਼ ਦੀ ਅਵਾਜ਼ ਉਠਣੀ ਸੁਭਾਵਕ ਸੀ। ਕਿਉਂਕਿ 1947 ਤੋਂ ਬਾਅਦ ਸਿੱਖ ਕੌਮ ਕਦੇ ਇਸ ਸੰਤਾਪ ਵਿਚੋਂ ਨਿਕਲੀ ਹੀ ਨਹੀਂ ਕਿ ਸਿੱਖ ਕੌਮ ਇੱਕ ਜਰਾਇਮ ਪੇਸ਼ਾ ਕੌਮ ਹੈ।

ਉਸਤੋਂ ਬਾਅਦ ਭਾਰਤ ਦੇਸ਼ ਦਾ ਸੰਵਿਧਾਨ ਲਿਖਣ ਵੇਲੇ, ਅਜ਼ਾਦੀ ਤੋਂ ਪਹਿਲਾਂ ਕੀਤੇ ਵਾਅਦਿਆ ਤੋਂ ਸੰਵਿਧਾਨ ਲਿਖਣ ਵਾਲੇ ਮੁੱਕਰ ਗਏ। ਜਿਸ ਸਦਕਾ ਉਸ ਸਮੇਂ ਦੇ ਦੋ ਸਿੱਖ ਨੁੰਮਾਇਦਆਂ ਨੇ ਭਾਰਤੀ ਸੰਵਿਧਾਨ ਤੇ ਹਸਤਾਖਰ ਕਰਨ ਤੋਂ ਮੂੰਹ ਮੋੜ ਲਿਆ। ਇਸ ਤੋਂ ਬਾਅਦ ਪੰਜਾਬੀ ਸੂਬੇ ਦੀ ਮੰਗ ਉਠੀ ਜਿਸਨੂੰ ਭਾਰਤੀ ਸਰਕਾਰ ਵੱਲੋਂ ਲੰਮੇ ਅੱਤਿਆਚਾਰ ਤੋਂ ਬਾਅਦ ਪ੍ਰਵਾਨ ਤਾਂ ਕਰ ਲਿਆ ਪਰ ਪੰਜਾਬ ਨੂੰ ਉਸਦੀ ਰਾਜਧਾਨੀ ਉਸਦੀ ਹਾਈਕੋਰਟ ਤੇ ਹੋਰ ਪੰਜਾਬੀ ਵਾਲੇ ਜਿਲਿਆਂ ਨੂੰ ਪੰਜਾਬੀ ਸੂਬੇ ਤੋਂ ਬਾਹਰ ਰੱਖਿਆ। ਇਥੋਂ ਤੱਕ ਕੇ ਪੰਜਾਬ ਦੇ ਪਾਣੀਆਂ ਨੂੰ ਵੀ ਕੇਂਦਰੀ ਸਰਕਾਰ ਨੇ ਆਪਣੇ ਪ੍ਰਭਾਵ ਹੇਠ ਕਰ ਲਿਆ। ਅਜਿਹੀਆਂ ਪੀੜਾਂ ਵਿਚੋਂ ਹੀ 70ਵਿਆਂ ਤੋਂ ਪਹਿਲਾਂ ਪਹਿਲੀ ਵਾਰ ਪੰਜਾਬ ਅੰਦਰ ਵੱਖਰੇ ਦੇਸ਼ ਦੀ ਮੰਗ ਉਠੀ ਸੀ ਤੇ ਵਾਰ ਵਾਰ ਪੰਜਾਬ ਦੀਆਂ ਸਰਕਾਰਾਂ ਨੂੰ ਕਿਸੇ ਨਾ ਕਿਸੇ ਕਾਰਨ ਕਰਕੇ ਉਸਦੇ ਪੂਰੇ ਕਾਰਜਕਾਲ ਤੋਂ ਪਹਿਲਾਂ ਕੇਂਦਰ ਸ਼ਾਸਨ ਨੇ ਆਪਣੇ ਸ਼ਾਸਨ ਹੇਠਾਂ ਲੈ ਲਿਆ। ਇੰਨਾਂ ਮੰਗਾਂ ਵਿਚੋਂ ਹੀ ਸਿੱਖ ਕੌਮ ਅੰਦਰ, ਉਸ ਸਮੇਂ ਦੀ ਸਿੱਖ ਲੀਡਰਸ਼ਿਪ ਨੇ ਖੁਦਮੁਖਤਿਆਰੀ ਦੀ ਮੰਗ ਨੂੰ ਆਪਣਾ ਮੁੱਖ ਮੁੱਦਾ ਬਣਾਇਆ ਅਤੇ ਇਸਨੂੰ ਸੁਹਿਰਦ ਕਰਨ ਲਈ 1982 ਵਿੱਚ ਧਰਮ ਯੁੱਧ ਮੋਰਚਾ ਅਰੰਭਿਆ ਅਤੇ ਉਸ ਵਿੱਚ ਪੰਜਾਬ ਨੂੰ ਉਸਦੀ ਰਾਜਧਾਨੀ ਤੇ ਪਾਣੀਆਂ ਦਾ ਅਖਤਿਆਰ ਦੇਣ ਦਾ ਮੁੱਖ ਮੁੱਦਾ ਰੱਖਿਆ। ਇਸ ਸਾਰੇ ਦੇ ਨਿਬੇੜੇ ਨੇ ਕਮਜ਼ੋਰ ਸਿੱਖ ਲੀਡਰਸ਼ਿਪ ਖਾਤਿਰ 1984 ਦਾ ਦਰਬਾਰ ਸਾਹਿਬ ਦਾ ਸਾਕਾ ਵਰਤਾਇਆ ਅਤੇ ਇਸਤੋਂ ਬਾਅਦ ਪੰਜਾਬ ਦੀ ਸਿੱਖ ਨੌਜਵਾਨੀ ਤੇ ਉਸ ਵੱਲੋਂ ਉਠੀ ਚੀਸ ਨੂੰ ਦਬਾਉਣ ਖਾਤਿਰ ਸਰਕਾਰ ਅੱਤਿਆਚਾਰ ਦਾ ਨੰਗਾ ਨਾਚ ਪੰਜਾਬ ਅੰਦਰ ਖੇਡਿਆ। ਇਸ ਹੰਭੀ ਕੌਮ ਕੇ ਲੋੜ ਤੋਂ ਵੱਧ ਆਪਣੇ ਤੇ ਸੰਤਾਪ ਹੰਢਾਇਆ।

ਇਹ ਸਿੱਖ ਮਨਾਂ ਅੰਦਰ ਵਸ ਗਈ ਕਿ ਹੁਣ ਪੰਜਾਬੀਆਂ ਅਤੇ ਖਾਸ ਕਰਕੇ ਸਿੱਖ ਕੌਮ ਨੂੰ ਆਪਣੀ ਵਾਗਡੋਰ ਨਵੀਂ ਲੀਡਰਸ਼ਿਪ ਹੱਥ ਫੜਾਉਣੀ ਹੈ ਪਰ ਇਹ ਮੰਗ ਅੱਜ ਤੱਕ ਵੀ ਸਿੱਖ ਕੌਮ ਲਈ ਅਧੂਰੀ ਹੀ ਹੈ। ਭਾਵੇਂ ਕਿ ਇਸ ਸਾਰੇ ਸੰਤਾਪ ਦਾ ਪਿਛੋਕੜ ਅੰਗਰੇਜਾਂ ਵੱਲੋਂ ਸਿੱਖ ਰਾਜ (ਮਹਾਰਾਜਾ ਰਣਜੀਤ ਸਿੰਘ ਵਾਲਾ) ਖਤਮ ਹੋਣ ਤੋਂ ਬਾਅਦ ਆਪਣੀ ਤਾਕਤ ਨੂੰ ਹੋਰ ਮਜਬੂਤ ਕਰਨ ਲਈ ਵਰਤਿਆ ਜਿਸ ਤਹਿਤ ਪੰਜਾਬ ਅੰਦਰ ਪਹਿਲੀ ਵਾਰ ਸਿੱਖ ਮੁਸਲਮਾਨ ਤੇ ਹਿੰਦੂ ਭਾਈਚਾਰੇ ਵਿੱਚ ਇੱਕ ਲੀਕ ਜਿਹੀ ਖਿਚੀ ਗਈ। ਜਿਸ ਨੂੰ ਅੱਗੇ ਤੋਰਦਿਆਂ ਭਾਰਤੀ ਸਾਮਰਾਜ ਨੇ ਪੰਜਾਬ ਉਤੇ ਆਪਣਾ ਅਖਤਿਆਰ ਪੱਕਾ ਕਰਨ ਲਈ ਬਾਖੂਬੀ ਵਰਤਿਆ। ਜਿਸਦਾ ਪ੍ਰਗਟਾਵਾ ਪੰਜਾਬੀ ਸੂਬੇ ਵੇਲੇ ਹਿੰਦੂ ਭਾਈਚਾਰੇ ਵੱਲੋਂ ਆਪਣੀ ਹੀ ਮਾਤਰ ਭਾਸ਼ਾ ਪੰਜਾਬੀ ਤੋਂ ਮੂੰਹ ਮੋੜ ਲਿਆ ਗਿਆ। ਅੱਜ ਵੀ ਸਿੱਖ ਕੌਮ ਉਸ ਸੰਤਾਪ ਦੀ ਚੀਸ ਭੋਗ ਰਹੀ ਹੈ ਤੇ ਇਥੋਂ ਤੱਕ ਕੇ ਸਿੱਖ ਭਾਈਚਾਰਾ ਵੀ ਹਿੰਦੂ ਸਾਮਰਾਜ ਦੀਆਂ ਨੀਤੀਆਂ ਸਦਕਾ ਆਪ ਖੁਦ ਜਾਤੀਵਾਦ ਵਿੱਚ ਪੂਰੀ ਤਰਾਂ ਉਲਝ ਚੁੱਕਿਆ ਹੈ ਜਿਸ ਕਰਕੇ ਅੱਜ ਵੀ ਪੰਜਾਬ ‘ਗੁਰਮੁਖਿ ਤਤੁ ਵਿਚਾਰ’ ਦੇ ਭਾਵ ਅਧੀਨ ਆਪਣੀ ਪਰਖ ਪੜਚੋਲ ਤੋਂ ਅਧੂਰਾ ਹੀ ਚਲ ਰਿਹਾ ਹੈ।