ਕਸ਼ਮੀਰ ਵਾਦੀ ਦੇ ਕਸਬੇ ਪੁਲਵਾਮਾ ਵਿੱਚ ਪਿਛਲੇ ਦਿਨੀ ਇੱਕ ਆਤਮਘਾਤੀ ਬੰਬ ਧਮਾਕਾ ਹੋਇਆ ਜਿਸ ਵਿੱਚ ਭਾਰਤੀ ਨੀਮ ਫੌਜੀ ਦਸਤੇ ਦੇ 44 ਫੌਜੀ ਮਾਰੇ ਗਏ। ਇਸ ਧਮਾਕੇ ਦੀ ਖਬਰ ਆਉਣ ਦੀ ਦੇਰ ਸੀ ਕਿ ਭਾਰਤੀ ਬਿਜਲਈ ਮੀਡੀਆ ਨੇ ਜਿਵੇਂ ਅੱਤ ਹੀ ਚੁੱਕ ਲਈ। ਬਿਨਾ ਕਿਸੇ ਜਾਂਚ ਪੜਤਾਲ ਦੇ, ਬਿਨਾ ਕਿਸੇ ਗਹਿਰੀ ਸਾਜਿਸ਼ ਤੋਂ ਪਰਦਾ ਹਟਾਉਣ ਦੇ ਮਨਸ਼ੇ ਦੇ ਭਾਰਤੀ ਬਿਜਲਈ ਮੀਡੀਆ ਨੇ ਇੱਕ ਦਮ ਗਵਾਂਢੀ ਮੁਲਕ ਨਾਲ ਜੰਗ ਲਾਉਣ ਦੇ ਅੱਗ ਵਰ੍ਹਾਊ ਨਾਅਰੇ ਲਗਾਉਣੇ ਅਰੰਭ ਕਰ ਦਿੱਤੇ।

ਭਾਰਤੀ ਸੂਹੀਆ ਏਜੰਸੀਆਂ ਨੇ ਵੀ ਇਸ ਬੰਬ ਧਮਾਕੇ ਲਈ ਗਵਾਂਢੀ ਮੁਲਕ ਨੂੰ ਦੋਸ਼ੀ ਠਹਿਰਾ ਦਿੱਤਾ। ਸ਼ੋਸ਼ਲ ਮੀਡੀਆ ਤੇ ਇਸ ਧਮਾਕੇ ਨੂੰ ਲੈ ਕੇ, ਖਾਸ ਕਰਕੇ ਇਸ ਦੇ ਸਮੇਂ ਨੂੰ ਲੈ ਕੇ ਕਾਫੀ ਚਰਚਾ ਚੱਲ ਰਹੀ ਹੈੈ। ਦੋ ਹਫਤੇ ਪਹਿਲਾਂ ਭਾਰਤ ਦੇ ਸਾਰੇ ਮੀਡੀਆ ਨੇ ਇਹ ਸਰਵੇਖਣ ਸਾਹਮਣੇ ਲਿਆਂਦੇ ਸਨ ਕਿ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਅਗਲੀਆਂ ਆਮ ਚੋਣਾਂ ਵਿੱਚ ਹਾਰ ਦਾ ਮੂੰਹ ਦੇਖ ਸਕਦੀ ਹੈੈ। ਉਸ ਤੋਂ ਬਾਅਦ ਇਸ ਬੰਬ ਧਮਾਕੇ ਦਾ ਸਾਹਮਣੇ ਆਉਣਾਂ ਕਾਫੀ ਸੁਆਲ ਖੜੇ ਕਰਦਾ ਹੈੈ।

ਖ਼ੈਰ ਅਸੀਂ ਇਸ ਕਿਸਮ ਦੇ ਵਰਤਾਰੇ ਦੀ ਪੁਸ਼ਟੀ ਨਹੀ ਕਰ ਸਕਦੇ ਕਿਉਂਕਿ ਸਾਡੇ ਕੋਲ ਕੋਈ ਸਬੂਤ ਨਹੀ ਹਨ। ਪਰ ਜੇ ਇਹ ਗੱਲ ਮੰਨ ਵੀ ਲਈ ਜਾਵੇ ਕਿ ਬੰਬ ਧਮਾਕਾ ਕਸ਼ਮੀਰ ਵਿੱਚ ਵਿਚਰਦੇ ਸੰਗਠਨਾ ਨੇ ਕੀਤਾ ਹੈ ਤਾਂ ਵੀ ਸਭ ਤੋਂ ਪਹਿਲਾਂ ਅਸੀਂ ਉਨ੍ਹਾਂ ਗਰੀਬ ਘਰਾਂ ਦੇ 44 ਫੌਜੀਆਂ ਨਾਲ ਹਮਦਰਦੀ ਪ੍ਰਗਟ ਕਰਦੇ ਹਾਂ ਜਿਨ੍ਹਾਂ ਦੀ ਜਾਨ ਇਸ ਬੰਬ ਧਮਾਕੇ ਵਿੱਚ ਚਲੀ ਗਈ। ਜਿਨ੍ਹਾਂ ਭੈਣਾਂ ਦੇ ਵੀਰ ਚਲੇ ਗਏ, ਜਿਨ੍ਹਾਂ ਮਾਵਾਂ ਦੇ ਪੁੱਤਰ ਸਦਾ ਲਈ ਵਿਛੜ ਗਏ, ਜਿਨ੍ਹਾਂ ਸੁਹਾਗਣਾਂ ਦੇ ਸੁਹਾਗ ਉਜੜ ਗਏ। ਉਨ੍ਹਾਂ ਲਈ ਜਿੰਦਗੀ ਹਨੇਰੀ ਹੋ ਗਈ ਹੈੈ।

ਬੇਸ਼ੱਕ ਭਾਰਤ ਸਰਕਾਰ ਨੇ ਇਸ ਧਮਾਕੇ ਤੋਂ ਬਾਅਦ ਆਪ ਸੰਜਮ ਵਰਤਣ ਦਾ ਯਤਨ ਕੀਤਾ ਹੈ ਪਰ ਮੀਡੀਆ ਦੇ ਅੱਗ ਲਾਊ ਬਿਆਨਾ ਦੇ ਰਾਮ ਰੌਲੇ ਵਿੱਚ ਕੁਝ ਸੁਹਿਰਦ ਅਵਾਜ਼ਾਂ ਵੀ ਆ ਰਹੀਆਂ ਹਨ। ਇਹ ਸੁਹਿਰਦ ਅਵਾਜ਼ਾਂ ਵਾਰ ਵਾਰ ਇਹ ਮੰਗ ਕਰਦੀਆਂ ਹਨ ਕਿ ਕਸ਼ਮੀਰ ਵਿੱਚ ਹੋ ਰਹੇ ਕਤਲੇਆਮ ਸਬੰਧੀ, ‘ਕਿਉੁ’ ਕਰਗੇ ਸਵਾਲਾਂ ਦੀ ਵਹਿ ਵਿੱਚ ਜਾਇਆ ਜਾਵੇ। ਕਿਉਂ ਕਸ਼ਮੀਰੀ ਲੋਕ ਭਾਰਤ ਤੋਂ ਦੂਰ ਹੋ ਗਏ ਹਨ। ਹਲਾਂਕਿ ਇਹ ਗੱਲ ਸਭ ਨੂੰ ਪਤਾ ਹੈ ਕਿ ਪਾਕਿਸਤਾਨ ਵਿੱਚ ਰਹਿ ਕੇ ਆਰਥਕ ਜੀਵਨ ਇੱਥੇ ਨਾਲੋਂ ਵੀ ਭੈੜਾ ਹੋਵੇਗਾ ਪਰ ਫੇਰ ਵੀ ਭਾਰਤ ਨਾਲ ਨਫਰਤ ਕਿਉਂ ਹੈੈ?

ਭਾਰਤ ਹੋਰ ਮਸਲਿਆਂ ਵਾਂਗ ਕਸ਼ਮੀਰ ਦੇ ਮਸਲੇ ਨੂੰ ਵੀ ਸਿਰਫ ਅਮਨ-ਕਨੂੰਨ ਦਾ ਮਸਲਾ ਸਮਝਦਾ ਹੈੈ। ਭਾਰਤ ਨੇ ਆਪਣਾ ਸਾਰਾ ਜੋਰ ਹਥਿਆਰਾਂ ਤੇ ਹੀ ਲਗਾਇਆ ਹੋਇਆ ਹੈੈ। ਭਾਰਤੀ ਨੀਤੀਘਾੜੇ ਹਥਿਆਰਾਂ ਤੋਂ ਬਿਨਾ ਹੋਰ ਕਿਸੇ ਵੀ ਰਾਹ ਵੱਲ ਦੇਖਣਾਂ ਹੀ ਨਹੀ ਚਾਹੁੰਦੇ। ਭਾਰਤੀ ਸਟੇਟ ਦੇ ਹਥਿਆਰਾਂ ਨੇ ਅਤੇ ਫੌਜੀਆਂ ਨੇ ਕਸ਼ਮੀਰੀ ਲੋਕਾਂ ਦੇ ਸਵੈ-ਮਾਣ ਨੂੰ ਜ਼ਖਮੀ ਕਰ ਦਿੱਤਾ ਹੈੈ। ਉਹ ਹਥਿਆਰਾਂ ਅਤੇ ਤਸ਼ੱਦਦ ਕਰਕੇ ਘੱਟ ਪਰ ਆਪਣੀਆਂ ਬੱਚੀਆਂ, ਮਾਵਾਂ ਭੈਣਾਂ ਦੀ ਨਿੱਤ ਦਿਨ ਹੁੰਦੀ ਬੇਪਤੀ ਕਰਕੇ ਭਾਰਤ ਨਾਲ ਬੇਗਾਨਗੀ ਮਹਿਸੂਸ ਕਰਨ ਲੱਗ ਪਏ ਹਨ।

ਭਾਰਤੀ ਸਟੇਟ ਕਸ਼ਮੀਰ ਨੂੰ ਫਲਸਤੀਨ ਵਾਂਗ ਹੱਲ ਕਰਨ ਚਾਹੁੰਦੀ ਹੈੈ। ਹਥਿਆਰਾਂ ਦੇ ਮੁਕਾਬਲੇ ਵਿੱਚ ਇਜ਼ਰਾਈਲ , ਭਾਰਤ ਨਾਲੋਂ ਬਹੁਤ ਅਗਾਂਹ ਹੈ ਪਰ ਇਸਦੇ ਬਾਵਜੂਦ ਫਲਸਤੀਨ ਦਾ ਮਸਲਾ ਉਸਦੇ ਕਾਬੂ ਨਹੀ ਆ ਰਿਹਾ। ਸ਼ਗੋਂ ਹੋ ਇਹ ਰਿਹਾ ਹੈ ਕਿ ਫਲਸਤੀਨ ਨੂੰ ਗਲਤ ਢੰਗ ਨਾਲ ਹੱਲ ਕਰਨ ਦੀ ਜਿੱਦ ਨੇ ਦੁਨੀਆਂ ਭਰ ਵਿੱਚ ਇਸਲਾਮੀ ਅੱਤਵਾਦ ਦੇ ਪੈਰ ਜਮਾ ਦਿੱਤੇ ਹਨ। ਕਸ਼ਮੀਰ ਦੇ ਸੰਦਰਭ ਵਿੱਚ ਵੀ ਇਹੋ ਹੋ ਰਿਹਾ ਹੈੈ।

ਘੱਟ-ਗਿਣਤੀਆਂ ਦੀ ਬੇਗਾਨਗੀ ਦੇ ਮਸਲੇ ਕਦੇ ਵੀ ਸਿਰਫ ਹਥਿਆਰਾਂ ਨਾਲ ਹੱਲ ਨਹੀ ਹੋਇਆ ਕਰਦੇ ਬਲਕਿ, ਪ੍ਰੋੜ ਸਰਕਾਰਾਂ ਉਨ੍ਹਾਂ ਲੋਕਾਂ ਦੇ ਦਿਲ ਦੀ ਗੱਲ ਸੁਣਦੀਆਂ ਹਨ ਅਤੇ ਉਨ੍ਹਾਂ ਦੇ ਰੋਸੇ ਖਤਮ ਕਰਨ ਦੇ ਯਤਨ ਕਰਦੀਆਂ ਹਨ। ਪੱਛਮੀ ਜਗਤ ਵਿੱਚ ਇਸ ਕਿਸਮ ਦੀ ਡੀਬੇਟ ਬਹੁਤ ਦੇਰ ਤੋਂ ਚੱਲ ਰਹੀ ਹੈੈ। ਪੱਛਮ ਵਿੱਚ ਸਰਕਾਰਾਂ ਦੀ ਸਹਾਇਤਾ ਨਾਲ ਬਹੁਤ ਸਾਰੀਆਂ ਅਜਿਹੀਆਂ ਸੰਸਥਾਵਾਂ ਸਥਾਪਤ ਕੀਤੀਆਂ ਗਈਆਂ ਹਨ ਜਿੱਥੇ ਪ੍ਰਭਾਵਿਤ ਹੋਈਆਂ ਕੌਮਾਂ ਨਾਲ ਸਬੰਧਿਤ ਬੁਧੀਜੀਵੀਆਂ ਅਤੇ ਵਿਦਵਾਨਾਂ ਦੀ ਸਹਾਇਤਾ ਨਾਲ ਪ੍ਰਭਾਵਿਤ ਲੋਕਾਂ ਨਾਲ ਲੰਬੀ ਗੱਲਬਾਤ ਕੀਤੀ ਜਾਂਦੀ ਹੈੈ ਅਤੇ ਉਨ੍ਹਾਂ ਨੂੰ ਕਿਸੇ ਹੱਦ ਤੱਕ ਗਲ ਨਾਲ ਲਾਉਣ ਦ ਵੀ ਯਤਨ ਕੀਤੇ ਜਾਂਦੇ ਹਨ। ਬੇਸ਼ੱਕ ਇਜ਼ਰਾਈਲ ਆਪਣੀ ਜਿੱਦ ਤੇ ਅੜਿਆ ਹੋਇਆ ਹੈ ਪਰ ਬਾਰਕ ਓਬਾਮਾ ਸਮੇਤ ਪੱਛਮ ਦੇ ਬਹੁਤੇ ਲੀਡਰ ਫਲਸਤੀਨ ਦੀ ਸਮੱਸਿਆ ਨੂੰ ਮਨੁੱਖੀ ਸੁਹਿਰਦਤਾ ਨਾਲ ਹੱਲ ਕਰਨ ਦੇ ਯਤਨ ਕਰਦੇ ਰਹੇ ਹਨ।

ਅਸੀਂ ਸਮਝਦੇ ਹਾਂ ਕਿ ਕਸ਼ਮੀਰ ਸਮੱਸਿਆ ਵੀ ਬੰਦੂਕ ਦੀ ਨੋਕ ਤੇ ਹੱਲ ਨਹੀ ਕੀਤੀ ਜਾ ਸਕਦੀ। ਜਦੋਂ ਤੱਕ ਕਸ਼ਮੀਰੀ ਅਵਾਮ ਨਾਲ ਸੱਥ ਵਿੱਚ ਬਹਿਕੇ ਗੱਲ ਨਹੀ ਹੁੰਦੀ, ਉਦੋਂ ਤੱਕ ਇਹ ਮਸਲਾ ਹੱਲ ਨਹੀ ਹੋਵੇਗਾ। ਦਿੱਲੀ ਦੇ ਏਅਰ-ਕੰਡੀਸਨਡ ਕਮਰਿਆਂ ਵਿੱਚ ਬਹਿਕੇ ਕਸ਼ਮੀਰ ਨੂੰ ਹੱਲ ਨਹੀ ਕੀਤਾ ਜਾ ਸਕਦਾ। ਬਲਕਿ ਸੁਹਿਰਦ ਵਿਦਵਾਨਾਂ, ਵਿਚਾਰਵਾਨਾਂ ਅਤੇ ਕਸ਼ਮੀਰੀ ਅਵਾਮ ਦੀ ਕੋਈ ਸਾਂਝੀ ਸਰਗਰਮੀ ਹੀ ਇਸਦਾ ਹੱਲ ਕਰ ਸਕਦੀ ਹੈ। ਹਥਿਅਰਾਂ ਨਾਲ ਨਾ ਫਲਸਤੀਨ ਨੂੰ ਸ਼ਾਂਤ ਕੀਤਾ ਜਾ ਸਕਿਆ ਹੈ ਅਤੇ ਨਾ ਹੀ ਕਸ਼ਮੀਰ ਨੂੰ ਕੀਤਾ ਜਾ ਸਕਦਾ ਹੈੈ।