ਭਾਰਤ ਵਿੱਚ ਇਸ ਸਾਲ ਆਮ ਚੋਣਾਂ ਹੋਣੀਆਂ ਹਨ। ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਨੇ ਲਗਭਗ ਆਪਣੇ 5 ਸਾਲ ਪੂਰੇ ਕਰ ਲਏ ਹਨ। ਹੁਣ ਕਿਸੇ ਵੇਲੇ ਵੀ ਭਾਰਤ ਦਾ ਚੋਣ ਕਮਿਸ਼ਨ ਆਮ ਚੋਣਾਂ ਦਾ ਰਸਮੀ ਐਲਾਨ ਕਰ ਸਕਦਾ ਹੈੈ। ਭਾਰਤ ਭਰ ਵਿੱਚ ਨਰਿੰਦਰ ਮੋਦੀ ਅਤੇ ਵਿਰੋਧੀ ਪਾਰਟੀਆਂ ਨੇ ਆਪੋ ਆਪਣੀਆਂ ਚੋਣ ਰੈਲੀਆਂ ਅਰੰਭ ਕਰ ਦਿੱਤੀਆਂ ਹਨ। ਜਿਸ ਤਰ੍ਹਾਂ ਰਵਾਇਤ ਹੀ ਹੈ ਸਿਆਸਤ ਗੰਦੀ ਹੋਣ ਲੱਗ ਪਈ ਹੈੈ। ਨਰਿੰਦਰ ਮੋਦੀ ਅਤੇ ਉਸਦੇ ਹਮਾਇਤੀ ਆਪਣੀ ਨੀਵੀਂ ਸਿਆਸਤ ਉੱਤੇ ਉਤਰ ਆਏ ਹਨ। ਉਨ੍ਹਾਂ ਦੇ ਸਿਆਸੀ ਹਮਲਿਆਂ ਵਿੱਚ ਕਾਫੀ ਨੀਚਤਾਈ ਦੇਖਣ ਨੂੰ ਮਿਲ ਰਹੀ ਹੈੈ।

ਭਾਰਤੀ ਸਿਆਸੀ ਰੰਗ ਵਿੱਚ ਹੀ ਪੰਜਾਬ ਰੰਗਿਆ ਹੋਇਆ ਪ੍ਰਤੀਤ ਹੋ ਰਿਹਾ ਹੈ। ਰਾਜ ਵਿੱਚ ਸੱਤਾ ਚਲਾ ਰਹੀ ਕਾਂਗਰਸ ਪਾਰਟੀ ਨੇ ਅਤੇ ਵਿਰੋਧੀ ਪਾਰਟੀ ਅਕਾਲੀ ਦਲ ਨੇ ਆਪੋ ਆਪਣੇ ਚੋਣ ਤਮਾਸ਼ੇ ਅਰੰਭ ਕਰ ਦਿੱਤੇ ਹਨ। ਬੇਸ਼ੱਕ ਰਸਮੀ ਤੌਰ ਤੇ ਆਮ ਆਦਮੀ ਪਾਰਟੀ ਪੰਜਾਬ ਦੀ ਵਿਰੋਧੀ ਧਿਰ ਹੈ ਪਰ ਜਿਸ ਕਿਸਮ ਦਾ ਸੰਕਟ ਉਸ ਪਾਰਟੀ ਵਿੱਚ ਉਤਪਨ ਹੋਇਆ ਹੈ ਉਸਦੇ ਮੱਦੇਨਜ਼ਰ ਅਸੀਂ ਨਹੀ ਸਮਝਦੇ ਕਿ ਆਮ ਆਦਮੀ ਪਾਰਟੀ ਵਿਰੋਧੀ ਧਿਰ ਵਾਲਾ ਆਪਣਾਂ ਰੁਤਬਾ ਬਹਾਲ ਰੱਖ ਸਕੇਗੀ।

ਜਦੋਂ ਦੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਵਿੱਚ ਬਗਾਵਤ ਅਰੰਭ ਹੋਈ ਹੈ ਉਸ ਦਿਨ ਤੋਂ ਹੀ ਕਿਸੇ ਹੋਰ ਸਿਆਸੀ ਧਿਰ ਨੂੰ ਪੰਜਾਬ ਦੇ ਸਿਆਸੀ ਪਿੜ ਵਿੱਚ ਉਤਾਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਪਟਿਆਲੇ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ, ਪੱਤਰਕਾਰ ਸੁਖਦੇਵ ਸਿੰਘ, ਸੁਖਪਾਲ ਸਿੰਘ ਖਹਿਰਾ ਅਤੇ ਹੁਣ ਆਪਣੇ ਆਪ ਨੂੰ ਟਕਸਾਲੀ ਕਹਾਉਣ ਵਾਲੇ ਸੱਜਣ ਵੀ ਕਿਸੇ ਤੀਜੀ ਸਿਆਸੀ ਧਿਰ ਦੇ ਉਭਾਰ ਲਈ ਯਤਨਸ਼ੀਲ ਦੱਸੇ ਜਾ ਰਹੇ ਹਨ।

ਹੁਣ ਤੱਕ ਜਿਸ ਕਿਸਮ ਦੀਆਂ ਸਰਗਰਮੀਆਂ, ਖਬਰਾਂ ਅਤੇ ਕਨਸੋਆਂ ਹਨ ਉਸ ਤੋਂ ਜੋ ਤਸਵੀਰ ਉਭਰ ਰਹੀ ਹੈ ਉਹ ਦੱਸਦੀ ਹੈ ਕਿ ਤੀਜੇ ਮੋਰਚੇ ਦੀਆਂ ਸੰਭਾਵਨਾਵਾਂ ਵੀ ਬਹੁਤ ਮੱਧਮ ਹਨ। ਪਿਛਲੇ 60 ਸਾਲਾਂ ਤੋਂ ਪੰਜਾਬ ਦੀ ਰਾਜਨੀਤੀ ਵਿੱਚ ਜਿਸ ਕਿਸਮ ਦੀ ਹਉਮੈ, ਵੈਲੀਪੁਣਾਂ ਅਤੇ ਧੜੇਬੰਦੀ ਪਨਪੀ ਹੈ ਉਸਨੇ ਹੁਣ ਆਪਣਾਂ ਰੰਗ ਪੂਰੀ ਤਰ੍ਹਾਂ ਬਿਖੇਰ ਦਿੱਤਾ ਹੈੈ। ਇਸ ਵੇਲੇ ਤੀਜੀ ਧਿਰ ਦੀਆਂ ਸਾਰੀਆਂ ਪਾਰਟੀਆਂ ਉਸ ਹਉਮੈਂ ਦਾ ਸ਼ਿਕਾਰ ਹਨ। ਬੇਸ਼ੱਕ ਅਖਬਾਰੀ ਬਿਆਨਬਾਜੀ ਇਹ ਦੱਸਦੀ ਹੈ ਕਿ ਉਹ ਸਭ ਇਕੱਠੇ ਹਨ ਪਰ ਕੁਝ ਵੀ ਇਕੱਠਾ ਨਹੀ ਹੈੈ। ਤੀਜੇ ਮੋਰਚੇ ਦੀ ਹਰ ਧਿਰ ਕਿਸੇ ਵੀ ਨਤੀਜੇ ਸਾਰੀਆਂ ਸੀਟਾਂ ਤੇ ਆਪਣੇ ਉਮੀਦਵਾਰ ਖੜ੍ਹੇ ਕਰਨਾ ਚਾਹੁੰਦੀ ਹੈੈ। ਉਹ ਦੂਜਿਆਂ ਦੀਆਂ ਵੋਟਾਂ ਤੇ ਆਪਣੀ ਨਿੱਜੀ ਰਾਜਨੀਤੀ ਚਮਕਾਉਣਾਂ ਚਾਹੁੰਦੇ ਹਨ। ਇਸੇ ਲਈ ਕਿਸੇ ਸਿਧਾਂਤਕ ਗੱਠਜੋੜ ਤੋਂ ਬਿਨਾ ਹਰ ਪਾਰਟੀ ਹਰ ਸੀਟ ਤੇ ਆਪਣੇ ਉਮੀਦਵਾਰ ਐਲਾਨ ਰਹੀ ਹੈੈ।

ਇਸੇ ਤਹਿਤ ਬਰਗਾੜੀ ਮੋਰਚੇ ਵਾਲਿਆਂ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ, ਟਕਸਾਲੀ ਅਕਾਲੀ ਲਗਭਗ ਪੰਜ ਸੀਟਾਂ ਤੇ ਆਪਣਾਂ ਦਾਅਵਾ ਜਤਾ ਰਹੇ ਹਨ। ਖਡੂਰ ਸਾਹਿਬ ਸੀਟ ਤੇ ਸੁਖਪਾਲ ਸਿੰਘ ਖਹਿਰਾ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਮੈਦਾਨ ਵਿੱਚ ਉਤਾਰਨਾ ਚਾਹੁੰਦੇ ਹਨ, ਪਰ ਟਕਸਾਲੀ ਅਕਾਲੀ ਕੋਈ ਆਪਣਾ ਬੰਦਾ ਖੜ੍ਹਾਉਣਾਂ ਚਾਹੁੰਦੇ ਹਨ। ਇਸੇ ਤਰ੍ਹਾਂ ਫਤਹਿਗੜ੍ਹ ਸੀਟ ਤੋਂ ਡਾਕਟਰ ਗਾਂਧੀ ਅਤੇ ਪੱਤਰਕਾਰ ਸੁਖਦੇਵ ਸਿੰਘ ਭਾਈ ਰਾਜਵਿੰਦਰ ਸਿੰਘ ਰਾਹੀ ਨੂੰ ਉਮੀਦਵਾਰ ਉਤਾਰਨਾ ਚਾਹੁੰਦੇ ਹਨ ਪਰ ਸੁਖਪਾਲ ਸਿੰਘ ਖਹਿਰਾ ਕਿਸੇ ਉੱਚ ਅਫਸਰ ਨੂੰ ਲਈ ਫਿਰਦੇ ਹਨ। ਇਸ ਤੋਂ ਬਿਨਾ ਸਭ ਤੋਂ ਵਿਵਾਦਗ੍ਰਸਤ ਸੀਟ ਸ੍ਰੀ ਅਨੰਦਪੁਰ ਸਾਹਿਬ ਦੀ ਬਣ ਰਹੀ ਹੈ, ਜਿੱਥ ਹਰ ਕੋਈ ਆਪਣਾਂ ਹੱਥ ਮਾਰਨਾ ਚਾਹੁੰਦਾ ਹੈੈ। ਬੀਰ ਦਵਿੰਦਰ ਸਿੰਘ, ਮਿਸਟਰ ਸੋਢੀ ਅਤੇ ਜੱਸੀ ਜਸਰਾਜ ਨੇ ਉਸ ਸੀਟ ਤੋਂ ਆਪਣਾਂ ਦਾਅਵਾ ਜਿਤਾ ਦਿੱਤਾ ਹੈੈ। ਲੁਧਿਆਣਾਂ, ਬਠਿੰਡਾ, ਸੰਗਰੂਰ ਅਤੇ ਫਿਰੋਜ਼ਪੁਰ ਤੋਂ ਵੀ ਬਹੁਤ ਸਾਰੇ ਉਮੀਦਵਾਰ ਆਪਣਾਂ ਹੱਕ ਜਿਤਾ ਰਹੇ ਹਨ।

ਇਸ ਸਮੁੱਚੇ ਘਟਨਾਕ੍ਰਮ ਨੂੰ ਵਾਚਿਆਂ ਇਹ ਆਖਿਆ ਜਾ ਸਕਦਾ ਹੈ ਕਿ ਪੰਜਾਬ ਵਿੱਚ ਕਾਂਗਰਸ ਅਤੇ ਅਕਾਲੀ ਦਲ ਨੂੰ ਹਰਾਉਣ ਦੀ ਸਮਰਥਾ ਰੱਖਣ ਵਾਲੀ ਕਿਸੇ ਇਮਾਨਦਰ ਧਿਰ ਦੇ ਸਾਹਮਣੇ ਆਉਣ ਦੀ ਬਹੁਤ ਘੱਟ ਸੰਭਾਵਨਾ ਹੈ। ਜੇ ਚੋਣਾਂ ਦੇ ਨੇੜੇ ਜਾ ਕੇ ਕੋਈ ਸਹਿਮਤੀ ਹੋ ਵੀ ਜਾਂਦੀ ਹੈ ਤਾਂ ਉਸ ਵਿੱਚ ਤੀਜੇ ਮੋਰਚੇ ਦੀਆਂ ਸਾਰੀਆਂ ਧਿਰਾਂ ਆਪਣੇ ਹੀ ਉਮੀਦਵਾਰਾਂ ਨੂੰ ਹਰਾਉਣ ਦਾ ਯਤਨ ਕਰਨਗੀਆਂ ਜਿਸਦਾ ਸਿੱਧਾ ਫਾਇਦਾ ਕਾਂਗਰਸ ਅਤੇ ਅਕਾਲੀ ਦਲ ਨੂੰ ਹੋਵੇਗਾ। ਤੀਜੇ ਮੋਰਚੇ ਦੀ ਅਣਹੋਂਦ ਵਿੱਚ ਸਿਆਸੀ ਤੌੜ ਤੇ ਹਾਸ਼ੀਏ ਤੇ ਲੱਗੇ ਅਕਾਲੀ ਦਲ ਨੂੰ ਕੁਝ ਸੀਟਾਂ ਤੇ ਹੱਥ ਮਾਰਨ ਦਾ ਮੌਕਾ ਮਿਲ ਜਾਵੇਗਾ।

ਪੰਜਾਬ ਵਾਸੀਆਂ ਲਈ ਸਿਆਸੀ ਖੇਤਰ ਵਿੱਚ ਹਾਲੇ ਕਿਸੇ ਚੰਗੀ ਸੰਭਾਵਨਾ ਦੀ ਉਮੀਦ ਨਹੀ ਹੈੈ।