ਸਾਡੇ ਸੋਹਣੇ ਦੇਸ ਪੰਜਾਬ ਲਈ ਕੋਈ ਠੰਢੀ ਹਵਾ ਦਾ ਬੁੱਲਾ ਆਉਂਦਾ ਨਜ਼ਰ ਨਹੀ ਆ ਰਿਹਾ। ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਜਿਗਰਾ ਕਰਕੇ ਰਵਾਇਤੀ ਪਾਰਟੀਆਂ ਦੀ ਸਫ ਵਲੇਟੀ ਸੀ ਕਿਉਂਕਿ ਉਨ੍ਹਾਂ ਨੇ ਰਾਜਨੀਤੀ ਨੂੰ ਧੰਦਾ ਬਣਾ ਲਿਆ ਸੀ। ਪਿਛਲੇ 70 ਸਾਲਾਂ ਤੋਂ ਪੰਜਾਬ ਤੇ ਰਾਜ ਕਰ ਰਹੀਆਂ ਧਿਰਾਂ ਨੇ ਪੈਰ ਪੈਰ ਤੇ ਪੰਜਾਬ ਨਾਲ ਧੋਖੇ ਕਰਕੇ ਆਪਣੀ ਨਿੱਜੀ ਜਾਇਦਾਦ ਵਿੱਚ ਹੀ ਇਜ਼ਾਫਾ ਕੀਤਾ ਸੀ। ਲੰਬੇ ਸਮੇਂ ਤੋਂ ਇਨ੍ਹਾਂ ਰਵਾਇਤੀ ਪਾਰਟੀਆਂ ਵੱਲ ਦੇਖ ਰਹੇ ਬਹਾਦਰ ਲੋਕਾਂ ਨੇ ਅਜਿਹਾ ਭੁਚਾਲ ਲਿਆਂਦਾ ਕਿ ਕਹਿੰਦੇ ਕਹਾਉਂਦੇ ਧੁਨੰਤਰ ਵੀ ਪੈਰਾਂ ਭਾਰ ਕਰ ਦਿੱਤੇ। ਜਿਹੜੇ ਪੰਜਾਬ ਦੇ ਲੋਕਾਂ ਨੂੰ ਮਹਿਜ਼ ਵੋਟਰ ਸਮਝਣ ਦਾ ਭਰਮ ਪਾਲ ਬੈਠੇ ਸਨ ਉਨ੍ਹਾਂ ਦੀ ਸਾਰੀ ਸਿਆਸਤ ਬਹਾਦਰ ਲੋਕਾਂ ਨੇ ਤਬਾਹ ਕਰ ਦਿੱਤੀ।

ਕਿਸੇ ਆਸ ਨਾਲ। ਕਿਸੇ ਚੰਗੀ ਆਸ ਨਾਲ ਪੰਜਾਬ ਨੇ ਨਵਾਂ ਬਦਲ ਲਿਆਂਦਾ ਸੀ। ਉਨ੍ਹਾਂ ਨੂੰ ਉਮੀਦ ਸੀ ਕਿ ਉਨ੍ਹਾਂ ਨਾਲ ਵਾਅਦੇ ਕਰਨ ਵਾਲੇ ਨਵੇਂ ਸਿਆਸਤਦਾਨ ਸ਼ਾਇਦ ਦਿਲ ਦੇ ਸੱਚੇ ਹੋਣਗੇ। ਕੁਝ ਉਨ੍ਹਾਂ ਦੇ ਭਵਿੱਖ ਬਾਰੇ ਅਤੇ ਕੁਝ ਸੂਬੇ ਦੇ ਭਵਿੱਖ ਬਾਰੇ ਸੋਚਣਗੇ।

ਪਰ ਬਦਕਿਸਮਤੀ ਪੰਜਾਬ ਦੇ ਲੋਕਾਂ ਦੀ ਕਿ ਨਵੇਂ ਹਾਕਮ ਵੀ ਪੁਰਾਣਿਆਂ ਦੇ ਰਾਹ ਤੁਰ ਪਏ ਹਨ। ਇਸ ਹਮਾਮ ਵਿੱਚ ਸਭ ਇੱਕੋ ਜਿਹੇ ਹੀ ਹਨ। ਕੋਈ ਦਬਕੇ ਮਾਰਕੇ ਰਾਜਨੀਤੀ ਕਰ ਰਿਹਾ ਹੈ ਤੇ ਕੋਈ ਚੁਟਕਲੇ ਸੁਣਾਕੇ। ਦਬਕੇ ਮਾਰਨ ਵਾਲੇ ਮਸਾਂ ਗਲੋਂ ਲਾਹੇ ਸਨ ਕਿ ਮਸ਼ਕਰੀਆਂ ਦੀ ਰਾਜਨੀਤੀ ਕਰਨ ਵਾਲਿਆਂ ਨੇ ਪੰਜਾਬ ਨੂੰ ਤਬਾਹ ਕਰਨਾ ਸ਼ੁਰੂ ਵੀ ਕਰ ਦਿੱਤਾ ਹੈ।

ਹਰਿਆਣੇ ਵਿੱਚ ਜਾ ਕੇ ਪੰਜਾਬ ਦਾ ਇਨਕਲਾਬੀ ਮੁੱਖ ਮੰਤਰੀ ਆਖ ਰਿਹਾ ਹੈ ਕਿ ਪਰਧਾਨ ਮੰਤਰੀ ਨਾਲ ਸਲਾਹ ਕਰਕੇ ਅਸੀਂ ਹਰਿਆਣੇ ਨੂੰ ਪੰਜਾਬ ਦਾ ਪਾਣੀ ਦੇ ਦੇਵਾਂਗੇ। ਦਿੱਲੀ ਵਾਲੇ ਲਾਲਾ ਜੀ ਬਹੁਤ ਚੁਸਤੀ ਨਾਲ ਪੰਜਾਬ ਅਤੇ ਹਰਿਆਣੇ ਦੇ ਵਿਚਕਾਰ ਬਹੁਤੇ ਸਿਆਣੇ ਬਣਨ ਦੇ ਯਤਨ ਕਰ ਰਹੇ ਹਨ। ਸਾਰੇ ਡੱਕੇ ਉਹ ਹਰਿਆਣੇ ਵੱਲ ਸਿੱਟ ਰਹੇ ਹਨ। ਪੰਜਾਬ ਵਿੱਚ ਸੱਚ ਝੂਠ ਬੋਲਕੇ ਸਰਕਾਰ ਬਣਾ ਲਈ ਹੁਣ ਪੰਜਾਬ ਦਾ ਫਿਕਰ ਕਰਨ ਦੀ ਲੋੜ ਨਹੀ ਹੈ। ਹੁਣ ਨਜ਼ਰ ਹਰਿਆਣੇ ਤੇ ਹੈ। ਹਰਿਆਣਾਂ ਤਾਂ ਜਿੱਤਿਆ ਜਾ ਸਕਦਾ ਹੈ ਜੇ ਪੰਜਾਬ ਦਾ ਪਾਣੀ ਲੁੱਟਕੇ ਹਰਿਆਣੇ ਨੂੰ ਦਿੱਤਾ ਜਾਵੇ। ਲਾਲਾ ਜੀ ਨੇ ਤਾਂ ਕੁਫਰ ਤੋਲਣਾਂ ਹੀ ਸੀ ਪਰ ਸਾਡਾ ਇਨਕਲਾਬੀ ਮੁੱਖ ਮੰਤਰੀ ਵੀ ਪੰਜਾਬ ਦੇ ਪਾਣੀ ਦੀ ਲੁੱਟ ਲਈ ਹਾਮੀ ਭਰ ਰਿਹਾ ਹੈ। ਉਸਨੇ ਇੱਕ ਵਾਰ ਵੀ ਨਹੀ ਆਖਿਆ ਕਿ ਪੰਜਾਬ ਕੋਲ ਕਿਸੇ ਨੂੰ ਦੇਣ ਲਈ ਵਾਧੂ ਪਾਣੀ ਨਹੀ ਹੈ। ਜੋ ਦਿੱਲੀ ਵਾਲੇ ਲਾਲਾ ਜੀ ਬੋਲ ਰਹੇ ਹਨ ਬਸ ਉਨ੍ਹਾਂ ਦੀ ਹਾਂ ਵਿੱਚ ਹਾਂ ਮਿਲਾਈ ਜਾ ਰਹੀ ਹੈ। ਭਗਤ ਸਿੰਘ ਦਾ ਵਾਰਸ ਪੰਜਾਬ ਨਾਲ ਗਦਾਰੀ ਕਰ ਰਿਹਾ ਹੈ।

ਇਸੇ ਦੌਰਾਨ ਪੰਜਾਬ ਵਿੱਚ ਕੁਝ ਅਫਸਰਾਂ ਦੀ ਭਰਤੀ ਕੀਤੀ ਗਈ ਹੈ। 68 ਵੈਟਰਨਰੀ ਅਫਸਰਾਂ ਨੂੰ ਪੰਜਾਬ ਵਿੱਚ ਨੌਕਰੀ ਤੇ ਰੱਖਿਆ ਗਿਆ ਹੈ। ਜਿਨ੍ਹਾਂ ਵਿੱਚੋਂ 35 ਹਰਿਆਣਾਂ ਅਤੇ ਰਾਜਸਥਾਨ ਨਾਲ ਸਬੰਧ ਰੱਖਦੇ ਹਨ। ਪੰਜਾਬ ਦੀਆਂ ਵੱਡੀਆਂ ਨੌਕਰੀਆਂ ਤੇ ਹੁਣ ਹਰਿਆਣੇ ਅਤੇ ਰਾਜਸਥਾਨ ਦੇ ਲੋਕ ਭਰਤੀ ਕੀਤੇ ਜਾ ਰਹੇ ਹਨ। ਕੀ ਇਸੇ ਬਦਲਾਅ ਲਈ ਪੰਜਾਬ ਦੇ ਲੋਕਾਂ ਨੇ ਵੋਟ ਪਾਈ ਸੀ?

ਪੰਜਾਬ ਦੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਏ ਦੀ ਇੱਕ ਆਡੀਓ ਸ਼ੋਸ਼ਲ ਮੀਡੀਆ ਤੇ ਚੱਲ ਰਹੀ ਹੈ ਜਿਸ ਵਿੱਚ ਉਹ ਆਪਣੇ ਸੈਕਟਰੀ ਨਾਲ ਕਿਸੇ ਘਪਲੇ ਦੀ ਸਲਾਹ ਕਰ ਰਿਹਾ ਹੈ ਤਾਂ ਕਿ ਮੰਤਰੀ ਬਣਕੇ ਅਕਾਲੀਆਂ ਅਤੇ ਕਾਂਗਰਸੀਆਂ ਵਾਂਗ ਪੈਸੇ ਕਮਾਏ ਜਾ ਸਕਣ। ਹੈਰਾਨੀ ਇਸ ਗੱਲ ਦੀ ਹੈ ਕਿ ਆਮ ਆਦਮੀ ਪਾਰਟੀ ਨੇ ਹਾਲੇ ਤੱਕ ਉਸ ਮੰਤਰੀ ਖਿਲਾਫ ਕੋਈ ਕਾਰਵਾਈ ਨਹੀ ਕੀਤੀ।

ਕਿਸੇ ਸਮੇਂ ਹਰਿਆਣੇ ਵਿੱਚ ਸਿੱਖ ਕਤਲੇਆਮ ਬਾਰੇ ਸਨਸਨੀਖੇਜ਼ ਖੁਲਾਸੇ ਕਰਨ ਵਾਲੇ ਇੱਕ ਹੋਰ ਵਿਧਾਇਕ ਤੇ ਇੱਕ ਬੀਬੀ ਨੇ ਦੋਸ਼ ਲਾਇਆ ਹੈ ਕਿ ਉਹ ਵਿਧਾਇਕ ਉਸਤੋਂ ਮਹੀਨਾ ਮੰਗ ਰਿਹਾ ਹੈ। ਉਹ ਬੀਬੀ ਕੋਈ ਕਾਰੋਬਾਰ ਕਰਦੀ ਹੈ। ਵਿਧਾਇਕ ਸਾਹਬ ਆਖ ਰਹੇ ਹਨ ਕਿ ਆਪਣੀ ਕਮਾਈ ਵਿੱਚੋਂ ਉਸ ਨੂੰ ਗੁੰਡਾ ਟੈਕਸ ਦਿੱਤਾ ਜਾਵੇ ਹਰ ਮਹੀਨੇ।

ਵਿਧਾਇਕ ਸਾਹਬ ਤਾਂ ਮਹੀਨੇ ਦਾ ਗੁੰਡਾ ਟੈਕਸ ਹੀ ਮੰਗ ਰਹੇ ਸਨ ਪਰ ਰੋਪੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਿਨੇਸ਼ ਚੱਢਾ ਤੇ ਇੱਕ ਸਿੱਖ ਵਪਾਰੀ ਨੇ ਦੋਸ਼ ਲਾਇਆ ਹੈ ਕਿ ਉਕਤ ਵਿਧਾਇਕ ਤਾਂ ਉਸਦਾ ਸਾਰਾ ਵਪਾਰ ਹੀ ਦੱਬਣ ਨੂੰ ਫਿਰਦਾ ਹੈ। ਉਹ ਕੋਈ ਗੁੰਡਾ ਟੈਕਸ ਨਹੀ ਮੰਗ ਰਿਹਾ ਬਲਕਿ ਉਸ ਸਿੱਖ ਵਪਾਰੀ ਨੂੰ ਧਮਕੀਆਂ ਦੇ ਰਿਹਾ ਹੈ ਕਿ ਉਹ ਆਪਣਾਂ ਕਾਰੋਬਾਰ ਛੱਡ ਕੇ ਭੱਜ ਜਾਵੇ ਕਿਉਂਕਿ ਕਾਰੋਬਾਰ ਵਿਧਾਇਕ ਨੇ ਸਾਂਭਣਾਂ ਹੈ। ਅਜਿਹੇ ਨਜ਼ਾਰੇ ਅਕਾਲੀ ਲੀਡਰਾਂ ਵੱਲੋਂ ਪੇਸ਼ ਕੀਤੇ ਜਾਂਦੇ ਸਨ। ਹੁਣ ਬਦਲਾਅ ਵਾਲੀ ਪਾਰਟੀ ਵੀ ਅਜਿਹੇ ਹੀ ਨਜ਼ਾਰੇ ਪੇਸ਼ ਕਰ ਰਹੀ ਹੈ।

ਮੇਰੀ ਮਾਂ ਧਰਤੀ, ਹਾਲੇ ਤੈਨੂੰ ਉਨ੍ਹਾਂ ਪੁੱਤਰਾਂ ਦੀ ਉਡੀਕ ਹੈ ਜਿਨ੍ਹਾਂ ਦੀ ਬਾਤ ਅਫਜ਼ਲ ਅਹਿਸਨ ਰੰਧਾਵਾ ਪਾਉਂਦਾ ਹੈ।

ਮੇਰੇ ਪੁੱਤਰ ਪਿੰਡੋ ਪਿੰਡ ਨੇ ਮੇਰੇ ਪੁੱਤਰ ਸ਼ਹਿਰੋ ਸ਼ਹਿਰ

ਜਦ ਭੀੜ ਬਣੀ ਹੈ ਮਾਂ ਤੇ ਮੇਰੇ ਪੁੱਤਰ ਆਏ ਚੜ੍ਹ

ਪੜ੍ਹ ਕਿੰਨੀ ਵਾਰੀ ਮਾਂ ਤੋਂ ਇਨ੍ਹਾਂ ਵਾਰੀ ਆਪਣੀ ਜਾਨ

ਪੜ੍ਹ ਕਿੰਨੀ ਵਾਰੀ ਮਾਂ ਦਾ ਇਨ੍ਹਾਂ ਰੱਖਿਆ ਨਹੀ ਸੀ ਮਾਨ

1984 ਤੋਂ ਬਾਅਦ ਮਾਂ ਧਰਤੀ ਦੇ ਪੁੱਤਰਾਂ ਨੇ ਆਪਣੀ ਮਾਂ ਦਾ ਸਤਕਾਰ ਰੱਖਣ ਲਈ ਆਪਣੀਆਂ ਜਾਨਾਂ ਵਾਰੀਆਂ। ਅਸਹਿ ਤੇ ਅਕਹਿ ਤਸ਼ੱਦਦ ਝੱਲਿਆ, ਪਰ ਮਾਂ ਦੀ ਬੇਪਤੀ ਨਹੀ ਹੋਣ ਦਿੱਤੀ। ਮਾਂ ਧਰਤੀ ਪੰਜਾਬ ਨੂੰ ਉਨ੍ਹਾਂ ਸੂਰਬੀਰ ਪੁੱਤਰਾਂ ਦੀ ਉਡੀਕ ਰਹੇਗੀ।