ਪੰਜਾਬ ਦੀ ਪੁਲਸ ਨੇ ਪਿਛਲੇ ਦਿਨੀ ਚੜ੍ਹਦੀ ਉਮਰ ਦੇ ਦੋ ਸਿੱਖ ਜਵਾਨਾਂ ਨੂੰ ਮਾਰ ਮੁਕਾਇਆ ਹੈ। ਦੋ ਸਿੱਖ ਨੌਜਵਾਨਾਂ ਦੇ ਕਤਲ ਤੇ ਰਾਜ ਦੇ ਮੁੱਖ ਮੰਤਰੀ ਸਮੇਤ ਸਮੁੱਚੇ ਈਲੀਟ ਵਰਗ ਨੇ ਖੁਸ਼ੀਆਂ ਮਨਾਈਆਂ ਹਨ। ਹਰਜਿੰਦਰ ਸਿੰਘ ਭੁੱਲਰ ਉਰਫ ਵਿੱਕੀ ਗੌਂਡਰ ਅਤੇ ਉਸਦੇ ਸਾਥੀ ਸੇਮਾ ਲਹੌਰੀਆ ਨੂੰ ਪੰਜਾਬ ਤੋਂ ਉਚੇਚੇ ਤੌਰ ਤੇ ਗਈ ਪੁਲਸ ਪਾਰਟੀ ਨੇ ਇੱਕ ਪਾਸੜ ਗੋਲੀਬਾਰੀ ਵਿੱਚ ਰਾਜਸਥਾਨ ਦੇ ਇੱਕ ਪਿੰਡ ਵਿੱਚ ਮਾਰ ਮੁਕਾਇਆ। ਵਿੱਕੀ ਉ%ਤੇ ਦੋਸ਼ ਲਾਇਆ ਜਾਂਦਾ ਹੈ ਕਿ ਉਹ ਰਾਜ ਵਿੱਚ ਹੋਏ ਕਈ ਕਤਲਾਂ ਅਤੇ ਹੋਰ ਵਾਰਦਾਤਾਂ ਲਈ ਲੋੜੀਂਦਾ ਸੀ। ਨਾਭਾ ਜੇਲ੍ਹ ਨੂੰ ਤੋੜਨ ਵਾਲੀ ਘਟਨਾ ਵਿੱਚ ਵੀ ਉਸਦਾ ਹੱਥ ਆਖਿਆ ਜਾਂਦਾ ਹੈ।

ਵਿਕੀ ਗੌਂਡਰ ਅਤੇ ਉਸਦੇ ਸਾਥੀ ਦੇ ਕਤਲ ਨੇ ਇੱਕ ਵਾਰ ਫਿਰ ਉਹ ਦਿਨ ਯਾਦ ਦਿਵਾ ਦਿੱਤੇ ਹਨ ਜਦੋਂ ਹਰ ਰੋਜ਼ ਅਜਿਹੇ ਦਰਜਨਾਂ ਸਿੱਖ ਨੌਜਵਾਨਾਂ ਦੇ ਕਤਲਾਂ ਨਾਲ ਅਖਬਾਰਾਂ ਭਰੀਆਂ ਪਈਆਂ ਹੁੰਦੀਆਂ ਸਨ। ਲਗਭਗ ਇੱਕ ਦਹਾਕੇ ਤੱਕ ਸਿੱਖਾਂ ਨੇ ਅਜਿਹੇ ਕਤਲ ਹੁੰਦੇ ਆਪਣੀਆਂ ਅੱਖਾਂ ਸਾਹਮਣੇ ਦੇਖੇ ਸਨ। ਇੱਕ ਦਹਾਕੇ ਤੱਕ ਸਿੱਖਾਂ ਦੇ ਲਹੂ ਦੀ ਹੋਲੀ ਖੇਡਣ ਵਾਲਾ ਤੰਤਰ ਆਪਣੀਆਂ ਰਾਜਨੀਤਿਕ ਅਸਫਲਤਾਵਾਂ ਤੋਂ ਖਹਿੜਾ ਛੁਡਾਉਣ ਲਈ ਫਿਰ ਪੁਰਾਣੇ ਰਾਹਾਂ ਤੇ ਤੁਰ ਪਿਆ ਹੈ।

ਸਿੱਖ ਜਵਾਨੀ ਇੱਕ ਵਾਰ ਫਿਰ ਦੁਸ਼ਮਣ ਦੇ ਨਿਸ਼ਾਨੇ ਤੇ ਹੈ, ਪਰ ਇਸ ਵਾਰ ਫਰਕ ਇਹ ਹੈ ਕਿ ਸਿੱਖ ਜਵਾਨੀ ਜਾਂਬਾਜ ਇਤਿਹਾਸ ਦੇ ਬਾਵਜੂਦ, ਕਿਸੇ ਰੁਹਾਨੀ ਰਹਿਬਰ ਦੀ ਗੈਰ-ਹਾਜ਼ਰੀ ਵਿੱਚ ਭਟਕਣ ਦਾ ਸ਼ਿਕਾਰ ਹੋ ਗਈ ਹੈ। ਕੌਮੀ ਤੌਰ ਤੇ ਕਿਸੇ ਅਜਿਹੇ ਮਰਦ-ਅਗੰਮੜੇ ਦੀ ਘਾਟ ਰੜਕ ਰਹੀ ਹੈ ਜੋ ਕੌਮ ਵਿੱਚ ਇੱਕ ਰੁਹਾਨੀ ਅਤੇ ਕੌਮੀ ਜਜਬਾ ਭਰ ਕੇ ਕੌਮ ਦੀ ਸ਼ਕਤੀ ਨੂੰ ਕਿਸੇ ਵੱਡੇ ਨਿਸ਼ਾਨੇ ਦੀ ਪ੍ਰਾਪਤੀ ਲਈ ਅਗਵਾਈ ਦੇ ਸਕੇ। ਜੋ ਕੌਮ ਨੂੰ ਆਪਣੇ ਜਾਂਬਾਜ ਅਤੀਤ ਦੇ ਸੰਦਰਭ ਵਿੱਚ ਸੁਨਹਿਰੇ ਭਵਿੱਖ ਦਾ ਚਾਨਣ ਦਿਖਾ ਸਕੇ।

ਇਸ ਵੇਲੇ ਸਿੱਖ ਜਵਾਨੀ ਬੌਣੇ ਅਤੇ ਦੰਭੀ ਰੋਲ ਮਾਡਲਾਂ ਦੇ ਘੇਰੇ ਵਿੱਚ ਘਿਰ ਗਈ ਹੋਈ ਹੈ। ਇਸੇ ਕਰਕੇ ਪੰਜਾਬ ਦੀ ਰੁਹਾਨੀ ਧਰਤੀ ਤੇ ਪੈਦਾ ਹੋਣ ਦੇ ਬਾਵਜੂਦ ਵੀ ਉਹ ਹਲਕੀ ਕਿਸਮ ਦੇ ਹਿੰਸਕ ਸ਼ੁਗਲ ਦੀ ਗੁਲਾਮ ਹੋਕੇ ਕੁਝ ਬਾਹੂਬਲੀਆਂ ਦੇ ਸੁਪਨੇ ਸਾਕਾਰ ਕਰਨ ਵੱਲ ਅਹੁਲ ਰਹੀ ਹੈ।

ਵਿੱਕੀ ਗੌਂਡਰ ਦਾ ਹਰਜਿੰਦਰ ਸਿੰਘ ਤੋਂ ਗੌਂਡਰ ਬਣਨ ਦਾ ਸਫਰ ਇਸੇ ਗੱਲ ਦੀ ਗਵਾਹੀ ਭਰਦਾ ਹੈ ਕਿ ਉਹ ਭਟਕੀ ਹੋਈ ਸਿੱਖ ਜਵਾਨੀ ਦੀ ਤਰਜਮਾਨੀ ਕਰ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਕਿਸੇ ਵੇਲੇ ਭਾਈ ਹਰਜਿੰਦਰ ਸਿੰਘ ਜਿੰਦਾ ਵੀ ਇਸੇ ਕਿਸਮ ਦੀਆਂ ਕਾਰਵਾਈਆਂ ਵਿੱਚ ਸ਼ਾਮਲ ਹੁੰਦਾ ਸੀ ਪਰ ਸੰਤ ਜਰਨੈਲ ਸਿੰਘ ਜੀ ਦੀ ਸਵੱਲੀ ਨਜ਼ਰ ਅਤੇ ਉੁਨ੍ਹਾਂ ਦੇ ਰੁਹਾਨੀ ਸੰਦੇਸ਼ ਨੇ ਭਾਈ ਸਾਹਿਬ ਦੀ ਜਿੰਦਗੀ ਵਿੱਚ ਅਜਿਹਾ ਬਦਲਾਅ ਲਿਆਂਦਾ ਕਿ ਉਹ ਕੌਮ ਦੇ ਵੱਡੇ ਦੁਸ਼ਮਣਾਂ ਨੂੰ ਸਿੱਖੀ ਰਵਾਇਤਾਂ ਅਨੁਸਾਰ ਸਜ਼ਾ ਦੇਂਦੇ ਹੋਏ, ਕੌਮੀ ਇਤਿਹਾਸ ਦੇ ਨਾਇਕ ਅਤੇ ਮਹਾਨ ਸ਼ਹੀਦ ਬਣਕੇ ਉਭਰੇ।

ਕਿਸੇ ਅਜਿਹੇ ਰੁਹਾਨੀ ਅਤੇ ਜਾਂਬਾਜ ਮਾਡਲ ਤੋਂ ਸੱਖਣੀ ਸਿੱਖ ਜਵਾਨੀ ਅੱਜ ਸਿੰਘ ਤੋਂ ਗੌਂਡਰ ਬਣਨ ਦੇ ਰਾਹ ਪੈ ਗਈ ਹੈ। ਉਸ ਕੋਲ ਅਜਿਹਾ ਕੋਈ ਮਾਡਲ ਨਹੀ ਹੈ,ਧਾਰਮਕ ਅਤੇ ਰਾਜਸੀ ਤੌਰ ਤੇ ਜੋ ਉਸਦੀ ਸ਼ਕਤੀ ਨੂੰ ਉਸਾਰੂ ਪੱਖ ਵੱਲ ਪਾ ਸਕੇ। ਧਾਰਮਕ ਤੌਰ ਤੇ ਪੰਥ ਦੀਆਂ ਸ਼ਖਸ਼ੀਅਤਾਂ ਆਪ ਏਨਾ ਮੁਰਝਾ ਗਈਆਂ ਹਨ ਕਿ ਉਨ੍ਹਾਂ ਵਿੱਚ ਕਿਸੇ ਨੂੰ ਪ੍ਰੇਰਨਾ ਦੇਣ ਦੀ ਹਿੰਮਤ ਅਤੇ ਸ਼ਕਤੀ ਬਚੀ ਹੀ ਨਹੀ। ਰਾਜਸੀ ਖੇਤਰ ਵਿੱਚ ਵੀ ਅਜਿਹੇ ਗੈਰਤਹੀਣ ਲੋਕਾਂ ਦਾ ਬੋਲਬਾਲਾ ਹੈ ਜਿਨ੍ਹਾਂ ਲਈ ਧਰਮ ਵੀ ਵੋਟਾਂ ਹਥਿਆਉਣ ਦਾ ਜਰੀਆ ਬਣ ਗਿਆ ਹੈ। ਛੋਟੇ ਛੋਟੇ ਮਾਸੂਮ ਬੱਚਿਆਂ ਦੀ ਸ਼ਹਾਦਤ ਨੂੰ ਵੀ ਅਜਿਹੇ ਲੋਕ ਵੋਟਾਂ ਦਾ ਜਰੀਆ ਸਮਝਦੇ ਹਨ। ਸਾਹਿਤਿਕ ਤੌਰ ਤੇ ਪੰਜਾਬੀ ਵਿੱਚ ਅਜਿਹਾ ਕੋਈ ਖੋਜ ਕਾਰਜ ਸਾਹਮਣੇ ਨਹੀ ਆ ਰਿਹਾ ਜੋ ਕੌਮ ਦੀਆਂ ਬੁਝੀਆਂ ਹੋਈਆਂ ਅਤੇ ਨਿਰਾਸ਼ ਤਰੰਗਾਂ ਨੂੰ ਮੁੜ ਜਾਂਬਾਜ ਜਜਬਿਆਂ ਵਿੱਚ ਬਦਲ ਸਕੇ। ਸਾਹਿਤਕਾਰ ਵੀ ਧਾਰਮਕ ਅਤੇ ਰਾਜਸੀ ਲੀਡਰਸ਼ਿੱਪ ਦੇ ਹੀ ਦੁੰਮਛੱਲੇ ਬਣ ਗਏ ਹਨ। ਯੂਨੀਵਰਸਿਟੀਆਂ ਦੇ ਕਥਿਤ ਵਿਦਵਾਨਾਂ ਦੀ ਨਿਗਾਹ ਆਪਣੇ ਅਤੇ ਆਪਣੇ ਪਰਿਵਾਰ ਦੇ ਨਿੱਜੀ ਭਵਿੱਖ ਤੋਂ ਅੱਗੇ ਨਹੀ ਜਾ ਸਕੀ। ਕਿਸੇ ਵਿੱਚ ਉਸ ਢਾਂਚੇ ਨੂੰ ਚੁਣੌਤੀ ਦੇਣ ਦੀ ਤਾਕਤ ਨਹੀ ਬਚੀ ਜੋ ਪਲ ਪਲ ਕਰਕੇ ਸਿੱਖ ਜੀਵਨ ਜਾਂਚ ਨੂੰ ਜਿਬਾਹ ਕਰ ਰਿਹਾ ਹੈ।

ਇਸ ਬਹੁ-ਪੱਖੀ ਸੰਕਟ ਦੇ ਦੌਰ ਵਿੱਚ ਚੇਤੰਨ ਸਿੱਖ ਜਵਾਨੀ ਨੂੰ ਫਿਰ ਜਿਹੜਾ ਵੀ ਰਾਹ ਲੱਭਦਾ ਹੈ ਉਸ ਤੇ ਹੀ ਤੁਰ ਪੈਂਦੀ ਹੈ ਜੋ ਕਿ ਇੱਕ ਬਹਾਦਰ ਕੌਮ ਲਈ ਕਾਫੀ ਘਾਤਕ ਹੈ। ਕੌਮੀ ਤੌਰ ਤੇ ਸਿੱਖਾਂ ਦੇ ਦਰਦ ਨੂੰ ਸਮਝਣ ਵਾਲੇ ਗੰਭੀਰ ਸੱਜਣਾਂ ਨੂੰ ਮਿਲ ਬੈਠਣ ਦੀ ਲੋੜ ਹੈ ਤਾਂ ਕਿ ਹੋਰ ਹਰਜਿੰਦਰ ਸਿੰਘ, ਗੌਂਡਰ ਨਾ ਬਣਨ ਅਤੇ ਬਿਨਾ ਕਿਸੇ ਕੌਮੀ ਕਾਜ਼ ਦੇ ਆਪਣਾਂ ਲਹੂ ਨਾ ਡੋਲ੍ਹਣ।