ਪਿਛਲੇ ਦਿਨੀ ਭਾਰਤ ਨੇ ਆਪਣਾਂ ੬੬ਵਾਂ ਗਣਤੰਤਰ ਦਿਵਸ ਧੂਮ-ਧਾਮ ਨਾਲ ਮਨਾਇਆ। ਰਵਾਇਤੀ ਅੰਦਾਜ਼ ਵਿੱਚ ਨਵੀਂ ਦਿੱਲੀ ਵਿਖੇ ਜਸ਼ਨ ਮਨਾਏ ਗਏ। ਇਸ ਮੌਕੇ ਤੇ ਦੇਸ਼ ਵੱਲ਼ੋਂ ਆਪਣੇ ਹਥਿਆਰਾਂ ਅਤੇ ਫੌਜੀ ਤਕਨੀਕਾਂ ਦਾ ਵੀ ਖੂਬ ਪ੍ਰਦਰਸ਼ਨ ਕੀਤਾ ਗਿਆ। ਹਰ ਕਿਸਮ ਦਾ ਮਾਰੂ ਹਥਿਆਰ ਇਸ ਪਰੇਡ ਵਿੱਚ ਪ੍ਰਦਰਸ਼ਿਤ ਕੀਤਾ ਗਿਆ। ਫ਼ੌਜੀ ਦਲਾਂ ਤੇ ਹੋਰ ਲੋਕਾਂ ਵੱਲ਼ੋਂ ਇਸ ਮੌਕੇ ਤੇ ਪਰੇਡ ਵੀ ਕੀਤੀ ਗਈ।

ਗਣਤੰਤਰ ਦਿਵਸ ਦਾ ਅਸਲ ਮਕਸਦ ਦੇਸ਼ ਦੇ ਲੋਕਾਂ ਨੂੰ ਇਹ ਯਾਦ ਕਰਵਾਉਣਾਂ ਹੁੰਦਾ ਹੈ ਕਿ ੬੬ ਸਾਲ ਪਹਿਲਾਂ ਅਸੀਂ ਇੱਕ ਅਜ਼ਾਦ ਮੁਲਕ ਵੱਜੋਂ ਆਪਣੇ ਸੰਵਿਧਾਨ ਨੂੰ ਅਪਨਾ ਕੇ ਆਪਣੇ ਗੌਰਵ ਅਤੇ ਸਵੈ-ਸਤਿਕਾਰ ਵਿੱਚ ਵਾਧਾ ਕੀਤਾ ਸੀ। ਹਰ ਸਾਲ ਗਣਤੰਤਰ ਦਿਵਸ ਮਨਾਉਣ ਦਾ ਇਹੋ ਹੀ ਮਕਸਦ ਹੁੰਦਾ ਹੈ ਕਿ ਲੋਕਾਂ ਵਿੱਚ ਅਜ਼ਾਦੀ ਦੀ ਭਾਵਨਾ ਭਰੀ ਜਾਵੇ। ਲੋਕਾਂ ਨੂੰ ਯਾਦ ਕਰਵਾਇਆ ਜਾਵੇ ਕਿ ਅਸੀਂ ਅਜ਼ਾਦ ਮੁਲਕ ਦੇ ਸ਼ਹਿਰੀ ਹਾਂ। ਸਦੀਆਂ ਤੋਂ ਜੋ ਗੁਲਾਮੀ ਸਾਡੇ ਹੱਡਾਂ ਵਿੱਚ ਵਸ ਗਈ ਸੀ ਉਸ ਨੂੰ ਹੁਣ ਵਗ੍ਹਾ ਮਾਰਨ ਦਾ ਸਮਾ ਆ ਗਿਆ ਹੈ।

ਕੀ ੬੬ ਸਾਲਾਂ ਬਾਅਦ ਭਾਰਤ ਦੇ ਲੋਕਾਂ ਨੇ ਗੁਲਾਮੀ ਅਤੇ ਹੀਣ ਭਾਵਨਾ ਨੂੰ ਸੱਚਮੁੱਚ ਵਗ੍ਹਾ ਮਾਰਿਆ ਹੈ? ਕੀ ਸਭ ਤੋਂ ਵੱਡੀ ਜਮਹੂਰੀਅਤ ਅਖਵਾਉਣ ਦਾ ਦਾਅਵਾ ਕਰਨ ਵਾਲਾ ਮੁਲਕ ਸਚਮੁੱਚ ਹੀ ਸਵੈਮਾਣ ਨਾਲ ਭਰ ਗਿਆ ਹੋਇਆ ਹੈ? ਕੀ ਭਾਰਤ ਵਿੱਚ ਵਸਣ ਵਾਲੇ ਲੋਕਾਂ ਨੂੰ ਆਪਣੇ ਅਜ਼ਾਦ ਹੋ ਜਾਣ ਦਾ ਸੱਚ ਸਮਝ ਆ ਗਿਆ ਹੈ? ਇਹ ਕੁਝ ਸੁਆਲ ਹਨ ਜੋ ਦੇਸ਼ ਦੇ ੬੬ਵੇਂ ਗਣਤੰਤਰ ਦਿਵਸ ਦੇ ਸਬੰਧ ਵਿੱਚ ਹੋਏ ਸਮਾਗਮਾਂ ਨੂੰ ਦੇਖਕੇ ਮਨ ਵਿੱਚ ਪੈਦਾ ਹੋ ਰਹੇ ਹਨ।

ਇੱਕ ਪਾਸੇ ਦੇਸ਼ ਦੀ ਲੀਡਰਸ਼ਿੱਪ ਅਤੇ ਨੀਤੀਘਾੜੇ ਮਾਰਖੋਰੇ ਹਥਿਆਰਾਂ ਦਾ ਪ੍ਰਦਰਸ਼ਨ ਕਰਕੇ ਦੇਸ਼ ਦੇ ਦੁਸ਼ਮਣਾਂ ਨੂੰ ਇੱਕ ਸੰਦੇਸ਼ ਦੇ ਰਹੇ ਹਨ ਕਿ ਅਸੀਂ ਅਜ਼ਾਦ ਮੁਲਕ ਵੱਜੋਂ ਹਰ ਹਮਲੇ ਦਾ ਟਾਕਰਾ ਕਰਨ ਦੇ ਕਬਲ ਹਾਂ ਪਰ ਦੂਜੇ ਪਾਸੇ ਭਾਰਤ ਦੇ ਅਨਪੜ੍ਹ ਲੋਕਾਂ ਤੋਂ ਲੈਕੇ ਆਪਣੇ ਆਪ ਨੂੰ ਸਭ ਤੋਂ ਅਗਾਂਹਵਧੂ ਸਮਝਣ ਵਾਲੇ ਪੱਤਰਕਾਰ ਤੱਕ ਅਮਰੀਕਾ ਦੇ ਪ੍ਰਧਾਨ ਬਾਰਕ ਓਬਾਮਾਂ ਦੇ ਸਵਾਗਤ ਅਤੇ ਮਹਿਮਾਂ ਵਿੱਚ ਇਸ ਤਰ੍ਹਾਂ ਵਿਛ ਵਿਛ ਜਾ ਰਹੇ ਹਨ ਕਿ ਉਸਦਾ ਸਵਾਗਤ ਕਰਨ ਦੇ ਨਾਅ ਤੇ ਆਪਣੀ ਗੈਰਤ, ਅਣਖ ਅਤੇ ਮਾਣ-ਮਰਯਾਦਾ ਵੀ ਦਾਅ ਤੇ ਲਾ ਰਹੇ ਹਨ।

ਅਮਰੀਕਾ ਦੇ ਪ੍ਰਧਾਨ ਬਾਰਕ ਓਬਾਮਾ ਦੇ ਭਾਰਤ ਆਉਣ ਦਾ ਫੈਸਲਾ ਆਉਣ ਦੀ ਦੇਰ ਸੀ ਕਿ ਭਾਰਤ ਦੇ ਸਮੁੱਚੇ ਟੈਲੀਵੀਜ਼ਨ ਚੈਨਲਾਂ ਨੇ ਏਨਾ ਨੀਵਾਂ ਡਿਗ ਕੇ ਉਸਦੇ ਸੋਹਲੇ ਗਾਉਣੇ ਅਰੰਭ ਕਰ ਦਿੱਤੇ ਜਿਵੇਂ ਵਿਆਹ ਵਿੱਚ ਲਾਗ ਲੈਣ ਵਾਲੇ ਕਰਿਆ ਕਰਦੇ ਹਨ। ਓਬਾਮਾ ਦੀ ਭਾਰਤ ਫੇਰੀ ਵਾਲੇ ਦਿਨ ਤਾਂ ਜਿਵੇਂ ਭਾਰਤ ਦੀ ਅਣਖ, ਗੈਰਤ ਅਤੇ ਸਵੈਮਾਣ ਦਾ ਜਨਾਜਾ ਹੀ ਨਿਕਲ ਗਿਆ। ਨਾਗਪੁਰ, ਅਹਿਮਦਾਬਾਦ, ਮੁੰਬਈ ਅਤੇ ਉਤਰ ਭਾਰਤ ਦੇ ਹੋਰ ਕਈ ਵੱਡੇ ਸ਼ਹਿਰਾਂ ਵਿੱਚ ਖੁਸ਼ੀ ਵਿੱਚ ਖੀਵੇ ਹੋਏ ਲੋਕ ਢੋਲ ਤੇ ਓਬਾਮਾ ਦੀਆਂ ਫੋਟੋਆਂ ਲਾ ਕੇ ਭੰਗੜੇ ਪਉਂਦੇ ਦੇਖੇ ਗਏ। ਉਸ ਤੋਂ ਵੀ ਵੱਧ ਅੱਤ ਕਰ ਦਿੱਤੀ ਭਾਰਤ ਦੇ ਅਗਾਂਹਵਧੂ ਮੀਡੀਆ ਨੇ ਜੋ ਅਜਿਹੇ ਨਾਚਗਾਣੇ ਨੂੰ ਸਾਰਾ ਦਿਨ ਟੀ ਵੀ ਤੇ ਦਿਖਾਉਂਦਾ ਰਿਹਾ। ਓਬਾਮਾ ਨੇ ਕਿਹੜਾ ਸੂਟ ਪਾਇਆ ਹੈ, ਇਸਦੇ ਕੀ ਅਰਥ ਹਨ, ਉਹ ਚਾਹ ਕਿਹੜੇ ਰੰਗ ਦੀ ਪੀਂਦਾ ਹੈ, ਉਹ ਦੁਪਹਿਰ ਦੇ ਖਾਣੇ ਵਿੱਚ ਕੀ ਖਾਵੇਗਾ, ਉਸਦੀਆਂ ਗੱਡੀਆਂ ਅਤੇ ਹਵਾਈ ਜਹਾਜਾਂ ਦੀਆਂ ਕੀ ਖੂਬੀਆਂ ਹਨ। ਪਿਛਲੇ ਇੱਕ ਹਫਤੇ ਤੋਂ ਭਾਰਤ ਦੇ ਟੀ ਵੀ ਚੈਨਲ ਇਹੋ ਹੀ ਕੁਝ ਦਿਖਾ ਰਹੇ ਹਨ।

ਦੇਸ਼ ਦੇ ਨੇਤਾਵਾਂ, ਗਰੀਬ ਲੋਕਾਂ ਅਤੇ ਪੱਤਰਕਾਰਾਂ ਦੇ ਹਾਵ-ਭਾਵ ਦੇਖਕੇ ਮਨ ਵਿੱਚ ਵਾਰ ਵਾਰ ਆਉਂਦਾ ਸੀ ਕਿ ਕੀ ਭਾਰਤ ਸੱਚਮੁਚ ਅਜ਼ਾਦ ਹੋ ਗਿਆ ਹੈ? ਕਿਸੇ ਮੁਲਕ ਦੇ ਪ੍ਰਧਾਨ ਦੇ ਦੇਸ਼ ਵਿੱਚ ਆ ਜਾਣ ਕਾਰਨ ਹੀ ਕੀ ਕੋਈ ਅਜ਼ਾਦ ਕਿਹਾ ਜਾਂਦਾ ਮੁਲਕ ਆਪਣਾਂ ਸਵੈਮਾਣ, ਗੈਰਤ, ਇੱਜ਼ਤ ਅਤੇ ਸਿਦਕਦਿਲੀ ਗਵਾ ਕੇ ਉਸ ਅੱਗੇ ਪੂਛ ਫੇਰ ਸਕਦਾ ਹੈ? ਕੀ ਕਿਸੇ ਦੇਸ਼ ਦੀ ਮਾਨਸਿਕਤਾ ਏਨੀ ਹਲਕੀ ਵੀ ਹੋ ਸਕਦੀ ਹੈ ਜੋ ਥੋੜੇ ਜਿਹੇ ਜੋਰਾਵਰ ਅੱਗੇ ਹੀ ਵਿਛ ਸਕਦੀ ਹੈ?

ਇਤਿਹਾਸ ਵਿੱਚ ਪੜ੍ਹੀਦਾ ਸੀ ਕਿ ਜਾਬਰ ਮੁਗਲ ਹਾਕਮਾਂ ਅੱਗੇ ਇਹ ਦੇਸ਼ ਆਪਣੀਆਂ ਬਹੂ ਬੇਟੀਆਂ ਅਤੇ ਸਵੈਮਾਣ ਸਭ ਕੁਝ ਢੇਰੀ ਕਰ ਦੇਂਦਾ ਸੀ। ਕੀ ਅੱਜ ਕੋਈ ਫਰਕ ਹੈ? ਕੀ ਅਜ਼ਾਦੀ ਦਾ ਕੋਈ ਅਰਥ ਦੇਸ਼ ਦੇ ਲੋਕਾਂ ਵਿੱਚ ਪ੍ਰਗਟ ਹੋਇਆ ਹੈ? ਸਦੀਆਂ ਬਾਅਦ ਵੀ ਇਹ ਦੇਸ਼ ਜੋਰਾਵਰਾਂ ਅੱਗੇ ਵਿਛ-ਵਿਛ ਜਾ ਰਿਹਾ ਹੈ। ਕੀ ਅਨਪੜ੍ਹ ਤੇ ਕੀ ਪੜ੍ਹੇ ਲਿਖੇ ਸਾਰੇ ਆਪਣਾਂ ਸਵੈਮਾਣ ਦਾਅ ਤੇ ਲਗਾ ਕੇ ਲੇਲੜ੍ਹੀਆਂ ਕੱਢ ਰਹੇ ਪ੍ਰਤੀਤ ਹੋ ਰਹੇ ਸਨ।

ਕੋਈ ਵੀ ਦੇਸ਼ ਛੋਟਾ ਜਾਂ ਵੱਡਾ ਨਹੀ ਹੁੰਦਾ। ਦੇਸ਼-ਦੇਸ਼ ਹੁੰਦਾ ਹੈ। ਆਪਣੇ ਬਰਾਬਰ ਦੇ ਰਾਜਸੀ ਨੇਤਾਵਾਂ ਨਾਲ ਹਰ ਦੇਸ਼ ਉਨ੍ਹਾਂ ਦੀਆਂ ਅੱਖਾਂ ਵਿੱਚ ਅੱਖਾਂ ਪਾਕੇ ਗੱਲ ਕਰਦਾ ਹੁੰਦਾ ਹੈ। ਕਿਸੇ ਅੱਗੇ ਵਿਛਦਾ ਨਹੀ ਹੁੰਦਾ। ਭਾਰਤ ਦਾ ਇਸ ਵੇਲੇ ਜੋ ਹਾਲ ਦਿਖ ਰਿਹਾ ਹੈ ਉਹ ਇਹ ਦੱਸ ਰਿਹਾ ਹੈ ਕਿ ਹਥਿਆਰਾਂ ਦੇ ਵੱਡੇ ਭੰਡਾਰਾਂ ਦੇ ਬਾਵਜੂਦ ਵੀ ਇਸਦੇ ਚਾਲਕ ਕਿੰਨੇ ਅਸੁਰੱਖਿਤ ਮਹਿਸੂਸ ਕਰ ਰਹੇ ਹਨ। ਮੁਲਕ ਦੀ ਜਨਤਾ ਦੇ ਮਨਾਂ ਵਿੱਚੋਂ ਹੀਣ ਭਾਵਨਾ ਹਾਲੇ ਵੀ ਨਹੀ ਗਈ। ਇਸ ਮੁਲਕ ਦੇ ਲੋਕ ਮਾਨਸਿਕ ਤੌਰ ਤੇ ਗੁਲਾਮ ਹੋ ਗਏ ਹਨ। ਜੋ ਹਰ ਜੋਰਾਵਰ ਅੱਗੇ ਪੂਛ ਮਾਰਨ ਲ਼ੱਗ ਜਾਂਦੇ ਹਨ। ਸਦੀਆਂ ਦੀ ਗੁਲਾਮੀ ਨੇ ਇਸ ਦੇਸ਼ ਦੇ ਲੋਕਾਂ ਦੀ ਅਣਖ ਅਤੇ ਗੈਰਤ ਨੂੰ ਗ੍ਰਹਿਣ ਲਾ ਦਿਤਾ ਹੈ। ਜੋ ਸ਼ਾਇਦ ਸਦੀਆਂ ਤੱਕ ਵੀ ਸਾਫ ਨਹੀ ਹੋ ਸਕੇਗਾ।