ਪੰਜਾਬ ਨੇ ਆਪਣੀ ਹੋਂਦ ਦੇ ਵੇਲੇ ਤੋਂ ਹੀ ਹਮਲਿਆਂ,ਕਤਲਾਂ,ਜੰਗਾਂ ਅਤੇ ਤਬਾਹੀਆਂ ਨੂੰ ਪਿੰਡੇ ਤੇ ਹੰਢਾਇਆ ਹੈ। ਦੁਨੀਆਂ ਭਰ ਵਿੱਚ ਪੰਜਾਬ ਨੂੰ ਸਭ ਤੋਂ ਪਹਿਲਾਂ ਇਸੇ ਨਜ਼ਰ ਤੋਂ ਦੇਖਿਆ ਜਾਂਦਾ ਹੈ। ਉਹ ਧਰਤੀ ਜਿਸਨੇ ਕਿਸੇ ਵੀ ਖੱਬੀਖਾਨ ਹਾਕਮ ਦੀ ਈਨ ਨਹੀ ਮੰਨੀ। ਜੋ ਗੁਰੂ ਸਾਹਿਬ ਦੀ ਰਹਿਮਤ ਹੇਠ ਹੀ ਜੀਵਿਆ ਹੈ। ਇਤਿਹਾਸ ਵਿੱਚ ਬਹੁਤ ਸਾਰੇ ਅਜਿਹੇ ਜਾਲਮ ਜਰਨੈਲ ਅਤੇ ਹਾਕਮ ਹੋਏ ਹਨ ਜਿਨ੍ਹਾਂ ਨੇ ਪੰਜਾਬ ਨੂੰ ਨੇਸਤੋ-ਨਬੂਦ ਕਰਨ ਦੇ ਅਨੇਕਾਂ ਯਤਨ ਕੀਤੇ ਪਰ ਖਾਲਸੇ ਦੀ ਜੰਗੀ ਮੁਹਰਤ ਅੱਗੇ ਉਨ੍ਹਾਂ ਦੀਆਂ ਸਾਰੀਆਂ ਤਰਕੀਬਾਂ ਹਾਰ ਗਈਆਂ। ਉਹ ਨਾ ਕੇਵਲ ਇਸ ਧਰਤੀ ਤੋਂ ਹਾਰ ਕੇ ਵਾਪਸ ਪਰਤੇ ਬਲਕਿ ਬੇਇਜ਼ਤ ਹੋਕੇ ਵੀ ਭੱਜੇ।

ਪੰਜਾਬ ਨੂੰ ਹਰ ਹਾਕਮ ਨੇ ਡਰਾਉਣ, ਖਤਮ ਕਰਨ ਅਤੇ ਆਪਣੇ ਅਧੀਨ ਕਰਨ ਦੇ ਯਤਨ ਕੀਤੇ ਪਰ ਸਿਆਸੀ ਤੌਰ ਤੇ ਗੁਲਾਮ ਹੋ ਜਾਣ ਦੇ ਬਾਵਜੂਦ ਵੀ ਪੰਜਾਬ ਨੇ ਕਦੇ ਕਿਸੇ ਜਾਲਮ ਦੀ ਅਧੀਨਗੀ ਕਬੂਲ ਨਹੀ ਕੀਤੀ। ਆਪਣੀ ਹੋਂਦ ਤੋਂ ਹੁਣ ਤੱਕ ਪੰਜਾਬ ਦਾ ਇਤਿਹਾਸ ਇਸਦਾ ਗਵਾਹ ਹੈ।

ਹੁਣ ਇੱਕ ਵਾਰ ਫਿਰ ਪੰਜਾਬ ਦੇ ਦਿੱਸਹੱਦਿਆਂ ਤੇ ਦਹਿਸ਼ਤ ਦੇ ਪਰਛਾਵੇਂ ਮੰਡਰਾਉਣ ਲੱਗੇ ਹਨ। ਵਕਤ ਦੀਆਂ ਕਾਲੀਆਂ ਤਾਕਤਾਂ ਇੱਕ ਵਾਰ ਫਿਰ ਪੰਜਾਬ ਦੇ ਸਬਰ ਅਤੇ ਸਿਦਕ ਨੂੰ ਪਰਖਣ ਦੇ ਯਤਨਾ ਵਿੱਚ ਹਨ। ਪੰਜਾਬ ਦੀ ਬਹਾਦਰੀ ਅਤੇ ਸਿਰਲੱਥਤਾ ਦੀ ਇੱਕ ਖੂਬਸੂਰਤੀ ਇਹ ਹੈ ਕਿ ਇਹ ਕਿਸੇ ਵੀ ਵੱਖਰੇ ਧਰਮ,ਭਾਸ਼ਾ, ਫਿਰਕੇ ਜਾਂ ਭਾਈਚਾਰੇ ਨਾਲ ਦੁਸ਼ਮਣੀ ਨਹੀ ਕਮਾਉਂਦਾ। ਇਸ ਵਿੱਚ ਨਫਰਤ ਦੀ ਕੋਈ ਗੁੰਜਾਇਸ਼ ਨਹੀ ਹੈ। ਇਹ ਬਹਾਦਰ ਵੀ ਹੈ ਅਤੇ ਅਲਬੇਲਾ ਵੀ। ਗੁਰੂ ਸਾਹਿਬ ਨੇ ਆਪਣੇ ਖਾਲਸੇ ਵਿੱਚ ਇਹ ਦੈਵੀ ਗੁਣ ਭਰੇ ਹਨ। ਜੇ ਉਹ ਕਿਸੇ ਜਾਲਮ ਹਾਕਮ ਨਾਲ ਜੰਗ ਵਿੱਚ ਵੀ ਹੈ ਤਾਂ ਉਸ ਜਾਲਮ ਹਾਕਮ ਦੇ ਭਾਈਚਾਰੇ ਨਾਲ ਕੋਈ ਨਫਰਤ ਨਹੀ ਪਾਲਦਾ। ਸਗੋਂ ਉਸਨੂੰ ਆਪਣੇ ਗਲ ਨਾਲ ਲਾ ਲੈਂਦਾ ਹੈ।

ਵਰਤਮਾਨ ਸਮੇਂ ਦੀਆਂ ਕੁਝ ਕਾਲੀਆਂ ਤਾਕਤਾਂ ਖਾਲਸੇ ਦੇ ਇਸ ਉੱਚੇ ਕਿਰਦਾਰ ਤੋਂ ਭੈਅ ਖਾਂਦੀਆਂ ਹੋਈਆਂ ਹੀ ਹੁਣ ਖਾਲਸਾ ਜੀ ਦੇ ਦਿਲ ਤੇ ਵਾਰ ਕਰਨ ਦੇ ਯਤਨ ਕਰ ਰਹੀਆਂ ਹਨ। ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਖਾਲਸੇ ਦੀ ਜਿੰਦਗੀ ਦਾ ਕੇਂਦਰੀ ਧੁਰਾ ਹਨ। ਕਾਲੀਆਂ ਤਾਕਤਾਂ ਹੁਣ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਤੇ ਵਾਰ ਕਰਕੇ ਖਾਲਸਾ ਜੀ ਦੇ ਰੋਹ ਨੂੰ ਹਿੰਦੂ ਭਾਈਚਾਰੇ ਦੇ ਖਿਲਾਫ ਵਰਤਣ ਦਾ ਯਤਨ ਕਰ ਰਹੀਆਂ ਹਨ। ਪਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਅਜਿਹੇ ਕਿਸੇ ਵੀ ਘਟੀਆ ਜਾਲ ਵਿੱਚ ਫਸਣ ਵਾਲਾ ਨਹੀ ਹੈ। ਸਿੱਖ ਕਦੇ ਵੀ ਬੇਦੀਨਿਆਂ ਅਤੇ ਬੇਈਮਾਨਾਂ ਵਾਂਗ ਜੰਗ ਨਹੀ ਕਰਦੇ। ਉਹ ਦੁਸ਼ਮਣ ਨੂੰ ਸਿੱਧਾ ਟੱਕਰਦੇ ਹਨ ਪਰ ਕਿਸੇ ਨਿਰਦੋਸ਼ ਨੂੰ ਕਤਲ ਨਹੀ ਕਰਦੇ।

ਜਿਹੜੀਆਂ ਕਾਲੀਆਂ ਤਾਕਤਾਂ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਵਾਰ ਵਾਰ ਬੇਅਦਬੀ ਕਰਵਾ ਰਹੀਆਂ ਹਨ ਅਸਲ ਵਿੱਚ ਉਹ ਖਾਲਸੇ ਨੂੰ ਗੁਰੂ ਦੇ ਰਾਹ ਤੋਂ ਭਟਕਾਉਣਾਂ ਚਾਹ ਰਹੀਆਂ ਹਨ। ਉਨ੍ਹਾਂ ਦੀਆਂ ਇਨ੍ਹਾਂ ਇਛਾਵਾਂ ਨੂੰ ਕਦੇ ਬੂਰ ਨਹੀ ਪਵੇਗਾ। ਖਾਲਸਾ ਕਿਸੇ ਵੀ ਹੋਰ ਧਰਮ ਦੇ ਵਿਅਕਤੀ ਜਾਂ ਧਰਮ ਗਰੰਥ ਤੇ ਹਮਲਾ ਨਹੀ ਕਰ ਸਕਦਾ। ਉਹ ਆਪਣੇ ਦੁਸ਼ਮਣ ਦੀ ਸ਼ਨਾਖਤ ਕਰਕੇ ਇਨਸਾਫ ਕਰ ਸਕਦਾ ਹੈ ਪਰ ਨਿਰਦੋਸ਼ ਦਾ ਕਤਲ ਨਹੀ ਕਰ ਸਕਦਾ।

ਗੁਰੂ ਸਾਹਿਬ ਦੀ ਬੇਅਦਬੀ ਕਰਵਾਉਣ ਦੇ ਨਾਲ ਨਾਲ ਹੀ ਹੁਣ ਬੰਬ ਧਮਾਕਿਆਂ ਦੀ ਸਿਆਸਤ ਵੀ ਪੰਜਾਬ ਵਿੱਚ ਪੈਰ ਪਸਾਰਨ ਲੱਗ ਪਈ ਹੈ। ਪੰਜਾਬ ਦੁਸ਼ਮਣ ਤਾਕਤਾਂ ਇੱਕ ਵਾਰ ਫਿਰ ਪੰਜਾਬ ਨੂੰ ਸਿੱਖਾਂ ਦੀ ਕਤਲਗਾਹ ਵੱਜੋਂ ਉਸਾਰਨ ਲਈ ਯਤਨਸ਼ੀਲ ਹਨ। ਜਿੱਥੇ ਇੱਕ ਪਾਸੇ ਭਾਰਤ ਸਰਕਾਰ ਸਿੱਖਾਂ ਨਾਲ ਚੰਗਾ ਰਿਸ਼ਤਾ ਬਣਾਉਣ ਲਈ ਯਤਨਸ਼ੀਲ ਹੈ, ਉੱਥੇ ਹੀ ਪੰਜਾਬ ਵਿਰੋਧੀ ਤਾਕਤਾਂ ਪੰਜਾਬ ਦੇ ਦਿੱਸਹੱਦਿਆਂ ਤੇ ਦਹਿਸ਼ਤ ਦਾ ਮਹੌਲ ਸਿਰਜ ਕੇ ਪੰਜਾਬ ਨੂੰ ਮਾਨਸਕ ਤੌਰ ਤੇ ਅਧੀਨ ਕਰਨ ਦੀਆਂ ਚਾਲਾਂ ਚੱਲ ਰਹੀਆਂ ਹਨ।

ਗੁਰੂ ਜੀ ਦੇ ਖਾਲਸੇ ਨੂੰ ਪੰਜਾਬ ਵਿਰੋਧੀ ਤਾਕਤਾਂ ਦੇ ਇਸ ਇਰਾਦੇ ਨੂੰ ਜਿੱਥੇ ਪਹਿਚਾਨਣਾਂ ਚਾਹੀਦਾ ਹੈ ਉੱਥੇ ਇਨ੍ਹਾਂ ਘਿਨਾਉਣੇ ਇਰਾਦਿਆਂ ਨੂੰ ਹਰਾਉਣਾਂ ਵੀ ਚਾਹੀਦਾ ਹੈ। ਪੰਜਾਬ ਨੇ ਸਿਰਫ ਦੋਸ਼ੀ ਦੀ ਪਹਿਚਾਣ ਕਰਨੀ ਹੈ, ਕਿਸੇ ਨਿਰਦੋਸ਼ ਤੇ ਹਮਲਾ ਨਹੀ ਕਰਨਾ। ਇਹ ਗੁਰੂ ਸਾਹਿਬ ਦਾ ਰਾਹ ਨਹੀ ਹੈ।

ਵੱਡੇ ਹਮਲਿਆਂ ਦੇ ਬਾਵਜੂਦ ਖਾਲਸਾ ਜੀ ਨੇ ਜਿੱਥੇ ਸਹਿਜ ਬਣਾਈ ਰੱਖਣਾਂ ਹੈ ਉੱਥੇ ਆਪਣੇ ਪ੍ਰਤੀਕਰਮਾਂ ਵਿੱਚ ਸੰਜਮ ਅਤੇ ਸੰਤੁਲਨ ਵੀ ਬਣਾ ਕੇ ਰੱਖਣਾਂ ਹੈ। ਇਸ ਤਰ੍ਹਾਂ ਕਰਕੇ ਹੀ ਅਸੀਂ ਪੰਜਾਬ ਦੋਖੀ ਤਾਕਤਾਂ ਨੂੰ ਹਰਾ ਸਕਾਂਗੇ।