ਇੱਕ ਸੰਸਾਰ ਪ੍ਰਸਿੱਧ ਬੁੱਧੀਜੀਵੀ ‘ਜਾਰਜ ਇਲੀਅਟ’ ਦੇ ਕਹਿਣ ਅਨੁਸਾਰ “ਮੈਨੂੰ ਉਹ ਭਵਿੱਖ ਨਹੀਂ ਚਾਹੀਦਾ ਜਿਸਦਾ ਅਤੀਤ ਨਾਲ ਕੋਈ ਸਬੰਧ ਨਾ ਹੋਵੇ”। ਇਸੇ ਤਰਾਂ ਡਾਕਟਰ ਇਕਬਾਲ ਜੋ ਕਿ ਆਪ ਚੋਟੀ ਦਾ ਵਿਦਵਾਨ ਰਿਹਾ ਹੈ ਉਸਨੇ ਵੀ ਟਿੱਪਣੀ ਕੀਤੀ ਹੈ ਕਿ ਜੇਕਰ ਰਾਜਨੀਤਿਕ ਢਾਂਚੇ ਵਿਚੋਂ ਨੈਤਿਕਤਾ ਮਨਫੀ ਹੋ ਗਈ ਤਾਂ ਇਹ ਅਰਥਹੀਣ ਹੋ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਇਹ ਕਥਨ ਸਹੀ ਢੁੱਕਦੇ ਹਨ। ਅੱਜ ਦਾ ਇਹ ਅਕਾਲੀ ਦਲ ਆਪਣੀਆਂ ਨੈਤਿਕ ਲੀਹਾਂ ਤੋਂ ਲਹਿ ਚੁੱਕਿਆ ਹੈ ਅਤੇ ਰਾਜੀਨੀਤਿਕ ਅਤੇ ਸਮਾਜਿਕ ਉਦੇਸ਼ਾਂ ਤੋਂ ਵੀ ਬਿਖਰ ਚੁੱਕਿਆ ਹੈ। ਭਾਵੇਂ ਹੁਣ ਥੋੜੇ ਦਿਨ ਪਹਿਲਾਂ ਇਸ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ੯੯ ਸਾਲ ਪੂਰੇ ਹੋਣ ਦਾ ਸਮਾਗਮ ਕੀਤਾ ਹੈ। ਇਸ ਸਮਾਗਮ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸ੍ਰ: ਸੁਖਬੀਰ ਸਿੰਘ ਬਾਦਲ ਨੂੰ ਤੀਜੀ ਵਾਰ ਮੁੜ ਪ੍ਰਧਾਨ ਚੁਣਿਆ ਹੈ। ਜੇ ਜਾਰਜ ਇਲੀਅਟ ਵਾਂਗੂ ਅਤੀਤ ਦੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਤੇ ਝਾਤੀ ਮਾਰੀ ਜਾਵੇ ਤਾਂ ੧੯੨੦ ਵਿੱਚ ਬਣੇ ਪ੍ਰਧਾਨ ਜਥੇਦਾਰ ਸਰਮੁੱਖ ਸਿੰਘ ਝਬਾਲ ਜੋ ਕਿ ਇੱਕ ਨੌਜਵਾਨ ਅਕਾਲੀ ਲਹਿਰ ਵਿਚੋਂ ਨਿਕਲੇ ਇੱਕ ਉੱਦਮੀ ਸਿੱਖ ਨੌਜਵਾਨ ਸਨ ਅਤੇ ਉਨਾਂ ਦੇ ਕਈ ਸਾਲ ਤੱਕ ਅਕਾਲੀ ਲਹਿਰ ਰਾਹੀਂ ਸਿੱਖ ਸੰਘਰਸਾਂ ਵਿੱਚ ਪੂਰਨ ਹਿੱਸਾ ਪਾਇਆ। ਇਸਦੇ ਉਲਟ ਸ੍ਰ: ਸੁਖਬੀਰ ਸਿੰਘ ਬਾਦਲ ਜੋ ਮੌਜੂਦਾ ਪ੍ਰਧਾਨ ਹਨ ਦਾ ਕਿਸੇ ਤਰ੍ਰ ਵੀ ਸਿੱਖ ਸੰਘਰਸ਼ ਜਾਂ ਇੰਨਾਂ ਦੇ ਸਮੇਂ ਵਿੱਚ ਚੱਲੇ ਸਿੱਖ ਮੋਰਚਿਆਂ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ। ਇਹ ਇੱਕ ਪਰਿਵਾਰਕ ਸਿਆਸੀ ਪਿਛੋਕੜ ਕਾਰਨ ਅਕਾਲੀ ਬਣਿਆ ਹੈ ਅਤੇ ਸ੍ਰ: ਸੁਖਬੀਰ ਸਿੰਘ ਬਾਦਲ ਨੇ ਮੌਜੂਦਾ ਸਮੇਂ ਵਿੱਚ ਅਕਾਲੀ ਸਿਆਸਤ ਇਸਦੀਆਂ ਸਮਾਜਿਕ ਅਤੇ ਧਾਰਮਿਕ ਦਿਸ਼ਾਵਾਂ ਪੂਰੀ ਤਰ੍ਹਾਂ ਬਿਖੇਰ ਦਿੱਤੀਆਂ ਹਨ। ਸ਼੍ਰੋਮਣੀ ਅਕਾਲੀ ਦਲ ਜੋ ਕਦੇ ਅਜ਼ਾਦੀ ਤੋਂ ਪਹਿਲਾਂ ਸਿੱਖਾਂ ਲਈ ਖੁਦਮੁਖਤਿਆਰੀ ਦੀ ਕਾਮਨਾ ਰੱਖਦਾ ਸੀ ਅੱਜ ਉਹ ਅਨੰਦਪੁਰ ਸਾਹਿਬ ਦੇ ਮਤੇ ਨੂੰ ਵੀ ਵਿਸਾਰ ਚੁੱਕਿਆ ਹੈ ਇਥੋਂ ਤੱਕ ਕਿ ਮੌਜੂਦਾ ਚਰਚਿਤ ਕੈਗ ਬਿੱਲ ਦੀ ਭਾਰਤ ਦੀ ਪਾਰਲੀਮੈਂਟ ਵਿੱਚ ਹੋਈ ਬਹਿਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਦਾਨ ਸੁਖਬੀਰ ਸਿੰਘ ਬਾਦਲ ਨੇ ਸੱਤਾਧਾਰੀ ਬੀ.ਜੇ.ਪੀ ਦੀ ਖੁੱਲ ਕੇ ਹਮਾਇਤ ਕੀਤੀ ਹੈ। ਇਸ ਕੈਗ ਬਿੱਲ ਨਾਲ ਮੁਸਲਿਮ ਭਾਈਚਾਰੇ ਨੂੰ ਭਾਰਤ ਦੀ ਨਾਗਰਿਕਤਾ ਤੋਂ ਬਾਂਝੇ ਕਰ ਦਿੱਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੀ ਗੁਰੂ ਸਾਹਿਬਾਨ ਦੇ ਉਦੇਸ਼ ਸਰਬ-ਸਾਂਝੀਵਾਲਤਾ ਤੋਂ ਇਸ ਹਮਾਇਤ ਨਾਲ ਪਿੱਛੇ ਹੱਟ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਆਪਣੇ ਇਤਿਹਾਸ ਵਿੱਚ ਭਾਰਤ ਦੀ ਅਜ਼ਾਦੀ ਤੋਂ ਬਾਅਦ ਭਾਵੇਂ ਥੋੜੇ ਚਿਰ ਲਈ ਕਾਂਗਰਸ ਵਿੱਚ ਰਲੇਵਾਂ ਕਰ ਬੈਠਾ ਸੀ ਅਤੇ ਬਾਅਦ ਵਿੱਚ ਆਪਣੀ ਭੁੱਲ ਸਮਝ ਕੇ ਆਪਣੀ ਅਜ਼ਾਦ ਹਸਤੀ ਵਿੱਚ ਆ ਗਿਆ ਸੀ ਪਰ ਅੱਜ ਦਾ ਅਕਾਲੀ ਦਲ ਸੱਤਾਧਾਰੀ ਹਿੰਦੂਤਵੀ ਪਾਰਟੀ ਬੀ.ਜੇ.ਪੀ ਦਾ ਪੂਰੀ ਤਰਾਂ ਪਿਛਲੱਗ ਬਣ ਬੈਠਾ ਹੈ। ਸ਼੍ਰੋਮਣੀ ਅਕਾਲੀ ਦਲ ਪਹਿਲਾਂ ਵੀ ਕਈ ਵਾਰ ਆਪਸੀ ਫੁੱਟ ਦਾ ਸ਼ਿਕਾਰ ਹੋਇਆ ਹੈ ਅਤੇ ਅਲੱਗ ਅਲੱਗ ਧੜਿਆ ਵਿੱਚ ਵੰਡਿਆ ਗਿਆ ਹੈ ਪਰ ਇਹ ਸਾਰਾ ਕੁਝ ਭਾਰਤ ਦੀ ਅਜ਼ਾਦੀ ਤੋਂ ਬਾਅਦ ਹੋਇਆ ਹੈ। ਅੱਜ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਜੋ ਕਿ ਮੁੱਖ ਸ਼੍ਰੋਮਣੀ ਅਕਾਲੀ ਦਲ ਹੈ ਨੂੰ ਅਨੇਕਾਂ ਪ੍ਰਕਾਰ ਦੇ ਸਿਆਸੀ ਸਮਾਜਿਕ ਅਤੇ ਧਾਰਮਿਕ ਚੁਣੌਤੀਆਂ ਹਨ। ਇਥੋਂ ਤੱਕ ਕੇ ਇੰਨਾਂ ਦੇ ਮੁੱਖ ਲੀਡਰ ਸ੍ਰ: ਸੁਖਦੇਵ ਸਿੰਘ ਢੀਂਡਸਾ ਵੀ ਇਸ ਸ਼੍ਰੋਮਣੀ ਅਕਾਲੀ ਦਲ ਨੂੰ ਤਾਨਾਸ਼ਾਹੀ ਅਤੇ ਲੋਕਤੰਤਰਕ ਤਰੀਕਿਆਂ ਦੀ ਘਾਟ ਵਾਲਾ ਦੱਸ ਰਹੇ ਹਨ। ਭਾਵੇਂ ਸ਼੍ਰੋਮਣੀ ਅਕਾਲੀ ਦਲ ਨੂੰ ਅਨੇਕਾਂ ਵਾਰ ਸਿਆਸੀ ਤੌਰ ਤੇ ਚੁਣੌਤੀਆਂ ਮਿਲੀਆਂ ਹਨ ਪਰ ਇਸ ਵਾਰ ਦੀ ਚੁਣੌਤੀ ਇਸ ਸ਼੍ਰੋਮਣੀ ਅਕਾਲੀ ਦਲ ਨੂੰ ਅੰਦਰੂਨੀ ਤੌਰ ਤੇ ਕਮਜ਼ੋਰ ਕਰ ਦੇਵੇਗੀ ਤੇ ਇਹ ਸ਼੍ਰੋਮਣੀ ਅਕਾਲੀ ਦਲ ਜੋ ਆਪਣੇ ਮਿਥੇ ਆਦਰਸਾਂ ਤੇ ਫਰਜਾਂ ਤੋਂ ਬਿਖਰ ਚੁੱਕਿਆ ਹੈ, ਨੂੰ ਆਪਣੇ ਆਪ ਨੂੰ ਸਿੱਖਾਂ ਵਿੱਚ ਖੜਾ ਕਰਨ ਤੋਂ ਸਮੇਂ ਨਾਲ ਅਸਮਰਥ ਹੋ ਜਾਵੇਗਾ।