ਜਿਸ ਵੇਲੇ ਅਸੀਂ ਇਸ ਲੇਖ ਦਾ ਸਿਰਲੇਖ, ਗੋਰਿਆਂ ਦੀ ‘ਜਮਹੂਰੀਅਤ’ ਰੱਖ ਰਹੇ ਸੀ ਤਾਂ ਗੁਰੂ ਦੇ ਸੱਚੇ ਸਿੱਖ ਹੋਣ ਦੇ ਨਾਤੇ ਅਸੀਂ ਆਪਣੇ ਪਾਠਕਾਂ ਨੂੰ ਇਹ ਦੱਸ ਦੇਈਏ ਕਿ ਸਾਡੇ ਮਨ ਵਿੱਚ ਗੋਰਿਆਂ ਪ੍ਰਤੀ ਕੋਈ ਨਸਲੀ ਕਿਸਮ ਦੀ ਨਫਰਤ ਨਹੀ ਹੈ। ਅਸੀਂ ਇਹ ਸ਼ਬਦ ਕਿਸੇ ਨਸਲੀ ਜਾਂ ਧਾਰਮਕ ਨਫਰਤ ਵਿੱਚੋਂ ਨਹੀ ਵਰਤਿਆ ਬਲਕਿ, ਪੱਛਮ ਦੀ ਜਮਹੂਰੀਅਤ ਦੇ ਵਰਤਮਾਨ ਸਮੇਂ ਤੱਕ ਗਰਕ ਚੁੱਕੇ ਮਾਡਲ ਨੂੰ ਉਜਾਗਰ ਕਰਨ ਲਈ ਵਰਤਿਆ ਹੈੈ। ਗੋਰਿਆਂ ਤੋਂ ਸਾਡਾ ਭਾਵ ਪੱਛਮੀ ਮੁਲਕਾਂ ਤੋਂ ਹੈ ਜੋ ਇਹ ਮਾਣ ਅਤੇ ਹੰਕਾਰ ਕਰਦੇ ਹਨ ਕਿ ਉਨ੍ਹਾਂ ਨੇ ਪੂਰੀ ਦੁਨੀਆਂ ਲਈ ਜਮਹੂਰੀਅਤ ਦਾ ਇੱਕ ਅਜਿਹਾ ਮਾਡਲ ਸਿਰਜਿਆ ਹੈ ਜਿਸ ਨੂੰ ਅਪਣਾਂ ਕੇ, ‘ਪਛੜੇ ਹੋਏ’ ਅਤੇ ‘ਪਿਛਾਖੜੀ’ ਮੁਲਕ ਵੀ ਸਵਰਗਾਂ ਦੇ ਝੂਟੇ ਲੈ ਸਕਦੇ ਹਨ।

ਸਾਡੇ ਮੁਲਕਾਂ ਵਿੱਚ ਪੱਛਮ ਦੇ ਜਮਹੂਰੀ ਮਾਡਲ ਨੂੰ ਬਹੁਤ ਸਰਾਹਿਆ ਜਾਂਦਾ ਹੈੈ। ਆਖਿਆ ਜਾਂਦਾ ਹੈ ਕਿ ਪੱਛਮੀ ਮਾਡਲ ਦੇ ਜਮਹੂਰੀ ਢਾਂਚੇ ਨੇ ਦੁਨੀਆਂ ਦੀ ਤਕਦੀਰ ਬਦਲ ਦਿੱਤੀ ਹੈੈ। ਅਤੇ ਹਰ ਭਾਰਤਵਾਸੀ ਦੂਰੋਂ ਦਿਸਦੇ ਉਸ ਪੱਛਮੀ ਮਾਡਲ ਦਾ ਦੀਵਾਨਾ ਹੋਇਆ ਫਿਰਦਾ ਹੈੈ।

ਜਦੋਂ ਇਹ ਜਮਹੂਰੀ ਢਾਂਚਾ ਹੋਂਦ ਵਿੱਚ ਆਇਆ ਹੋਵੇਗਾ ਉਸ ਵੇਲੇ ਤਾਂ ਸਾਨੂੰ ਪਤਾ ਨਹੀ ਕਿ ਇਸ ਨੇ ਕਿੰਨੀਆਂ ਕੁ ਮਨੁੱਖੀ ਕਦਰਾਂ ਕੀਮਤਾਂ ਕਾਇਮ ਕੀਤੀਆਂ ਹੋਣਗੀਆਂ ਪਰ ਇਸ ਵੇਲੇ ਅਸੀਂ ਜੋ ਕੁਝ ਦੇਖ ਪਰਖ ਰਹੇ ਹਾਂ ਉਸ ਵਿੱਚੋਂ ਕੁਝ ਕੁ ਉਦਾਹਰਨਾ ਆਪਣੇ ਪਾਠਕਾਂ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਕਿ ਉਹ ਵੀ ਇਸ ਮਹਾਨ ਆਖੇ ਜਾਂਦੇ ਜਮਹੂਰੀ ਮਾਡਲ ਦੇ ਦਰਸ਼ਨ ਕਰ ਸਕਣ।

2 ਅਕਤੂਬਰ 2018 ਨੂੰ ਤੁਰਕੀ ਦੀ ਰਾਜਧਾਨੀ ਇਸਤੰਬੂਲ ਵਿੱਚ ਸਥਿਤ ਸਾਉਦੀ ਅਰਬ ਦੇ ਸਫਾਰਤਖਾਨੇ ਵਿੱਚ ਇੱਕ ਸੀਨੀਅਰ ਪੱਤਰਕਾਰ, ਜਮਾਲ ਖਸ਼ੋਗੀੁ ਦਾਖਲ ਹੁੰਦਾ ਹੈੈ। ਜਮਾਲ ਖਸ਼ੋਗੀ ਕੋਲ ਅਮਰੀਕੀ ਅਤੇ ਸਾਉਦੀ ਨਾਗਰਿਕਤਾ ਹੈੈ। ਉਹ ਦੁਨੀਆਂ ਭਰ ਦੇ ਵੱਡੇ ਅਖਬਾਰਾਂ ਲਈ ਲੇਖ ਲਿਖਦਾ ਹੈੈ। ਅਮਰੀਕਾ ਦੇ ਸਭ ਤੋਂ ਵੱਡੇ ਅਖਬਾਰ ‘ਵਾਸ਼ਿੰਗਟਨ ਪੋਸਟ’ ਲਈ ਉਹ ਲਗਾਤਾਰ ਲੇਖ ਲਿਖਦਾ ਹੈੈ। ਉਹ ਪੱਤਰਕਾਰ ਤੁਰਕੀ ਵਿੱਚ ਵਿਆਹ ਕਰਵਾਉਣ ਆਇਆ ਸੀ ਅਤੇ ਵਿਆਹ ਲਈ ਲੋੜੀਂਦੇ ਕਾਗਜ਼ ਪੱਤਰ ਲੈਣ ਲਈ ਉਸ ਨੂੰ, ਸਾਉਦੀ ਅਰਬ ਦੇ ਸਫਾਰਤਖਾਨੇ ਵਿੱਚ ਜਾਣਾਂ ਪੈਣਾਂ ਸੀ। ਉਸਦੀ ਹੋਣ ਵਾਲੀ ਪਤਨੀ ਦੱਸਦੀ ਹੈ ਕਿ ਉਹ ਸਫਾਰਤਖਾਨੇ ਵਿੱਚ ਜਾਣਾਂ ਨਹੀ ਸੀ ਚਾਹੁੰਦਾ। ਕਿਉਂਕਿ ਉਹ ਸਾਉਦੀ ਅਰਬ ਦੀ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਲਗਾਤਾਰ ਪੱਛਮੀ ਮੁਲਕਾਂ ਦੇ ਅਖਬਾਰਾਂ ਵਿੱਚ ਲਿਖਦਾ ਰਹਿੰਦਾ ਸੀ ਇਸ ਲਈ ਉਸਨੂੰ ਕੋਈ ਡਰ ਸਤਾ ਰਿਹਾ ਸੀ। ਉਸਨੂੰ ਸਾਉਦੀ ਅਰਬ ਦੀ ਸਰਕਾਰ ਦੇ ਕੰਮ ਕਰਨ ਦੇ ਢੰਗ ਜਾਂ ਸਾਫ ਸ਼ਬਦਾਂ ਵਿੱਚ ਆਖ ਲਵੋਂ ਕਿ ਆਪਣੇ ਵਿਰੋਧੀਆਂ ਦਾ ਖੁਰਾ ਖੋਜ ਮਿਟਾ ਦੇਣ ਦੀਆਂ ਕਾਰਵਾਈਆਂ ਦਾ ਪੂਰੀ ਤਰ੍ਹਾਂ ਪਤਾ ਸੀ।

2 ਅਕਤੂਬਰ ਨੂੰ ਸਫਾਰਤਖਾਨੇ ਵਿੱਚ ਦਾਖਲ ਹੋਇਆ, ਜਮਾਲ ਖਸ਼ੋਗੀ ਮੁੜ ਕੇ ਸਫਾਰਤਖਾਨੇ ਵਿੱਚੋਂ ਬਾਹਰ ਨਹੀ ਆਇਆ। ਉਸ ਦੀ ਸੁਖ-ਸਾਂਦ ਦੀ ਕੋਈ ਖਬਰ ਜਦੋਂ 17 ਅਕਤੂਬਰ ਤੱਕ ਬਾਹਰ ਨਾ ਆਈ ਤਾਂ ਸਾਰੇ ਪਾਸਿਓਂ ਭਾਲ ਹੋਣ ਲੱਗੀ। ਤੁਰਕੀ ਦੀ ਪੁਲਿਸ ਅਤੇ ਸੂਹੀਆ ਏਜੰਸੀਆਂ ਹਰਕਤ ਵਿੱਚ ਆ ਗਈਆਂ। ਪਹਿਲਾਂ ਤਾਂ ਸਫਾਰਤਖਾਨੇ ਵਾਲੇ ਪੈਰਾਂ ਤੇ ਪਾਣੀ ਹੀ ਨਾ ਪੈਣ ਦੇਣ। ਪਰ ਜਦੋਂ ਚਾਰੇ ਪਾਸਿਓਂ ਦਬਾਅ ਵਧਿਆ ਤਾਂ ਸਾਉਦੀ ਅਰਬ ਵਾਲੇ ਮੰਨ ਗਏ ਕਿ ਸਫਾਰਤਖਾਨੇ ਵਿੱਚ ਆਉਣ ਤੋਂ ਬਾਅਦ ਜਮਾਲ ਖਸ਼ੋਗੀ ਦੀ ਅਫਸਰਾਂ ਨਾਲ ਲੜਾਈ ਹੋ ਗਈ ਸੀ ਅਤੇ ਉਸ ਲੜਾਈ ਵਿੱਚ ਉਹ ਮਾਰਿਆ ਗਿਆ। ਸਾਉਦੀ ਅਰਬ ਦੇ ਵਿਦੇਸ਼ ਮੰਤਰੀ ਨੇ ਦੋ ਦਿਨਾਂ ਬਾਅਦ ਇਹ ਬਿਆਨ ਦੇ ਦਿੱਤਾ ਕਿ, ਖਸ਼ੋਗੀ ਸੂਹੀਆ ਏਜੰਸੀਆਂ ਦੀ ਇੱਕ ਖਤਰਨਾਕ ਕਾਰਵਾਈ ਦੌਰਾਨ ਮਾਰਿਆ ਗਿਆ, ਉੱਥੇ ਕੋਈ ਲੜਾਈ ਨਹੀ ਹੋਈ। ਹੌਲੀ ਹੌਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਜਮਾਲ ਖਸ਼ੋਗੀ ਨੂੰ ਸਾਉਦੀ ਅਰਬ ਦੇ ਸਫਾਰਤਖਾਨੇ ਵਿੱਚ ਕਤਲ ਕਰਕੇ ਉਸਦੀ ਲਾਸ਼ ਦੇ ਟੁਕੜੇ-ਟੁਕੜੇ ਕਰਕੇ ਅਟੈਚੀਕੇਸਾਂ ਵਿੱਚ ਪਾਕੇ ਬਾਹਰ ਕੱਢ ਦਿੱਤੇ ਗਏ।

ਖਸ਼ੋਗੀ ਕੋਲ ਕਿਉਂਕਿ ਅਮਰੀਕੀ ਨਾਗਰਿਕਤਾ ਵੀ ਸੀ ਇਸ ਲਈ ਅਮਰੀਕਾ ਦੇ ਅਖਬਾਰਾਂ ਨੇ ਰੌਲਾ ਪਾਇਆ। C.I.A ਨੇ ਜਾਂਚ ਕੀਤੀ ਅਤੇ ਉਹ ਇਸ ਸਿੱਟੇ ਤੇ ਪਹੁੰਚੇ ਕਿ ਜਮਾਲ ਖਸ਼ੋਗੀ ਦੇ ਕਤਲ ਲਈ ਇੱਕ ਵਿਸ਼ੇਸ਼ ਟੀਮ ਸਾਉਦੀ ਅਰਬ ਤੋਂ ਤੁਰਕੀ ਆਈ ਅਤੇ ਉਸਦੇ ਕਤਲ ਦੇ ਹੁਕਮ, ਮਹਾਰਾਜੇ ਦੀ ਮੁੰਡੇ ਨੇ ਦਿੱਤੇ ਸਨ ਜੋ ਸੂਹੀਆ ਏਜੰਸੀਆਂ ਦਾ ਮੁਖੀ ਹੈੈ।

ਹੁਣ ਅਸੀਂ ਆਪਣੀ ਅਸਲੀ ਗੱਲ ਵੱਲ ਆਉਂਦੇ ਹਾਂ। ਜਿਸ ਜਮਹੂਰੀਅਤ ਦੀ ਪੱਛਮੀ ਮੁਲਕ ਡੀਂਗ ਮਾਰਦੇ ਹਨ ਉਹ ਜਮਹੂਰੀਅਤ ਅਸਲ ਵਿੱਚ ਕਿੰਨੀ ਅਣਮਨੁੱਖੀ ਅਤੇ ਬੇਕਿਰਕ ਹੈ ਇਸਦਾ ਨਜ਼ਾਰਾ ਅਮਰੀਕੀ ਪ੍ਰਧਾਨ, ਡਾਨਲਡ ਟਰੰਪ ਦੇ ਬਿਆਨ ਤੋਂ ਲਾਇਆ ਜਾ ਸਕਦਾ ਹੈੈ। ਹੁਣ ਜਦੋਂ ਸਾਰੀ ਰਿਪੋਰਟ ਬਾਹਰ ਆ ਗਈ ਹੈ ਅਤੇ ਸਿੱਧ ਹੋ ਗਿਆ ਹੈ ਕਿ ਪੱਤਰਕਾਰ ਨੂੰ ਸਾਉਦੀ ਸੂਹੀਆ ਏਜੰਸੀਆਂ ਨੇ ਕਤਲ ਕੀਤਾ। ਤਾਂ ਅਮਰੀਕਾ ਦਾ ਇਸ ਬਾਰੇ ਕੀ ਸਟੈਂਡ ਹੋਵੇਗਾ। ਕੀ ਅਮਰੀਕਾ ਇਸ ਬੇਕਿਰਕ ਕਤਲ ਬਦਲੇ ਸਾਉਦੀ ਅਰਬ ਨੂੰ ਕੋਈ ਸਜ਼ਾ ਦੇਵੇਗਾ? ਆਖਰ ਇਹ ਇੱਕ ਸੀਨੀਅਰ ਪੱਤਰਕਾਰ ਦੀ ਮੌਤ ਦਾ ਮਸਲਾ ਹੈ ਅਤੇ ਜਮਹੂਰੀਅਤ ਮੰਗ ਕਰਦੀ ਹੈ ਕਿ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ।

ਇਸਤੇ ਟਿੱਪਣੀ ਕਰਦੇ ਹੋਏ, ਡਾਨਲਡ ਟਰੰਪ ਨੇ ਆਖਿਆ ਕਿ ਭਾਵੇ ਜਮਾਲ ਖਸ਼ੋਗੀ ਦੇ ਕਤਲ ਲਈ ਸਾਉਦੀ ਅਰਬ ਦੀ ਸਰਕਾਰ ਅਤੇ ਮਹਾਰਾਜੇ ਦੇ ਮੁਡੇ ਦੀ ਭੂਮਿਕਾ ਸਿੱਧ ਵੀ ਹੋ ਜਾਵੇ ਅਸੀਂ ਸਾਉਦੀ ਅਰਬ ਨਾਲੋਂ ਆਪਣਾਂ ਨਾਤਾ ਨਹੀ ਤੋੜਾਂਗੇ, ਕਿਉਂਕਿ ਉਹ ਸਾਡਾ ਵਪਾਰਕ ਭਾਈਵਾਲ ਹੈ ਅਤੇ ਅਮਰੀਕਾ ਦੀਆਂ ਕੰਪਨੀਆਂ ਉਸ ਮੁਲਕ ਵਿੱਚੋਂ ਬਹੁਤ ਪੈਸਾ ਕਮਾ ਰਹੀਆਂ ਹਨ। ਜੇ ਅਸੀਂ ਉਸ ਮੁਲਕ ਤੋਂ ਵਾਪਸ ਮੁੜ ਪਏ ਤਾਂ ਰੂਸ ਅਤੇ ਚੀਨ ਉੱਥੇ ਪੈਰ ਜਮਾ ਲੈਣਗੇ।

ਉਸਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੇਰੇ (ਡਾਨਲਡ ਟਰੰਪ) ਕਹਿਣ ਤੇ ਸਾਉਦੀ ਅਰਬ ਨੇ ਤੇਲ ਦੀਆਂ ਕੀਮਤਾਂ ਘੱਟ ਕਰਨ ਦਾ ਫੈਸਲਾ ਲੈ ਲਿਆ ਹੈੈ। ਤੁਸੀਂ ਸਸਤੇ ਤੇਲ ਦਾ ਅਨੰਦ ਮਾਣੋ ਅਤੇ ਜਮਾਲ ਖਸ਼ੋਗੀ ਦੇ ਕਤਲ ਸਬੰਧੀ ਅਮਰੀਕਾ ਤੇ ਦਬਾਅ ਨਾ ਪਾਓ।

ਦੂਜੀ ਖਬਰ ਜਮਹੂਰੀਅਤ ਦੇ ਥੰਮ ਆਖੇ ਜਾਂਦੇ ਇੰਗਲੈਂਡ ਤੋਂ ਹੈੈ।

ਇੰਗਲੈਂਡ ਦੀ ਦੁਰਹਮ ਯੂਨੀਵਰਸਿਟੀ ਦਾ ਇੱਕ ਗੋਰਾ ਵਿਦਆਰਥੀ, ਸਾਉਦੀ ਅਰਬ ਦੇ ਗੁਆਂਢੀ ਮੁਲਕ ਯੂਨਾਇਟਿਡ ਅਰਬ ਅਮੀਰਾਤ ਦੀ ਵਿਦੇਸ਼ ਨੀਤੀ ਤੇ ਪੀ.ਐਚ.ਡੀ. ਕਰ ਰਿਹਾ ਸੀ। ਉਹ ਆਪਣੇ ਪੀ.ਐਚ.ਡੀ. ਦੇ ਖੋਜ ਕਾਰਜ ਲਈ ਉਸ ਮੁਲਕ ਵਿੱਚ ਗਿਆ। ਕੁਝ ਸਮੇਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਪਿਛਲੇ ਦਿਨੀ, ਉਸ ਮੁਲਕ ਦੀ ਅਦਾਲਤ ਨੇ ਸਿਰਫ 5 ਮਿੰਟ ਸੁਣਵਾਈ ਕਰਕੇ ਉਸ ਖੋਜਾਰਥੀ ਨੂੰ, ਜਸੂਸੀ ਕਰਨ ਬਦਲੇ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ। ਸਜ਼ਾ ਸੁਣਾਏ ਜਾਣ ਦੀ ਦੇਰ ਸੀ ਕਿ, ਬੀ.ਬੀ.ਸੀ. ਸਮੇਤ ਸਮੁੱਚਾ ਬਰਤਾਨਵੀ ਮੀਡੀਆ ਇੱਕ ਦਮ ਹਰਕਤ ਵਿੱਚ ਆ ਗਿਆ ਅਤੇ ਵੱਡੀ ਪੱਧਰ ਤੇ ਉਸ ਖੋਜਾਰਥੀ ਨੂੰ ਸੁਣਾਈ ਗਈ ਸਜ਼ਾ ਦੇ ਖਿਲਾਫ ਅਵਾਜ਼ ਉਠਾਉਣ ਲੱਗਾ। ਦੇਸ਼ ਦੇ ਵਿਦੇਸ਼ ਮੰਤਰੀ ਅਤੇ ਫਿਰ ਪ੍ਰਧਾਨ ਮੰਤਰੀ ਨੇ ਉਸ ਵਿਦਆਰਥੀ ਨੂੰ ਸੁਣਾਈ ਗਈ ਸਜ਼ਾ ਦੇ ਖਿਲਾਫ ਡਟਵੀਂ ਅਵਾਜ਼ ਉਠਾਈ ਅਤੇ ਆਖਿਆ ਕਿ ਉਸ ਵਿਦਆਰਥੀ ਨੂੰ ਰਿਹਾ ਕੀਤਾ ਜਾਵੇ। ਪੂਰੇ ਦੋ ਦਿਨ ਮੀਡੀਆ ਤੇ ਇਸ ਖਬਰ ਦਾ ਚਰਚਾ ਰਿਹਾ ਅਤੇ ਵੱਖ-ਵੱਖ ਸੁਰੱਖਿਆ ਮਾਹਰਾਂ ਨੂੰ ਬੁਲਾਕੇ ਯੁਨਾਇਟਿਡ ਅਰਬ ਅਮੀਰਾਤ ਦੇ ਸਿਆਸੀ ਵਰਤਾਰੇ ਬਾਰੇ ਅਤੇ ਅਦਾਲਤਾਂ ਦੇ ਕੰਮ-ਕਾਜ ਦੇ ਢੰਗ ਬਾਰੇ ਵਿਚਾਰ ਚਰਚਾ ਚਲਦੀ ਰਹੀ।

ਪਰ ਇਹੋ ਮੀਡੀਆ ਅਤੇ ਇਹੋ ਸਰਕਾਰਾਂ ਉਸ ਵੇਲੇ ਇੱਕ ਸ਼ਬਦ ਵੀ ਨਾ ਬੋਲੀਆਂ ਜਦੋਂ ਪੰਜਾਬ ਪੁਲਿਸ ਨੇ ਇੱਕ ਸਿੱਖ ਨੌਜਵਾਨ ਨੂੰ ਦਿਨ ਦਿਹਾੜੇ ਅਗਵਾ ਕਰ ਲਿਆ ਅਤੇ ਉਸਤੇ ਘੋਰ ਤਸ਼ੱਦਦ ਕਰਨ ਤੋਂ ਬਾਅਦ ਉਸਤੇ ਕਤਲਾਂ ਦੇ 8 ਕੇਸ ਪਾ ਦਿੱਤੇ। ਜਦੋਂ ਵੀ ਸਿੱਖ ਨੁਮਾਇੰਦੇ ਇਸ ਸਬੰਧੀ ਵਿਦੇਸ਼ ਮੰਤਰੀ ਨਾਲ ਗੱਲਬਾਤ ਕਰਦੇ ਤਾਂ ਸਿੱਖਾਂ ਨੂੰ ਇਹੋ ਸਿੱਖਿਆ ਦਿੱਤੀ ਜਾਂਦੀ ਕਿ ਬਰਤਾਨੀਆ ਕਿਸੇ ਮੁਲਕ ਦੇ ਅਦਾਲਤੀ ਢਾਂਚੇ ਦੀ ਕਾਰਵਾਈ ਵਿੱਚ ਦਖਲ ਨਹੀ ਦੇਂਦਾ। ਜੇ ਬਰਤਾਨੀਆ ਦੀ ਇਹੋ ਨੀਤੀ ਹੈ ਤਾਂ ਫਿਰ ਹੁਣ ਯੁਨਾਇਟਿਡ ਅਰਬ ਅਮੀਰਾਤ ਵਿੱਚ ਸਜ਼ਾ ਦਾ ਸਾਹਮਣਾਂ ਕਰ ਰਹੇ ਵਿਦਆਰਥੀ ਨੂੰ ਛੁਡਵਾਉਣ ਲਈ ਬਰਤਾਨਵੀ ਸਰਕਾਰ ਏਨੀ ਕਾਹਲੀ ਕਿਉਂ ਹੈ। ਹੁਣ ਉਸਦੇ ਅਦਾਲਤੀ ਢਾਂਚੇ ਵਿੱਚ ਦਖਲ ਕਿਉਂ ਦੇ ਰਹੀ ਹੈ?

ਇਸ ਮਾਮਲੇ ਵਿੱਚ ਅਸੀਂ ਉਸ ਵਿਦਆਰਥੀ ਦੀ ਸਜ਼ਾ ਨੂੁੰ ਜਾਇਜ਼ ਨਹੀ ਠਹਿਰਾ ਰਹੇ । ਸਾਨੂੰ ਪਤਾ ਹੈ ਕਿ ਅਰਬ ਮੁਲਕਾਂ ਦੇ ਤਾਨਾਸ਼ਾਹ ਸਿਸਟਮ ਵਿੱਚ ਕਿਸੇ ਨੂੰ ਵੀ ਜਮਹੂਰੀਅਤ ਦੀ ਗੱਲ ਕਰਨ ਦਾ ਹੱਕ ਨਹੀ ਹੈ। ਆਪਣੀ ਵਿਦੇਸ਼ ਨੀਤੀ ਬਾਰੇ ਖੋਜ ਕਰਨ ਦੀ ਤਾਂ ਉਹ ਬਿਲਕੁਲ ਵੀ ਇਜਾਜਤ ਨਹੀ ਦੇਂਦੇ। ਦੁਰਹਮ ਯੂਨੀਵਰਸਿਟੀ ਦਾ ਉਹ ਖੋਜ ਵਿਦਆਰਥੀ ਕੋਈ ਜਸੂਸ ਨਹੀ ਹੈੈ। ਬਲਕਿ ਬਹੁਤ ਭੋਲਾ ਭਾਲਾ ਰਾਜਨੀਤੀ ਸ਼ਾਸ਼ਤਰ ਦਾ ਵਿਦਆਰਥੀ ਹੈੈ।

ਪਰ ਸਾਡਾ ਸੁਆਲ ਤਾਂ ਇਹ ਹੈ ਕਿ ਜਦੋਂ ਬਰਤਾਨੀਆ ਦੀਆਂ ਘੱਟ ਗਿਣਤੀਆਂ ਦੇ ਬੱਚੇ ਵਿਦੇਸ਼ਾਂ ਵਿੱਚ ਝੂਠੇ ਕੇਸਾਂ ਵਿੱਚ ਫੜ ਲਏ ਜਾਂਦੇ ਹਨ ਤਾਂ ਉਸ ਵੇਲੇ ਬਰਤਾਨਵੀ ਵਿਦੇਸ਼ ਵਿਭਾਗ ਸਾਨੂੰ ਲੰਬੇ ਲੰਬੇ ਉਪਦੇਸ਼ ਕਿਉਂ ਦੇਣ ਲੱਗ ਜਾਂਦਾ ਹੈੈ?

ਕੀ ਇਹ ਜਮਹੂਰੀਅਤ ਦੇ ਗਰਕ ਜਾਣ ਦੀ ਨਿਸ਼ਾਨੀ ਨਹੀ? ਕੀ ਪੱਛਮੀ ਮੁਲਕਾਂ ਲਈ ਹੁਣ ਸਿਰਫ ਅਤੇ ਸਿਰਫ ਪੈਸਾ ਹੀ ਪਿਆਰਾ ਨਹੀ ਹੋ ਗਿਆ? ਗਰਕ ਰਹੀ ਪੱਛਮੀ ਜਮਹੂਰੀਅਤ ਦਾ ਇਹ ਮਾਡਲ ਦੁਨੀਆਂ ਨੂੰ ਕਿੱਥੇ ਲੈ ਕੇ ਜਾਵੇਗਾ?

ਇਤਿਹਾਸ ਸੁਆਲ ਜਰੂਰ ਕਰੇਗਾ।