ਕੁਝ ਦਿਨ ਪਹਿਲਾਂ ਪੰਜਾਬ ਖੁਦਕਸ਼ੀ ਪੀੜਤ ਕਿਸਾਨ ਮਜ਼ਦੂਰ ਕਮੇਟੀ ਨੇ ਆਪਣੀਆਂ ਆਰਥਿਕ ਤੰਗੀਆਂ ਤੁਰਸ਼ੀਆਂ ਕਾਰਨ ਖੁਦਕਸ਼ੀਆਂ ਕਰਨ ਵਾਲੇ ਕਿਸਾਨਾਂ ਤੇ ਮਜ਼ਦੂਰ ਪਰਿਵਾਰਾਂ ਨਾਲ ਜੁੜੀਆਂ ਔਰਤਾਂ ਨੇ ਵੈਰਾਗਮਈ ਇੱਕਠ ਸੱਦਿਆ ਸੀ। ਜਿਥੇ ਉਹਨਾਂ ਨੇ ਆਪਣੀ ਵਿਆਖਿਆ ਆਪਣੀ ਤਰਾਸਦੀ ਲੋਕ ਮੰਚ ਰਾਹੀਂ ਪੰਜਾਬ ਦੇ ਕਨੂੰਨ ਨਿਰਮਾਤਵਾਂ, ਸਿਆਸਤਦਾਨਾਂ ਤੇ ਸਰਕਾਰੀ ਅਧਿਕਾਰੀਆਂ ਅੱਗੇ ਪੇਸ਼ ਕੀਤੀ ਸੀ। ਇਸ ਸੰਸਥਾ ਦੀ ਕਨਵੀਨਰ ਬੀਬੀ ਕਿਰਨਜੀਤ ਕੌਰ ਹੈ ਜੋ ਕਿ ਇਸ ਸੰਸਥਾ ਨੂੰ ਚਲਾ ਰਹੀ ਹੈ। ਇਸੇ ਨੇ ਹੀ ਆਪਣੀ ਸੋਚ ਸਦਕਾ ਇਹ ਇੱਕ ਦਸੰਬਰ ਦਾ ਇੱਕਠ ਮਾਨਸਾ ਵਿਖੇ ਸੱਦਿਆ ਸੀ ਜਿਥੇ ਉਹਨਾਂ ਨੇ ਪੰਜਾਬ ਰਾਜ ਦੇ ਕਿਸਾਨ ਅਤੇ ਕਾਮੇ ਕਮਿਸ਼ਨ ਦੇ ਚੇਅਰਮੈਨ ਅਜੈਵੀਰ ਜਾਖੜ ਨੂੰ ਵੀ ਬੁਲਾਇਆ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਰਹਿ ਚੁੱਕੇ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਵੀ ਸ਼ਿਰਕਤ ਕੀਤੀ ਸੀ। ਹੋਰ ਸਾਰੇ ਪੰਜਾਬ ਦੇ ਬੁਧੀਜੀਵੀ ਵਰਗ ਨਾਲ ਸਬੰਧਿਤ ਲੋਕਾਂ ਨੇ ਅਤੇ ਸਮਾਜਿਕ ਕਾਰਕੁੰਨਾ ਨੇ ਇੱਥੇ ਸ਼ਿਰਕਤ ਕੀਤੀ। ਪੰਜਾਬ ਅੰਦਰ ਜਦੋਂ ਦੀ ਮੌਜੂਦਾ ਸਰਕਾਰ ਰਾਜਸੱਤਾ ਵਿੱਚ ਆਈ ਹੈ ਚਾਰ ਸੌ ਤੋਂ ਉੱਪਰ ਕਿਸਾਨ ਤੇ ਕਿਸਾਨ ਮਜ਼ਦੂਰ ਖੁਦਕਸ਼ੀਆਂ ਦੇ ਰਾਹ ਪੈ ਚੁੱਕੇ ਹਨ। ਜਦਕਿ ਇਸ ਸਰਕਾਰ ਨੇ ਕੁਝ ਛੋਟੇ ਕਿਸਾਨਾਂ ਦੇ ਕਰਜੇ ਮਾਫ ਕਰਨ ਦਾ ਹੀਲਾ ਵੀ ਕੀਤਾ ਹੈ। ਪਰ ਇਹ ਲੜੀ ਜੋ ਅੱਜ ਤੋਂ ਤਕਤੀਰਬਨ ਪੰਦਰਾਂ ਸਾਲ ਪਹਿਲਾਂ ਪੰਜਾਬ ਅੰਦਰੋਂ ਗਾਇਬ ਸੀ ਹੁਣ ਟੁੱਟਣ ਦਾ ਨਾਮ ਹੀ ਨਹੀਂ ਲੈ ਰਹੀ। ਪੰਜਾਬ ਖੁਦਕਸ਼ੀ ਪੀੜਤ ਕਮੇਟੀ ਵੱਲੋਂ ਕਰਵਾਏ ਇਸ ਸਮਾਗਮ ਦੌਰਾਨ ਇੱਕ ਔਰਤ ਨੇ ਮੰਚ ਤੋਂ ਆਪਣੀ ਗਾਥਾ ਸੁਣਾਉਂਦੇ ਹੋਏ ਦੱਸਿਆ ਕਿ ਜਵਾਨ ਪੁੱਤ ਦੀ ਖੁਦਕਸ਼ੀ ਤੋਂ ਛੇ ਮਹੀਨੇ ਤੋਂ ਬਾਅਦ ਤੱਕ ਉਹ ਲੋਕਾਂ ਦੇ ਘਰਾਂ ਵਿਚੋਂ ਮੰਗ ਕੇ ਆਪਣਾ ਗੁਜਾਰਾ ਕਰ ਰਹੀ ਹੈ। ਇਸੇ ਤਰ੍ਹਾਂ ਇੱਕ ਹੋਰ ਔਰਤ ਨੇ ਦੱਸਿਆ ਕਿ ਪੁੱਤ ਤੇ ਪਤੀ ਦੇ ਜਾਣ ਤੋਂ ਬਾਅਦ ਉਹਨਾਂ ਦੇ ਘਰ ਦਾ ਚੁਲ੍ਹਾ ਚੌਕਾਂ ਹੀ ਚਲਾ ਗਿਆ ਹੈ। ਇੱਕ ਹੋਰ ਭੀਖੀ ਪਿੰਡ ਨਾਲ ਸਬੰਧਿਤ ਔਰਤ ਨੇ ਆਪਣੀ ਵਿਆਖਿਆ ਵਿੱਚ ਦੱਸਿਆ ਕਿ ਉਸਦੇ ਬੇਟੇ ਦੀ ਮੌਤ ਤੋਂ ਬਾਅਦ ਉਹ ਤੇ ਉਸਦਾ ਪਤੀ ਪਿੰਡ ਦੇ ਗੁਰੂ ਘਰ ਵਿੱਚ ਲੰਗਰ ਛੱਕ ਰਹੇ ਹਨ। ਇਸੇ ਤਰ੍ਹਾਂ ਸਰਬਜੀਤ ਕੌਰ ਮੌੜ ਨੇ ਦੱਸਿਆ ਕਿ ਤਿੰਨ ਮੁੰਡਿਆਂ ਦਾ ਬਾਪ ਜਦੋਂ ਖੁਦਕਸ਼ੀ ਕਰ ਗਿਆ ਤਾਂ ਫੀਸ ਨਾ ਭਰੀ ਜਾਣ ਕਾਰਨ ਬੱਚਿਆਂ ਦਾ ਨਾਮ ਸਕੂਲ ਵਿਚੋਂ ਕੱਟ ਦਿੱਤਾ ਗਿਆ। ਬੱਚੇ ਤਾਂ ਪੜ੍ਹਨਾ ਚਾਹੁੰਦੇ ਹਨ ਪਰ ਉਹ ਫੀਸ ਭਰਨ ਤੋਂ ਅਸਮਰਥ ਹੈ। ਇਸੇ ਤਰ੍ਹਾਂ ਸੁਰਜੀਤ ਕੌਰ ਨੇ ਆਪਣੀ ਵਿਆਖਿਆ ਕਰਦੇ ਦੱਸਿਆਂ ਕਿ ਆਪਣੇ ਪਤੀ ਦੀ ਮੌਤ ਤੋਂ ਬਾਅਦ ਉਸਨੂੰ ਦੂਜੇ ਭਰਾ ਦੇ ਲੜ ਲਾ ਦਿੱਤਾ ਪਰ ਉਹ ਵੀ ਖੁਦਕਸ਼ੀ ਦੀ ਭੇਂਟ ਚੜ ਗਿਆ। ਹੁਣ ਉਹ ਲੋਕਾਂ ਦੇ ਘਰਾਂ ਵਿੱਚ ਗੋਹਾ-ਕੂੜਾ ਕਰਕੇ ਆਪਣਾ ਗੁਜਾਰਾ ਕਰਦੀ ਹੈ। ਇਸ ਤਰ੍ਹਾਂ ਅਨੇਕਾਂ ਪਰਿਵਾਰਾਂ ਦੀ ਦਾਸਤਾਨ ਸੁਣਦਿਆਂ ਲੋਕਾਂ ਦੀਆਂ ਭੁੱਬਾਂ ਨਿਕਲ ਗਈਆਂ। ਇਹ ਅੱਜ ਦੀ ਕਿਸਾਨੀ ਦੇ ਇੱਕ ਪੱਖ ਦੀ ਦੁਰਦਸ਼ਾ ਨੂੰ ਬਿਆਨ ਕਰਦੀਆਂ ਕਹਾਣੀਆਂ ਹਨ। ਇਸ ਮੰਚ ਤੇ ਆਪਣੇ ਸੰਬੋਧਨ ਦੌਰਾਨ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਇਹ ਐਲਾਨ ਕੀਤਾ ਹੈ ਕਿ ਹੁਣ ਕਿਸੇ ਵੀ ਬੱਚੇ ਨੂੰ ਫੀਸ ਤੋਂ ਵਾਂਝੇ ਨਹੀਂ ਰਹਿਣਾ ਪਵੇਗਾ। ਇਹ ਵੀ ਨਿਰਣਾ ਕੀਤਾ ਗਿਆ ਕਿ ਸੂਬੇ ਵਿਚੋਂ ਆਤਮ ਹੱਤਿਆਵਾਂ ਖਤਮ ਕਰਨਾ ਕਿੰਨਾ ਜਰੂਰੀ ਬਣ ਗਿਆ ਹੈ। ਇੰਨਾ ਹੱਤਿਆਵਾਂ ਤੋਂ ਬਾਅਦ ਵੱਡਾ ਕਹਿਰ ਪਿਛਲਾ ਪਰਿਵਾਰ ਹੰਢਾਉਂਦਾ ਹੈ ਜਿੰਨਾ ਦੀ ਵਿਿਥਆ ਸੁਣ ਕੇ ਰੂਹ ਕੰਬ ਜਾਂਦੀ ਹੈ। ਮੇਰਾ ਇਥੇ ਇਹੀ ਸਵਾਲ ਹੈ ਕਿ ਗੁਰੂਆਂ-ਪੀਰਾਂ ਦੀ ਧਰਤੀ ਪੰਜਾਬ ਨੂੰ ਅੱਜ ਸਾਂਭਣ ਲਈ ਸੂਬਾ ਸਰਕਾਰਾਂ ਤਾਂ ਫੇਲ ਹੋ ਗਈਆਂ ਹਨ ਕਿਉਂਕਿ ਉਹ ਆਪਣੇ ਕਰਜੇ ਦੀ ਮਾਰ ਹੇਠ ਹੋਣ ਦੀਆਂ ਦੁਹਾਈਆਂ ਦੇ ਰਹੀਆਂ ਹਨ ਪਰ ਨਾਮੀਂ ਸਮਾਜ ਸੇਵੀ ਸੰਸਥਾਵਾਂ ਖਾਲਸਾ ਏਡ ਤੇ ਯੂਨਾਈਟਡ ਸਿੱਖਸ ਨੂੰ ਇਸ ਗੰਭੀਰ ਸਮੱਸਿਆ ਤੇ ਕੇਂਦਰਿਤ ਹੋਣ ਦੀ ਲੋੜ ਹੈ। ਹੁਣ ਤੱਕ ਭਾਵੇਂ ਇੰਨ੍ਹਾ ਸੰਸਥਾਵਾਂ ਨੇ ਦੁਨੀਆਂ ਤੇ ਦੂਰ ਦੂਰਾਡੇ ਦੇਸ਼ਾ ਤੱਕ ਲੋੜਵੰਦਾਂ ਦੀ ਬਹੁਤ ਸਹਾਇਤਾ ਕੀਤੀ ਹੈ ਪਰ ਅੱਜ ਪੰਜਾਬ ਨੂੰ ਇੰਨ੍ਹਾ ਦੀ ਲੋੜ ਹੈ। ਇਸੇ ਤਰਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕਰੋੜਾਂ ਰੁਪਏ ਗੁਰਪੁਰਬ ਸਮੇਂ ਸਿਰਫ ਸਜਾਵਟੀ ਕੰਮਾਂ ਤੇ ਲਗਾ ਦਿੰਦੇ ਹਨ ਉਹ ਇਸ ਬੀਬੀ ਕਿਰਨਜੋਤ ਕੌਰ ਦੁਆਰਾ ਚਲਾਈ ਇਸ ਸੰਸਥਾਂ ਦੀ ਬਾਂਹ ਫੜ ਲੋੜਬੰਦਾਂ ਦੀ ਮੱਦਦ ਕਰਨ ਤਾਂ ਜੋ ਉਜੜਦੇ ਪੰਜਾਬ ਨੂੰ ਹੋਰ ਉਜੜਨੋਂ ਬਚਾਇਆ ਜਾ ਸਕੇ।