ਪਾਕਿਸਤਾਨ ਵਿੱਚ ਲੰਬੇ ਸਮੇਂ ਤੋਂ ਸਰਗਰਮ ਤਹਿਰੀਕ-ਏ-ਤਾਲਬਾਨ ਪਾਕਿਸਤਾਨ ਦੇ ਮੁਖੀ ਹਕੀਮਉਲਾ ਮਸੂਦ ਨੂੰ ਆਖਰ ਅਮਰੀਕੀ ਫੌਜ ਨੇ ਇੱਕ ਡਰੋਨ ਹਮਲੇ ਵਿੱਚ ਮਾਰ ਮੁਕਾਇਆ ਹੈ। ਇਸ ਵਾਰ ਇਹ ਖਬਰ ਸੱਚ ਹੀ ਸਾਬਤ ਹੋਈ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਹਕੀਮਉਲਾ ਦੇ ਦੋ ਵਾਰ ਮਾਰੇ ਜਾਣ ਦੀਆਂ ਖਬਰਾਂ ਆਈਆਂ ਸਨ ਪਰ ਉਹ ਕੁਝ ਦੇਰ ਬਾਅਦ ਹੀ ਮੀਡੀਆ ਰਾਹੀਂ ਫਿਰ ਤੋਂ ਆਪਣੇ ਜਿੰਦਾ ਹੋਣ ਦਾ ਐਲਾਨ ਕਰ ਦਿੰਦਾ ਸੀ। ਪਾਕਿਸਤਾਨ ਦੇ ਲਾ-ਕਨੂੰਨੀ ਵਾਲੇ ਇਲਾਕੇ ਵਜ਼ੀਰਾਸਤਾਨ ਵਿੱਚ ਰਹਿਕੇ ਸਮੁੱਚੇ ਪਾਕਿਸਤਾਨ ਵਿੱਚ ਕਾਰਵਾਈਆਂ ਕਰਵਾਉਣ ਵਾਲੇ ਹਕੀਮੁਲਾ ਮਸੂਦ ਨੂੰ ਅਮਰੀਕੀ ਫੌਜ ਨੇ ਐਨ.ਐਸ.ਏ. ਦੇ ਸਹਿਯੋਗ ਨਾਲ ਬਹੁਤ ਹੀ ਮੁਹਾਰਤ ਨਾਲ ਨਿਸ਼ਾਨਾ ਵਿੰਨ੍ਹ ਕੇ ਕਤਲ ਕੀਤਾ ਹੈ, ਕਿਉਂਕਿ ਉਸ ਵਿੱਚ ਅਮਰੀਕੀ ਫੌਜ ਨੂੰ ਝਕਾਨੀ ਦੇਣ ਅਤੇ ਸੀ.ਆਈ.ਏ. ਨੂੰ ਆਪਣੇ ਤੱਕ ਪਹੁੰਚਣ ਤੋਂ ਰੋਕਣ ਦੇ ਕਾਫੀ ਗੁਣ ਮੌਜੂਦ ਸਨ। ਵਜ਼ੀਰਾਸਤਾਨ ਬਾਰੇ ਇੱਕ ਗੱਲ ਸਮੁੱਚੀਆਂ ਪੱਛਮੀ ਸੂਹੀਆ ਏਜੰਸੀਆਂ ਮੰਨਦੀਆਂ ਹਨ ਕਿ ਉਸ ਥਾਂ ਤੋਂ ਮਨੁੱਖੀ ਏਜੰਟਾਂ ਰਾਹੀਂ ਜਾਣਕਾਰੀ ਇਕੱਠੀ ਕਰਨੀ ਅਸੰਭਵ ਹੈ। ਪੱਛਮੀ ਤਾਕਤਾਂ ਦੀ ਇਸ ਮਜਬੂਰੀ ਦਾ ਫਾਇਦਾ ਤਾਲਿਬਾਨ ਲੀਡਰਸ਼ਿੱਪ ਖੂਬ ਉਠਾ ਰਹੀ ਹੈ।

ਹਕੀਮਉਲਾ ਮਸੂਦ ਤਾਲਿਬਾਨ ਦੀ ਬਿਲਕੁਲ ਹੀ ਵੱਖਰੀ ਧਾਰਾ ਦੀ ਨੁਮਾਇੰਦਗੀ ਕਰਦਾ ਸੀ। ਪਾਕਿਸਤਾਨ ਵਿੱਚ ਸਰਗਰਮ ਤਾਲਿਬਾਨ ਜਥੇਬੰਦੀਆਂ ਦਾ ਅਫਗਾਨਿਸਤਾਨ ਦੀ ਮੂਲ ਤਾਲਿਬਾਨ ਲਹਿਰ ਨਾਲੋਂ ਕਾਫੀ ਵੱਡਾ ਫਰਕ ਹੈ। ਵਿਚਾਰਧਾਰਾ ਦੇ ਪੱਖੋਂ ਵੀ ਅਤੇ ਫੌਜੀ ਕਾਰਵਾਈਆਂ ਅਤੇ ਨਿਸ਼ਾਨਿਆ ਦੇ ਪੱਖੋਂ ਵੀ। ਅਫਗਾਨਿਸਤਾਨ ਵਿੱਚ ਸਰਗਰਮ ਤਾਲਿਬਾਨ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੀ ਮੁੱਖ ਟੱਕਰ ਅਮਰੀਕਾ ਦੀ ਅਗਵਾਈ ਹੇਠਲੇ ਪੱਛਮੀ ਗੱਠਜੋੜ ਨਾਲ ਹੈ। ਉਨ੍ਹਾਂ ਲਈ ਅਮਰੀਕਾ ਅਤੇ ਉਸ ਦੇ ਸਹਿਯੋਗੀ ਅਫਗਾਨਿਸਤਾਨ ਦੀ ਪ੍ਰਭੂਸੱਤਾ ਲਈ ਇੱਕ ਵੰਗਾਰ ਹਨ। ਇਸ ਲਈ ਜਿਥੇ ਵੀ ਅਫਗਾਨਿਸਤਾਨ ਦੇ ਤਾਲਿਬਾਨਾਂ ਨੂੰ ਮੌਕਾ ਮਿਲਦਾ ਹੈ ਉਹ ਅਮਰੀਕਾ ਸਮੇਤ ਉਸ ਦੇ ਪੱਛਮੀ ਸਹਿਯੋਗੀਆਂ ਦਾ ਲਹੂ ਵਹਾਉਣ ਲਈ ਢਿੱਲ ਨਹੀ ਕਰਦੇ। ਅਫਗਾਨਿਸਤਾਨੀ ਤਾਲਿਬਾਨ ਪਾਕਿਸਤਾਨ ਦੀ ਸਰਕਾਰ ਜਾਂ ਉਸ ਦੀ ਪ੍ਰਭੂਸੱਤਾ ਨੂੰ ਨੁਕਸਾਨ ਪਹੁੰਚਾਉਣ ਵਾਲੀ ਕੋਈ ਕਾਰਵਾਈ ਨਹੀ ਕਰਦੇ, ਬਲਕਿ ਉਸ ਨੂੰ ਆਪਣੇ ਸਹਿਯੋਗੀ ਵੱਜੋਂ ਦੇਖਦੇ ਹਨ। ਇਸੇ ਲਈ ਇਹ ਆਮ ਤੌਰ ਤੇ ਆਖਿਆ ਜਾਂਦਾ ਹੈ ਕਿ ਤਾਲਿਬਾਨ ਦਾ ਹਕਾਨੀ ਧੜਾ ਪਾਕਿਸਤਾਨ ਸਰਕਾਰ ਦੇ ਕਾਫੀ ਨੇੜੇ ਹੈ ਅਤੇ ਉਥੋਂ ਦੀ ਫੌਜ ਹਕਾਨੀ ਧੜੇ ਦੀ ਮਦਦ ਨਾਲ ਹੀ ਆਪਣੇ ਡਿਪਲੋਮੈਟਿਕ ਹਿੱਤਾਂ ਨੂੰ ਅੱਗੇ ਵਧਾਉਂਦੀ ਹੈ।

ਦੂਜੇ ਪਾਸੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਜਿਸਦਾ ਪਹਿਲਾ ਮੁਖੀ ਬੈਤੁੱਲਾ ਮਸੂਦ ਸੀ ਨੂੰ ਅਮਰੀਕਾ ਪੱਖੀ ਅਤੇ ਪਾਕਿਸਤਾਨ ਵਿਰੋਧੀ ਜਥੇਬੰਦੀ ਦੇ ਤੌਰ ਤੇ ਦੇਖਿਆ ਜਾਂਦਾ ਸੀ। ਬੈਤੁੱਲਾ ਮਸੂਦ ਦੀ ਅਗਵਾਈ ਵਾਲਾ ਗਰੁੱਪ ਬਹੁਤ ਦੇਰ ਤੱਕ ਅਮਰੀਕੀ ਹਿੱਤਾਂ ਦੇ ਖਿਲਾਫ ਕੋਈ ਵੀ ਕਾਰਵਾਈ ਨਹੀ ਸੀ ਕਰ ਸਕਿਆ ਬਲਕਿ ਉਹ ਆਪਣੇ ਫੌਜੀ ਐਕਸ਼ਨਾਂ ਦੀ ਸੇਧ ਪਾਕਿਸਤਾਨੀ ਸਰਕਾਰ ਦੇ ਵਿਰੁੱਧ ਹੀ ਰੱਖਦਾ ਸੀ। ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਕਤਲ ਲਈ ਵੀ ਬੈਤੁੱਲਾ ਮਸੂਦ ਦੀ ਅਗਵਾਈ ਵਾਲੇ ਇਸ ਧੜੇ ਨੂੰ ਜਿੰਮੇਵਾਰ ਮੰਨਿਆ ਜਾਂਦਾ ਸੀ ਜਿਸਦੀ ਅਗਵਾਈ ਹੁਣ ਤੱਕ ਹਕੀਮਉਲ਼ਾ ਮਸੂਦ ਕਰ ਰਿਹਾ ਸੀ। ਪਾਕਿਸਤਾਨ ਵਾਰ ਵਾਰ ਅਮਰੀਕਾ ਤੇ ਇਹ ਦੋਸ਼ ਲਾਉਂਦਾ ਰਿਹਾ ਸੀ ਕਿ ਉਹ ਬੈਤੁੱਲਾ ਮਸੂਦ ਦੀ ਪੁਸ਼ਤਪਨਾਹੀ ਕਰ ਰਿਹਾ ਹੈ ਕਿਉਂਕਿ ਬੈਤੁੱਲਾ ਪਾਕਿਸਤਾਨ ਨੂੰ ਲਹੂਲੁਹਾਣ ਕਰ ਰਿਹਾ ਹੈ। ਆਖਰ ਅਮਰੀਕਾ ਨੂੰ ਪਾਕਿਸਤਾਨ ਦਾ ਇਹ ਸ਼ੰਕਾ ਕਿਸੇ ਮਜਬੂਰੀ ਵਸ ਬੈਤੁੱਲਾ ਮਸੂਦ ਨੂੰ ਮਾਰ ਕੇ ਖਤਮ ਕਰਨਾ ਪਿਆ।

ਬੈਤੁੱਲਾ ਦੀ ਮੌਤ ਤੋਂ ਬਾਅਦ ਹਕੀਮਉਲ਼ਾ ਮਸੂਦ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦਾ ਮੁਖੀ ਬਣਿਆ। ਇਸਦੀ ਸ਼ਖਸ਼ੀਅਤ ਅਤੇ ਸਰਗਰਮੀਆਂ ਤਾਲਿਬਾਨੀ ਲੀਡਰਸ਼ਿੱਪ ਅਤੇ ਆਪਣੇ ਪਹਿਲੇ ਮੁਖੀ ਬੈਤੁੱਲਾ ਨਾਲੋਂ ਕਾਫੀ ਵੱਖਰੀਆਂ ਸਨ। ਤਾਲਿਬਾਨ ਲੀਡਰਸ਼ਿੱਪ ਬਾਰੇ ਇਹ ਗੱਲ ਮਸ਼ਹੂਰ ਹੈ ਕਿ ਉਹ ਕਦੇ ਵੀ ਕੌਮਾਂਤਰੀ ਮੀਡੀਆ ਨਾਲ ਸ਼ਰੇਆਮ ਗੱਲ ਨਹੀ ਕਰਦੀ। ਆਪਣੀ ਰਾਜਨੀਤੀ ਅਤੇ ਆਪਣੇ ਸੰਦੇਸ਼ ਉਹ ਆਪਣੇ ਹਰਕਾਰਿਆਂ ਰਾਹੀਂ ਜਾਂ ਅਸਿੱਧੇ ਸੰਦੇਸ਼ਾਂ ਰਾਹੀਂ ਭੇਜਦੀ ਹੈ। ਅੱਜ ਤੱਕ ਕਿਸੇ ਵੀ ਪੱਛਮੀ ਸੂਹੀਆ ਏਜੰਸੀ ਕੋਲ ਤਾਲਿਬਾਨ ਦੇ ਸੁਪਰੀਮ ਕਮਾਂਡਰ ਮੁੱਲਾ ਉਮਰ ਦੀ ਫੋਟੋ ਨਹੀ ਹੈ। ਉਹ ਕਦੇ ਪੱਤਰਕਾਰਾਂ ਨੂੰ ਮਿਲਿਆ ਹੀ ਨਹੀ ਹੈ। ਜਦੋਂਕਿ ਹਕੀਮਉਲ਼ਾ ਮਸੂਦ ਅਜਿਹਾ ਕਮਾਂਡਰ ਸੀ ਜੋ ਫਿਲਮੀ ਨਾਇਕਾਂ ਵਾਂਗ ਪੱਤਰਕਾਰਾਂ ਨੂੰ ਮਿਲਦਾ ਸੀ। ਉਹ ਹਰ ਤਰਜ਼ ਦੀ ਪੱਛਮੀ ਪ੍ਰੈਸ ਅਤੇ ਇਲੈਕਟਰਾਨਿਕ ਮੀਡੀਆ ਨਾਲ ਰਾਬਤਾ ਰੱਖਣ ਵਿੱਚ ਯਕੀਨ ਰੱਖਦਾ ਸੀ। ਬੈਤੁੱਲਾ ਮਸੂਦ ਦੀ ਇੱਕ ਪੱਤਰਕਾਰ ਕਾਨਫਰੰਸ ਮੀਡੀਆ ਕੋਲ ਹੈ ਜਿਸ ਵਿੱਚ ਵੀ ਉਸਨੇ ਕੈਮਰਾ ਆਪਣੀ ਪਿੱਠ ਵੱਲ ਹੀ ਸੇਧਿਤ ਕਰਵਾਇਆ ਸੀ ਆਪਣਾਂ ਚਿਹਰਾ ਨਹੀ ਦਿਖਾਇਆ। ਜਦੋਂ ਕਿ ਹਕੀਮਉਲਾ ਸ਼ਰੇਆਮ ਮੀਡੀਆ ਨਾਲ ਗੱਲਬਾਤ ਕਰਦਾ ਸੀ। ਇੱਕ ਮਹੀਨਾ ਪਹਿਲਾਂ ਹੀ ਉਸਨੇ ਬੀ.ਬੀ.ਸੀ. ਨਾਲ ਬਹੁਤ ਬੇਬਾਕ ਗੱਲਬਾਤ ਕੀਤੀ। ਬੀ.ਬੀ.ਸੀ. ਵਾਲੀ ਇੰਟਰਵਿਊ ਦੇਖਕੇ ਅਸੀਂ ਅੰਦਾਜ਼ਾ ਲਾ ਲਿਆ ਸੀ ਕਿ ਉਸਦੀ ਜਿੰਦਗੀ ਦੇ ਦਿਨ ਥੋੜੇ ਰਹਿ ਗਏ ਹਨ। ਉਹ ਗੱਲ ਬਿਲਕੁਲ ਠੀਕ ਵਾਪਰੀ। ਇਸਦੇ ਉਲਟ ਕੋਈ ਡੇਢ ਮਹੀਨਾ ਪਹਿਲਾਂ ਬਰਤਾਨਵੀ ਅਖਬਾਰ ਡੇਲੀ ਮਿਰਰ ਨੇ ਇੱਕ ਅਫਗਾਨਿਸਤਾਨੀ ਤਾਲਿਬਾਨ ਕਮਾਂਡਰ ਕਾਰੀ ਨਸਰੁੱਲਾ ਨਾਲ ਮਾਲਾਕਾਤ ਕੀਤੀ ਸੀ। ਜਿਸਨੇ ਆਪਣਾਂ ਚਿਹਰਾ ਤੱਕ ਨਹੀ ਦਿਖਾਇਆ।

ਪੱਤਰਕਾਰਾਂ ਨੂੰ ਮੁਲਾਕਾਤ ਕਰਨ ਤੋਂ ਪਹਿਲਾਂ ਇਹ ਹੁਕਮ ਦਿੱਤਾ ਗਿਆ ਕਿ ਪਾਕਿਸਤਾਨ ਵਿੱਚੋਂ ਨਵੇਂ ਮੋਬਾਈਲ ਫੋਨ ਖਰੀਦ ਕੇ ਆਪਣੇ ਕੋਲ ਰੱਖੋ ਕਿਉਂਕਿ ਪੱਛਮੀ ਫੋਨ ਨਾਲ ਉਨ੍ਹਾਂ ਬਾਰੇ ਪਤਾ ਲੱਗ ਸਕਦਾ ਸੀ।

ਹਕੀਮੁਲਾ ਮਸੂਦ ਪਾਕਿਸਤਾਨ ਅਤੇ ਅਫਗਾਨਿਸਤਾਨ ਦੀਆਂ ਸਰਕਾਰਾਂ ਵੱਲੋਂ ਤਾਲਿਬਾਨ ਲੀਡਰਸ਼ਿੱਪ ਨਾਲ ਚਲਾਈ ਜਾ ਰਹੀ ਗੱਲਬਾਤ ਦੀ ਮੁਹਿੰਮ ਦੀ ਭੇਟ ਚੜ੍ਹ ਗਿਆ ਹੈ। ਉਸਦਾ ਇੱਕ ਬਾਡੀਗਾਰਡ ਲਤੀਫ ਮਸੂਦ ਅਫਗਾਨਿਸਤਾਨੀ ਸਰਕਾਰ ਨਾਲ ਗੱਲਬਾਤ ਦੇ ਸਿਲਸਿਲੇ ਵਿੱਚ ਉਥੋਂ ਦੀ ਸੂਹੀਆ ਏਜੰਸੀ ਨਾਲ ਕੰਮ ਕਰ ਰਿਹਾ ਸੀ। ਅਫਗਾਨਿਸਤਾਨ ਦੀ ਸੂਹੀਆ ਏਜੰਸੀ ਦੇ ਪੰਜੇ ਵਿੱਚੋਂ ਉਸਨੂੰ ਅਮਰੀਕੀ ਫੌਜ ਨੇ ਫੜ ਲਿਆ ਅਤੇ ਫਿਰ ਹਕੀਮੁਲਾ ਦੇ ਟਿਕਾਣੇ ਬਾਰੇ ਪੁੱਛਗਿੱਛ ਕੀਤੀ। ਹਕੀਮਉਲਾ ਜਦੋਂ ਇੱਕ ਮੀਟਿੰਗ ਤੋਂ ਬਾਅਦ ਆਪਣੇ ਘਰ ਜਾ ਰਿਹਾ ਸੀ ਤਾਂ ਅਮਰੀਕਾ ਦੇ ਮੈਰੀਲੈਂਡ ਵਿੱਚ ਸੀ.ਆਈ.ਏ. ਦੇ ਕਮਾਂਡਰ ਨੇ ਉਸਨੂੰ ਕੈਮਰੇ ਰਾਹੀਂ ਆਪਣੇ ਕੰਪਿਊਟਰ ਦੀ ਸਕਰੀਨ ਤੇ ਵਾਚਿਆ ਅਤੇ ਮੌਕਾ ਮਿਲਦਿਆਂ ਦੀ ਬਟਨ ਦੱਬ ਕੇ ਪਾਕਿਸਤਾਨ ਵਿੱਚ ਫਿਰ ਰਹੇ ਡਰੋਨ ਨਾਲ ਉਸਦਾ ਕਤਲ ਕਰ ਦਿੱਤਾ।

ਹਕੀਮਉਲਦ ਮਸੂਦ ਦੀ ਮੌਤ ਨਾਲ ਅਮਰੀਕਾ ਨੇ ਕਮਜ਼ੋਰ ਲੀਡਰਸ਼ਿੱਪ ਨਾਲ ਸਮਝੌਤੇ ਵਾਲੀ ਰਣਨੀਤੀ ਅਪਣਾਈ ਹੈ। ਕਮਜ਼ੋਰ ਲੀਡਰਸ਼ਿੱਪ ਨੂੰ ਆਪਣੀਆਂ ਸ਼ਰਤਾ ਮਨਵਾਉਣੀਆਂ ਸੌਖੀਆਂ ਹਨ।