ਗੁਰੂ ਨਾਨਕ ਦੇਵ ਜੀ ਦੇ ਅਖੀਰਲੇ 18 ਵਰਿਆਂ ਨਾਲ ਜੁੜੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੀ ਧਰਤੀ ਉਤੇ ਉਨਾਂ ਦੀ ਬਣੀ ਯਾਦ ਵਿਚਲੇ ਗੁਰਦੁਆਰਾ ਸਾਹਿਬ ਨੂੰ ਚੜਦੇ ਪੰਜਾਬ ਦੇ ਸਿੱਖ ਸ਼ਰਧਾਲੂਆਂ ਲਈ ਖੁੱਲੇ ਦਰਸ਼ਨ ਕਰਨ ਦਾ ਉਪਰਾਲਾ ਸੰਭਵ ਬਣ ਰਿਹਾ ਜਾਪਦਾ ਹੈ। ਜਿਸਨੂੰ ਲੈ ਕੇ ਦੁਨੀਆਂ ਭਰ ਦੇ ਸਿੱਖਾਂ ਵਿੱਚ ਕਾਫੀ ਉਤਸ਼ਾਹ ਹੈ। ਭਾਈ ਕਾਨ ਸਿੰਘ ਨਾਭਾ ਅਨੁਸਾਰ ਕਰਤਾਰਪੁਰ ਸਾਹਿਬ ਨੂੰ ਸਾਂਝੇ ਪੰਜਾਬ ਦੇ ਜਿਲ੍ਹਾ ਗੁਰਦਾਸਪੁਰ ਤਹਿਸੀਲ ਸ਼ੱਕਰਗੜ੍ਹ ਜੋ ਹੁਣ ਪਾਕਿਸਤਾਨ ਦਾ ਜਿਲ੍ਹਾ ਨਾਰੋਵਾਲ ਹੈ, ਗੁਰੂ ਨਾਨਕ ਦੇਵ ਜੀ ਵੱਲੋਂ 1561 ਸੰਮਤ ਵਿੱਚ ਵਸਾਇਆ ਗਿਆ ਸੀ ਇਹ ਉਹ ਸ਼ਹਿਰ ਹੈ ਜਿਥੇ ਗੁਰੂ ਸਾਹਿਬ ਨੇ ਆਪਣੀਆਂ ਚਾਰੇ ਉਦਾਸੀਆਂ ਤੋਂ ਬਾਅਦ ਨਿਰੰਤਰ – ਇਕਾਗਰ ਜਿੰਦਗੀ ਦੇ ਆਖਰੀ ਸਾਲ ਖੇਤੀਬਾੜੀ ਕਰਕੇ ਬਿਤਾਏ ਸਨ। ਸਿੱਖ ਵਿਦਵਾਨਾਂ ਅਨੁਸਾਰ ਜਪੁਜੀ ਸਾਹਿਬ ਤੇ ਹੋਰ ਬਾਣੀਆਂ ਦੀ ਰਚਨਾ ਵੀ ਇਸੇ ਅਸਥਾਨ ਤੇ ਹੋਈ ਸੀ। ਉਸ ਵੇਲੇ ਤੱਕ ਗੁਰੂ ਨਾਨਕ ਦੇਵ ਜੀ ਦਾ ਰੁਤਬਾ ਇੰਨਾ ਵੱਧ ਚੁੱਕਿਆ ਸੀ ਕਿ ਮੁਸਲਮਾਨ ਵੀ ਉਨ੍ਹਾਂ ਨੂੰ ਆਪਣਾ ਪੀਰ ਮੰਨਣ ਲੱਗ ਪਏ ਸਨ। ਉਨਾਂ ਨੂੰ ਉਸ ਸਮੇਂ ਰਹਿਬਰ ਦਾ ਦਰਜਾ ਹਾਸਲ ਹੋ ਗਿਆ ਸੀ।

ਹੁਣ ਜਦੋਂ ਪੰਜਾਬ ਅੰਦਰ ਸਿੱਖਾਂ ਦੀ ਮੁੱਖ ਜਮਾਤ ਸ਼੍ਰੋਮਣੀ ਅਕਾਲੀ ਦਲ ਆਪਣੇ ਮੁੜ-ਵਸੇਬੇ ਲਈ ਹੱਥ ਪੈਰ ਮਾਰ ਰਿਹਾ ਹੈ ਉਹ ਵੀ ਹੋਰ ਸਿਆਸੀ ਪਾਰਟੀਆਂ ਵਾਂਗ ਇਸ ਕਰਤਾਰਪੁਰ ਸਾਹਿਬ ਦੇ ਲਾਂਘੇ ਪ੍ਰਤੀ ਬਹੁਤ ਉਤਸ਼ਾਹਤ ਦਿਖਾਈ ਦੇ ਰਿਹਾ ਹੈ। ਕਿਸੇ ਨਾ ਕਿਸੇ ਢੰਗ ਰਾਹੀਂ ਇਸਦਾ ਖੁੱਲਣਾਂ ਆਪਣੇ ਵੱਲੋਂ ਕੇਂਦਰੀ ਵਜਾਰਤ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਇਆ ਜਾ ਰਿਹਾ ਸਿੱਖ ਭਾਵਨਾਵਾਂ ਦਾ ਦਬਾਅ ਹੀ ਦਰਸਾਇਆ ਜਾ ਰਿਹਾ ਹੈ। ਭਾਵੇਂ ਕਿ ਅਜੇ ਇਹ ਕਹਿਣਾ ਨਾ-ਮੁਕੰਮਲ ਹੈ ਕਿ ਇਹ ਫੌਰੀ ਤੌਰ ਤੇ ਚੱੁਕਿਆ ਹੋਇਆ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਮੁੱਦਾ ਇੰਨੀ ਜਲਦੀ ਮੁਕੰਮਲ ਹੁੰਦਾ ਕਿਵੇਂ ਦਿਖਾਈ ਦੇ ਰਿਹਾ ਹੈ। ਕਿਉਂਕਿ ਪਹਿਲੀ ਵਾਰ ਜਦੋਂ ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਸਮਾਰੋਹ ਤੋਂ ਬਾਅਦ ਨਵਜੋਤ ਸਿੱਧੂ ਮੰਤਰੀ ਪੰਜਾਬ ਨੇ ਪਾਕਿਸਤਾਨ ਦੇ ਫੌਜ ਮੁੱਖੀ ਵੱਲੋਂ ਦਿਤੇ ਇਸ ਹੁੰਗਾਰੇ ਦਾ ਜ਼ਿਕਰ ਕੀਤਾ ਸੀ ਤਾਂ ਇੱਕ ਦਮ ਭਾਰਤੀ ਮੀਡੀਆ ਤੇ ਸਿਆਸਤਦਾਨ ਇਸਦੇ ਖਿਲਾਫ ਬੁਰੀ ਤਰਾਂ ਭੜਕ ਪਏ ਸਨ। ਇਥੋਂ ਤੱਕ ਕਿ ਸੁਨੇਹਾ ਲੈ ਕੇ ਆਏ ਨਵਜੋਤ ਸਿੱਧੂ ਨੂੰ ਭਾਰਤ ਦੇਸ਼ ਦਾ ਗਦਾਰ ਤੱਕ ਐਲਾਨ ਦਿੱਤਾ ਸੀ। ਹੁਣ ਇਸ ਲਾਂਘੇ ਪ੍ਰਤੀ ਭਾਵੇਂ ਸ਼ਲਾਘਾ ਲੈਣ ਤੇ ਇਸਨੂੰ ਸਿਰੇ ਚਾੜਨ ਦੀਆਂ ਰਸਮਾਂ ਵਿੱਚ ਮੋਹਰੀ ਭੂਮਿਕਾ ਨਿਭਾਅ ਰਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਕਿਸ ਮੂੰਹ ਨਾਲ ਇਸ ਲਾਂਘੇ ਦੇ ਖੁੱਲਣ ਦਾ ਸਵਾਗਤ ਕਰ ਰਹੀ ਹੈ? ਇਸ ਪਿਛੇ ਛੁਪੇ ਮੰਤਵਾਂ ਬਾਰੇ ਬਾਦਲ ਪਰਿਵਾਰ ਦੀ ਅਕਾਲੀ ਦਲ ਵਿੱਚ ਵਧ ਰਹੀ ਵਿਰੋਧੀ ਸੁਰ ਵੀ ਇੱਕ ਵੱਡਾ ਕਾਰਣ ਜਾਪਦੀ ਹੈ। ਬਰਗਾੜੀ ਮੋਰਚਾ ਜੋ ਹੁਣ ਤਕਤੀਬਨ ਛੇ ਮਹੀਨੇ ਪੂਰੇ ਕਰ ਚੱਲਿਆ ਹੈ, ਉਸ ਦੌਰਾਨ ਪੰਜਾਬ ਦੀ ਸਿਅਸਤ ਨੇ ਕਈ ਮਜਾਜ ਬਦਲੇ ਹਨ। ਇੱਕ ਗੱਲ ਤਾਂ ਪੱਕੀ ਹੈ ਕਿ ਬਰਗਾੜੀ ਮੋਰਚੇ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਹਿਲਾ ਕੇ ਰੱਖ ਦਿੱਤਾ ਹੈ।

ਸਿੱਖ ਕੌਮ ਅੰਦਰ ਹੋਰ ਵੀ ਰਿੱਝਦੇ ਤੇ ਚਿਰਾਂ ਤੋਂ ਚੱਲੇ ਆ ਰਹੇ ਮਸਲੇ ਵੀ ਵਕਤੀ ਤੌਰ ਠਹਿਰ ਗਏ ਜਾਪਦੇ ਹਨ। ਪਰ ਕਰਤਾਰਪੁਰ ਸਾਹਿਬ ਦਾ ਲਾਂਘਾਂ ਖੁੱਲਣ ਨਾਲ ਪਹਿਲੀ ਵਾਰ ਸਿੱਖ ਕੌਮ ਅੰਦਰ ਇੱਕ ਲਹਿਰ ਫੁੱਟਦੀ ਹੋਈ ਨਜ਼ਰ ਆ ਰਹੀ ਹੈ। ਇਥੇ ਇਹ ਆਸ ਵੀ ਕਰਨੀ ਬਣਦੀ ਹੈ ਕਿ ਫਿਰਕੂ ਤਾਕਤਾਂ ਤੇ ਹੋਰ ਰੰਜਸ਼ਾਂ ਤੋਂ ਉਪਰ ਉੱਠ ਕੇ ਲਹਿੰਦੇ ਤੇ ਚੜਦੇ ਦੀਆਂ ਸਰਕਾਰਾਂ ਨੇ ਸਿੱਖ ਕੌਮ ਦੇ ਹਿਰਦੇ ਦੀ ਪੀੜ ਨੂੰ ਪਛਾਣਿਆ ਹੈ ਅਤੇ ਸਿੱਖ ਕੌਮ ਦੀ ਰੋਜਾਨਾ ਕੀਤੀ ਜਾਂਦੀ ਅਰਦਾਸ ਨੂੰ ਮੁਕੰਮਲਤਾ ਦੇ ਰਾਹ ਦਿਖਾਈ ਦਿੱਤਾ ਹੈ। ਇਸ ਰਾਹੀ ਇਹ ਆਸ ਕੀਤੀ ਜਾ ਸਕਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਿੱਖ ਕੌਮ ਜੋ ਅਮਨ-ਸ਼ਾਂਤੀ ਦੀ ਪ੍ਰਤੀਕ ਹੈ ਦੇ ਇਸ ਰਸਤੇ ਨਾਲ ਭਾਰਤ ਪਾਕਿਸਤਾਨ ਅੰਦਰ ਲੱਗੇ ਹੋਰ ਬੰਨ ਵੀ ਖੁੱਲ ਜਾਣਗੇ ਤੇ ਸਿੱਖ ਕੌਮ ਆਪਣੇ ਵਿਰਸੇ ਨਾਲ ਜੁੜੇ ਅਸਥਾਨਾਂ ਦੇ ਖੁੱਲੇ ਦਰਸ਼ਨ ਕਰ ਸਕੇਗੀ ਤੇ ਪੰਜਾਬ ਦੀ ਕਿਸਾਨੀ ਨੂੰ ਵੀ ਆਰਥਿਕ ਮਜ਼ਬੂਤੀ ਮਿਲੇਗੀ।