ਓਪਨ ਸੁਸਾਇਟੀ ਇਕ ਅਜਿਹੀ ਸੰਸਥਾ ਹੈ ਜੋ ਕਿ ਆਪਣੇ ਲਚਕੀਲੇ ਢਾਂਚੇ, ਵਿਸ਼ਵਾਸ ਦੀ ਅਜ਼ਾਦੀ ਅਤੇ ਸੂਚਨਾ ਦੇ ਪ੍ਰਸਾਰ ਲਈ ਜਾਣੀ ਜਾਂਦੀ ਹੈ।ਓਪਨ ਸੁਸਾਇਟੀ ਦੇ ਮੈਂਬਰਾਂ ਕੋਲ ਕਾਫੀ ਲੋਕਤੰਤਰਿਕ ਅਜ਼ਾਦੀ ਹੈ।ਇਹ ਇਕ ਅਜਿਹਾ ਸਮਾਜਿਕ ਸਮੂਹ ਹੈ ਜਿਸ ਦੀ ਵਿਸ਼ੇਸ਼ ਸੱਭਿਆਚਾਰਕ ਅਤੇ ਆਰਥਿਕ ਸੰਰਚਨਾ ਹੈ।ਓਪਨ ਸੁਸਾਇਟੀ ਦੀ ਸਥਾਪਨਾ ਇਕ ਅਮਰੀਕਨ ਕਰੋੜਪਤੀ ਜਾਰਜ ਸੋਰੋਸ ਨੇ ਇਸ ਵਿਸ਼ਵਾਸ ਨਾਲ ਕੀਤੀ ਸੀ ਕਿ ਸਭ ਨੂੰ ਨਸਲ, ਧਰਮ, ਲੰਿਗ, ਲੰਿਗਕ ਪਛਾਣ ਤੋਂ ਪਾਰ ਬਰਾਬਰ ਦੇਖਿਆ ਜਾਣਾ ਚਾਹੀਦਾ ਹੈ ਜੋ ਕਿ ਸਵਸਥ ਲੋਕਤੰਤਰ ਦਾ ਅਧਾਰ ਬਣਦਾ ਹੈ।ਓਪਨ ਸੁਸਾਇਟੀ ਦਾ ਮੁੱਖ ਮਕਸਦ ਮਾਨਵਤਾਵਾਦ ਹੈ ਅਤੇ ਇਹ ਬਰਾਬਰਤਾ ਅਤੇ ਰਾਜਨੀਤਿਕ ਅਜ਼ਾਦੀ ਨੂੰ ਓਪਨ ਸੁਸਾਇਟੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਮੰਨਦਾ ਹੈ।ਜਾਰਜ ਸੋਰੋਸ ਨੇ ਆਪਣੀ ਆਮਦਨ ਦਾ ਵੱਡਾ ਹਿੱਸਾ ਓਪਨ ਸੁਸਾਇਟੀ ਨੂੰ ਸਥਾਪਿਤ ਕਰਨ ਵਿਚ ਲਗਾਇਆ ਹੈ ਜਿਸ ਦੇ ਅਧਾਰ, ਭਾਗੀਦਾਰ ਅਤੇ ਪ੍ਰੋਜੈਕਟ 120 ਦੇਸ਼ਾਂ ਵਿਚ ਫੈਲੇ ਹੋਏ ਹਨ।
ਸਰ ਕਾਰਲ ਰੇਮੰਡ ਪੋਪਰ (28 ਜੁਲਾਈ 1902-17 ਸਤੰਬਰ 1994) ਇਕ ਆਸਟਰੀਅਨ-ਬ੍ਰਿਟਿਸ਼ ਮੂਲ ਦਾ ਦਾਰਸ਼ਨਿਕ, ਅਕਾਦਮਿਕ ਅਤੇ ਸਮਾਜਿਕ ਬੁਲਾਰਾ ਸੀ।ਉਹ ਵੀਹਵੀਂ ਸਦੀ ਦੇ ਵਿਗਿਆਨ ਦੇ ਸਭ ਤੋਂ ਪ੍ਰਭਾਵਸ਼ਾਲੀ ਦਾਰਸ਼ਿਨਕਾਂ ਵਿਚ ਗਿਣਿਆ ਜਾਂਦਾ ਹੈ।ਉਸਨੂੰ ਪਾਰੰਪਰਿਕ ਵਿਗਿਆਨਕ ਵਿਧੀ ਦੇ ਵਿਵੇਚਾਨਤਮਕ ਵਿਚਾਰਾਂ ਨੂੰ ਰੱਦ ਕਰਨ ਲਈ ਜਾਣਿਆ ਜਾਂਦਾ ਹੈ ਜਿਸ ਦੀ ਥਾਂ ਤੇ ਉਸ ਨੇ ਅਨੁਭਵੀ ਮਿੱਥੀਕਰਨ ਦਾ ਸਿਧਾਂਤ ਦਿੱਤਾ।ਪੋਪਰ ਦੇ ਅਨੁਸਾਰ ਅਨੁਭਵੀ ਵਿਗਿਆਨ ਵਿਚ ਕਦੇ ਵੀ ਕਿਸੇ ਸਿਧਾਂਤ ਨੂੰ ਸਿੱਧ ਨਹੀਂ ਕੀਤਾ ਜਾ ਸਕਦਾ, ਪਰ ਇਸ ਨੂੰ ਮਿੱਥਿਆ ਸਿੱਧ ਕੀਤਾ ਜਾ ਸਕਦਾ ਹੈ ਜਿਸ ਦਾ ਅਰਥ ਹੈ ਕਿ ਇਸ ਨੂੰ ਕੁਝ ਖਾਸ ਪ੍ਰਯੋਗਾਂ ਨਾਲ ਘੋਖਿਆ ਜਾ ਸਕਦਾ ਹੈ।ਪੋਪਰ ਗਿਆਨ ਦੇ ਪਰੰਪਰਿਕ ਸਮਰਥਨ ਦੇ ਵਿਰੁੱਧ ਸੀ ਜਿਸ ਦੀ ਥਾਂ ਉਸ ਨੇ ਆਲੋਚਾਨਤਮਕ ਤਰਕਵਾਦ ਦਾ ਸਿਧਾਂਤ ਦਿੱਤਾ।
ਪੋਪਰ ਦੁਆਰਾ ਦਿੱਤਾ ਗਿਆ ਓਪਨ ਸੁਸਾਇਟੀ ਦਾ ਸੰਕਲਪ ਰਾਜਨੀਤਿਕ ਹੋਣ ਦੀ ਬਜਾਇ ਗਿਆਨ ਮੀਮਾਂਸਾ ਉੱਪਰ ਅਧਾਰਿਤ ਹੈ।ਜਦੋਂ ਪੋਪਰ ਨੇ “ਓਪਨ ਸੁਸਾਇਟੀ ਅਤੇ ਇਸ ਦੇ ਦੁਸ਼ਮਣ” ਲਿਖੀ ਸੀ ਤਾਂ ਉਸ ਦਾ ਵਿਸ਼ਵਾਸ ਸੀ ਕਿ ਸਮਾਜਿਕ ਵਿਗਿਆਨ ਫਾਸੀਵਾਦ ਅਤੇ ਸਾਮਵਾਦ ਦੀ ਮਹੱਤਤਾ ਅਤੇ ਇਸ ਦੇ ਸਰੂਪ ਨੂੰ ਸਮਝ ਨਹੀਂ ਪਾਇਆ ਸੀ ਕਿਉਂ ਕਿ ਇਸ ਦਾ ਵਿਗਿਆਨ ਗਲਤ ਗਿਆਨ ਮੀਮਾਂਸਾ ਉੱਪਰ ਅਧਾਰਿਤ ਸੀ।ਸਰਵਸੱਤਾਵਾਦ ਨੇ ਗਿਆਨ ਨੂੰ ਰਾਜਨੀਤਿਕ ਹੋਣ ਲਈ ਮਜਬੂਰ ਕੀਤਾ ਜਿਸ ਨੇ ਆਲੋਚਨਾਤਮਕ ਵਿਚਾਰ ਨੂੰ ਅਸੰਭਵ ਕਰ ਦਿੱਤਾ ਅਤੇ ਇਸ ਨੇ ਸਰਵਸੱਤਾਵਾਦੀ ਦੇਸ਼ਾਂ ਵਿਚ ਗਿਆਨ ਨੂੰ ਤਬਾਹ ਕੀਤਾ।ਪੋਪਰ ਦਾ ਇਹ ਵਿਚਾਰ ਕਿ ਗਿਆਨ ਅਸਥਾਈ ਅਤੇ ਪਤਨਸ਼ੀਲ ਹੈ ਦਾ ਅਰਥ ਹੈ ਕਿ ਸਮਾਜ ਨੂੰ ਇਸ ਦੇ ਵਿਕਲਪ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ।ਇਕ ਖੁੱਲ੍ਹਾ ਸਮਾਜ ਸੱਭਿਆਚਾਰਕ ਅਤੇ ਧਾਰਮਿਕ ਬਹੁਲਵਾਦ ਨਾਲ ਸੰਬੰਧਿਤ ਹੁੰਦਾ ਹੈ।ਓਪਨ ਸੁਸਾਇਟੀ ਆਪਣੇ ਵਿਚ ਸੁਧਾਰ ਕਰਨ ਲਈ ਹਮੇਸ਼ਾ ਹੀ ਤਿਆਰ ਰਹਿੰਦੀ ਹੈ ਕਿਉਂ ਕਿ ਗਿਆਨ ਕਦੇ ਵੀ ਸੰਪੂਰਨ ਨਹੀਂ ਹੁੰਦਾ ਸਗੋਂ ਇਹ ਨਿਰੰਤਰ ਚੱਲਦੇ ਰਹਿਣ ਵਾਲੀ ਪ੍ਰੀਕਿਰਿਆ ਹੈ।ਗਿਆਨ ਅਤੇ ਸੰਪੂਰਨ ਸੱਚ ਦੀ ਪ੍ਰਾਪਤੀ ਦਾ ਦਾਅਵਿਆਂ ਕਰਕੇ ਹੀ ਸਮਾਜ ਵਿਚ ਇਕ ਹੀ ਤਰਾਂ ਦੇ ਵਿਚਾਰਾਂ ਨੂੰ ਥੋਪਿਆ ਜਾਂਦਾ ਹੈ।ਇਸ ਤਰਾਂ ਦਾ ਸਮਾਜ ਵਿਚਾਰਾਂ ਦੀ ਅਜ਼ਾਦੀ ਨੂੰ ਕੋਈ ਜਗ੍ਹਾਂ ਨਹੀਂ ਦਿੰਦੀ।ਇਸ ਦੇ ਮੁਕਾਬਲਤਨ, ਇਕ ਓਪਨ ਸੁਸਾਇਟੀ ਵਿਚ ਨਾਗਰਿਕਾਂ ਨੂੰ ਆਲੋਚਨਾਤਮਕ ਵਿਚਾਰਾਂ ਨਾਲ ਜੂਝਣਾ ਪੈਂਦਾ ਹੈ ਜਿਸ ਦੇ ਲਈ ਵਿਚਾਰਾਂ ਦੀ ਅਜ਼ਾਦੀ ਅਤੇ ਉਨ੍ਹਾਂ ਸੱਭਿਆਚਾਰਕ ਅਤੇ ਕਾਨੂੰਨੀ ਸੰਸਥਾਵਾਂ ਦੀ ਲੋੜ ਹੈ ਜੋ ਇਸ ਵਿਚ ਸਹਾਈ ਹੋ ਸਕਣ। ਲੋਕੰਤਤਰ “ਓਪਨ ਸੁਸਾਇਟੀ” ਦੀ ਹੀ ਉਦਾਹਰਣ ਹਨ ਜਦੋਂ ਕਿ ਸਰਵਸੱਤਾਵਾਦੀ ਤਾਨਾਸ਼ਾਹੀ, ਧਰਮ ਅਧਾਰਿਤ ਰਾਜ ਅਤੇ ਤਾਨਾਸ਼ਾਹੀ ਰਾਜਤੰਤਰ “ਬੰਦ ਸਮਾਜ” ਦੀਆਂ ਉਦਾਹਰਣਾਂ ਹਨ।
ਓਪਨ ਸੁਸਾਇਟੀ ਦਾ ਸੰਕਲਪ ਸਭ ਤੋਂ ਪਹਿਲਾਂ ਦਾਰਸ਼ਨਿਕ ਹੈਨਰੀ ਬਰਗਸਨ ਦੁਆਰਾ ਦਿੱਤਾ ਗਿਆ ਸੀ।ਓਪਨ ਸੁਸਾਇਟੀ ਵਿਚ ਸਰਕਾਰ ਹੁੰਗਾਰਾਪੱਖੀ ਅਤੇ ਸਹਿਣਸ਼ੀਲ ਹੁੰਦੀ ਹੈ ਅਤੇ ਰਾਜਨੀਤਿਕ ਵਿਵਸਥਾ ਪਾਰਦਰਸ਼ੀ ਅਤੇ ਲਚਕੀਲੀ ਹੁੰਦੀ ਹੈ।ਜਨਤਕ ਪੱਖ ਤੋਂ ਸਟੇਟ ਕਿਸੇ ਤਰਾਂ ਦਾ ਕੋਈ ਰਹੱਸ ਨਹੀਂ ਰੱਖਦੀ ਅਤੇ ਇਹ ਤਾਨਾਸ਼ਾਹੀ ਸਮਾਜ ਨਹੀਂ ਹੁੰਦਾ ਜਿਸ ਵਿਚ ਸਭ ਤੇ ਭਰੋਸਾ ਜਤਾਇਆ ਜਾਂਦਾ ਹੈ।ਰਾਜਨੀਤਿਕ ਅਤੇ ਮਨੁੱਖੀ ਅਜ਼ਾਦੀ ਹੀ ਓਪਨ ਸੁਸਾਇਟੀ ਦਾ ਅਧਾਰ ਬਣਦੇ ਹਨ।ਕਾਰਲ ਪੋਪਰ ਦੀ ਪਰਿਭਾਸ਼ਾ ਦੇ ਅਨੁਸਾਰ, ਓਪਨ ਸੁਸਾਇਟੀ ਇਹ ਯਕੀਨੀ ਬਣਾਉਂਦੀ ਹੈ ਕਿ ਰਾਜਨੀਤਿਕ ਨੇਤਾਵਾਂ ਨੂੰ ਖੂਨਖਰਾਬੇ ਦੇ ਬਗੈਰ ਵੀ ਬਦਲਿਆ ਜਾ ਸਕਦਾ ਹੈ ਜਦੋਂ ਕਿ ਬੰਦ ਸਮਾਜਾਂ ਵਿਚ ਖੂਨੀ ਕ੍ਰਾਂਤੀਆਂ ਰਾਹੀ ਤਖਤੇ ਪਲਟੇ ਜਾਂਦੇ ਹਨ।ਉਹ ਲਿਖਦਾ ਹੈ ਕਿ ਓਪਨ ਸੁਸਾਇਟੀ ਵਿਚ ਵਿਅਕਤੀਆਂ ਨੂੰ ਆਪਣੇ ਨਿੱਜੀ ਫੈਸਲੇ ਲੈਣੇ ਪੈਂਦੇ ਹਨ ਜਦੋਂ ਕਿ ਬੰਦ ਸਮਾਜਾਂ ਵਿਚ ਫੈਸਲੇ ਸਮੂਹਿਕ ਲਏ ਜਾਂਦੇ ਹਨ।ਇਸੀ ਸੰਦਰਭ ਵਿਚ ਆਦਿਵਾਸੀ ਅਤੇ ਸਮੂਹਿਕ ਸਮਾਜ ਕੁਦਰਤੀ ਕਾਨੂੰਨਾਂ ਅਤੇ ਸਮਾਜਿਕ ਰੀਤੀਆਂ ਵਿਚ ਫਰਕ ਨਹੀਂ ਕਰਦੇ ਹਨ।ਇਸ ਵਿਚ ਵਿਅਕਤੀ ਪਰੰਪਰਾ ਨੂੰ ਕਿਸੇ ਤਰਾਂ ਦੀ ਚੁਣੌਤੀ ਨਹੀਂ ਦਿੰਦੇ ਕਿਉਂ ਕਿ ਉਹ ਮੰਨਦੇ ਹਨ ਕਿ ਉਨ੍ਹਾਂ ਦਾ ਅਧਾਰ ਪਵਿੱਤਰ ਜਾਂ ਜਾਦੂਈ ਹੈ।ਜਦੋਂ ਕਿ ਓਪਨ ਸੁਸਾਇਟੀ ਦੀ ਸ਼ੁਰੂਆਤ ਹੀ ਕੁਦਰਤੀ ਅਤੇ ਮਨੁੱਖ ਦੁਆਰਾ ਬਣਾਏ ਗਏ ਕਾਨੂੰਨਾਂ ਵਿਚ ਫਰਕ ਕਰਕੇ ਹੁੰਦੀ ਹੈ ਜਿਸ ਵਿਚ ਨਿੱਜੀ ਜ਼ਿੰਮੇਵਾਰੀ ਜਿਆਦਾ ਵਧ ਜਾਂਦੀ ਹੈ। ਇਹ ਧਿਆਨ ਵਿਚ ਰੱਖਿਆ ਜਾਣਾ ਚਾਹੀਦਾ ਹੈ ਕਿ ਪੋਪਰ ਇਸ ਨੂੰ ਧਾਰਮਿਕ ਵਿਸ਼ਵਾਸ ਨਾਲ ਨਹੀਂ ਜੋੜਦਾ ਹੈ।ਉਸ ਦਾ ਮੰਨਣਾ ਹੈ ਕਿ ਜਦੋਂ ਲੋਕ ਚੇਤੰਨ ਹੋ ਜਾਂਦੇ ਹਨ ਤਾਂ ਵਿਅਕਤੀਵਾਦ, ਆਲੋਚਨਾ ਅਤੇ ਮਨੁੱਖਤਾਵਾਦ ਦੇ ਵਿਚਾਰਾਂ ਨੂੰ ਦਬਾਇਆ ਨਹੀਂ ਜਾ ਸਕਦਾ।ਮਨੁੱਖਤਾਵਾਦ, ਬਰਾਬਰੀ ਅਤੇ ਰਾਜਨੀਤਿਕ ਅਜ਼ਾਦੀ ਹੀ ਓਪਨ ਸੁਸਾਇਟੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੁੰਦੀਆਂ ਹਨ।ਇਸ ਨੂੰ ਐਥਨੀਅਨ ਲੋਕਤੰਤਰ ਦੇ ਨੀਤੀਘਾੜੇ ਪੈਰੀਕਲਜ਼ ਦੁਆਰਾ ਵੀ ਮਾਨਤਾ ਦਿੱਤੀ ਗਈ ਸੀ ਜਿਸ ਅਨੁਸਾਰ ਮੈਰਿਟ ਵਿਚ ਜਮਾਤੀ ਵਿਚਾਰ ਆੜਾ ਨਹੀਂ ਬਣਨੇ ਚਾਹੀਦੇ। ਜੋ ਅਜ਼ਾਦੀ ਅਸੀ ਆਪਣੀ ਸਰਕਾਰ ਵਿਚ ਮਾਣਦੇ ਹਾਂ, ਉਹ ਆਮ ਜ਼ਿੰਦਗੀ ਵਿਚ ਵੀ ਹੋਣੀ ਚਾਹੀਦੀ ਹੈ।ਜਾਰਜ ਸੋਰੋਸ ਵੀ ਲੰਡਨ ਸਕੂਲ ਆਫ ਇਕਨਾਮਿਕਸ ਵਿਚ ਪੋਪਰ ਦਾ ਵਿਦਿਆਰਥੀ ਸੀ ਅਤੇ ਉਹ ਆਪਣੇ ਸਵੈਤੁਲਨਾ ਦੇ ਸਿਧਾਂਤ ਦਾ ਸਿਹਰਾ ਉਸ ਨੂੰ ਦਿੰਦਾ ਹੈ।ਇਹ ਕਾਰਣ ਨਾਲ ਸੰਬੰਧਿਤ ਸਿਧਾਂਤ ਹੈ ਜੋ ਕਿ ਉਸ ਦੀ ਨਿਵੇਸ਼ ਰਣਨੀਤੀ ਦਾ ਅਧਾਰ ਹੈ।
ਡਾਟਾ ਸਾਈਂਸ ਦੇ ਪ੍ਰਫੱੁਲਤ ਹੋਣ ਤੋਂ ਕਾਫੀ ਪਹਿਲਾਂ ਹੀ ਸੋਰੋਸ ਆਰਥਿਕ ਮੰਡੀ ਵਿਚ ਡਾਟਾ ਸਾਈਂਸ ਦਾ ਸਿਧਾਂਤ ਲਾਗੂ ਕਰ ਰਿਹਾ ਹੈ।ਹੋਰ ਅਰਬਪਤੀ ਜਮਾਤ ਤੋਂ ਵੱਖ ਸੋਰੋਸ ਧਨਤੰਤਰਿਕਵਾਦੀ ਨਹੀਂ ਹੈ, ਬਲਕਿ ਪ੍ਰਗਤੀਵਾਦੀ ਵਿਚਾਰਾਂ ਨਾਲ ਜੁੜਿਆ ਵਿਅਕਤੀ ਹੈ।ਉਸ ਉੱਪਰ ਨਾਜ਼ੀ ਹੋਣ ਦਾ ਦੋਸ਼ ਲਗਾਇਆ ਜਾਂਦਾ ਹੈ ਜਿਸ ਨੇ ਆਪਣੀ ਸਹਿਯੋਗੀ ਯਹੂਦੀਆਂ ਨੂੰ ਜਰਮਨ ਕੈਂਪਾਂ ਵਿਚ ਮਰਨ ਦਿੱਤਾ ਅਤੇ ਉਨ੍ਹਾਂ ਦਾ ਧਨ ਚੁਰਾ ਲਿਆ।ਯਹੂਦੀਆਂ ਦੇ ਵਿਰੁੱਧ ਹੋਣ ਦਾ ਇਹ ਦੋਸ਼ ਲਗਾਤਾਰ ਉਸ ਦਾ ਪਿੱਛਾ ਕਰਦਾ ਰਿਹਾ ਹੈ। ਪਰ ਪਿਛਲ਼ੇ ਵਰ੍ਹਿਆਂ ਵਿਚ ਉਸ ਨੇ ਇਸ ਤਰਾਂ ਆਪਣੇ ਆਪ ਨੂੰ ਵਧਾਇਆ ਹੈ ਕਿ ਉਹ ਜੇਮਜ਼ ਬਾਂਡ ਖਲਨਾਇਕ ਲੱਗਦਾ ਹੈ।ਰੂੜ੍ਹੀਵਾਦੀ, ਜੋ ਕਿ ਸੱਜੇਪੱਖੀਆਂ ਦੇ ਕਾਲੇ ਅੰਗਾਂ ਨੂੰ ਰੱਦ ਕਰਦੇ ਹਨ, ਵੀ ਉਸ ਨੂੰ ਵਿਸ਼ਵਵਾਦੀ ਅਰਬਪਤੀ ਮੰਨਦੇ ਹਨ ਜੋ ਕਿ ਅਮਰੀਕਾ ਨੂੰ ਉਦਾਰਵਾਦੀ ਬੰਜ਼ਰ ਭੂਮੀ ਬਣਾਉਣਾ ਚਾਹੁੰਦਾ ਹੈ।ਹੋਰ ਅਰਬਪਤੀਆਂ ਤੋਂ ਵੱਖ, ਸੋਰੋਸ ਨਾਗਰਿਕ ਜ਼ਿੰਦਗੀ ਵਿਚ ਭਾਗੀਦਾਰੀ ਕਰਦਾ ਹੈ ਅਤੇ ਉਹ ਬੁੱਧੀਜੀਵੀ ਹੈ।ਜੋ ਵਿਅਕਤੀ ਉਸਦੀਆਂ ਪੁਸਤਕਾਂ ਅਤੇ ਆਰਟੀਕਲਾਂ ਵਿਚੋਂ ਪਰਤੀਤ ਹੁੰਦਾ ਹੈ, ਉਹ ਸੰਸਾਰ ਨੂੰ ਵਿਸ਼ਵਵਾਦੀ ਰਾਹ ਵੱਲ ਲੈ ਜਾਣਾ ਚਾਹੁੰਦਾ ਹੈ ਜਿਸ ਵਿਚ ਨਸਲਵਾਦ, ਆਮਦਨ ਅਧਾਰਿਤ ਨਾਬਰਾਬਰੀ, ਅਮਰੀਕਨ ਸਾਮਰਾਜ ਅਤੇ ਪੂੰਜੀਵਾਦ ਤੋਂ ਉਪਜੀ ਬੇਗਾਨਗੀ ਬੀਤੇ ਦੀਆਂ ਗੱਲਾਂ ਹੋ ਜਾਣਗੀਆਂ।ਅਮਰੀਕਨ ਅਤੇ ਇਸ ਤੋਂ ਬਾਹਰੀ ਸੰਦਰਭ ਵਿਚ ਮੰਡੀ ਦੀਆਂ ਸੀਮਤਾਈਆਂ ਬਾਰੇ ਉਸਦੇ ਵਿਚਾਰ ਕਾਫੀ ਚੇਤਨ ਹਨ।ਸ਼ੀਤ ਯੁੱਧ ਤੋਂ ਬਾਅਦ ਦੇ ਸਾਲਾਂ ਨੇ ਇਹ ਦਿਖਾਇਆ ਹੈ ਕਿ ਇਕ ਅਸਿਤਤਵੀ ਦੁਸ਼ਮਣ ਤੋਂ ਬਿਨਾਂ ਪੂੰਜੀਵਾਦ ਵਿਸ਼ਵਾਸ, ਦਇਆ ਅਤੇ ਸੰਵੇਦਨਾ ਦੇ ਮਾਹੌਲ ਨੂੰ ਗੁਆ ਦਿੰਦਾ ਹੈ ਅਤੇ ਇਹਨਾਂ ਹੀ ਸਿਧਾਂਤਾਂ ਉੱਪਰ ਸੋਰੋਸ ਦੀ ਓਪਨ ਸੁਸਾਇਟੀ ਅਧਾਰਿਤ ਹੈ।ਸੋਰੋਸ ਨੇ ਪੂੰਜੀਵਾਦ ਦੇ ਅਤਿ ਨੂੰ ਪਛਾਣ ਲਿਆ ਅਤੇ ਉਸ ਦੀ ਜਮਾਤੀ ਪੁਜ਼ੀਸ਼ਨ ਨੇ ਹੀ ਉਸ ਨੂੰ ਇਹਨਾਂ ਸੁਧਾਰਾਂ ਦੀ ਵਕਾਲਤ ਕਰਨ ਦੇ ਕਾਬਿਲ ਬਣਾਇਆ।ਜਿਸ ਵਿਵਸਥਾ ਕਰਕੇ ਸੋਰੋਸ ਆਪਣਾ ਧਨ ਬਣਾਉਣ ਵਿਚ ਕਾਮਯਾਬ ਹੋਇਆ ਹੈ, ਉਸ ਵਿਚ ਵਿਸ਼ਵਵਾਦ ਸਥਿਰ ਨਹੀ ਹੋ ਸਕਦਾ।
ਸੋਰੋਸ ਨੇ ਅਕਾਦਮਿਕ ਦਾਰਸ਼ਨਿਕਤਾ ਨੂੰ ਆਪਣਾ ਪ੍ਰੇਰਣਾ ਸ੍ਰੋਤ ਦੱਸਿਆ ਹੈ।ਉਸ ਦੇ ਵਿਚਾਰ ਓਪਨ ਸੁਸਾਇਟੀ ਦੇ ਆਲੇ ਦੁਆਲੇ ਹੀ ਘੁੰਮਦੇ ਹਨ।ਪੋਪਰ ਦੇ ਅਨੁਸਾਰ ਓਪਨ ਸੁਸਾਇਟੀ ਤਾਰਕਿਕ ਸੰਵਾਦ ਨੂੰ ਪਹਿਲ ਦਿੰਦੀ ਹੈ ਜਦੋਂ ਕਿ ਬੰਦ ਸਮਾਜਾਂ ਵਿਚ ਲੋਕਾਂ ਨੂੰ ਸੱਤਾ ਸਾਹਮਣੇ ਝੁਕਣ ਲਈ ਮਜਬੂਰ ਕੀਤਾ ਜਾਂਦਾ ਹੈ, ਭਾਵੇਂ ਉਹ ਸੱਤਾ ਧਾਰਮਿਕ ਹੋਵੇ, ਜਾਂ ਰਾਜਨੀਤਿਕ ਜਾਂ ਆਰਥਿਕ।ਸੋਰੋਸ ਅਤੇ ਉਸਦੀ ਓਪਨ ਸੁਸਾਇਟੀ ਲਈ ਤਤਕਾਲੀ ਮਨੁੱਖੀ ਹੌਂਦ ਦਾ ਅਰਥ ਇਹ ਸਮਝਣਾ ਹੈ ਕਿ ਹਰ ਕਿਸੇ ਨੂੰ ਅਜ਼ਾਦੀ, ਬਰਾਬਰੀ ਅਤੇ ਤਰੱਕੀ ਮਿਲੇ।ਉਸ ਦੇ ਵਿਚਾਰ ਵਿਚ ਇਸ ਤਰਾਂ ਦੀ ਓਪਨ ਸੁਸਾਇਟੀ ਦੀ ਸਿਰਜਣਾ ਹੀ ਇਕੋ ਇਕ ਰਾਹ ਹੈ ਜਿਸ ਰਾਹੀ ਮਨੁੱਖ ਜਲਵਾਯੂ ਪਰਿਵਰਤਨ ਅਤੇ ਨਿਊਕਲੀਅਰ ਖਤਰੇ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰ ਸਕਦਾ ਹੈ।ਆਪਣੀ ਓਪਨ ਸੁਸਾਇਟੀ ਰਾਹੀ ਸੋਰੋਸ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਰਾਜਨੀਤੀ ਅਤੇ ਸਮਾਜ ਵਿਚ ਤਬਦੀਲੀ ਲਿਆਉਣਾ ਚਾਹੁੰਦਾ ਹੈ।
ਸੋਰੋਸ ਦਾ ਮੁੱਖ ਸਰੋਕਾਰ ਪੂਰਬੀ ਯੁਰੋਪ ਦਾ ਸਾਮਵਾਦੀ ਬਲਾਕ ਸੀ।1980ਵਿਆਂ ਦੇ ਅੰਤ ਵਿਚ ਉਸ ਨੇ ਆਪਣੀ ਓਪਨ ਸੁਸਾਇਟੀ ਸੰਸਥਾ ਦੇ ਦਫਤਰ ਹੰਗਰੀ, ਪੌਲੈਂਡ, ਚੈਕਸਲੋਕਵਾਕੀਆ, ਬੁਲਗਾਰੀਆ ਅਤੇ ਸੋਵੀਅਤ ਯੂਨੀਅਨ ਵਿਚ ਖੋਲੇ।ਪੋਪਰ ਦੀ ਤਰਾਂ ਸੋਰੋਸ ਵੀ ਸਾਮਵਾਦੀ ਦੇਸ਼ਾਂ ਨੂੰ ਬੰਦ ਸਮਾਜਾਂ ਦੇ ਮਾਡਲ ਮੰਨਦਾ ਸੀ।ਅਗਰ ਉਹ ਇਸ ਸੱਤਾ ਨੂੰ ਖੋਲ ਸਕਦਾ ਤਾਂ ਉਹ ਦੁਨੀਆ ਨੂੰ ਦਿਖਾ ਸਕਦਾ ਸੀ ਕਿ ਪੈਸਾ ਸ਼ਾਂਤਮਈ ਤਰੀਕੇ ਨਾਲ ਦਮਨ ਉੱਪਰ ਕਾਬੂ ਪਾ ਸਕਦਾ ਹੈ ਅਤੇ ਇਸ ਵਿਚ ਫੌਜ ਦੇ ਦਖਲ ਜਾਂ ਰਾਜਨੀਤਿਕ ਤਖਤਾ ਪਲਟ ਕਰਨ ਦੀ ਲੋੜ ਨਹੀਂ ਪਵੇਗੀ।ਸੋਰੋਸ ਨੇ ਆਪਣੀ ਪਹਿਲੀ ਵਿਦੇਸ਼ੀ ਸੰਸਥਾ 1984 ਵਿਚ ਹੰਗਰੀ ਵਿਚ ਖੋਲੀ ਸੀ ਅਤੇ ਉਸ ਦੇ ਯਤਨਾਂ ਨੇ ਹੀ ਉੱਥੇ ਮਾਡਲ ਸਥਾਪਿਤ ਕੀਤਾ।ਅਗਲੇ ਆਉਣ ਵਾਲੇ ਦਹਾਕੇ ਵਿਚ ਉਸ ਨੇ ਹੰਗਰੀ ਦੇ ਬੁੱਧੀਜੀਵੀਆਂ ਨੂੰ ਅਮਰੀਕਾ ਆਉਣ ਲਈ ਵਜੀਫੇ ਦਿੱਤੇ ਅਤੇ ਉਨ੍ਹਾਂ ਨੂੰ ਲਾਈਬ੍ਰੇਰੀਆਂ ਅਤੇ ਯੂਨੀਵਰਸਿਟੀਆਂ ਵਿਚ ਫੋਟੋਕਾਪੀ ਦੀਆਂ ਮਸ਼ੀਨਾਂ ਦਿੱਤੀਆਂ ਅਤੇ ਥਿਏਟਰ, ਬੁੱਧੀਜੀਵੀਆਂ, ਲਾਈਬ੍ਰੇਰੀਆਂ, ਕਲਾਕਾਰਾਂ ਨੂੰ ਗ੍ਰਾਟਾਂ ਪ੍ਰਦਾਨ ਕੀਤੀਆਂ। ਉਸ ਦਾ ਮੰਨਣਾ ਹੈ ਕਿ ਆਰਥਿਕਤਾ ਦੀ ਬਜਾਇ ਵਿਚਾਰ ਜਿੰਦਗੀ ਨੂੰ ਸਰੂਪ ਪ੍ਰਦਾਨ ਕਰਦੇ ਹਨ ਅਤੇ ਉਸ ਦਾ ਮਾਨਵਤਾ ਦੀ ਪ੍ਰਗਤੀ ਵਿਚ ਯਕੀਨ ਹੈ।ਸੋਰੋਸ ਦੇ ਅਨੁਸਾਰ ਰੂੜ੍ਹੀਵਾਦੀ ਸੋਚ, ਜੋ ਕਿ ਬੰਦ ਸਮਾਜਾਂ ਦੀ ਵਿਸ਼ੇਸ਼ਤਾ ਹੈ, ਬਦਲਾਅ ਨੂੰ ਜਗ੍ਹਾ ਨਹੀਂ ਦਿੰਦੀ ਹੈ।ਜਦੋਂ ਕਿ ਜਦੋਂ ਅਸਲ ਹਾਲਾਤਾਂ ਵਿਚ ਤਬਦੀਲੀ ਆਈ ਤਾਂ ਲੋਕ ਪ੍ਰਾਚੀਨਤਾ ਵੱਲ ਮੁੜਨ ਲੱਗੇ।ਇਸ ਦੇ ਮੁਕਾਬਲਤਨ ਓਪਨ ਸੁਸਾਇਟੀ ਜਿਆਦਾ ਗਤੀਸ਼ੀਲ ਹੁੰਦੀ ਹੈ।ਓਪਨ ਸੁਸਾਇਟੀ ਦੇ ਸਾਹਮਣੇ ਵੀ ਦੋ ਪ੍ਰਮੁੱਖ ਚੁਣੌਤੀਆਂ ਹਨ: ਅਤਿਵਿਸ਼ਵਵਾਦ ਅਤੇ ਮੰਡੀ ਦਾ ਕੱਟੜਵਾਦ ਜੋ ਕਿ ਸਾਮਵਾਦ ਦੇ ਨਿਘਾਰ ਤੋਂ ਬਾਅਦ ਕਾਫੀ ਜਿਆਦਾ ਤਾਕਤਵਰ ਬਣ ਗਿਆ ਸੀ।ਓਪਨ ਸੁਸਾਇਟੀ ਇਸ ਤਰਾਂ ਦੇ ਸਮਾਜ ਦਾ ਤਸੱਵਰ ਕਰਦੀ ਹੈ ਜਿਸ ਵਿਚ ਇਕ ਦੂਜੇ ਦੀ ਮਾਨਵਤਾ ਨੂੰ ਪਛਾਣਿਆ ਜਾਵੇ ਅਤੇ ਸਾਰਿਆਂ ਨੂੰ ਬਰਾਬਰ ਮੰਨਿਆ ਜਾਵੇ।ਪਰ ਇਹ ਓਪਨ ਸੁਸਾਇਟੀ ਤਾਂ ਹੀ ਬਚ ਸਕਦੀ ਹੈ ਅਗਰ ਇਸ ਵਿਚ ਮਾਰਕ ਜ਼ੁਕਰਬਰਗ, ਸੋਰੋਸ, ਮਸਕ, ਬੁਫੈਟ ਜਾਂ ਗੇਟਜ਼ ਕਿਸੇ ਨੂੰ ਵੀ ਏਨਾ ਅਮੀਰ ਨਾ ਹੋਣ ਦਿੱਤਾ ਜਾਵੇ।