ਪੰਜਾਬੀ ਸਾਹਿਤ ਦੇ ਮਹਾਨ ਲੇਖਕ ਜਸਵੰਤ ਸਿੰਘ ਕੰਵਲ ਆਪਣੀ ਜਿੰਦਗੀ ਦੇ ਸੌ ਵਰੇ ਪੂਰੇ ਕਰ ਚੁੱਕੇ ਹਨ। ਉਸਦਾ ਜਨਮ ਦਿਨ 27 ਜੂਨ ਨੂੰ ਪਿੰਡ ਢੁਡੀਕੇ ਦੇ ਸਰਕਾਰੀ ਕਾਲਜ ਵਿੱਚ ਚਾਰ ਦਿਨ ਚੱਲੇ ਪੰਜਾਬੀ ਜੋੜ ਮੇਲੇ ਦੇ ਰੂਪ ਵਿੱਚ ਮਨਾਇਆ ਗਿਆ। ਉਸਦਾ ਜਨਮ 27 ਜੂਨ 1919 ਨੂੰ ਪਿੰਡ ਢੁੱਡੀਕੇ ਵਿਖੇ ਹੋਇਆ। ਉਸਨੇ ਆਪਣੇ ਜੀਵਨ ਦਾ ਬਹੁਤਾ ਸਫਰ ਪੰਜਾਬ ਦੇ ਪੇਡੂ ਹਿੱਤਾਂ ਲਈ ਹੀ ਬਤੀਤ ਕੀਤਾ। ਉਸਦਾ ਸਾਹਿਤਕ ਸਫਰ ਅੱਠ ਦਹਾਕਿਆਂ ਦਾ ਹੈ। ਉਸਨੇ ਆਪਣੇ ਜੀਵਨ ਕਾਲ ਵਿੱਚ ਸੌ ਕਿਤਾਬਾਂ ਤੇ ਨਾਵਲ ਲਿਖੇ। ਇਸੇ ਤਰਾਂ ਬੇਅੰਤ ਲੇਖ ਅਖਬਾਰਾਂ ਵਿੱਚ ਪ੍ਰਕਾਸ਼ਿਤ ਕੀਤੇ। ਜਸਵੰਤ ਸਿੰਘ ਕੇਵਲ ਇਕੋ ਇੱਕ ਪੰਜਾਬੀ ਲੇਖਕ ਹੈ ਜਿਸਦੇ ਆਪਣੇ ਜੀਵਨ ਦੇ 100 ਸਾਲ ਪੂਰੀ ਸਿਹਤਯਾਬੀ ਨਾਲ ਬਤੀਤ ਕੀਤੇ। ਉਸਨੇ ਆਪਣੇ ਨਾਵਲਾਂ ਵਿੱਚ ਭਾਵੇਂ ਮੁੱਖ ਰੂਪ ਵਿੱਚ ਕ੍ਰਾਂਤੀਕਾਰੀ ਦਿੱਖ ਨੂੰ ਹੀ ਮੁੱਖ ਰੱਖਿਆ ਪਰ ਉਸਨੇ ਆਪਣੀਆਂ ਲਿਖਤਾਂ ਵਿੱਚ ਸਮਾਜ ਦੇ ਵਿਸ਼ਿਆਂ ਨੂੰ ਵੀ ਪੂਰਾ ਸਥਾਨ ਦਿੱਤਾ। ਉਸਦਾ ਪਹਿਲਾ ਨਾਵਲ ਸੱਚ ਨੂੰ ਫਾਂਸੀ 1945 ਵਿੱਚ ਪ੍ਰਕਾਸ਼ਿਤ ਹੋਇਆ। ਉਸਨੇ 1940 ਵਿੱਚ ਚੱਲੀ ਮਜ਼ਾਹਰਿਆਂ ਦੀ ਲਹਿਰ ਨੂੰ ਸਮਰਪਿਤ ਨਾਵਲ ‘ਰਾਤ ਬਾਕੀ ਹੈ’ ਲਿਖਿਆ ਜੋ ਕਿ ਬਹੁ ਗਿਣਤੀ ਵਿੱਚ ਦਿਲਚਸਪੀ ਨਾਲ ਪੜਿਆ ਗਿਆ। ਜਿਸ ਤਰਾਂ ਨਾਨਕ ਸਿੰਘ ਦੇ ਨਾਵਲ ਸ਼ਹਿਰੀ ਦਿੱਖ ਉਤੇ ਕੇਂਦਰਿਤ ਸਨ, ਤਾਂ ਜਸਵੰਤ ਸਿੰਘ ਕੰਵਲ ਦੇ ਨਾਵਲਾਂ ਦਾ ਕੇਂਦਰ ਬਿੰਦੂ ਪੇਂਡੂ ਦਿੱਖ ਹੀ ਸੀ। ਉਸਨੇ ਆਪਣੇ ਜੀਵਨ ਵਿੱਚ ਉਠੇ ਸੰਘਰਸ਼ ਬੜੇ ਗਹੁ ਨਾਲ ਵਿਸ਼ਲੇਸ਼ਣ ਕੀਤੇ। ਉਸਨੇ ਸਰਕਾਰੀ ਲੀਹਾਂ ਤੇ ਚੱਲਣ ਦੀ ਬਜਾਇ ਆਪਣੀਆਂ ਲਿਖਤਾਂ ਵਿੱਚ ਲੋਕ ਵੇਦਨਾ ਨੂੰ ਉਭਾਰਿਆ। ਇਹਨਾਂ ਕਾਰਨਾਂ ਕਰਕੇ ਉਸ ਉਪਰ 1986 ਵਿੱਚ ਸਰਕਾਰ ਵੱਲੋਂ ਦੇਸ਼ ਧ੍ਰੋਹੀ ਦਾ ਮੁਕੱਦਮਾ ਵੀ ਪਾਇਆ ਗਿਆ। ਇਸਦਾ ਕਾਰਨ ਸੀ ਕਿ ਉਸਨੇ 1986 ਵਿੱਚ ਦੂਸਰੇ ਜਫਰਨਾਮੇ ਰਾਹੀਂ ਰਾਜੀਵ ਗਾਂਧੀ ਤੇ ਉਸਦੀ ਸਰਕਾਰੀ ਨੀਤੀ ਤੇ ਕਿੰਤੂ ਉਠਾਇਆ ਸੀ। ਉਸਨੇ ਆਪਣੇ ਜੀਵਨ ਕਾਲ ਵਿੱਚ ਮੁੱਖ ਲੇਖ ਵਿਸ਼ਾ ਉਸਦੇ ਸਮਕਾਲ ਵਿੱਚ ਉਠੇ ਸੰਘਰਸ਼ ਵੱਲ ਹੀ ਕੇਂਦਰਤ ਕੀਤਾ। ਭਾਵੇਂ ਉਹ 1940 ਦਾ ਮੁਜ਼ਾਹਰਿਆਂ ਦਾ ਸੰਘਰਸ਼ ਸੀ, ਜੋ ਜ਼ਮੀਨੀ ਹੱਕਾਂ ਵਾਸਤੇ ਸੀ। ਇਸੇ ਤਰਾਂ ਜਸਵੰਤ ਸਿੰਘ ਕੰਵਲ ਨੇ 1970 ਦੇ ਸ਼ੁਰੂ ਦੌਰਾਨ ਉਠੀ ਨਕਸਲਵਾੜੀ ਲਹਿਰ ਨੂੰ ਗਹੁ ਨਾਲ ਵਾਚਦਿਆਂ ਉਸ ਉਪਰ ਆਪਣਾ ਨਾਵਲ ‘ਲਹੂ ਦੀ ਲੋਅ’ ਲਿਖਿਆ। ਇਸਨੂੰ ਉਸ ਸਮੇਂ ਭਾਰਤ ਵਿੱਚ ਲੱਗੀ ਐਂਮਰਜੈਂਸੀ ਦੇ ਦੌਰਾਨ ਸਿੰਘਾਪੁਰ ਤੋਂ ਪ੍ਰਕਾਸ਼ਿਤ ਕਰਵਾਕੇ ਪੰਜਾਬ ਲਿਆਂਦਾ ਜੋ ਕਿ ਨੌਜਵਾਨੀ ਲਈ ਇੱਕ ਪ੍ਰੇਰਨਾ ਸ੍ਰੋਤ ਬਣਿਆ। ਇਹ ਇੱਕ ਪੇਂਡੂ ਗਾਥਾ ਹੋ ਨਿਬੜਿਆਂ। ਇਸਦੇ ਕਈ ਐਡੀਸ਼ਨ ਅੱਜ ਤੱਕ ਪ੍ਰਕਾਸ਼ਿਤ ਹੋ ਚੁੱਕੇ ਹਨ। ਇਸੇ ਤਰਾਂ ਉਸਨੇ ਪੰਜਾਬ ਵਿੱਚ ਉਠੇ ਸਿੱਖ ਸੰਘਰਸ਼ ਨੂੰ ਸਮਰਪਿਤ ਹੁੰਦਿਆਂ ਆਪਣਾ ਨਾਵਲ ‘ਐਨਿਆਂ ਚੋਂ ਉਠੋ ਸੂਰਮਾ’ ਲਿਖਿਆ। ਇਸੇ ਤਰਾਂ ਸਮੇਂ ਸਮੇਂ ਉਠੇ ਰਾਜਨੀਤਿਕ ਅਤੇ ਸਮਾਜਿਕ ਵਿਸ਼ਿਆਂ ਨੂੰ ਵੀ ਉਸਨੇ ਆਪਣੇ ਲੇਖਾਂ ਵਿੱਚ ਤਰਜ਼ੀਹ ਦਿੱਤੀ। ਇਹ ਕਹਿ ਲਈ ਕਿ ਉਸਨੇ ਪੰਜਾਬੀ ਸਾਹਿਤ ਨੂੰ ਇੱਕ ਅਨੋਖਾ ਬਲ ਦਿਤਾ। ਉਸਨੂੰ ਜੀਵਨ ਕਾਲ ਵਿੱਚ ਸਾਹਿਤਕ ਅਕੈਡਮੀ ਅਵਾਰਡ ਨਾਲ ਨਿਵਾਜ਼ਿਆ ਗਿਆ। ਉਸਦਾ ਦੇਸ਼ਾਂ ਵਿਦੇਸ਼ਾਂ ਵਿੱਚ ਅਨੇਕਾਂ ਵਾਰ ਉਚਕੋਟੀ ਦੀਆਂ ਲਿਖਤਾਂ ਕਾਰਨ ਸਨਮਾਨ ਕੀਤਾ ਗਿਆ। ਕੰਵਲ ਨੇ ਪੰਜਾਬੀ ਲੇਖਕਾਂ ਨੂੰ ਕ੍ਰਾਂਤੀਕਰੀ ਸੋਚ ਲਈ ਪ੍ਰੇਰਿਆ। ਜਿਸ ਤਰਾਂ ਪੰਜਾਬ ਅੱਜ ਆਪਣੀ ਵਿਰਾਸਤ, ਪ੍ਰੰਪਰਾ ਅਤੇ ਦਿਸ਼ਾ ਤੋਂ ਭਟਕ ਰਿਹਾ ਹੈ ਤੇ ਇਥੋਂ ਦੇ ਨੌਜਵਾਨਾਂ ਦਾ ਪੰਜਾਬ ਤੋਂ ਮੋਹ ਭੰਗ ਹੋ ਚੁੱਕਿਆ ਹੈ। ਉਹਨਾਂ ਨੂੰ ਨਵੀਆਂ ਰਾਹਾਂ ਤੇ ਤੋਰਨ ਲਈ ਅੱਜ ਮੁੜ ਜਸਵੰਤ ਸਿੰਘ ਕੰਵਲ ਦੀ ਕਲਮ ਵਿਚੋਂ ਉਠੀਆਂ ਲਿਖਤਾਂ ਤੋਂ ਦਿਸ਼ਾ ਲੈਣੀ ਚਾਹੀਦੀ ਹੈ।