ਯੂਕਰੇਨ ਤੇ ਹਮਲਾ ਕਰਕੇ ਰੂਸ ਨੇ ਸ਼ਾਇਦ ਗਲਤੀ ਕਰ ਲਈ ਸੀ ਪਰ ਹੁਣ ਲੱਗਦਾ ਹੈ ਕਿ ਯੂਕਰੇਨ ਦੀ ਜੰਗ ਹੀ ਨਵੀਂ ਸੰਸਾਰ ਸਿਆਸਤ ਦਾ ਨਵਾਂ ਪਿੜ ਬੰਨ੍ਹ ਸਕਦੀ ਹੈ। 6 ਮਹੀਨੇ ਤੋਂ ਉੱਪਰ ਹੋ ਗਿਆ ਹੈ ਰੂਸ ਨੂੰ ਸੰਸਾਰ ਨਾਲ ਖਹਬੜਦਿਆਂ ਪਰ ਹਾਲੇ ਵੀ ਉਸ ਨੇ ਕੋਈ ਮਾਅਰਕਾ ਨਹੀ ਮਾਰਿਆ। ਜੰਗ ਦੇ ਮੈਦਾਨ ਤੋਂ ਜੋ ਖਬਰਾਂ ਆ ਰਹੀਆਂ ਹਨ ਉਹ ਦੱਸਦੀਆਂ ਹਨ ਕਿ ਰੂਸ ਇਸ ਜੰਗ ਵਿੱਚ ਹੰਭ ਚੁੱਕਾ ਹੈ। ਪੱਛਮੀ ਜਗਤ ਨੇ ਆਪ ਜੰਗ ਵਿੱਚ ਸਿੱਧੇ ਤੌਰ ਤੇ ਸ਼ਾਮਲ ਹੋਣ ਤੋਂ ਬਚਦਿਆਂ ਵੀ ਰੂਸ ਨੂੰ ਫੌਜੀ ਤੌਰ ਤੇ ਚੰਗਾ ਸਬਕ ਸਿਖਾ ਦਿੱਤਾ ਹੈ। ਜਿਹੜਾ ਰੂਸ ਦੂਜੇ ਮੁਲਕਾਂ ਨੂੰ ਕਥਿਤ ਆਧੁਨਿਕ ਹਥਿਆਰ ਵੇਚਦਾ ਹੁੰਦਾ ਸੀ ਉਹ ਹੁਣ ਆਪ ਚੀਨ ਅਤੇ ਉੱਤਰੀ ਕੋਰੀਆ ਤੋਂ ਹਥਿਆਰ ਖਰੀਦਣ ਲਈ ਮਜਬੂਰ ਹੋ ਗਿਆ ਹੈ। ਭਾਰਤ ਸਮੇਤ ਕਈ ਮੁਲਕਾਂ ਨੂੰ ਉਸਨੇ ਜੋ ਏਅਰ ਡਿਫੈਂਸ ਸਿਸਟਮ ਅੱਤ ਆਧੁਨਿਕ ਆਖ ਕੇ ਵੇਚਿਆ ਸੀ ਉਸਦੇ ਪਰਖਚੇ ਉਡਦੇ ਸਭ ਨੇ ਦੇਖੇ ਹਨ। ਜਿਨਾਂ ਇਲਾਕਾ ਰੂਸ ਨੇ ਪਹਿਲੇ ਹੱਲਿਆਂ ਵੇਲੇ ਦੱਬਿਆ ਸੀ ਹੁਣ ਉਸਦਾ 35 ਫੀਸਦੀ ਹੀ ਉਸ ਕੋਲ ਰਹਿ ਗਿਆ ਹੈੈ। ਯੂਕਰੇਨ ਦੀ ਫੌਜ ਨੇ ਮੋੜਵੇਂ ਹਮਲਿਆਂ ਵਿੱਚ ਬਹੁਤ ਜਿਆਦਾ ਇਲਾਕਾ ਰੂਸ ਤੋਂ ਖੋਹ ਲਿਆ ਹੈ। ਆਪਣੀ ਇੱਜਤ ਬਚਾਉਣ ਲਈ ਵਲਾਦੀਮੀਰ ਪੁਤਿਨ ਨੇ ਹੁਣ ਡੋਨਾਬਾਸ ਖੇਤਰ ਵਿੱਚ ਜਬਰੀ ਰਾਇਸ਼ੁਮਾਰੀ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ ਤਾਂ ਕਿ ਰੂਸ ਦੇ ਲੋਕਾਂ ਨੂੰ ਇਹ ਦਿਸਖਾਇਆ ਜਾ ਸਕੇ ਕਿ ਜੰਗ ਰੂਸ ਨੇ ਹੀ ਜਿੱਤੀ ਹੈ। ਰਾਇਸ਼ੁਮਾਰੀ ਨੂੰ ਨੇਪਰੇ ਚਾੜ੍ਹਨ ਲਈ 3 ਲੱਖ ਫੌਜੀਆਂ ਦੀ ਇੱਕ ਨਵੀਂ ਕਮਾਂਡ ਖੜ੍ਹੀ ਕੀਤੀ ਜਾ ਰਹੀ ਹੈ। ਇਸ ਵਿੱਚ ਸਾਬਕਾ ਫੌਜੀ, ਜੇਲ੍ਹਾਂ ਵਿੱਚ ਬੰਦ ਕੈਦੀ ਅਤੇ ਹੋਰ ਜਰਾਇਮਪੇਸ਼ਾ ਲੋਕ ਭਰਤੀ ਕੀਤੇ ਜਾ ਰਹੇ ਹਨ। ਰੂਸ ਵਿੱਚੋਂ ਨੌਜਵਾਨ ਤੇਜ਼ੀ ਨਾਲ ਬਾਹਰ ਜਾ ਰਹੇ ਹਨ ਤਾਂ ਕਿ ਜੰਗ ਵਿੱਚ ਜਾਣ ਤੋਂ ਬਚਿਆ ਜਾ ਸਕੇ। ਕਈ ਸ਼ਹਿਰਾਂ ਵਿੱਚ ਪੁਤਿਨ ਦੇ ਖਿਲਾਫ ਮੁਜਾਹਰੇ ਹੋ ਰਹੇ ਹਨ,ਉਸਨੂੰ ਕੈਦ ਕਰਕੇ ਜੇਲ੍ਹ ਵਿੱਚ ਡੱਕਣ ਦੇ ਨਾਅਰੇ ਲੱਗ ਰਹੇ ਹਨ।

ਯੂਕਰੇਨ ਦੀ ਜੰਗ ਨੇ ਸੰਸਾਰ ਸਿਆਸਤ ਲਈ ਨਵੀਆਂ ਚੁਣੌਤੀਆਂ ਅਤੇ ਨਵੀਆਂ ਸੰਭਾਵਨਾਵਾਂ ਪੈਦਾ ਕਰ ਦਿੱਤੀਆਂ ਹਨ। ਜਿੱਥੇ ਇਸਨੇ ਪੱਛਮੀ ਮੁਲਕਾਂ ਨੂੰ ਸੰਗਠਤ ਕਰ ਦਿੱਤਾ ਹੈ ਉੱਥੇ ਹੀ ਸੰਸਾਰ ਪੱਧਰ ਤੇ ਸਿਆਸਤ ਦਾ ਧਰੁਵੀਕਰਨ ਹੋਣ ਦੀਆਂ ਸੰਭਾਵਨਾਵਾਂ ਪੈਦਾ ਹੋ ਗਈਆਂ ਹਨ। ਚੀਨ ਅਤੇ ਰੂਸ ਇੱਕ ਪਾਸੇ ਲੱਗ ਰਹੇ ਹਨ। ਪੱਛਮੀ ਜਗਤ ਦੀ ਜੰਗ ਸਿਰਫ ਰੂਸ ਨਾਲ ਨਹੀ ਹੈ ਬਲਕਿ ਚੀਨ ਨਾਲ ਵੀ ਠੰਢੀ ਜੰਗ ਦਾ ਮਹੌਲ ਬਣ ਗਿਆ ਹੈ। ਚੀਨ ਨੂੰ ਆਰਥਕ ਤੌਰ ਤੇ ਦੱਬੀ ਰੱਖਣ ਲਈ ਅਮਰੀਕਾ ਨੇ ਕਈ ਚਾਰਾਜੋਈਆਂ ਕਰ ਲਈਆਂ ਹਨ। ਆਪਣਾਂ ਮਾਲ ਵੇਚਣ ਲਈ ਚੀਨ ਹੁਣ ਭਾਰਤ ਅਤੇ ਅਫਰੀਕੀ ਮਹਾਂਦੀਪ ਵੱਲ ਮੂੰਹ ਕਰ ਰਿਹਾ ਹੈ। ਯੂਕਰੇਨ ਦੀ ਜੰਗ ਦੇ ਦੌਰਾਨ ਜਾਂ ਬਾਅਦ ਵਿੱਚ ਇਹ ਵੀ ਹੋ ਸਕਦਾ ਹੈ ਕਿ ਸੰਯੁਕਤ ਰਾਸ਼ਟਰ ਦੀ ਨਵੀਂ ਸਫਬੰਦੀ ਹੋ ਜਾਵੇ। ਸੰਯੁਕਤ ਰਾਸ਼ਟਰ ਵਿੱਚ ਨਵੇਂ ਮੁਲਕ ਸ਼ਾਮਲ ਕੀਤੇ ਜਾ ਸਕਦੇ ਹਨ ਅਤੇ ਕੁਝ ਪੁਰਾਣੇ ਬਾਹਰ ਕੱਢੇ ਜਾ ਸਕਦੇ ਹਨ।

ਸੰਸਾਰ ਸਿਆਸਤ ਦੀ ਹਾਲਤ ਇਸ ਵੇਲੇ ਦੂਜੀ ਸੰਸਾਰ ਜੰਗ ਤੋਂ ਬਾਅਦ ਵਾਲੀ ਬਣੀ ਹੋਈ ਹੈ। ਨਵੀਆਂ ਸਫਬੰਦੀਆਂ ਦੇ ਦੌਰਾਨ ਹੀ ਨਵੇਂ ਆਰਥਕ ਅਤੇ ਸਿਆਸੀ ਪਿੜ ਵੀ ਸਾਹਮਣੇ ਆਉਣ ਦੀ ਸੰਭਾਵਨਾ ਹੈ। ਜੇ ਰੂਸ ਵਿੱਚ ਲੋਕ ਸੜਕਾਂ ਤੇ ਉਤਰ ਆਏ ਅਤੇ ਵਲਾਦੀਮੀਰ ਪੁਤਿਨ ਨੂੰ ਗੱਦੀਓਂ ਲਹਿਣਾਂ ਪਿਆ ਤਾਂ ਰੂਸ ਦਾ ਭਵਿੱਖ ਵੀ 1991 ਵਾਲੇ ਹਾਲਾਤ ਵਿੱਚ ਪਹੁੰਚ ਸਕਦਾ ਹੈ। ਅਫਗਾਨਿਸਤਾਨ ਦੀ ਲੰਬੀ ਜੰਗ ਨੇ ਹੀ ਰੂਸ ਦੇ ਟੋਟੇ ਕਰਵਾਏ ਸਨ। ਉੱਧਰ ਚੀਨ ਵੀ ਇਸ ਹਾਲਤ ਵਿੱਚ ਕਾਫੀ ਸੰਕੋਚ ਨਾਲ ਕਦਮ ਚੁੱਕੇਗਾ। ਉਹ ਨਹੀ ਚਾਹੇਗਾ ਕਿ ਪੂਰਾ ਸੰਸਾਰ ਉਸਦਾ ਦੁਸ਼ਮਣ ਬਣ ਜਾਵੇ ਅਤੇ ਉਸਦੀਆਂ ਵਸਤਾਂ ਦੀ ਵੱਡੀ ਮੰਡੀ ਬੰਦ ਹੋ ਜਾਵੇ। ਇਸੇ ਨਜ਼ਰ ਤੋਂ ਹੀ ਚੀਨ ਨੇ ਭਾਰਤ ਦੇ ਦੱਬੇ ਹੋਏ ਇਲਾਕੇ ਛੱਡਣੇ ਸ਼ੁਰੂ ਕਰ ਦਿੱਤੇ ਹਨ।

ਸੰਸਾਰ ਰਾਜਨੀਤੀ ਵਿੱਚ ਵਾਪਰ ਰਹੀਆਂ ਇਹ ਤਬਦੀਲੀਆਂ ਇਹ ਦਰਸਾਉਂਦੀਆਂ ਹਨ ਕਿ ਪੱਛਮੀ ਜਗਤ ਦੀ ਝੰਡੀ ਸੰਸਾਰ ਰਾਜਨੀਤੀ ਵਿੱਚ ਹਾਲੇ ਹੋਰ ਝੂਲੇਗੀ। ਜਿਹੜੇ ਖੱਬੇਪੱਖੀ ਵਿਦਵਾਨ ਇਹ ਨਾਅਰੇ ਮਾਰਦੇ ਸਨ ਕਿ ਅਮਰੀਕਾ ਤਾਂ ਗਿਆ ਕਿ ਗਿਆ ਅਤੇ ਭਵਿੱਖ ਚੀਨ-ਭਾਰਤ ਦਾ ਹੈ, ਉਨ੍ਹਾਂ ਦੇਖ ਲਿਆ ਕਿ ਪੱਛਮੀ ਜਗਤ ਦੀ ਸਿਆਸੀ ਅਤੇ ਆਰਥਕ ਪਹੁੰਚ ਨੂੰ ਚੁਣੌਤੀ ਦੇਣ ਵਾਲਾ ਹਾਲੇ ਕੋਈ ਨਹੀ। ਵੱਖ ਵੱਖ ਮੁਲਕਾਂ ਵਿੱਚ ਵੰਡੇ ਹੋਣ ਦੇ ਬਾਵਜੂਦ ਵੀ ਇਨ੍ਹਾਂ ਦੇ ਹਿੱਤਾਂ ਦੀ ਸਾਂਝ ਬਹੁਤ ਮਜਬੂਤ ਹੈ। ਆਪਣੇ ਕੌਮੀ ਨਿਆਰੇਪਣ ਨੂੰ ਕਾਇਮ ਰੱਖਦੇ ਹੋਏ ਇਹ ਆਪਣੇ ਸਾਂਝੇ ਹਿੱਤਾਂ ਲਈ ਇੱਕਜੁੱਟ ਹੋ ਜਾਂਦੇ ਹਨ।

ਰੂਸ ਨੇ ਬਹੁਤ ਗਲਤ ਸਮੇਂ ਤੇ ਇਹ ਕਦਮ ਚੁੱਕਿਆ। ਉਸਨੂੰ ਲੱਗਦਾ ਸੀ ਕਿ ਉਹ ਇਕੱਲਾ ਹੀ ਪੱਛਮੀ ਜਗਤ ਨੂੰ ਡਰਾ ਲਵੇਗਾ ਅਤੇ ਪੱਛਮ ਜੰਗ ਵਿੱਚ ਨਹੀ ਕੁਦੇਗਾ, ਪਰ ਪੱਛਮੀ ਮੁਲਕਾਂ ਨੇ ਆਪ ਜੰਗ ਵਿੱਚ ਕੁੱਦਣ ਤੋਂ ਬਿਨਾ ਹੀ ਸੰਸਾਰ ਸਿਆਸਤ ਦੇ ਨਵੇਂ ਨਕਸ਼ ਘੜਨ ਦੀ ਘੜੀ ਸਿਰਜ ਦਿੱਤੀ ਹੈ। ਅਜਿਹੇ ਮੌਕੇ ਤੇ ਆਪਣੇ ਹੋਮਲੈਂਡ ਦੀ ਤਾਂਘ ਵਿੱਚ ਜੀਅ ਰਹੀਆਂ ਬਹੁਤ ਸਾਰੀਆਂ ਕੌਮਾਂ ਦੀਆਂ ਰੀਝਾਂ ਪੂਰੀਆਂ ਹੋ ਜਾਇਆ ਕਰਦੀਆਂ ਹਨ ਜਿਵੇਂ 1991 ਵਿੱਚ ਹੋਈਆਂ ਸਨ।