ਨੌਜਵਾਨੀ ਕਿਸੇ ਵੀ ਕੌਮ ਦਾ ਸਰਮਾਇਆ ਹੁੰਦੀ ਹੈ। ਕਿਸੇ ਜਾਂਬਾਜ ਅਤੇ ਜੁਝਾਰੂ ਕੌਮ ਲਈ ਤਾਂ ਸੁਹਿਰਦ ਨੌਜਵਾਨੀ ਵਾਕਿਆ ਹੀ ਵੱਡੇ ਸਰਮਾਏ ਵਾਂਗ ਹੁੰਦੀ ਹੈ। ਜਦੋਂ ਕੌਮਾਂ ਦੇ ਗਲ ਆਪਣੀ ਹੋਂਦ ਦੀ ਲੜਾਈ ਪੈ ਜਾਂਦੀ ਹੈ ਉਸ ਵੇਲੇ ਨੌਜਵਾਨੀ ਹੀ ਅਗਲੇ ਮੋਰਚਿਆਂ ਤੇ ਬਹੁਪੱਖੀ ਲੜਾਈ ਲੜਦੀ ਹੈ। ਭਾਵੇਂ ਉਹ ਵਿਚਾਰਾਂ ਦੀ ਲੜਾਈ ਹੋਵੇ ਜਾਂ ਫਿਰ ਹਥਿਆਰਾਂ ਦੀ ਲੜਾਈ ਹੋਵੇ। ਅਸੀਂ ਪਿਛਲੇ 40 ਸਾਲਾਂ ਦੇ ਇਤਿਹਾਸ ਦੌਰਾਨ ਸਿੱਖ ਜਵਾਨੀ ਨੂੰ ਇਨ੍ਹਾਂ ਦੋਵਾਂ ਮੋਰਚਿਆਂ ਤੇ ਲੜਦੇ ਵੇਖਿਆ ਹੈ। ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਅਗਵਾਈ ਹੇਠ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਪੰਜਾਬ ਵਿੱਚੋਂ ਬੁਝਦੇ ਜਾ ਰਹੇ ਸਿੱਖੀ ਦੇ ਬੂਟੇ ਨੂੰ ਜਿਸ ਦ੍ਰਿੜਤਾ ਅਤੇ ਦਲੇਰੀ ਨਾਲ ਮੁੜ ਹਰਾ ਭਰਾ ਕੀਤਾ ਉਹ ਅਸੀਂ ਆਪਣੀਆਂ  ਅੱਖਾਂ ਨਾਲ ਵੇਖਿਆ। ਸੰਤ ਜਰਨੈਲ ਸਿੰਘ ਜੀ ਦੀ ਰਹਿਨੁਮਾਈ ਅਤੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਯੋਗ ਅਗਵਾਈ ਹੇਠ ਆਪਣੀ ਹੋਂਦ ਦੀ ਲੜਾਈ ਨੂੰ ਸਿੱਖ ਨੌਜਵਾਨੀ ਦੇ ਜੀਵਨ ਦਾ ਅੰਗ ਬਣਾਇਆ। ਇਨ੍ਹਾਂ ਦੋ ਮਹਾਨ ਸ਼ਖਸ਼ੀਅਤਾਂ ਦੀ ਯੋਗ ਅਗਵਾਈ ਹੇਠ ਫਿਰ ਸਿੱਖ ਜਵਾਨੀ ਨੇ ਨਾ ਕੇਵਲ ਧਰਮ ਪਰਚਾਰ ਅਤੇ ਰਾਜਸੀ ਚੇਤੰਨਤਾ ਦੇ ਦੀਪ ਹੀ ਜਲਾਏ ਬਲਕਿ ਲੋੜ ਪੈਣ ਤੇ ਆਪਣੀ ਹੋਂਦ ਦੀ ਰਾਖੀ ਲਈ ਸਿੱਖ ਜਵਾਨੀ ਟੈਂਕਾਂ ਅਤੇ ਤੋਪਾਂ ਮੂਹਰੇ ਵੀ ਡਟਕੇ ਖੜ੍ਹ ਗਈ। ਇਸੇ ਜਾਗੀ ਹੋਈ ਸਿੱਖ ਜਵਾਨੀ ਨੇ ਫਿਰ ਸਿੱਖ ਕੌਮ ਦੇ ਦੋਖੀ ਪੂਨੇ ਤੋਂ ਲੈਕੇ ਰੋਮਾਨੀਆ ਤੱਕ ਜਾ ਢਾਹੇ।

1984 ਤੋਂ ਬਾਅਦ ਭਾਈ ਗੁਰਜੀਤ ਸਿੰਘ ਅਤੇ ਭਾਈ ਦਲਜੀਤ ਸਿੰਘ ਨੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਯੋਗ ਅਗਵਾਈ  ਕਰਕੇ ਕੌਮੀ ਹੋਂਦ ਦੀ ਲੜਾਈ ਨੂੰ ਨਿਰੰਤਰ ਜਾਰੀ ਰੱਖਿਆ। ਖਾਸ ਕਰ ਭਾਈ ਦਲਜੀਤ ਸਿੰਘ ਨੇ ਫੈਡਰੇਸ਼ਨ ਨੂੰ ਜਿਸ ਰਾਜਸੀ ਅਤੇ ਬੌਧਿਕ ਬੁਲੰਦੀ ਤੇ ਪਹੁੰਚਾਇਆ ਉਹ ਆਪਣੇ ਆਪ ਵਿੱਚ ਇੱਕ ਸੁਨਹਿਰਾ ਇਤਿਹਾਸ ਹੈ। ਇਸੇ ਦੌਰ ਦੌਰਾਨ ਹੀ ਅਸੀਂ ਸਿੱਖ ਜਵਾਨੀ ਨੂੰ ਆਪਣੀ ਹੋਂਦ ਲਈ ਪੁਰਜਾ ਪੁਰਜਾ ਕਟ ਮਰਦੇ ਹੋਏ ਵੀ ਦੇਖਿਆ ਹੈ। ਇਹ ਦੌਰ ਜਾਗੀ ਹੋਈ ਅਤੇ ਚੇਤੰਨ ਹੋਈ ਸਿੱਖ ਜਵਾਨੀ ਦਾ ਦੌਰ ਸੀ।

ਫਿਰ ਖਾੜਕੂ ਲਹਿਰ ਦਾ ਸੂਰਜ ਅਸਤ ਹੋਣ ਤੋਂ ਬਾਅਦ ਸਿੱਖ ਜਵਾਨੀ ਆਗੂ ਰਹਿਤ ਹੋਈ ਕਈ ਕਿਸਮ ਦੀਆਂ ਖੁਦਕੁਸ਼ੀਆਂ ਦੇ ਰਾਹ ਪੈ ਗਈ। ਖਾੜਕੂ ਲਹਿਰ ਦੀ ਹਾਰ ਦਾ ਗਹਿਰਾ ਸਦਮਾ ਕੌਮ ਨੂੰ ਦਹਾਕਿਆਂ ਤੱਕ ਪੀੜਤ ਕਰਦਾ ਰਿਹਾ। ਇਸੇ ਦੌਰ ਦੌਰਾਨ ਹੀ ਸਿੱਖ ਜਵਾਨੀ ਨਾਚ ਗਾਣਿਆਂ ਦੀ ਮਾਨਸਕ ਖੁਦਕੁਸ਼ੀ ਦੇ ਰਾਹ ਪੈ ਗਈ। ਗੁਰੂ ਨਾਲ ਉਸਦਾ ਰਿਸ਼ਤਾ ਕਮਜ਼ੋਰ ਪੈਂਦਾ ਗਿਆ। ਲੰਬੇ ਸਮੇਂ ਤੱਕ ਇੱਕ ਵਿਚਾਰਧਾਰਕ ਦੁਸ਼ਮਣ ਨਾਲ ਰਹਿਣ ਦੀ ਮਜਬੂਰੀ ਕਾਰਨ ਦੁਸ਼ਮਣ ਦੀ ਤਰਜ਼ੇ-ਜਿੰਦਗੀ ਸਿੱਖ ਜਵਾਨੀ ਨੂੰ ਮੋਹਿਤ ਕਰਨ ਲੱਗੀ। ਇੱਕ ਸਮਾਂ ਉਹ ਵੀ ਆਇਆ ਜਦੋਂ ਸਿੱਖ ਬੱਚਿਆਂ ਨੂੰ ਪੰਜਾਬੀ ਗਾਇਕਾਂ ਦੇ ਤਾਂ ਸਾਰੇ ਗੀਤ ਯਾਦ ਸਨ ਪਰ ਪੰਜ ਪਿਆਰਿਆਂ ਜਾਂ ਚਾਰ ਸਾਹਿਬਜ਼ਾਦਿਆਂ ਦੇ ਨਾਵਾਂ ਦਾ ਪਤਾ ਵੀ ਨਹੀ ਸੀ।

ਕਿਸਾਨ ਮੋਰਚੇ ਨੇ ਫਿਰ ਉਹ ਸੁੱਤੀ ਹੋਈ ਕਲਾ ਨੂੰ ਜਗਾਇਆ ਜਦੋਂ ਨੌਜਵਾਨਾਂ ਨੂੰ ਨਸਲਾਂ ਦੀ ਲੜਾਈ ਅਤੇ ਹੋਂਦ ਦੀ ਲੜਾਈ ਦੇ ਅਰਥ ਸਮਝ ਆਉਣ ਲੱਗੇ। ਸਿੱਖ ਜਵਾਨੀ ਫਿਰ ਆਪਣੇ ਗੁਰੂ ਵੱਲ ਮੁੜੀ, ਆਪਣੇ ਇਤਿਹਾਸ ਵੱਲ ਮੁੜੀ ਆਪਣੀਂ ਹੋਂਦ ਬਾਰੇ ਜਾਨਣ ਦੀ ਉਸ ਵਿੱਚ ਚੇਟਕ ਪੈਦਾ ਹੋਈ। ਬਾਬਾ ਬਘੇਲ ਸਿੰਘ ਅਤੇ ਜੱਸਾ ਸਿੱਘ ਆਹਲੂਵਾਲੀਆ ਦੀ ਘਾਲ ਕਮਾਈ ਉਸਦੇ ਹਿਰਦੇ ਵਿੱਚ ਧੂਹ ਪਾਉਣ ਲੱਗੀ। ਕਿਸਾਨ ਮੋਰਚੇ ਦੀ ਹੋਰ ਕੋਈ ਪਰਾਪਤੀ ਰਹੀ ਹੋਵੇ ਜਾਂ ਨਾ ਪਰ ਉਸਨੇ ਸਿੱਖ ਜਵਾਨੀ ਨੂੰ ਆਪਣੀ ਹੋਂਦ ਦੀ ਲੜਾਈ ਅਤੇ ਨਸਲਾਂ ਦੀ ਲੜਾਈ ਬਾਰੇ ਚੇਤੰਨ ਕਰ ਦਿੱਤਾ। ਹੁਣ ਉਹ ਹਰ ਸੰਘਰਸ਼ ਵਿੱਚੋਂ ਆਪਣੀ ਹੋਂਦ ਦੀ ਲੜਾਈ ਨੂੰ ਸਨਮੁੱਖ ਰੱਖਕੇ ਅੱਗੇ ਵਧਦੇ ਹਨ।

ਸਿੱਖ ਜਵਾਨੀ ਦੀ ਇਹ ਚੇਤੰਨਤਾ ਸਾਡਾ ਸਰਮਾਇਆ ਹੈ। ਕੌਮ ਦੀ ਹੋਂਦ ਦੀ ਭਵਿੱਖੀ ਲੜਾਈ ਇਸ ਵਿਸ਼ੇ ਤੇ ਕੇਂਦਰਤ ਹੋਕੇ ਹੀ ਲੜੀ ਜਾਣੀ ਹੈ। ਇਸ ਵਿਸ਼ੇ ਤੇ ਹੋਰ ਮਜਬੂਤ ਅਤੇ ਵਿਚਾਰਧਾਰਕ ਤੌਰ ਤੇ ਸਪਸ਼ਟ ਹੋਣ ਲਈ ਸਿੱਖ ਜਵਾਨੀ ਨੂੰ ਕੁਝ ਸਮਾਂ ਚਾਹੀਦਾ ਹੈ ਜਥੇਬੰਦ ਹੋਣ ਲਈ।  ਬੇਸ਼ੱਕ ਆਗੂ ਸਫਾਂ ਵਿੱਚ ਵਿਚਾਰਧਾਰਕ ਸਪਸ਼ਟਤਾ ਨਿੱਖਰ ਕੇ ਨਜ਼ਰ ਆ ਰਹੀ ਹੈ ਪਰ ਇਸਨੂੰ ਲਹਿਰ ਦੀ ਦੂਜੀ ਅਤੇ ਤੀਜੀ ਕਤਾਰ ਦੀ ਲੀਡਰਸ਼ਿੱਪ ਤੱਕ ਹਸਤਾਂਤਰਿਤ ਕਰਨ ਲਈ ਸਮੇਂ ਦੀ ਲੋੜ ਹੈ। ਸਮਾਂ ਸਾਡੇ ਕੋਲ ਅਗਲੇ ਚਾਰ ਸਾਲਾਂ ਦਾ ਹੈ। ਮੌਜੂਦਾ ਪੰਜਾਬ ਸਰਕਾਰ ਇਸ ਰਾਜ ਦੇ ਇਤਿਹਾਸ ਦੀ ਸਭ ਤੋਂ ਕਮਜੋਰ ਸਰਕਾਰ ਹੈ। ਭਾਵੇਂ ਇਸ ਕੋਲ 92 ਵਿਧਾਇਕ ਹਨ ਪਰ ਹੈ ਬਹੁਤ ਕਮਜ਼ੋਰ। ਇਸ ਸਿਆਸੀ ਕਮਜ਼ੋਰੀ ਦਾ ਫਾਇਦਾ ਅਸੀਂ ਆਪਣੇ ਆਪ ਨੂੰ ਸਿਧਾਂਤਕ ਅਤੇ ਵਿਚਾਰਧਾਰਕ ਤੌਰ ਤੇ ਜਥੇਬੰਦ ਕਰਕੇ ਲੈ ਸਕਦੇ ਹਾਂ।

ਮੇਰੀ ਵਰਤਮਾਨ ਸਮੇਂ ਸਿਆਸੀ ਸਰਗਰਮੀਆਂ ਕਰ ਰਹੀ ਸਿੱਖ ਜਵਾਨੀ ਨੂੰ ਇਹ ਸਨਿਮਰ ਬੇਨਤੀ ਹੈ ਕਿ ਆਪਾਂ ਕੋਈ ਅਜਿਹਾ ਕਦਮ ਨਾ ਪੁੱਟੀਏ ਜਿਸ ਨਾਲ ਇਹ ਸਰਕਾਰ ਅੱਧ ਵਿਚਾਲਿਓਂ ਹੀ ਟੁੱਟ ਜਾਵੇ। ਜਿਨ੍ਹਾਂ ਰਾਜਸੀ ਲੁਟੇਰਿਆਂ ਅਤੇ ਪੰਜਾਬ ਵਿਰੋਧੀਆਂ ਨੂੰ ਇਸ ਰਾਜ ਦੇ ਲੋਕਾਂ ਨੇ ਮਸਾਂ ਗਲੇ ਤੋਂ ਲਾਹਿਆ ਹੈ, ਉਹ ਲਗਾਤਾਰ ਇਹ ਕੋਸ਼ਿਸ਼ ਕਰ ਰਹੇ ਹਨ ਕਿ ਪੰਜਾਬ ਸਰਕਾਰ ਤੋੜ ਦਿੱਤੀ ਜਾਵੇ। ਇਸ ਕਮਜ਼ੋਰ ਸਰਕਾਰ ਦਾ ਚਲਦੇ ਰਹਿਣਾਂ ਸਿੱਖ ਜਵਾਨੀ ਦੀ ਜਥੇਬੰਦਕ ਪਰਪੱਕਤਾ ਲਈ ਬਹੁਤ ਜਰੂਰੀ ਹੈ।

ਪੰਜਾਬ ਵਿੱਚ ਪਿਛਲੇ ਥੋੜ੍ਹੇ ਸਮੇਂ ਦੌਰਾਨ ਹੀ ਤਿੰਨ ਘਟਨਾਵਾਂ ਵਾਪਰੀਆਂ ਹਨ ਜਦੋਂ ਪੰਜਾਬ ਪੁਲਸ ਨੇ ਏਨੇ ਸੰਜਮ ਤੋਂ ਕੰਮ ਲਿਆ ਕਿ ਕਿਸੇ ਵੀ ਸਿੱਖ ਦਾ ਨੁਕਸਾਨ ਨਹੀ ਹੋਣ ਦਿੱਤਾ। ਪਹਿਲੀ ਘਟਨਾ ਸੁਧੀਰ ਸੂਰੀ ਦੇ ਕਤਲ ਦੀ ਸੀ। ਸਮੁੱਚੇ ਮੀਡੀਆ ਅਤੇ ਹਾਰੀ ਹੋਈ ਲੀਡਰਸ਼ਿੱਪ ਨੇ ਇਸਨੂੰ ਹਿੰਦੂ ਸਿੱਖ ਦਾ ਸਵਾਲ ਬਣਾਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਪਰ ਪੰਜਾਬ ਦੇ ਪੁਲਸ ਮੁਖੀ ਗੌਰਵ ਯਾਦਵ ਨੇ ਬਹੁਤ ਸਿਆਣਪ ਨਾਲ ਉਸਨੂੰ ਨਿੱਜੀ ਰੰਜਸ਼ ਦੀ ਘਟਨਾ ਕਹਿਕੇ ਕਿਸੇ ਵੀ ਬੇਲੋੜੇ ਵਿਅਕਤੀ ਦੀ ਗਰਿਫਤਾਰੀ ਨਹੀ ਕੀਤੀ ਅਤੇ ਨਾ ਹੀ ਤਸ਼ੱਦਦ ਕੀਤਾ। ਦੂਜੀ ਘਟਨਾ ਚੰਡੀਗੜ੍ਹ ਦੀ ਹੱਦ ਤੇ ਲੱਗੇ ਮੋਰਚੇ ਦੀ ਹੈ ਜਦੋਂ ਚੰਦੀਗੜ੍ਹ ਪੁਲਸ ਨਾਲ ਲੜਾਈ ਹੋਈ। ਪਰ ਪੰਜਾਬ ਪੁਲਸ ਨੇ ਸਿਰਫ ਕਾਗਜੀ ਕਾਰਵਾਈ ਕਰਦਿਆਂ ਇੱਕ ਰਿਪੋਰਟ ਦਰਜ ਕੀਤੀ ਕੋਈ ਦਹਿਸ਼ਤ ਪਾਉਣ ਦੀ ਕਾਰਵਾਈ ਨਹੀ ਕੀਤੀ। ਤੀਜੀ ਘਟਨਾ ਅਜਨਾਲੇ ਦੇ ਥਾਣੇ ਵਿੱਚ ਹੋਏ ਘਟਨਾਕਰਮ ਦੀ ਹੈ। ਹੁਣ ਸੋਚੋ ਜੇ ਇੱਥੇ ਸਰਕਾਰ ਕੈਪਟਨ ਅਮਰਿੰਦਰ ਦੀ ਹੁੰਦੀ ਜਾਂ ਪਰਕਾਸ਼ ਸਿੰਘ ਬਾਦਲ ਦੀ ਹੁੰਦੀ ਤਾਂ ਘੱਟੋ ਘੱਟ 5 ਵਿਅਕਤੀ ਪੁਲਸ ਦੀ ਗੋਲੀ ਨਾਲ ਮਾਰੇ ਜਾਣੇ ਸਨ। ਬਿਕਰਮ ਮਜੀਠੀਆ ਬਿਨਾ ਕੋਈ ਅਹੁਦਾ ਹੁੰਦੇ ਹੋਏ ਪੁਲਸ ਮੁਖੀ ਨੂੰ ਲਲਕਾਰੇ ਮਾਰ ਰਿਹਾ ਹੈ। ਜੇ ਇਨ੍ਹਾਂ ਦੀ ਸਰਕਾਰ ਹੁੰਦੀ ਤਾਂ ਕੀ ਵਾਪਰਦਾ ਸਮਝਿਆ ਜਾ ਸਕਦਾ ਹੈ।

ਸੋ ਇਨ੍ਹਾਂ ਘਟਨਾਵਾਂ ਨੂੰ ਸਮਝਕੇ ਸਾਨੂੰ ਇਹ ਸਬਕ ਸਿੱਖਣਾਂ ਚਾਹੀਦਾ ਹੈ ਕਿ ਅਸੀਂ ਪੁਲਸ ਅਤੇ ਸਰਕਾਰ ਨਾਲ ਕਿਸੇ ਟਕਰਾਅ ਵਿੱਚ ਨਾ ਆਈਏ ਅਤੇ ਆਪਣੇ ਆਪ ਨੂੰ ਜਥੇਬੰਦ ਕਰਕੇ ਇੱਕ ਵੱਡੀ ਤਾਕਤ ਦੇ ਰੂਪ ਵਿੱਚ ਉਭਰੀਏ। ਸਿੱਖ ਜਵਾਨੀ ਦੇ ਇਸ ਤਾਜ਼ਾ ਉਭਾਰ ਨੇ ਜਿਨ੍ਹਾਂ ਦੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ ਹਨ ਉਹ ਤਾਂ ਚੀਕਣਗੇ ਹੀ। ਮੈਂ ਉਨ੍ਹਾਂ ਵਿੱਚੋਂ ਨਹੀ ਜੋ ਤੁਹਾਡੇ ਮਗਰ ਸ਼ਿਕਾਰੀ      ਵਾਂਗ ਪਏ ਹੋਏ ਹਨ। ਮੈਂ ਤੁਹਾਡੇ ਵਿੱਚੋਂ ਹੀ ਹਾਂ। ਪੰਜਾਬ ਦੀ ਜਵਾਨੀ ਵਿੱਚੋਂ ਇੱਕ ਸੁਨਹਿਰੀ ਆਸ ਦੀ ਕਿਰਨ ਦੇਖਦਾ ਹਾਂ। ਹਰ ਸੰਘਰਸ਼ਸ਼ੀਲ ਵਿੱਚੋਂ ਇੱਕ ਉਮੀਦ ਦੇਖਦਾ ਹਾਂ।

ਇਸੇ ਲਈ ਇੱਕ ਬੇਨਤੀ ਕਰਦਾ ਹਾਂ ਕਿ ਸਿੱਖੀ ਦੇ ਜਬਤ ਵਿੱਚ ਰਹਿੰਦੇ ਹੋਏ ਇੱਕ ਤਾਂ ਗੁਰੂ ਦੇ ਅਦਬ ਨੂੰ ਵੱਟਾ ਨਾ ਲੱਗਣ ਦੇਈਏ ਦੂਜਾ ਮੌਜੂਦਾ ਸਰਕਾਰ ਨਾਲ ਕਿਸੇ ਵੱਡੇ ਟਕਰਾਅ ਵਿੱਚ ਨਾ ਆਈਏ। ਇਸਦੀ ਸਿਆਸੀ ਕਮਜ਼ੋਰੀ ਨੂੰ ਆਪਣੇ ਢਾਂਚੇ ਦੀ ਮਜਬੂਤੀ ਲਈ ਵਰਤੀਏ। ਸ਼ਹਿਜ ਵਿੱਚ ਚੱਲੀਏ। ਰਾਹ ਲੰਬਾ ਹੈ। ਦੁਸ਼ਮਣ ਤਾਕਤਵਰ ਹੈ। ਤੁਹਾਡਾ ਸਬਰ, ਤੁਹਾਡੀ ਦ੍ਰਿੜਤਾ ਅਤੇ ਤੁਹਾਡੀ ਸਿਆਣਪ ਹੀ ਤੁਹਾਨੂੰ ਜਿੱਤ ਦੁਆਵੇਗੀ।

ਭੁੱਲ ਚੁੱਕ ਦੀ ਖਿਮਾ।