ਅਜ਼ਾਦੀ ਦੀ ਰੀਝ ਮਨੁੱਖ ਦੇ ਜਨਮ ਨਾਲ ਹੀ ਪੈਦਾ ਹੋ ਗਈ ਸੀ। ਅਜ਼ਾਦ ਫਿਜ਼ਾ ਵਿੱਚ ਵਿਚਰਨਾ ਮਨੁੱਖ ਨੂੰ ਕੁਦਰਤ ਨੇ ਜਨਮ ਸਮੇਂ ਹੀ ਬਖਸ਼ ਦਿੱਤਾ ਸੀ। ਸਿਰਫ ਮਨੁੱਖ ਨੂੰ ਹੀ ਨਹੀ ਬਲਕਿ ਸਾਰੇ ਪਸ਼ੂ ਪੰਛੀਆਂ ਅਤੇ ਬਨਸਪਤੀ ਨੂੰ ਵੀ ਕੁਦਰਤ ਨੇ ਅਜ਼ਾਦ ਫਿਜ਼ਾ ਵਿੱਚ ਰਹਿਣ ਦੀ ਰੀਝ ਅਤੇ ਵਰ ਬਖਸ਼ਿਸ਼ ਕਰਕੇ ਭੇਜਿਆ ਸੀ। ਆਪਣੇ ਜਨਮ ਸਮੇਂ ਮਨੁੱਖ ਅਜ਼ਾਦ ਫਿਜ਼ਾ ਦੇ ਹੀ ਅਨੰਦ ਮਾਣਦਾ ਸੀ। ਆਪਣੀ ਮੌਜ ਨਾਲ ਜਿੰਦਗੀ ਬਿਤਾਉਂਦਾ ਸੀ। ਨਾ ਕਿਸੇ ਨੂੰ ਦੁਖ ਦੇਂਦਾ ਸੀ ਨਾ ਦੁੱਖ ਸਹਿੰਦਾ ਸੀ।

ਪਰ ਹੌਲੀ ਹੌਲੀ ਜਿਉਂ ਜਿਉਂ ਮਨੁੱਖ ‘ਤਰੱਕੀ’ ਕਰਦਾ ਗਿਆ, ਤਿਉਂ ਤਿਉਂ ਹੀ ਮਨੁੱਖ ਦੀ ਮਨੁੱਖਤਾ ਘਟਦੀ ਗਈ ਅਤੇ ਹੈਵਾਨੀਅਤ ਵਧਦੀ ਗਈ। ‘ਤਰੱਕੀ’ ਨੇ ਮਨੁੱਖ ਵਿੱਚ ਦੂਜੇ ਮਨੁੱਖਾਂ ਨੂੰ ਗੁਲਾਮ ਬਣਾਉਣ ਦੇ ਔਗਣ ਭਰ ਦਿੱਤੇ। ਇੱਕ ਵਾਰ ਪੈਦਾ ਹੋਈ ਇਹ ਪਾਪੀ ਬਿਰਤੀ ਫਿਰ ਵਧਦੀ ਹੀ ਚਲੀ ਗਈ ਅਤੇ ਮਨੁੱਖ ਆਪਣੇ ਹੀ ਸਾਥੀਆਂ ਨੂੰ ਗੁਲਾਮ ਬਣਾਉਣ ਦੇ ਔਝੜ ਰਾਹ ਪੈ ਗਿਆ। ਜਿਉਂ ਜਿuਂ ਉਹ ਆਪਣੇ ਬਾਹੂਬਲ ਨਾਲ ਇਲਾਕੇ ਜਿੱਤਦਾ ਗਿਆ ਤਿਉਂ ਤਿਉਂ ਹੀ ਉਸ ਵਿੱਚ ਇਹ ਲਾਲਸਾ ਵਧਦੀ ਗਈ।

ਪਰ ਇਸਦੇ ਨਾਲ ਹੀ ਗੁਲਾਮੀ ਦੇ ਜੂਲੇ ਹੇਠ ਰਹਿ ਰਹੇ ਲੋਕਾਂ ਵਿੱਚ ਅਜ਼ਾਦ ਹੋਣ ਦੀ ਰੀਝ, ਆਸ ਅਤੇ ਜਜਬਾ ਵੀ ਵਧਦਾ ਗਿਆ। ਅਜ਼ਾਦ ਫਿਜ਼ਾ ਵਿੱਚ ਸਾਹ ਲੈਣ ਵਾਲੇ ਅਤੇ ਆਪਣੀ ਹੋਣੀ ਦੇ ਆਪ ਮਾਲਕ ਮਨੁੱਖ ਜਦੋਂ ਕਿਸੇ ਦੁਖਦਾਈ ਸਥਿਤੀ ਕਾਰਨ ਗੈਰਾਂ ਦੇ ਗੁਲਾਮ ਬਣ ਗਏ ਤਾਂ ਉਨ੍ਹਾਂ ਨੇ ਸਹਿਜੇ ਕੀਤੇ ਉਸ ਗੁਲਾਮੀ ਨੂੰ ਮਾਨਸਿਕ ਤੌਰ ਤੇ ਨਹੀ ਕਬੂਲਿਆ। ਉਹ ਬੇਸ਼ੱਕ ਸਰੀਰਕ ਤੌਰ ਤੇ ਗੁਲਾਮ ਹੋ ਗਏ ਪਰ ਆਪਣੇ ਮਨ ਵਿੱਚ ਅਜ਼ਾਦ ਹੋਣ, ਅਤੇ ਆਪਣੇ ਪੁਰਖਿਆਂ ਵਾਂਗ ਆਪਣੀ ਹੋਣੀ ਦੇ ਆਪ ਮਾਲਕ ਬਣਨ ਦੀ ਰੀਝ ਅਤੇ ਜਜਬਾ ਲਗਾਤਾਰ ਪਾਲਦੇ ਰਹੇ।

ਪੋਲਿਸ਼ ਕੌਮ, ਯੂਨਾਨੀ ਕੌਮ, ਪਠਾਣ ਕੌਮ ਅਤੇ ਯੂਰਪ, ਏਸ਼ੀਆ ਦੀਆਂ ਸੈਂਕੜੇ ਘੱਟ ਗਿਣਤੀਆਂ ਦੀ ਹਜਾਰਾਂ ਸਾਲ ਲੰਬੀ ਅਤੇ ਪੁਰਾਣੀ ਜੱਦੋਜਹਿਦ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਭਾਵੇਂ ਵਕਤੀ ਤੌਰ ਤੇ ਦੁਸ਼ਮਣ ਉਨ੍ਹਾਂ ਦੀਆਂ ਧਰਤੀਆਂ ਤੇ ਦਨਦਨਾਉਂਦੇ ਫਿਰਦੇ ਰਹੇ ਸਨ ਪਰ ਇਨ੍ਹਾਂ ਕੌਮਾਂ ਨੇ ਆਪਣੇ ਮਨ ਵਿੱਚੋਂ ਅਜ਼ਾਦ ਹੋਣ ਦੀ ਰੀਝ ਅਤੇ ਆਸ ਨੂੰ ਮੱਠਾ ਨਾ ਪੈਣ ਦਿੱਤਾ।

ਸਿੱਖ ਕੌਮ ਵਿੱਚੋਂ ਵੀ ਵਾਰ ਵਾਰ ਇਸ ਤਰ੍ਹਾਂ ਦੇ ਝਲਕਾਰੇ ਲਗਾਤਾਰ ਦੇਖਣ ਨੂੰ ਮਿਲਦੇ ਰਹਿੰਦੇ ਹਨ। ਬੇਸ਼ੱਕ ‘ਆਪਣੇ’ ਦੇਸ਼ ਵਿੱਚ ਉਸ ਨੂੰ ਉਹ ਮਾਣ ਸਤਿਕਾਰ ਨਾ ਮਿਲਦਾ ਹੋਵੇ ਪਰ ਜਦੋਂ ਵਿਦੇਸ਼ੀ ਧਰਤੀਆਂ ਤੇ ਸਿੱਖਾਂ ਨੂੰ ਥੋੜ੍ਹੀ ਜਿਹੀ ਵੀ ਪਹਿਚਾਣ ਪ੍ਰਾਪਤ ਹੁੰਦੀ ਹੈ ਤਾਂ ਸਿੱਖਾਂ ਦੇ ਜਜਬਿਆਂ ਦਾ ਹੜ੍ਹ ਵੇਖਣ ਵਾਲਾ ਹੁੰਦਾ ਹੈ।

ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲ਼ੋਂ ਖਾਲਸੇ ਦੇ ਅਵਤਾਰ ਦਿਹਾੜੇ ਮੌਕੇ ਕਨੇਡਾ ਦੀ ਸੰਸਦ ਵਿੱਚ ਕਰਵਾਏ ਗਏ ਧਾਰਮਕ ਸਮਾਗਮ ਨੇ ਸਿੱਖਾਂ ਦੀ ਕੌਮੀ ਰੀਝ ਨੂੰ ਇੱਕ ਵਾਰ ਫਿਰ ਹੁਲਾਰਾ ਦੇ ਦਿੱਤਅ ਹੈ। ਜਦੋਂ ਸਿੱਖਾਂ ਦੇ ਨਿਸ਼ਾਨ ਸਾਹਿਬ ਕਨੇਡਾ ਦੀਆਂ ਸਰਕਾਰੀ ਇਮਾਰਤਾਂ ਤੇ ਝੁਲਣ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ ਤੇ ਆਉਂਦੀਆਂ ਹਨ ਤਾਂ ਸਿੱਖਾਂ ਦੇ ਜਜਬਾਤੀ ਕੁਮੈਂਟ ਦੇਖਣ ਵਾਲੇ ਹੁੰਦੇ ਹਨ। ਉਨ੍ਹਾਂ ਵਿੱਚ ਆਪ ਮੁਹਾਰੇ ਹੀ ਸਰਕਾਰੇ ਖਾਲਸਾ ਦੀਆਂ ਪੁਰਾਣੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ।

ਕਨੇਡਾ ਦੇ ਰੱਖਿਆ ਮੰਤਰੀ ਵੱਜੋਂ ਹਰਜੀਤ ਸਿੰਘ ਸਾਜਨ ਨੂੰ ਮਨੋਨੀਤ ਕਰਨ ਮੌਕੇ, ਹਰਜੀਤ ਸਿੰਘ ਸਾਜਨ ਦੇ ਕਨੇਡਾ ਦੀ ਫੌਜ ਤੋਂ ਸਲਾਮੀ ਲੈਣ ਮੌਕੇ ਅਤੇ ਉਨ੍ਹਾਂ ਦੇ ਅਮਰੀਕੀ ਪ੍ਰਧਾਨ ਬਾਰਕ ਓਬਾਮਾਂ ਨਾਲ ਮੁਲਾਕਾਤ ਕਰਨ ਵੇਲੇ ਦੀਆਂ ਤਸਵੀਰਾਂ ਜਦੋਂ ਸ਼ੋਸ਼ਲ ਮੀਡੀਆ ਤੇ ਪ੍ਰਕਾਸ਼ਿਤ ਹੁੰਦੀਆਂ ਹਨ ਤਾਂ ਸਿੱਖ ਮਨ ਵਿੱਚ ਇੱਕ ਵਾਰ ਫਿਰ ਅਜ਼ਾਦੀ ਦੀ ਰੀਝ ਅਤੇ ਸੁਪਨਾ ਜਾਗ ਪੈਂਦਾ ਹੈ। ਉਸ ਵੇਲੇ ਉਹ ਖਾਲਸਾਈ ਰੰਗ ਵਿੱਚ ਰੰਗ ਕੇ ਟਿੱਪਣੀਆਂ ਕਰਦੇ ਹਨ।

ਬੇਸ਼ੱਕ ਕਨੇਡਾ ਦੇ ਪ੍ਰਧਾਨ ਮੰਤਰੀ ਦੀਆਂ ਕੋਸ਼ਿਸ਼ਾਂ ਮਹਿਜ਼ ਇੱਕ ਵੋਟ ਰਾਜਨੀਤੀ ਹੀ ਹੋਣ ਪਰ ਜਦੋਂ ਵੀ ਖਾਲਸਾਈ ਨਿਸ਼ਾਨਾ ਨੂੰ ਕੌਮਾਂਤਰੀ ਤੌਰ ਤੇ ਕੋਈ ਮਾਨਤਾ ਮਿਲਦੀ ਹੈ ਤਾਂ ਸਿੱਖ ਕੌਮ ਦੀਆਂ ਰੀਝਾਂ ਅਤੇ ਉਮੰਗਾਂ ਦਾ ਜਵਾਰਭਾਟਾ ਇੱਕਦਮ ਬਾਹਰ ਆ ਜਾਂਦਾ ਹੈ।

ਜੇਮਜ਼ ਸੀ ਸਕਾਟ ਕਹਿੰਦਾ ਹੈ ਕਿ ਕੌਮਾਂ ਬਹੁਤੀ ਵਾਰ ਆਪਣੇ ਸੁਪਨੇ ਨੂੰ ਦਹਾਕਿਆਂ ਤੱਕ ਆਪਣੇ ਮਨ ਵਿੱਚ ਸੰਭਾਲੀ ਰੱਖਦੀਆਂ ਹਨ, ਉਹ ਕਿਸੇ ਗੈਰ ਕੋਲ ਆਪਣੇ ਮਨ ਦੀ ਬਾਤ ਨਹੀ ਕਰਦੀਆਂ। ਕਈ ਵਾਰ ਕੌਮਾਂ ਦੀ ਇਸ ਖਾਮੋਸ਼ੀ ਤੋਂ ਲਗਦਾ ਹੈ ਕਿ ਕੌਮ ਦੀ ਮਾਨਸਿਕਤਾ ਬੰਜਰ ਹੋ ਗਈ ਹੈ ਪਰ ਵਕਤ ਆਉਣ ਤੇ ਕੌਮਾਂ ਦੇ ਜਜਬਾਤ ਆਪਣੇ ਆਪ ਜਾਗ ਪੈਂਦੇ ਹਨ। ਜਿਨ੍ਹਾਂ ਨੇ ਕਿਸੇ ਵੇਲੇ ਆਪਣੀ ਧਰਤੀ ਤੇ ਰਾਜ ਕੀਤਾ ਹੁੰਦਾ ਹੈ ਉਹ ਕੌਮਾਂ ਉਸ ਸੁਨਹਿਰੇ ਵੇਲੇ ਨੂੰ ਲਗਾਤਾਰ ਯਾਦ ਰੱਖਦੀਆਂ ਹਨ।

ਉਹ ਆਖਦਾ ਹੈ ਕਿ ਕੌਮਾਂ ਦੀ ਖਾਮੋਸ਼ੀ ਉਸਦੇ ਜਵਾਰਭਾਟੇ ਦੀ ਨਿਸ਼ਾਨੀ ਹੁੰਦੀ ਹੈ। ਉਨ੍ਹਾਂ ਦਾ ਸਹਿਜ ਕਿਸੇ ਵੱਡੀ ਜੰਗ ਦੀ ਤਿਆਰੀ ਹੁੰਦੀ ਹੈ।

ਇਸੇ ਕਰਕੇ ਦੁਨੀਆਂ ਦੀਆਂ ਘੱਟ-ਗਿਣਤੀਆਂ ਲਗਾਤਾਰ ਦਾਬੇ ਦੇ ਖਿਲਾਫ ਸੰਘਰਸ਼ ਕਰਦੀਆਂ ਰਹਿੰਦੀਆਂ ਹਨ।