ਸਾਡੇ ਗੁਰੂਆਂ ਅਤੇ ਸ਼ਹੀਦਾਂ ਦੀ ਧਰਤੀ ਇੱਕ ਵਾਰ ਫਿਰ ਦੁਸ਼ਮਣ ਦੇ ਨਿਸ਼ਾਨੇ ਤੇ ਹੈ। ਬੇਸ਼ੱਕ ਸਾਡੇ ਪਿਉ ਦਾਦਿਆਂ ਦੀ ਇਹ ਪਵਿੱਤਰ ਧਰਤੀ ਵੈਸੇ ਤਾਂ ਕਦੇ ਵੀ ਦੁਸ਼ਮਣ ਦੀਆਂ ਕੈਰੀਆਂ ਅੱਖਾਂ ਤੋਂ ਪਰ੍ਹੇ ਨਹੀ ਰਹੀ ਪਰ ਇਹ ਦਿਨ ਫਿਰ ਮੇਰੇ ਦੇਸ਼ ਪੰਜਾਬ ਲਈ ਕਾਫੀ ਦੁਖਦਾਈ ਦਿਨ ਬਣ ਗਏ ਪ੍ਰਤੀਤ ਹੋ ਰਹੇ ਹਨ। ਸਿਰਫ ਇਹ ਦਿਨ ਹੀ ਨਹੀ ਬਲਕਿ ਪੰਜਾਬ ਦਾ ਆਉਣ ਵਾਲਾ ਭਵਿੱਖ ਮੇਰੀ ਕੌਮ ਲਈ ਕਾਫੀ ਦੁਖਾਂ ਭਰਿਆ ਹੋ ਸਕਦਾ ਹੈ ਕਿਉਂਕਿ ਦਿੱਲੀ ਦਰਬਾਰ ਦੀ ਸੱਤਾ ਤੇ ਕਾਬਜ ਹੋਏ ਸੱਜਣਾਂ ਨੇ ਇੱਕ ਵਾਰ ਫਿਰ ਪੰਜਾਬ ਨੂੰ ਆਪਣੇ ਨਿਸ਼ਾਨੇ ਤੇ ਲੈ ਲਿਆ ਹੈ। ਪੰਜਾਬ ਵਿੱਚ ਦਿੱਲੀ ਵੱਲ਼ੋਂ ਇੱਕ ਵਾਰ ਫਿਰ ਸਿੱਖਾਂ ਦੇ ਲਹੂ ਦੀ ਹੋਲੀ ਖੇਡਣ ਦੀਆਂ ਵਿਉੁਂਤਾਂ ਬਣਾ ਲਈਆਂ ਗਈਆਂ ਹਨ। ਦੀਨਾਨਗਰ ਦੇ ਪੁਲਿਸ ਥਾਣੇ ਤੇ ਕਰਵਾਇਆ ਗਿਆ ਹਮਲਾ ਦਿੱਲੀ ਦਰਬਾਰ ਦੇ ਘਿਨਾਉਣੇ ਮਨਸੂਬਿਆਂ ਦੀ ਦੱਸ ਪਾਉਂਦਾ ਹੈ। ਦਿੱਲੀ, ਪੰਜਾਬ ਨੂੰ ਉਸਦੇ ਬਣਦੇ ਹੱਕ ਦੇਣ ਲਈ ਵੀ ਰਾਜ਼ੀ ਨਹੀ ਹੈ। ਪੰਜਾਬ ਦਾ ਮਸਲਾ ਦਿੱਲੀ ਵਾਲਿਆਂ ਨੇ ਆਪਣੀਆਂ ਕਿਤਾਬਾਂ ਵਿੱਚੋਂ ਹਮੇਸ਼ਾ ਲਈ ਖਤਮ ਕਰ ਦਿੱਤਾ ਹੈ। ਭਾਰਤੀ ਸੱਤਾ ਦੇ ਵਰਕਿਆਂ ਵਿੱਚੋਂ ਪੰਜਾਬ ਦੇ ਹੱਕੀ ਸਰੋਕਾਰਾਂ ਦੇ ਸਾਰੇ ਵਰਕੇ ਪਾੜ ਦਿੱਤੇ ਗਏ ਹਨ।

ਪੰਜਾਬ ਹੁਣ ਦਿੱਲੀ ਲਈ ਨਵੀਂ ਕਤਲਗਾਹ ਬਣ ਸਕਦੀ ਹੈ।ਦਿੱਲੀ ਦੀ ਨਫਰਤ ਦਾ ਜੋ ਕਹਿਰ ਪੰਜਾਬ ਨੇ ਪਿਛਲੇ ਦਹਾਕਿਆਂ ਤੱਕ ਆਪਣੇ ਪਿੰਡੇ ਤੇ ਹੰਢਾਇਆ ਦਿੱਲੀ ਉਸ ਨੂੰ ਫਿਰ ਦੁਹਰਾਉਣ ਲਈ ਯਤਨਸ਼ੀਲ ਹੈ। ਸਿੱਖਾਂ ਦੇ ਨਿਆਰੇਪਣ ਦੀ ਕੋਈ ਵੀ ਹੂਕ ਦਿੱਲੀ ਨੂੰ ਚੰਗੀ ਨਹੀ ਲਗਦੀ। ਇਸੇ ਲਈ ਦੇਸ਼ ਦਾ ਸਾਰਾ ਮੀਡੀਆ, ਸਾਰੀਆਂ ਅਦਾਲਤਾਂ ਅਤੇ ਲਗਭਗ ਸਾਰੀਆਂ ਰਾਜਸੀ ਪਾਰਟੀਆਂ ਦਿੱਲੀ ਵਾਲਿਆਂ ਨੇ ਆਪਣੇ ਹੱਕ ਵਿੱਚ ਕਰ ਲਈਆਂ ਹਨ। ਪਿਛਲੇ ਇੱਕ ਸਾਲ ਤੋਂ ਦਿੱਲੀ ਦੇ ਪਿਆਦੇ ਇਸੇ ਕਸਰਤ ਵਿੱਚ ਲੱਗੇ ਹੋਏ ਹਨ। ਇੱਕ ਸਿੱਖ ਪ੍ਰਧਾਨ ਮੰਤਰੀ ਨਾਲ ਦਿੱਲੀ ਦੇ ਜਿਹੜੇ ਪਿਆਦੇ ਆਪਣੇ ਮਨ ਦੀ ਭੜਾਸ ਨਹੀ ਸੀ ਕੱਢ ਸਕਦੇ ਉਹ ਹੁਣ ਮਿਸਟਰ ਨਰਿੰਦਰ ਮੋਦੀ ਰਾਹੀਂ ਕੱਢੀ ਜਾਵੇਗੀ।

ਪੰਜਾਬ ਨੂੰ ਇਹ ਸਬਕ ਦਿੱਤਾ ਜਾਵੇਗਾ ਕਿ ਉਸਨੇ ਜੇ ਜਿਉਣਾਂ ਹੈ ਤਾਂ ਸਿਰ ਝuਕਾ ਕੇ ਜੀਵੇ ਵਰਨਾ, ਜੰਮੂ ਕਸ਼ਮੀਰ ਤੋਂ ਜਾਂ ਫਿਰ ਪਾਕਿਸਤਾਨ ਤੋਂ ਅਜਿਹੇ ਬੰਦੇ ਤਿਆਰ ਕਰਕੇ ਲਿਆਂਦੇ ਜਾਣਗੇ ਜੋ ਸ਼ਕਲ ਪੱਖੋਂ ਸਿੱਖ ਹੋਣਗੇ ਪਰ ਅਸਲ ਵਿੱਚ ਪੰਜਾਬ ਨੂੰ ਸਿੱਖਾਂ ਦੀ ਕਤਲਗਾਹ ਬਣਾਉਣ ਦੀਆਂ ਦਿੱਲੀ ਦੀਆਂ ਖਾਹਸ਼ਾਂ ਤੇ ਫੁਲ ਚੜ੍ਹਾਉਣਗੇ। ਮੀਡੀਆ ਵਿੱਚ ਹਾਹਾ ਕਾਰ ਮਚਾਈ ਜਾਵੇਗੀ ਅਤੇ ਪੰਜਾਬ ਦੀ ਨਵੀਂ ਪੀੜ੍ਹੀ ਜੋ ਨਸ਼ਿਆਂ ਦੇ ਹਮਲੇ ਵਿੱਚੋਂ ਬਚਕੇ ਆਪਣੇ ਗੁਰੂ ਅਤੇ ਆਪਣੇ ਇਤਿਹਾਸ ਨਾਲ ਜੁੜ ਰਹੀ ਹੈ ਉਸਨੂੰ ਇੱਕ ਵਾਰ ਸਾਫ ਕਰਨ ਦਾ ਬੀੜਾ ਚੁੱਕਿਆ ਜਾਵੇਗਾ।

ਪੰਜਾਬ ਵਾਲਾ ਕੰਡਾ ਦਿੱਲੀ ਦੇ ਨਵੇਂ ਹਾਕਮ ਹਮੇਸ਼ਾ ਲਈ ਕੱਢ ਦੇਣਾਂ ਚਾਹੁੰਦੇ ਹਨ ਕਿਉਂਕਿ ਪੰਜਾਬ ਹੀ ਹੈ ਜੋ ਦੇਸ਼ ਵਿੱਚ ਵੀ ਅਤੇ ਵਿਦੇਸ਼ਾਂ ਵਿੱਚ ਵੀ ਦਿੱਲੀ ਦੇ ਕਦਮ ਡੱਕਦਾ ਹੈ। ਏਨੇ ਵੱਡੇ ਬਹੁਮਤ ਨਾਲ ਸੱਤਾ ਵਿੱਚ ਆਏ ਸੱਤਾ ਦੇ ਪਿਆਸੇ ਲੋਕ ਆਪਣੇ ਮਨ ਵਿੱਚ ਪੰਜਾਬ ਲਈ ਕੀ ਖਾਹਸ਼ਾਂ ਪਾਲ ਰਹੇ ਹਨ ਸਿੱਖਾਂ ਦੇ ਦਰਦਮੰਦ ਅਤੇ ਸੂਝਵਾਨ ਹਿੱਸਿਆਂ ਨੂੰ ਹੁਣ ਉਹ ਬੁਝਾਰਤਾਂ ਬੁੱਝ ਲੈਣੀਆਂ ਚਾਹੀਦੀਆਂ ਹਨ ਵਰਨਾ ਗੁਰੂ ਸਾਹਿਬ ਦੇ ਨਕਸ਼ੇ ਕਦਮਾਂ ਤੇ ਕੱਲ ਰਹੀ ਪੰਜਾਬ ਦੀ ਤੀਜੀ ਪੀੜ੍ਹੀ ਦੇ ਕਤਲੇਆਮ ਨੂੰ ਕੋਈ ਰੋਕ ਨਹੀ ਸਕੇਗਾ।

ਸਿੱਖ ਪੰਥ ਦੇ ਦਰਦਮੰਦ ਹਿੱਸੇ ਕਿਤੇ ਇਸ ਭੁਲੇਖੇ ਵਿੱਚ ਨਾ ਰਹਿਣ ਕਿ ਹੁਣ ਸੰਸਾਰ ਦੀਆਂ ਹਾਲਤਾਂ ਬਦਲ ਗਈਆਂ ਹਨ ਤੇ ਹੁਣ ਪੰਜਾਬ ਵਿੱਚ ਸਿੱਖਾਂ ਦਾ ਕਤਲੇਆਮ ਨਹੀ ਹੋ ਸਕਦਾ। ਸਾਡੇ ਸਾਹਮਣੇ ਇਜ਼ਰਾਈਲ ਹਰ ਨਵੇਂ ਦਿਨ ਹਜਾਰਾਂ ਫਲਸਤੀਨੀਆ ਦਾ ਘਾਣ ਕਰ ਰਿਹਾ ਹੈ ਅਤੇ ਸੰਯੁਕਤ ਰਾਸ਼ਟਰ ਦੀਆਂ ਜਾਂਚਾਂ ਨੂੰ ਵੀ ਟਿੱਚ ਜਾਣ ਰਿਹਾ ਹੈ।

ਦਿੱਲੀ ਦੇ ਤਾਜਦਾਰਾਂ ਦੀਆਂ ਇਛਾਵਾਂ ਸਾਨੂੰ ਬਹੁਤ ਖਤਰਨਾਕ ਲੱਗ ਰਹੀਆਂ ਹਨ। ਵਾਹਿਗੁਰੂ ਭਲੀ ਕਰਨ ਕਿ ਕੌਮ ਦੀ ਤੀਜੀ ਪੀੜ੍ਹੀ ਨੂੰ ਉਸ ਦਰਦਨਾਕ ਹਾਲਤ ਵਿੱਚੋਂ ਨਾ ਗੁਜਰਨਾ ਪਵੇ ਜਿਸ ਵਿੱਚੋਂ ੧੯੮੪ ਤੋਂ ਬਾਅਦ ਵਾਲੀ ਪੀੜ੍ਹੀ ਨੂੰ ਗੁਜਰਨਾ ਪਿਆ। ਚੁਣੌਤੀ ਭਾਵੇ ਉਸ ਕਿਸਮ ਦੀ ਹੀ ਹੈ ਪਰ ਫਿਰ ਵੀ ਛੋਟੇ ਛੋਟੇ ਮਾਸੂਮ ਨੌਜਵਾਨਾਂ ਦੇ ਅਨਭੋਲ ਜਜਬਿਆਂ ਦੇ ਜਿਬਾਹ ਹੋਣ ਦਾ ਖਿਆਲ ਮਨ ਨੂੰ ਝੰਜੋੜ ਦੇਂਦਾ ਹੈ।

ਮੇਰੇ ਸਤਿਗੁਰੂ ਪੰਜਾਬ ਅਤੇ ਪੰਥ ਤੇ ਮਿਹਰ ਦਾ ਹੱਥ ਰੱਖੀਂ ਵਰਨਾ ਦੁਸ਼ਮਣ ਦੇ ਇਰਾਦੇ ਨੇਕ ਨਹੀ ਹਨ।