ਦੇਸ ਪੰਜਾਬ ਨੂੰ ਫਿਰ ਤੋਂ ਘੇਰਾ ਪੈ ਗਿਆ ਹੈ। ਭਾਰਤ ਦੀ ਸਰਕਾਰ ਚਲਾਉਣ ਵਾਲਿਆਂ ਨੇ ਸ਼ਾਇਦ ਦੇਸ ਪੰਜਾਬ ਦੇ ਵਾਸੀਆਂ ਦਾ ਇਮਤਿਹਾਨ ਲੈਣ ਦਾ ਫੈਸਲਾ ਕਰ ਲਿਆ ਹੈ। ਆਖਿਆ ਜਾਂਦਾ ਹੈ ਕਿ ਪੰਜਾਬ ਦੇ ਜਾਇਆਂ ਨੂੰ ਨਿੱਤ ਮੁਹਿੰਮਾਂ। ਇਸ ਤਰ੍ਹਾਂ ਮਹਿਸੂਸ ਹੁੰਦਾ ਸੀ ਕਿ ਪੰਜਾਬ ਨੂੰ ਸ਼ਾਇਦ 1980ਵਿਆਂ ਵਾਲੇ ਦਿਨ ਹੁਣ ਨਾ ਦੇਖਣੇ ਪੈਣ। ਪਰ ਕਸ਼ਮੀਰ ਨੂੰ ਪੈਰਾਂ ਪਰਨੇ ਕਰਨ ਤੋਂ ਬਾਅਦ ਦੇਸ਼ ਦੇ ਸੱਤਾਧਾਰੀਆਂ ਦੀ ਅੱਖ ਪੰਜਾਬ ਉੱਤੇ ਪੈ ਗਈ ਹੈ।

ਪਿਛਲੇ ਦਿਨੀ ਭਾਰਤ ਸਰਕਾਰ ਨੇ ਇੱਕ ਹੁਕਮ ਜਾਰੀ ਕਰਕੇ ਪੰਜਾਬ ਦੇ ਵੱਡੇ ਹਿੱਸੇ ਨੂੰ ਬਾਰਡਰ ਸਕਿਉਰਿਟੀ ਫੋਰਸ ਦੇ ਹਵਾਲੇ ਕਰ ਦਿੱਤਾ ਹੈ। ਨਸ਼ਿਆਂ ਦੇ ਕਾਰੋਬਾਰ ਨੂੰ ਠੱਲ੍ਹ ਪਾਉਣ ਦੇ ਨਾਅ ਤੇ ਭਾਰਤ ਸਰਕਾਰ ਨੇ ਬਾਰਡਰ ਸਕਿਉਰਿਟੀ ਫੋਰਸ ਨੂੰ ਇਹ ਅਧਿਕਾਰ ਦੇ ਦਿੱਤਾ ਹੈ ਕਿ ਉਹ ਪੰਜਾਬ ਦੀ ਸਰਹੱਦ ਤੋਂ 50 ਕਿਲੋਮੀਟਰ ਦੇ ਘੇਰੇ ਦੇ ਅੰਦਰ ਕਿਸੇ ਨੂੰ ਵੀ ਗਰਿਫਤਾਰ ਕਰ ਸਕਦੀ ਹੈ ਅਤੇ ਕਿਸੇ ਨੂੰ ਵੀ ਪੁੱਛਗਿੱਛ ਲਈ ਸੱਦ ਸਕਦੀ ਹੈ। ਕਿਸੇ ਵੀ ਫੜੇ ਗਏ ਵਿਅਕਤੀ ਬਾਰੇ ਪੰਜਾਬ ਦੀ ਸਰਕਾਰ ਜਾਂ ਪੰਜਾਬ ਦਾ ਪਰਸ਼ਾਸ਼ਨ ਕੋਈ ਕਾਰਵਾਈ ਨਹੀ ਕਰ ਸਕਦਾ। ਉਸਦੀ ਜਿੰਦਗੀ ਬਾਰੇ ਕੇਂਦਰੀ ਏਜੰਸੀਆਂ ਹੀ ਫੈਸਲਾ ਕਰਨਗੀਆਂ।

ਇੱਕ ਰਾਜਨੀਤਿਕ ਵਿਦਵਾਨ ਨੇ ਆਖਿਆ ਹੈ ਕਿ ਜਿਹੜੀਆਂ ਕੌਮਾਂ,ਰਾਜਸ਼ਾਹੀ ਤੋਂ ਪੂੰਜੀਵਾਦ ਦੇ ਦੌਰ ਦੀ ਤਬਦੀਲੀ ਦੌਰਾਨ ਆਪਣੀ ਕਿਸਮਤ ਨਹੀ ਘੜ ਸਕੀਆਂ ਉਹ ਬਦਕਿਸਮਤ ਕੌਮਾਂ ਹਨ। ਉਨ੍ਹਾਂ ਨੂੰ ਜਾਂ ਤਾਂ ਪੂੰਜੀਵਾਦੀ ਸਿਸਟਮ ਦੀ ਗੁਲਾਮੀ ਸਹਿਣੀ ਪਵੇਗੀ ਜਾਂ ਫਿਰ ਪਰੋਲੇਤਾਰੀ ਸਿਸਟਮ ਦੀ। ਸਹਿਣੀ ਉਨ੍ਹਾਂ ਨੇ ਗੁਲਾਮੀ ਹੀ ਹੈ। ਇਹ ਸ਼ਬਦ ਅਸੀਂ ਕਿਸੇ ਨਿਰਾਸ਼ਾ ਵਿੱਚੋਂ ਨਹੀ ਲਿਖ ਰਹੇ। ਸਾਡੇ ਸਾਹਮਣੇ ਅਧੀਨਗੀ ਦੇ ਖਿਲਾਫ ਦੁਨੀਆਂ ਦੇ ਇਤਿਹਾਸ ਵਿੱਚ ਲੜੀ ਗਈ ਅਸਾਵੀਂ ਜੰਗ ਦਾ ਸ਼ਾਨਾਮੱਤਾ ਇਤਿਹਾਸ ਪਿਆ ਹੈ। ਪਰ ਅਸੀਂ ਆਪਣੀ ਕੌਮ ਦੇ ਉਨ੍ਹਾਂ ਮਾਸੂਮ ਬੱਚਿਆਂ ਨੂੰ ਅਗਾਹ ਕਰ ਰਹੇ ਹਾਂ ਜਿਨ੍ਹਾਂ ਨੇ 21ਵੀਂ ਸਦੀ ਦੇ ਭਾਰਤ ਦੇ ਹਾਕਮਾਂ ਦੀ ਖੰਡ ਵਿੱਚ ਲਿਪਟੀ ਅਧੀਨਗੀ ਦਾ ਦੁਖ ਸਹਿਣਾਂ ਹੈ।

ਇਸ ਮੌਕੇ ਤੇ ਜੋ ਹੁਕਮ ਪਾਸ ਕੀਤੇ ਗਏ ਹਨ ਉਹ ਪੰਜਾਬ ਲਈ ਇਸ ਕਰਕੇ ਮਾਰੂ ਨਜ਼ਰ ਆ ਰਹੇ ਹਨ ਕਿ ਜਿਹੜੀ ਧਿਰ ਨੇ ਪਿਛਲੇ ਦਹਾਕਿਆਂ ਦੌਰਾਨ ਪੰਜਾਬ ਨੂੰ ਅਧੀਨ ਬਣਾਉਣ ਦੇ ਖਿਲਾਫ ਜੰਗ ਲੜੀ ਸੀ ਉਹ ਧਿਰ ਇਸ ਵੇਲੇ ਆਪਣੀ ਔਧ ਗਵਾ ਚੁੱਕੀ ਹੈ। ਅਕਾਲੀ ਦਲ ਨੂੰ ਜਿਹੜੇ ਆਗੂ ਚਲਾ ਰਹੇ ਹਨ ਉਨ੍ਹਾਂ ਨੇ ਪਾਰਟੀ   ਵਿੱਚੋਂ ਕੁਰਬਾਨੀ ਦਾ ਜਜਬਾ ਹੀ ਖਤਮ ਕਰ ਦਿੱਤਾ ਹੈ । ਹੁਣ ਅਕਾਲੀ ਦਲ ਵਿੱਚ ਕੋਈ ਪੰਜਾਬ ਦੀ ਅਜ਼ਮਤ ਬਚਾਉਣ ਲਈ ਭਰਤੀ ਨਹੀ ਹੁੰਦਾ ਬਲਕਿ ਸੱਤਾ ਦੇ ਬੁੱਲੇ ਲੁੱਟਕੇ ਅਯਾਸ਼ੀਆਂ ਕਰਨ ਲਈ ਸ਼ਾਮਲ ਹੁੰਦਾ ਹੈ। ਸਾਡਾ ਫਿਕਰ ਇਸ ਲਈ ਗੰਭੀਰ ਹੋ ਰਿਹਾ ਹੈ ਕਿ ਭਾਰਤੀ ਸਟੇਟ ਨੇ ਅਕਾਲੀ ਦਲ ਨੂੰ ਬਿਲਕੁਲ ਨਿਪੁੰਸਕ ਕਰਕੇ ਅਤੇ ਉਸਦੀ ਸੰਘਰਸ਼ ਕਰਨ ਦੀ ਸਾਰੀ ਸ਼ਕਤੀ ਨੂੰ ਨਿਚੋੜ ਕੇ ਹੁਣ ਪੰਜਾਬ ਉੱਤੇ ਵਾਰ ਕੀਤਾ ਹੈ । ਵਰਨਾ ਪੰਜਾਬ ਨੇ 1975 ਦੀ ਐਮਰਜੰਸੀ ਦੇ ਖਿਲਾਫ ਵੀ ਸ਼ਾਨਾਮੱਤਾ ਸੰਘਰਸ਼ ਲੜਿਆ ਅਤੇ 1984 ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਹਰ ਜਬਰ ਦਾ ਟਾਕਰਾ ਕਰਕੇ ਪੰਜਾਬ ਦੀ ਅਜ਼ਮਤ ਨੂੰ ਬਚਾਉਣ ਦਾ ਯਤਨ ਕੀਤਾ।

ਸੱਤਾਧਾਰੀਆਂ ਦੇ ਮਨਸੂਬੇ ਅਸਲ ਵਿੱਚ ਕੀ ਹਨ ਇਸ ਬਾਰੇ ਭਾਵੇਂ ਪੰਜਾਬ ਪੱਖੀ ਮੀਡੀਆ ਵਿੱਚ ਬਹਿਸ ਚੱਲ ਰਹੀ ਹੈ ਪਰ ਇਹ ਬਹਿਸ ਆਪਣੇ ਕੇਂਦਰੀ ਨੁਕਤੇ ਤੋਂ ਦੂਰ ਜਾ ਰਹੀ ਪਰਤੀਤ ਹੋ ਰਹੀ ਹੈ। ਹਾਲੇ ਵੀ ਪੰਜਾਬੀ ਮੀਡੀਆ ਪੰਜਾਬ ਦੇ ਬਸ਼ਿੰਦਿਆਂ ਨੂੰ ਕੇਂਦਰੀ ਸਰਕਾਰ ਦੇ ਅਸਲ ਮਨਸੂਬਿਆਂ ਦੀ ਜਾਣਕਾਰੀ ਨਹੀ ਦੇ ਰਿਹਾ। ਉਹ ਸਮੱਸਿਆ ਦੇ ਆਲੇ ਦੁਆਲੇ ਹੀ ਘੁੰਮਦਾ ਨਜ਼ਰ ਆ ਰਿਹਾ ਹੈ।

ਸਾਨੂੰ ਮਹਿਸੂਸ ਹੋ ਰਿਹਾ ਹੈ ਕਿ ਕਸ਼ਮੀਰ ਵਾਲੀ ਸਫਲਤਾ ਤੋਂ ਬਾਅਦ ਕੇਂਦਰੀ ਹਾਕਮ ਪੰਜਾਬ ਨਾਲ ਵੀ ਸਪਸ਼ਟ ਲਕੀਰਾਂ ਖਿੱਚਣ ਦੀ ਤਿਆਰੀ ਵਿੱਚ ਹਨ। ਉਨ੍ਹਾਂ ਨੇ ਸਾਰੇ ਹੋਮਵਰਕਰ ਲਿਆ ਹੋਇਆ ਹੈ ਅਤੇ ਹੁਣ ਇਸ ਪਹਿਲੇ ਟੀਕੇ ਤੋਂ ਬਾਅਦ ਉਹ ਪੰਜਾਬ ਦੇ ਗਲ ਵਿੱਚ ਆਪਣਾਂ ਰੱਸਾ ਕਸਦੇ ਜਾਣਗੇ।

ਪੰਜਾਬ ਦੀ ਨਵੀਂ ਪੀੜ੍ਹੀ ਨੂੰ ਕਿਸੇ ਨਵੇਂ ਸੰਘਰਸ਼ ਲਈ ਮੈਦਾਨ ਵਿੱਚ ਨਿੱਤਰਨਾ ਪੈ ਸਕਦਾ ਹੈ। ਜਦੋਂ ਗੱਲ ਆਪਣੀ ਮਾਂ ਧਰਤੀ ਦੀ ਹੋਂਦ ਅਤੇ ਕੌਮ ਦੀ ਅਜ਼ਮਤ ਦੀ ਆ ਜਾਵੇ ਉਸ ਵੇਲੇ ਘੱਟ ਗਿਣਤੀ ਕੌਮ ਲਈ ਸੰਘਰਸ਼ ਦਾ ਹੀ ਰਾਹ ਬਚਦਾ ਹੈ।

ਵਾਹਿਗੁਰੂ ਮੇਰੀ ਕੌਮ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ।