੧੯੯੩ ਵਿੱਚ ਹਾਵਰਡ ਯੂਨੀਵਰਸਿਟੀ ਦੇ ਵਿਦਵਾਨ ਸੈਮੂਅਲ ਹਟਿੰਗਟਨ ਦੇ ਚਰਚਿਤ ਥਸਿਸ ‘ਦੀ ਕਲੈਸ਼ ਆਫ ਸਿਵਲਾਈਜ਼ੇਸ਼ਨਜ਼’ ਵਿੱਚ ਇਹ ਵਿਚਾਰ ਉਭਾਰਿਆ ਗਿਆ ਸੀ ਕਿ ਸੰਸਾਰ ਭਰ ਵਿੱਚ ਸੰਸਾਰੀਕਰਨ ਦੀ ਪ੍ਰਕਿਰਿਆ ਸ਼ੁਰੂ ਹੋਣ ਵਾਲੀ ਹੈ ਅਤੇ ਕੌਮੀ ਸਰਕਾਰਾਂ ਦਾ ਸੰਕਲਪ ਖਤਮ ਹੋਣ ਵਾਲਾ ਹੈ। ਉਸ ਨੇ ਇਸ ਅਧਾਰ ਤੇ ਆਪਣੇ ਥਸਿਸ ਨੂੰ ਅੱਗੇ ਵਧਾਇਆ ਸੀ ਕਿ ਸੰਸਾਰ ਭਰ ਵਿੱਚ ਵੱਡੀਆਂ ਮਲਟੀ-ਨੈਸ਼ਨਲ ਕੰਪਨੀਆਂ ਦਾ ਏਨਾ ਵੱਡਾ ਵਿਸਥਾਰ ਹੋ ਰਿਹਾ ਹੈ ਕਿ ਉਨ੍ਹਾਂ ਦਾ ਬਜਟ ਮੁਲਕਾਂ ਤੋਂ ਵੀ ਵੱਡਾ ਹੈ, ਉਨ੍ਹਾਂ ਕੋਲ ਤਕਨੀਕੀ ਨੈਟਵਰਕ ਸਰਕਾਰਾਂ ਨਾਲੋਂ ਵੀ ਵਸੀਹ ਹਨ ਅਤੇ ਉਨ੍ਹਾਂ ਦੀ ਕਾਬਲੀਅਤ ਸਰਕਾਰਾਂ ਦੀ ਕਾਬਲੀਅਤ ਨੂੰ ਮਾਤ ਪਾਉਂਦੀ ਹੈ। ਉਨ੍ਹਾਂ ਇਹ ਗੱਲ ਵੀ ਉਭਾਰੀ ਸੀ ਕਿ ਸੰਸਾਰ ਭਰ ਵਿੱਚ ਸ਼ਕਤੀ ਦੇ ਵੱਡੇ ਕੇਂਦਰਾਂ (Power Blocks) ਦੀ ਟੁੱਟਭੱਜ ਅਤੇ ਨਵੇਂ ਸ਼ਕਤੀ ਕੇਂਦਰਾਂ ਦਾ ਉਭਾਰ ਸੰਸਾਰ ਨੂੰ ਇੱਕ ਦੂਜੇ ਤੇ ਨਿਰਭਰ (interdependent) ਕੌਮਾਂਤਰੀ ਸਿਸਟਮ ਵੱਲ ਲੈ ਕੇ ਜਾ ਰਿਹਾ ਹੈ। ਉਨ੍ਹਾਂ ਦਾ ਇਹ ਵੀ ਕਹਿਣਾਂ ਸੀ ਕਿ ਸੂਚਨਾ ਦੇ ਸਾਧਨਾਂ ਵਿੱਚ ਆ ਰਹੀ ਇਨਕਲਾਬੀ ਤਬਦੀਲੀ ਸੰਸਾਰ ਨੂੰ ਇੱਕੋ ਜਿਹੀ ਸ਼ਕਲ ਵਾਲਾ ਪਿੰਡ ਬਣਾ ਦੇਵੇਗੀ ਅਤੇ ਸਾਰੀਆਂ ਕੌਮੀ ਭਾਵਨਾਵਾਂ ਖਤਮ ਹੋ ਜਾਣਗੀਆਂ।

ਕਿਉਂਕਿ ਇਹ ਥੀਸਸ ਵੱਡੇ ਮੁਲਕ ਦੀ ਵੱਡੀ ਯੂਨੀਵਰਸਿਟੀ ਵਿੱਚੋਂ ਆਇਆ ਸੀ ਇਸ ਲਈ ਛੋਟੀਆਂ ਕੌਮਾਂ ਦੇ ਵਿਦਵਾਨਾਂ ਤੇ ਇਸਦਾ ਅਸਰ ਕਾਫੀ ਜਿਆਦਾ ਹੋਇਆ। ਯੂਰਪੀ ਯੂਨੀਅਨ ਨੂੰ ਇਸਦੀ ਪਹਿਲੀ ਕਿਰਨ ਵੱਜੋਂ ਦੇਖਿਆ ਜਾਣ ਲੱਗਾ। ਇਸ ਗੱਲ ਵਿੱਚ ਕੋਈ ਸ਼ੱਕ ਨਹੀ ਹੈ ਕਿ ਸੰਸਾਰ ਰਾਜਨੀਤੀ ਅਤੇ ਆਰਥਿਕਤਾ ਵਿੱਚ ਇੱਕ ਅਜਿਹਾ ਵਰਤਾਰਾ ਸਾਹਮਣੇ ਆ ਰਿਹਾ ਹੈ ਜਿਸਨੇ ਸੰਸਾਰ ਵਪਾਰ, ਪ੍ਰਮਾਣੂੰ ਰੋਕ ਸੰਧੀ, ਡਿਪਲੋਮੈਟਿਕ ਭਾਸ਼ਾ, ਕਲਾ ਦੇ ਸਟਾਇਲ, ਫੈਸ਼ਨ ਅਤੇ ਟੈਲੀਵਿਜ਼ਨ ਚੈਨਲਾਂ ਦੇ ਪ੍ਰੋਗਰਾਮਾ ਵਿੱਚ ਇਕਸਾਰਤਾ ਲੈ ਆਂਦੀ ਹੈ। ਪਰ ਕੀ ਇਹ ਵਰਤਾਰਾ ਕੁਝ ਅਜਿਹਾ ਲੈ ਕੇ ਆ ਰਿਹਾ ਹੈ ਜਿਸ ਨਾਲ ਦੁਨੀਆਂ ਦੇ ਹਰ ਕੋਨੇ ਵਿੱਚ ਬੈਠੇ ਲੋਕ ਅਸਲੀ ਤੌਰ ਤੇ ਨਾ ਕਿ ਮਸਨੂਈ ਤੌਰ (superficial) ਤੇ ਇਕੱਠੇ ਹੁੰਦੇ ਦਿਸ ਰਹੇ ਹਨ? ਇਤਿਹਾਸਕਾਰ ਦੱਸਦੇ ਹਨ ਕਿ ਸੰਸਾਰੀਕਰਨ ਦਾ ਇਹ ਵਰਤਾਰਾ ਕੋਈ ਨਵਾਂ ਕਰਿਸ਼ਮਾ ਨਹੀ ਹੈ ਬਲਕਿ ਸਿਕੰਦਰ ਤੋਂ ਲੈ ਕੇ ਰੋਮਾਨੀਆ ਦੇ ਲੋਕਾਂ ਦੇ ਰੂਸੀਕਰਨ ਤੱਕ ਸੰਸਾਰ ਇਤਿਹਾਸ ਵਿੱਚ ਅਜਿਹੇ ਵਰਤਾਰੇ ਲਗਾਤਾਰ ਚਲਦੇ ਰਹੇ ਹਨ ਜਿੱਥੇ ਵੱਡੀਆਂ ਤਾਕਤਾਂ ਆਪਣੀ ਸੱਭਿਆਚਾਰਕ ਪਹੁੰਚ ਸੰਸਾਰ ਦੇ ਦੂਜੇ ਲੋਕਾਂ ਤੇ ਥੋਪਦੀਆਂ ਰਹੀਆਂ ਹਨ।

ਸੰਸਾਰ ਭਰ ਵਿੱਚ ਆਪਣੀ ਸੱਭਿਆਚਾਰਕ ਚੌਧਰ ਜਮਾਉਣ ਦਾ ਇਹ ਵਰਤਾਰਾ ਬੁੱਧ ਧਰਮ, ਇਸਲਾਮ ਅਤੇ ਇਸਾਈਅਤ ਵੱਲੋਂ ਹਰ ਮੁਲਕ ਵਿੱਚ ਆਪਣੇ ਝੰਡੇ ਗੱਡਣ ਦੀ ਪਰਵਿਰਤੀ ਜਿਹਾ ਹੀ ਹੈ। ਇਹ ਰਵਾਇਤ ਸਦੀਆਂ ਤੋਂ ਚੱਲ ਰਹੀ ਹੈ।

ਯੂਰਪ ਦੇ ਸੰਦਰਭ ਵਿੱਚ ਅਸੀਂ ਜਦੋਂ ਦੇਖਦੇ ਹਾਂ ਤਾਂ ਉਪਰੋਂ ਥੋਪੀ ਜਾ ਰਹੀ ਯੂਰਪੀ ਏਕਤਾ ਦਾ ਕੋਈ ਇਤਿਹਾਸਕ ਅਧਾਰ ਨਹੀ ਬਣਦਾ। ਯੂਰਪ ਵਿੱਚ ਬੇਸ਼ੱਕ ਇੱਕ ਪਾਸਪੋਰਟ ਦੇ ਜਰੀਏ ਵੱਖ-ਵੱਖ ਮੁਲਕਾਂ ਵਿੱਚ ਘੁੰਮਣ ਫਿਰਨ ਦਾ ਅਜ਼ਾਦੀ ਮਿਲ ਗਈ ਹੈ ਪਰ ਯੂਰਪੀ ਯੂਨੀਅਨ ਦੇ ਇਸ ਪ੍ਰਜੈਕਟ ਵਿੱਚ ਏਨੀਆਂ ਵਜੂਦ ਸਮੋਈਆਂ ਕਮਜ਼ੋਰੀਆਂ ਹਨ ਕਿ ਕੋਈ ਵੀ ਕੌਮ ਆਪਣੇ ਕੌਮੀ ਚਰਿੱਤਰ ਨੂੰ ਆਪਣੇ ਇਤਿਹਾਸ, ਆਪਣੀਆਂ ਰਵਾਇਤਾਂ ਅਤੇ ਆਪਣੇ ਨਾਇਕਾਂ ਨੂੰ ਛੱਡਕੇ ਕਿਸੇ ਕਾਸਮੋਪੋਲੀਟਨ ਕਲਚਰ ਨੂੰ ਅਪਨਾਉਣ ਨੂੰ ਤਿਆਰ ਨਹੀ ਹੈ। ਭਾਸ਼ਾ ਦੇ ਅਧਾਰ ਤੇ ਯੂਰਪ ਵਿੱਚ ਵੱਡੀਆਂ ਵੰਡਾਂ ਹਨ। ਲੈਟਿਨ, ਜਰਮਨ ਅਤੇ ਸਲਾਵ-ਪਰਿਵਾਰ ਦੀਆਂ ਭਾਸ਼ਾਵਾਂ ਵਿੱਚ ਜਮੀਨ ਅਸਮਾਨ ਦਾ ਫਰਕ ਹੈ। ਕਿਸੇ ਸਾਂਝੀ ਭਾਸ਼ਾ ਦੇ ਅਧਾਰ ਤੇ ਯੂਨੀਅਨ ਸਿਰਜਣ ਦੇ ਈਲੀਟ ਰਾਜਨੀਤੀਵਾਨਾਂ ਦੇ ਸੁਪਨੇ ਵੱਡੇ ਯਤਨਾਂ ਦੇ ਬਾਵਜੂਦ ਅਧੂਰੇ ਹੀ ਹਨ।

ਇਸ ਸਬੰਧੀ ਦੂਜਾ ਅੜਿੱਕਾ ਸੱਭਿਆਚਾਰਕ ਭੂਗੋਲ (Cultural Geography) ਅਤੇ ਇਲਾਕਾਈ ਇਤਿਹਾਸਕ ਚਿੰਨ੍ਹ (Territorial Symbolism) ਹੈ।

ਧਰਮ ਯੂਰਪੀ ਯੂਨੀਅਨ ਦੇ ਪ੍ਰਜੈਕਟ ਵਿੱਚ ਹੋਰ ਵੱਡਾ ਅੜਿੱਕਾ ਹੈ। ਇਸਦੀਆਂ ਜੜ੍ਹਾਂ ਇਤਿਹਾਸ ਦੀਆਂ ਡੂੰਘਾਣਾਂ ਵਿੱਚ ਪਈਆਂ ਹਨ ਜਿਸ ਕਾਰਨ ਇਸ ਧਰਤੀ ਦੇ ਲੋਕ ਆਪਣੇ ਆਪ ਨੂੰ ਨਾ ਤਾਂ ਮੁਸਲਮਾਨ ਮੰਨਦੇ ਹਨ ਅਤੇ ਨਾ ਹੀ ਯਹੂਦੀ। ਇਸਦੇ ਨਾਲ ਹੀ ਈਸਾਈਅਤ ਦੀਆਂ ਅੰਦਰੂਨੀ ਖਿੱਚੋਤਾਣਾਂ ਹਨ ਪੱਛਮੀ ਈਸਾਈਅਤ (ਕੈਥੋਲਿਕ ਅਤੇ ਪ੍ਰੋਟੈਸਟੈਂਟ) ਅਤੇ ਪੂਰਬੀ ਈਸਾਈਅਤ (ਪੂਰਬੀ ਆਰਥੋਡੌਕਸੀ) ਦਰਮਿਆਨ ਇਤਿਹਾਸਕ ਉਲਝਣਾਂ ਹਨ ਜਿਨ੍ਹਾਂ ਨੂੰ ਛੱਡਣ ਲਈ ਕੋਈ ਵੀ ਤਿਆਰ ਨਹੀ ਹੈ। ਹੰਗਰੀ ਦੇ ਲੋਕ ਪੱਛਮੀ ਈਸਾਈਅਤ ਨਾਲ ਸਬੰਧ ਜੋੜਦੇ ਹਨ ਜਿਸ ਲਈ ਉਹ ਇੱਕ ਹਜ਼ਾਰ ਸਾਲ ਪੁਰਾਣੀ ਇਤਿਹਾਸਕ ਰਵਾਇਤ ਦਾ ਹਵਾਲਾ ਦੇਂਦੇ ਹਨ ਦੂਜੇ ਪਾਸੇ ਰੂਸ ਗਰੀਕੀ ਆਰਥੋਡੌਕਸੀ ਦੇ ਨੇੜੇ ਢੁਕਦਾ ਹੈ ਇਸ ਨਾਲ ਗਰੀਸ ਲਈ ਹੀ ਨਹੀ ਬਲਕਿ ਸਰਬੀਆ ਲਈ ਵੀ ਉਲਝਣਾਂ ਖੜ੍ਹੀਆਂ ਹੋ ਰਹੀਆਂ ਹਨ।

ਇਹ ਸਾਰੀਆਂ ਇਤਿਹਾਸਕ ਰਵਾਇਤਾਂ ਹਨ ਜੋ ਯੂਰਪੀ ਲੋਕਾਂ ਦੇ ਲਹੂ ਵਿੱਚ ਦੌੜ ਰਹੀਆਂ ਹਨ। ਬੈਲਜੀਅਮ ਵਿੱਚ ਬੈਠੇ ਕੁਝ ਕੁ ਰਾਜਨੀਤੀਵਾਨਾਂ ਦੀਆਂ ਲੱਖਾਂ ਕੋਸ਼ਿਸਾਂ ਦੇ ਬਾਵਜੂਦ ਆਪਣੇ ਕੌਮੀ ਇਤਿਹਾਸ ਨਾਲੋਂ ਯੂਰਪ ਦੇ ਲੋਕਾਂ ਦਾ ਰਿਸ਼ਤਾ ਨਹੀ ਟੁੱਟ ਰਿਹਾ ਜਾਂ ਇਹ ਕਹਿ ਲਵੋਂ ਕਿ ਉਹ ਸਾਂਝੀਆਂ ਕੌਮੀ ਯਾਦਾਂ, ਰਵਾਇਤਾਂ ਅਤੇ ਕੌਮੀ ਇਤਿਹਾਸ ਨਾਲੋਂ ਯੂਰਪ ਦੇ ਲੋਕਾਂ ਨੂੰ ਤੋੜ ਨਹੀ ਸਕੇ। ਇਸ ਨਾਲ ਡਿਪਲੋਮੈਟਿਕ ਤੌਰ ਤੇ ਥੋਪੇ ਜਾ ਰਹੇ ਸਿਸਟਮ ਦਾ ਖੋਖਲਾਪਣ ਸਾਹਮਣੇ ਆੁਉਂਦਾ ਹੈ। ਕਿਸੇ ਵੀ ਕੌਮ ਉਤੇ ਤੁਸੀਂ ਕੋਈ ਵਰਤਾਰਾ Superficially ਥੋਪ ਨਹੀ ਸਕਦੇ।

ਯੂਰਪੀ ਬੱਚਿਆਂ ਦਾ ਯੂਰਪੀ ਦੇ ਤੌਰ ਤੇ ਵਿਕਾਸ ਸਿਖਿਆ ਦੇ ਮਾਧਿਅਮ ਰਾਹੀਂ ਹੀ ਹੋਣਾਂ ਹੈ। ਇਹ ਗੱਲ ਯੂਰਪੀ ਯੂਨੀਅਨ ਤੈਅ ਨਹੀ ਕਰਦੀ ਕਿ ਜਰਮਨ ਬੱਚਿਆਂ ਨੂੰ ਕੀ ਇਤਿਹਾਸ ਪੜ੍ਹਾਇਆ ਜਾਵੇਗਾ ਅਤੇ ਬ੍ਰਿਟਿਸ਼ ਬੱਚਿਆਂ ਨੂੰ ਕਿਹੜਾ। ਇਹ ਫੈਸਲਾ ਕੌਮੀ ਸਰਕਾਰਾਂ ਕਰਦੀਆਂ ਹਨ। ਇੱਕੋ ਯੂਰਪੀ ਯੂਨੀਅਨ ਵਿੱਚ ਰਹਿੰਦੇ ਹੋਏ ਵੀ ਬ੍ਰਿਟਿਸ਼ ਅਤੇ ਜਰਮਨ ਬੱਚੇ ਇੱਕ ਦੂਜੇ ਦੇ ਵਿਰੋਧ ਵਿੱਚ ਹੋਈ ਇਤਿਹਾਸਕ ਸਰਗਰਮੀ ਨਾਲ ਵੱਡੇ ਹੁੰਦੇ ਹਨ। ਇਸੇ ਤਰ੍ਹਾਂ ਹਰ ਦੇਸ਼ ਦਾ ਮੀਡੀਆ ਆਪਣੇ ਮੁਲਕ ਦੇ ਇਤਿਹਾਸ ਅਤੇ ਇਤਿਹਾਸਕ ਸਰੋਤਾਂ ਤੇ ਮਾਣ ਕਰਦਾ ਹੈ। ਵਿਦੇਸ਼ ਨੀਤੀ ਦੇ ਮਾਮਲੇ ਵਿੱਚ ਕਿਸੇ ਵੀ ਯੂਰਪੀ ਮੁਲਕ ਦੀ ਪਹੁੰਚ ਦੂਜੇ ਨਾਲ ਨਹੀ ਮਿਲਦੀ। ਬਰਤਾਨੀਆ ਇਰਾਕ ਵਿਰੋਧੀ ਜੰਗ ਵਿੱਚ ਅਮਰੀਕਾ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਸੀ, ਜਰਮਨ ਅਤੇ ਫਰਾਂਸ ਸਿਰਫ ਮੂੰਹ ਦਿਖਾਉਣ ਲਈ ਨਾਲ ਸਨ। ਹੁਣ ਸੀਰੀਆ ਦੇ ਮਾਮਲੇ ਵਿੱਚ ਵੀ ਬਰਤਾਨੀਆ, ਜਰਮਨ ਅਤੇ ਫਰਾਂਸ ਦੇ ਵੱਖੋ ਵੱਖਰੇ ਰੁਖ ਹਨ। ਪਿਛਲੇ ਦਿਨੀ ਜਦੋਂ ਬਰਤਾਨਵੀ ਵਿਦੇਸ਼ ਮੰਤਰੀ ਨੇ ਸੰਸਦ ਵਿੱਚ ਯੂਰਪੀ ਯੂਨੀਅਨ ਤੋਂ ਵੱਖ ਹੋਣ ਦਾ ਮਤਾ ਪੇਸ਼ ਕੀਤਾ ਤਾਂ ਇਸ ਵਿੱਚ ਉਸ ਨੇ ਇਸ ਗੱਲ ਤੇ ਜੋਰ ਦਿੱਤਾ ਕਿ ਯੂਰਪੀ ਯੂਨੀਅਨ ਸਾਡੀ ਕੌਮੀ ਪ੍ਰਭੂਸੱਤਾ ਦੇ ਰਾਹ ਵਿੱਚ ਅੜਿੱਕਾ ਹੈ। ੯ ਅਗਸਤ ੨੦੧੫ ਨੂੰ ਬਰਤਾਨਵੀ ਸਰਕਾਰ ਨੇ ਸਪੇਨ ਨੂੰ ਚਿਤਾਵਨੀ ਦਿੱਤੀ ਕਿ ਸਪੇਨ ਉਸਦੇ ਸਮੁੰਦਰ ਲਾਗੇ ਵਸੀ ਬਰਤਾਨਵੀ ਬਸਤੀ ਜਿਬਰਾਲਟਰ ਵਿੱਚ ਦਖਲਅੰਦਾਜ਼ੀ ਨਾ ਕਰੇ। ਹੁਣ ਜਿਬਰਾਲਟਰ ਲਗਭਗ ਹਜਾਰ ਮੀਲ ਦੂਰ ਹੈ ਬਰਤਾਨੀਆ ਤੋਂ, ਕੋਈ ਭੂਗੋਲਿਕ ਸੰਪਰਕ ਨਹੀ ਹੈ ਪਰ ਦਾਅਵਾ ਬਰਤਾਨੀਆ ਦਾ ਹੈ। ਇਹ ਨੇਸ਼ਨ ਸਟੇਟ ਦੇ ਖਤਮ ਹੋਣ ਦੀ ਕਹਾਣੀ ਨਹੀ ਹੈ ਬਲਕਿ ਸੰਸਾਰੀਕਰਨ ਨੇ ਤਾਂ ਕੌਮੀ ਇਤਿਹਾਸ ਨਾਲ ਲੋਕਾਂ ਦੀ ਖਿੱਚ ਹੋਰ ਮਜਬੂਤ ਕਰ ਦਿੱਤੀ ਹੈ। ਜਿਉਂ ਜਿਉਂ ਸਰਕਾਰਾਂ ਦਾ ਲੋਕਾਂ ਦੀ ਸਮਾਜਿਕ ਜਿੰਦਗੀ ਵਿੱਚ ਦਖਲ ਵਧ ਰਿਹਾ ਹੈ ਤਿਉਂ ਤਿਉਂ ਉਹ ਆਪਣੇ ਸਾਂਝੇ ਇਤਿਹਾਸ ਆਪਣੀਆਂ ਸਾਂਝੀਆਂ ਰਵਾਇਤਾਂ ਅਤੇ ਆਪਣੇ ਕੌਮੀ ਨਾਇਕਾਂ ਨਾਲ ਮੋਹ ਪਿਆਰ ਵਧਾਉਣ ਲੱਗ ਪਏ ਹਨ। ਯੂਰਪੀ ਯੂਨੀਅਨ ਅਤੇ ਇਸ ਕਾਰਨ ਪੈਦਾ ਹੋਣ ਵਾਲੇ ਵੱਡੇ ਸੰਸਾਰ ਜਾਂ ਕੌਮੀ ਮੁਲਕਾਂ ਦੇ ਖਾਤਮੇ ਸਬੰਧੀ ਅਸੀਂ ਦੋ ਵਿਦਵਾਨਾਂ ਦੀਆਂ ਟੂਕਾਂ ਪੇਸ਼ ਕਰ ਰਹੇ ਹਾਂ ਜਿਸ ਨਾਲ ਸਾਰੀ ਸਥਿਤੀ ਆਪਣੇ ਆਪ ਸਪਸ਼ਟ ਹੋ ਜਾਵੇਗੀ। ਇਸ ਨਾਲ ਇਹ ਵੀ ਸਪਸ਼ਟ ਹੋਵੇਗਾ ਕਿ ਨਵੇਂ ਮੁਲਕ ਬਣਾਉਣ ਦੀ ਲੋੜ ਕਿਉਂ ਪੈਂਦੀ ਹੈ ਅਤੇ ਦੁਨੀਆਂ ਨੂੰ ਇੱਕੋ ਮੁਲਕ ਬਣਾਉਣ ਦੇ ਕੀ ਖਤਰੇ ਹੋ ਸਕਦੇ ਹਨ। ਪਹਿਲੀ ਟੂਕ ਪੰਡਤ ਜਵਾਹਰ ਲਾਲ ਨਹਿਰੂ ਦੀ ਹੈ ਜੋ ਉਨ੍ਹਾਂ ਆਪਣੀ ਕਿਤਾਬ ‘Towards Freedom’ ਵਿੱਚ ਦਰਜ ਕੀਤੀ ਹੈ। ਪੰਡਤ ਨਹਿਰੂ ਆਖਦੇ ਹਨ-
Reformism was an impossible solution of any vital problem at a critical moment when the basic structure had to be changed, and, however slow the progress might be later on, the initial step must be a complete break with the existing order, which had fulfilled its purpose and was now only a drag on the future progress.

ਇਸੇ ਤਰ੍ਹਾਂ ਬਰਤਾਨਵੀ ਵਿਦਵਾਨ ਲਾਰਡ ਐਕਟਨ ਨੇ ੧੮੬੨ ਵਿੱਚ ਅਜ਼ਾਦੀ ਬਾਰੇ ਲਿਖੇ ਆਪਣੇ ਇੱਕ ਲੇਖ ਵਿੱਚ ਆਖਿਆ-
A State which is incompetent to satisfy different races condemns itself; a State which labours to neutralize, to absorb or to expel them, destroys its own vitality; a State which does not include them is destitute of the chief basis of self-governance…….if the freedom of the State was sacrificed to the safety of the individual, the more immediate object was, at least in theory attained.