ਵੀਹ ਵਰ੍ਹੇ ਪਹਿਲਾਂ ਅਮਰੀਕੀ ਫੌਜ ਦੀ ਅਗਵਾਈ ਵਾਲੇ ਹਮਲੇ ਵਿਚ ਹਾਰਨ ਤੋਂ ਬਾਅਦ ਸੱਤਾ ਤੋਂ ਲਾਂਭੇ ਕੀਤੇ ਗਏ ਤਾਲਿਬਾਨ ਨੇ ਪੰਦਰਾਂ ਅਗਸਤ ਨੂੰ ਮੁੜ ਅਫਗਾਨਿਸਤਾਨ ’ਤੇ ਕਬਜ਼ਾ ਕਰ ਲਿਆ।ਇਸ ਜੰਗ ਨੂੰ ਜਿੱਤਣਾ ਤਾਲਿਬਾਨ ਦੇ ਲਈ ਅਸਾਨ ਕਦਮ ਹੋ ਸਕਦਾ ਹੈ, ਪਰ ਪਿਛਲੇ ਕਈ ਦਹਾਕਿਆਂ ਤੋਂ ਜੰਗਾਂ ਰਾਹੀ ਬਰਬਾਦ ਹੋਏ ਅਫਗਾਨਿਸਤਾਨ ਵਿਚ ਸ਼ਾਂਤੀ ਸਥਾਪਿਤ ਕਰਨੀ ਅਤੇ ਗੜਬੜੀ ਵਾਲੇ ਇਲਾਕਿਆਂ ਵਿਚ ਸੱਤਾ ਸਥਾਪਿਤ ਕਰਨਾ ਇਕ ਮੁਸ਼ਕਿਲ ਕੰਮ ਸਾਬਿਤ ਹੋਵੇਗਾ।ਹੁਣ ਜਦੋਂ ਤਾਲਿਬਾਨ ੨੦੦੧ ਤੋਂ ਬਾਅਦ ਦੂਜੀ ਵਾਰ ਅਫਗਾਨਿਸਤਾਨ ਦੇ ਅਠੱਤੀ ਮਿਲੀਅਨ ਲੋਕਾਂ ਉੱਪਰ ਰਾਜ ਕਰਨ ਦੀ ਤਿਆਰੀ ਕਰ ਰਹੇ ਹਨ, ਉਨ੍ਹਾਂ ਦੇ ਸਾਹਮਣੇ ਅਨੇਕਾਂ ਚੁਣੌਤੀਆਂ ਹਨ।ਮੁਸ਼ਕਿਲਾਂ ਅਤੇ ਚੁਣੌਤੀਆਂ ਅਫਗਾਨਿਸਤਾਨ ਦਾ ਅਟੱੁਟ ਹਿੱਸਾ ਹਨ ਜੋ ਕਿ ਕੇਂਦਰੀ ਅਤੇ ਦੱਖਣੀ ਏਸ਼ੀਆ ਦੇ ਫਰੰਟੀਅਰ ਤੇ ਸਥਿਤ ਹੈ।ਇਸ ਦਾ ਜਿਆਦਾਤਰ ਹਿੱਸਾ ਠੰਢਾ ਰੇਗਿਸਤਾਨ ਹੈ ਜਿਸ ਵਿਚ ਹਿੰਦੂ-ਕੁਸ਼ ਪਰਬਤ ਦੀਆਂ ਚੋਟੀਆਂ ਦੀ ਉਚਾਈ ਵੀਹ ਹਜ਼ਾਰ ਫੁੱਟ ਤੱਕ ਹੈ।ਇਸ ਨੂੰ ਮੌਤ ਦੇ ਰੇਗਿਸਤਾਨ ਵਜੋਂ ਵੀ ਜਾਣਿਆ ਜਾਂਦਾ ਹੈ।ਇਹ ਇਸ ਤਰਾਂ ਘਿਰਿਆ ਹੋਇਆ ਦੇਸ਼ ਹੈ ਜਿਸ ਦੀ ਸਰਹੱਦ ਸਮੁੰਦਰ ਨਾਲ ਨਹੀਂ ਲੱਗਦੀ, ਪਰ ਜੋ ਪੂਰੀ ਦੁਨੀਆ ਅਤੇ ਧਰਮਾਂ ਲਈ ਖੁੱਲ੍ਹਾ ਰਿਹਾ ਹੈ।ਅਫਗਾਨਿਸਤਾਨ ਇਕ ਘੁੰਮਣ ਵਾਲੇ ਦਰਵਾਜੇ ਦੀ ਤਰ੍ਹਾਂ ਰਿਹਾ ਹੈ ਜਿਸ ਰਾਹੀ ਸਿਕੰਦਰ ਦੀ ਯੂਨਾਨੀ ਫੌਜ, ਹਿੰਦੂ ਧਰਮ, ਬੁੱਧ ਧਰਮ ਅਤੇ ਇਸਲਾਮ ਇਸ ਅੰਦਰ ਦਾਖ਼ਿਲ ਹੋਏ।

ਆਧੁਨਿਕ ਸਾਮਰਾਜਾਂ ਰਾਹੀ ਇਸ ਦੇ ਰਾਜਨੀਤਿਕ ਪਰਿਦ੍ਰਿਸ਼ ਵਿਚ ਮਹੱਤਵਪੂਰਨ ਬਦਲਾਅ ਆਏ। ਰੁਡਆਰਡ ਕਿਪਲੰਿਗ ਦੀਆਂ ਲਿਖਤਾਂ ਵਿਚ ਇਸ ਬਾਰੇ ਵਿਸਥਾਰ ਵਿਚ ਵਰਣਨ ਮਿਲਦਾ ਹੈ।ਕੇਂਦਰੀ ਏਸ਼ੀਆ ਵਿਚ ਰੂਸ ਅਤੇ ਬ੍ਰਿਟੇਨ ਦੀ ਆਪਸੀ ਦੁਸ਼ਮਣੀ ਨੇ ਹੀ ਐਂਗਲੋ-ਅਫਗਾਨ ਯੁੱਧਾਂ (ਪਹਿਲਾ ੧੮੩੯-੧੮੪੨, ਦੂਜਾ ੧੮੭੮-੮੦ ਅਤੇ ਆਖਰੀ ੧੯੧੯) ਨੂੰ ਜਨਮ ਦਿੱਤਾ।ਵੀਹਵੀਂ ਸਦੀ ਵਿਚ ਅਮਰੀਕਾ ਅਤੇ ਸੋਵੀਅਤ ਯੂਨੀਅਨ ਦੀ ਵੱਡੀਖੇਡ ਕਰਕੇ ਸ਼ੀਤ ਯੁੱਧ ਸਮੇਂ ਇਹ ਕੇਂਦਰਿਤ ਜ਼ੋਨ ਬਣ ਗਿਆ।ਮੌਜੂਦਾ ਸਮੇਂ ਵਿਚ ਇਹ ਤਾਲਿਬਾਨ ਦੇ ਕਬਜ਼ੇ ਤੋਂ ਇਤਿਹਾਸਿਕ ਪਲ ਦੀਆਂ ਬਰੂਹਾਂ ‘ਤੇ ਖੜਾ ਹੈ ਅਤੇ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ।ਕੀ ਉਨ੍ਹਾਂ ਦੀ ਸੱਤਾ ਉਨ੍ਹਾਂ ਦੇ ਫੌਜੀ ਬਲਾਂ ਨੂੰ ਅਫਗਾਨਿਸਤਾਨ ਦੀ ਸਥਿਤੀ ਅਨੁਸਾਰ ਢਾਲ ਪਾਵੇਗੀ ਕਿਉਂਕਿ ਹੁਣ ਤੱਕ ਉਨ੍ਹਾਂ ਦਾ ਵਰਤਾਰਾ ਬਹੁਤ ਹੀ ਹਿੰਸਕ ਰਿਹਾ ਹੈ।ਕੀ ਉਹ ਸਚੁਮੱਚ ਨਾਗਰਕਿ ਸਮਾਜ ਪ੍ਰਦਾਨ ਕਰ ਸਕਣਗੇ ਜਿਸ ਵਿਚ ਅਫਗਾਨ ਘੱਟ-ਗਿਣਤੀਆਂ, ਔਰਤਾਂ ਅਤੇ ਸੰਗੀਤਕਾਰਾਂ , ਜਿਸ ਲਈ ਅਫਗਾਨ ਸੱਭਿਆਚਾਰ ਬਹੁਤ ਮਸ਼ਹੂਰ ਹੈ, ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਵੇਗਾ? ਇਸ ਤੋਂ ਅੱਗੇ ਕੀ ਦੁਨੀਆਂ ਦੀ ਬਾਹੂਬਲੀ ਤਾਕਤਾਂ ਨੂੰ ਉਨ੍ਹਾਂ ਨੂੰ ਸ਼ਾਂਤੀ ਵਾਲਾ ਰਾਜ ਸਥਾਪਿਤ ਕਰਨ ਦੇਣਗੀਆਂ?

ਜਿਸ ਸਰਕਾਰ ਨੇ ਤਾਲਿਬਾਨ ਸਾਹਮਣੇ ਗੋਡੇ ਟੇਕ ਦਿੱਤੇ, ਉਹ ਭ੍ਰਿਸ਼ਟਾਚਾਰ ਵਿਚ ਲਿਪਟੀ ਹੋਈ ਸੀ। ਉਸ ਸਮੇਂ ਦੇਸ਼ ਦੀ ਸੁਰੱਖਿਆ ਸਥਿਤੀ ਬਹੁਤ ਹੀ ਨਾਜ਼ੁਕ ਦੌਰ ਵਿਚੋਂ ਲੰਘ ਰਹੀ ਸੀ ਜਿਸ ਨੇ ਬਹੁਤ ਸਾਰੇ ਅਫਗਾਨ ਨਾਗਰਿਕਾਂ ਨੂੰ ਦੇਸ਼ ਛੱਡਣ ਲਈ ਮਜਬੂਰ ਕਰ ਦਿੱਤਾ।ਬਹੁਤ ਸਾਰੇ ਬਦਨਾਮ ਨੇਤਾਵਾਂ ਅਤੇ ਉਨ੍ਹਾਂ ਦੇ ਪਿੱਠੂਆਂ ਨੂੰ ਭ੍ਰਿਸ਼ਟਾਚਾਰ ਅਤੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਦੇ ਦੋਸ਼ਾਂ ਦੇ ਬਾਵਜੂਦ ਸੱਤਾ ਵਿਚ ਬਹਾਲ ਕਰ ਦਿੱਤਾ ਗਿਆ।ਲੋਕਾਂ ਵਿਚ ਬੇਚੈਨੀ ਫੈਲੀ ਹੋਈ ਸੀ ਅਤੇ ਉਹ ਬਦਲਾਅ ਲਈ ਤਿਆਰ ਸਨ, ਪਰ ਇਸ ਦਾ ਅਰਥ ਇਹ ਬਿਲਕੁਲ ਨਹੀਂ ਸੀ ਕਿ ਉਹ ਤਾਲਿਬਾਨ ਦੀ ਆਮਦ ਦਾ ਸਵਾਗਤ ਕਰਨਗੇ।ਅਫਗਾਨਿਸਤਾਨ ਦੇ ਬਹੁਤ ਸਾਰੇ ਹਿੱਸਿਆਂ ਵਿਚ ਲੋਕ ਦੁਚਿੱਤੀ ਵਿਚ ਫਸੇ ਹੋਏ ਹਨ ਕਿ ਉਹ ਤਾਲਿਬਾਨ ਦੇ ਦਮਨਕਾਰੀ ਸ਼ਾਸ਼ਨ ਨੂੰ ਸਵੀਕਾਰ ਕਰਨ ਜਾਂ ਫਿਰ ਉਸ ਸਰਕਾਰ ਨੂੰ ਜੋ ਉਨ੍ਹਾਂ ਨੂੰ ਸਹੂਲ਼ਤਾਂ ਦੇਣ ਦੀ ਬਜਾਇ ਲੁੱਟਦੀ ਜਿਆਦਾ ਹੈ।ਤਾਲਿਬਾਨਾਂ ਨੇ ਕੁਝ ਕੁ ਹਫਤਿਆਂ ਦੇ ਅੰਤਰਾਲ ਵਿਚ ਹੀ ਕਾਬੁਲ ਸਮੇਤ ਦੇਸ਼ ਦੀਆਂ ਸਾਰੀਆਂ ਖੇਤਰੀ ਰਾਜਧਾਨੀਆਂ ਉੱਪਰ ਕਬਜ਼ਾ ਕਰ ਲਿਆ।ਇਸ ਅਸਲ ਵਿਚ ਬਿਨਾਂ ਕਿਸੇ ਵਿਰੋਧ ਵਾਲੀ ਜਿੱਤ ਸੀ ਜਿਸ ਨੇ ਅਮਰੀਕਾ ਤੋਂ ਸਿਖਲਾਈ ਪ੍ਰਾਪਤ ਇਰਾਕੀ ਫੌਜਾਂ ਨੂੰ ਹਰਾ ਕੇ ਆਈਸਿਲ ਲੜਾਕਿਆਂ ਦੁਆਰਾ ੨੦੧੪ ਵਿਚ ਪ੍ਰਾਪਤ ਕੀਤੀ ਜਿੱਤ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ।ਤਾਲਿਬਾਨ ਨੇ ਆਪਣਾ ਫੌਜੀ ਅਭਿਆਨ ਮਈ ਵਿਚ ਸ਼ੁਰੂ ਕੀਤਾ ਸੀ ਜਦੋਂ ਅਮਰੀਕੀ ਸੈਨਾਵਾਂ ਤਾਲਿਬਾਨ ਅਤੇ ਅਮਰੀਕਾ ਵਿਚਕਾਰ ਫਰਵਰੀ ੨੦੨੦ ਵਿਚ ਦੋਹਾ ਵਿਚ ਹੋਈ ਸੰਧੀ ਤਹਿਤ ਅਫਗਾਨਿਸਤਾਨ ਵਿਚੋਂ ਨਿਕਲਣੀਆਂ ਸ਼ੁਰੂ ਹੋ ਗਈਆਂ।

ਪਸ਼ਤੋ ਤਾਲਿਬਾਨ, ਜਿਸ ਦੀ ਉਤਪਤੀ ਤਾਲਿਬ (ਸਿਖਿਆਰਥੀ) ਸ਼ਬਦ ਵਿਚੋਂ ਹੋਈ ਹੈ, ਅਤਿ-ਰੂੜ੍ਹੀਵਾਦੀ ਸੰਗਠਨ ਹੈ ਜੋ ਅਫਗਾਨਿਸਤਾਨ ਵਿਚ ੧੯੯੦ਵਿਆਂ ਵਿਚ ਸੋਵੀਅਤ ਸੈਨਾ ਦੇ ਅਫਗਾਨਿਸਤਾਨ ਛੱਡਣ, ਖੱਬੇਪੱਖੀ ਸਰਕਾਰ ਦੇ ਢਹਿ-ਢੇਰੀ ਹੋਣ ਅਤੇ ਸਮਾਜ ਵਿਚ ਅਰਾਜਕਤਾ ਫੈਲਣ ਸਮੇਂ ਹੌਂਦ ਵਿਚ ਆਇਆ। ਇਸ ਗਰੁੱਪ ਨੇ ਆਪਣਾ ਨਾਂ ਮਦਰੱਸਿਆਂ ਅਤੇ ਇਸਲਾਮਿਲ ਧਾਰਮਿਕ ਸਕੂਲਾਂ, ਜੋ ਕਿ ਉੱਤਰੀ ਪਾਕਿਸਤਾਨ ਵਿਚ ਅਫਗਾਨ ਰਿਫਊਜੀਆਂ ਲਈ ਸਥਾਪਿਤ ਕੀਤੇ ਗਏ ਸਨ, ਵਿਚ ਸਿਖਲਾਈ ਪ੍ਰਾਪਤ ਵਿਦਿਆਰਥੀਆਂ ਤੋਂ ਲਿਆ। ੧੯੯੪ ਵਿਚ ਤਾਲਿਬਾਨ ਕੰਧਾਰ ਦੇ ਦੱਖਣੀ ਖੇਤਰ ਵਿਚ ਸਮਾਜਿਕ ਵਿਵਸਥਾ ਸਥਾਪਿਤ ਕਰਨ ਵਾਲੀ ਸ਼ਕਤੀ ਦੇ ਰੂਪ ਵਿਚ ਪੈਦਾ ਹੋਇਆ ਜਿਨ੍ਹਾਂ ਨੇ ਬਹੁਤ ਜਲਦੀ ਖੇਤਰੀ ਸਿਪਹਸਾਲਾਰਾਂ, ਜਿਨ੍ਹਾਂ ਦਾ ਦੱਖਣ ਵਿਚ ਰਾਜ ਸੀ, ਨੂੰ ਕਾਬੂ ਵਿਚ ਕਰ ਲਿਆ।੧੯੯੬ ਵਿਚ ਅਫਗਾਨਿਸਤਾਨ ਦੇ ਦੱਖਣੀ ਹਿੱਸੇ ਵਿਚ ਪਸ਼ਤੂਨਾਂ ਵਲੋਂ ਅਤੇ ਵਿਦੇਸ਼ ਵਿਚ ਬੈਠੇ ਰੂੜ੍ਹਵਾਦੀ ਇਸਲਾਮਿਕ ਪੱਖਾਂ ਵਲੋਂ ਤਾਲਿਬਾਨ ਨੂੰ ਮਿਲੇ ਸਮਰਥਨ ਕਰਕੇ ਹੀ ਤਾਲਿਬਾਨ ਕਾਬੁਲ ਉੱਪਰ ਕਬਜ਼ਾ ਕਰਨ ਵਿਚ ਕਾਮਯਾਬ ਹੋਇਆ ਅਤੇ ਬਾਕੀ ਦੇਸ਼ ਉੱਪਰ ਮਹੱਤਵਪੂਰਨ ਪ੍ਰਭਾਵ ਪ੍ਰਾਪਤ ਕਰ ਪਾਇਆ।ਹਾਲਾਂਕਿ, ਗੈਰ-ਪਸ਼ਤੂਨ ਸਮੂਹਾਂ ਜਿਵੇਂ ਤਾਜਿਕਾਂ, ਉਜ਼ਬੇਕਾਂ ਅਤੇ ਹਜ਼ਾਰਿਆਂ ਦੁਆਰਾ ਤਾਲਿਬਾਨਾਂ ਦਾ ਵਿਰੋਧ ਜਾਰੀ ਰਿਹਾ ਜਿਨ੍ਹਾਂ ਨੇ ਪਸ਼ਤੂਨ ਤਾਲਿਬਾਨ ਦੀ ਸੱਤਾ ਨੂੰ ਦੇਸ਼ ਉੱਪਰ ਰਵਾਇਤੀ ਪਸ਼ਤੂਨ ਪ੍ਰਭੂਸੱਤਾ ਦੇ ਰੂਪ ਵਿਚ ਦੇਖਿਆ।ਵਿਸ਼ਵ ਮੱਤ ਵਿਚ ਤਾਲਿਬਾਨ ਦੀਆਂ ਸਮਾਜਿਕ ਨੀਤੀਆਂ, ਜਿਸ ਵਿਚ ਔਰਤਾਂ ਦੀ ਜਨਤਕ ਖੇਤਰ ਵਿਚ ਭਾਗੀਦਾਰੀ ਨਾਂਹ ਦੇ ਬਰਾਬਰ ਸੀ ਅਤੇ ਸਖਤ ਅਪਰਾਧਿਕ ਸਜਾਵਾਂ ਮਿੱਥੀਆਂ ਗਈਆਂ, ਸਿਰਫ ਸਾਊਦੀ ਅਰਬ, ਪਾਕਿਸਤਾਨ ਅਤੇ ਯੂਨਾਈਡ ਅਰਬ ਏਮੀਰੇਟਸ ਨੇ ਹੀ ਉਨ੍ਹਾਂ ਦੀ ਸੱਤਾ ਨੂੰ ਮੰਨਿਆ।ਤਾਲਿਬਾਨ ਦੁਆਰਾ ਇਸਲਾਮੀ ਉਗਰਵਾਦੀਆਂ ਨੂੰ ਪਨਾਹ ਦੇਣ ਅਤੇ ਅਮਰੀਕਾ ਵਿਚ ਹਮਲਾ ਕਰਨ ਨੇ ਹੀ ਅਮਰੀਕਾ ਅਤੇ ਇਸ ਦੀ ਸਹਾਇਕ ਸ਼ਕਤੀਆਂ ਨਾਲ ਟਕਰਾਅ ਦੀ ਸ਼ੁਰੂਆਤ ਕੀਤੀ।ਅੰਤ ਤਾਲਿਬਾਨ ਨੂੰ ਸੱਤਾ ਤੋਂ ਉਖਾੜ ਦਿੱਤਾ ਗਿਆ; ਹਾਲਾਂਕਿ ਤਾਲਿਬਾਨ ਦੀ ਅਮਰੀਕਾ ਅਤੇ ਨਾਟੋ ਸ਼ਕਤੀਆਂ ਵਿਰੁੱਧ ਬਗਾਵਤ ਆਉਣ ਵਾਲੇ ਸਾਲਾਂ ਵਿਚ ਵੀ ਚੱਲਦੀ ਰਹੀ।

ਮਾਹਿਰਾਂ ਦਾ ਮੱਤ ਹੈ ਕਿ ਹੁਣ ਇਕ ਲੱਖ ਤੋਂ ਘੱਟ ਲੜਾਕਿਆਂ ਅਤੇ ਜਿਆਦਾਤਰ ਅਫਗਾਨਿਸਤਾਨ ਤਾਲਿਬਾਨ ਦੇ ਕਬਜ਼ੇ ਥੱਲੇ ਹੋਣ ਤੋੋਂ ਬਾਅਦ ਉਨ੍ਹਾਂ ਦੀ ਸਥਿਤੀ ਜਿਆਦਾ ਮਜਬੂਤ ਨਹੀਂ ਹੋਵੇਗੀ।ਤਾਲਿਬਾਨਾਂ ਲਈ ਕਈ ਤਹਿਸੀਲਾਂ ਉੱਪਰ ਕਬਜ਼ਾ ਕਰਨਾ ਅਸਾਨ ਸੀ, ਪਰ ਵੱਡੇ ਸ਼ਹਿਰਾਂ ਉੱਪਰ ਇਸ ਕੰਟਰੋਲ ਨੂੰ ਬਣਾਈ ਰੱਖਣਾ ਇਕ ਮੁਸ਼ਕਿਲ ਕੰਮ ਹੋਵੇਗਾ ਕਿਉਂਕਿ ਇਸ ਲਈ ਉਨ੍ਹਾਂ ਨੂੰ ਵੱਡੀ ਮਨੁੱਖੀ ਸ਼ਕਤੀ ਦੀ ਲੋੜ ਪਵੇਗੀ।ਜਿੰਨੀ ਦੇਰ ਤਾਲਿਬਾਨ ਕਾਨੂੰਨੀ ਵਿਵਸਥਾ ਨੂੰ ਮਜਬੂਤ ਨਹੀਂ ਕਰਦੇ, ਦੇਸ਼ ਵਿਚ ਅਸ਼ਾਂਤੀ ਅਤੇ ਅਰਾਜਕਤਾ ਫੈਲਣ ਦੀ ਸੰਭਾਵਨਾ ਬਣੀ ਰਹੇਗੀ।ਇਸੇ ਸਮੇਂ ਦੌਰਾਨ ਹੀ ਅਫਗਾਨਿਸਤਾਨ ਦੇ ਸਾਬਕਾ ਉੱਪ-ਰਾਸ਼ਟਰਪਤੀ ਸਲੇਹ ਅਤੇ ਤਾਜਿਕ ਮੁਜਾਹੀਦੀਨ ਕਮਾਂਡਰ ਅਹਿਮਦ ਸ਼ਾਹ ਮਸੂਦ ਦੇ ਪੱੁਤਰ ਅਹਿਮਦ ਮਸੂਦ ਨੇ ਤਾਲਿਬਾਨੀਆਂ ਦੀ ਸੱਤਾ ਨੂੰ ਚੁਣੌਤੀ ਦੇਣ ਦਾ ਸੱਦਾ ਦੇ ਦਿੱਤਾ ਹੈ।ਤਾਲਿਬਾਨ ਲੜਾਈ ਵਿਚ ਕਾਫੀ ਚੰਗੇ ਹਨ, ਪਰ ਆਧੁਨਿਕ ਮੁੱਢਲ਼ੀਆਂ ਸਹੂਲਤਾਂ ਤੋਂ ਸੱਖਣੇ ਅਤੇ ਵਿਭਿੰਨ ਦੇਸ਼ ਵਿਚ ਆਪਣੀ ਸੱਤਾ ਕਿੰਝ ਬਣਾਈ ਰੱਖ ਸਕਣਗੇ?ਉਨ੍ਹਾਂ ਨੇ ਅਜੇ ਪ੍ਰਭਾਵਸ਼ਾਲੀ ਢੰਗ ਨਾਲ ਸੱਤਾ ਕਰਨ ਦੀ ਕਾਬਲੀਅਤ ਨੂੰ ਸਾਬਿਤ ਕਰਨਾ ਹੈ।ਉਹ ਆਪਣੀ ਪਿਛਲੀ ਸੱਤਾ ਦੌਰਾਨ ਵੀ ਅਜਿਹਾ ਨਹੀਂ ਕਰ ਪਾਏ ਸਨ ਅਤੇ ਨਾ ਹੀ ਅਜਿਹੀ ਕਾਬਲੀਅਤ ਉਨ੍ਹਾਂ ਨੇ ਆਪਣੇ ਨਿਯੰਤ੍ਰਣ ਵਾਲੇ ਖੇਤਰਾਂ ਵਿਚ ਅਜੇ ਤੱਕ ਦਿਖਾਈ ਹੈ।ਉਨ੍ਹਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੱਤਾ ਕਰਨ ਲਈ ਕਾਫੀ ਸੰਘਰਸ਼ ਕਰਨਾ ਪਵੇਗਾ ਕਿਉਂਕਿ ਸਰਕਾਰ ਕੋਲ ਜਨਤਕ ਸੇਵਾਵਾਂ ਉੱਪਰ ਖਰਚ ਕਰਨ ਲਈ ਜਿਆਦਾ ਫੰਡ ਨਹੀਂ ਹਨ।ਇਹ ਇਸ ਸਮੇਂ ਉਨ੍ਹਾਂ ਲਈ ਸਭ ਤੋਂ ਵੱਡੀ ਸਮੱਸਿਆ ਹੈ।ਇਕ ਵਿਦੇਸ਼ੀ ਤਾਕਤ ਵਿਰੁੱਧ ਲੜਾਈ ਨੇ ਤਾਲਿਬਾਨਾਂ ਨੂੰ ਇਕ ਕਰ ਦਿੱਤਾ ਸੀ। ਹੁਣ ਜਦੋਂ ਇਹ ਲੜਾਕੇ ਰਾਜਪਾਲ ਅਤੇ ਮੇਅਰ ਬਣ ਗਏ ਹਨ ਅਤੇ ਉਨ੍ਹਾਂ ਕੋਲ ਆਉਣ ਵਾਲੇ ਫੰਡਾਂ ਅਤੇ ਸੱਤਾ ਤੱਕ ਪਹੁੰਚ ਹੋਵੇਗੀ, ਕੀ ਉਹ ਵੀ ਪਿਛਲੀਆਂ ਸਰਕਾਰਾਂ ਵਾਲਾ ਹੀ ਰੁਖ਼ ਅਖ਼ਤਿਆਰ ਕਰਨਗੇ ਅਤੇ ਅੰਤ ਭ੍ਰਿਸ਼ਟਾਚਾਰ ਅਤੇ ਸੱਤਾ ਦੀ ਦੁਰਵਰਤੋਂ ਵਿਚ ਹੀ ਫਸ ਜਾਣਗੇ? ਇਹ ਇਕ ਰੌਚਕ ਵਰਤਾਰਾ ਹੋਵੇਗਾ।

ਸੋਵੀਅਤਾਂ ਦੁਆਰਾ ਅਫਗਾਨਿਸਤਾਨ ਵਿਚੋਂ ਰੁਖਸਤ ਕਰਨ ਮਗਰੋਂ ਮੁਜਾਹੀਦੀਨ ਨੇ ਵੀ ਇਸੇ ਤਰਾਂ ਦੇ ਸੰਘਰਸ਼ ਦਾ ਸਾਹਮਣਾ ਕੀਤਾ ਸੀ ਕਿਉਂਕਿ ਉਨ੍ਹਾਂ ਕੋਲ ਸਾਮਵਾਦੀਆਂ ਦਾ ਸਾਹਮਣਾ ਕਰਨ ਲਈ ਕੋਈ ਇਕੱਤਰ ਸ਼ਕਤੀ ਨਹੀਂ ਸੀ ਅਤੇ ਉਨ੍ਹਾਂ ਦੇ ਹਥਿਆਰ ਇਕ ਦੂਜੇ ਦੇ ਵਿਰੁੱਧ ਹੀ ਵਰਤੇ ਗਏ।ਤਾਲਿਬਾਨ ਇਸ ਤਰਾਂ ਦੇ ਰਿਸਕ ਪ੍ਰਤੀ ਚੌਕੰਨੇ ਹਨ ਅਤੇ ਪਿਛਲ਼ੇ ਸੱਤ ਵਰ੍ਹੇ ਉਨ੍ਹਾਂ ਨੇ ਆਪਣੀ ਸੰਸਥਾ ਦੇ ਅੰਦਰ ਅਤੇ ਬਾਹਰ ਸੱਤਾ ਸਮੀਕਰਨਾਂ ਨੂੰ ਸਮਝਣ ਵਿਚ ਲਗਾਏ ਹਨ।ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਉਹ ਕਿਸ ਹੱਦ ਤੱਕ ਉਨ੍ਹਾਂ ਦੀਆਂ ਕੋਸ਼ਿਸ਼ਾਂ ਵਿਦੇਸ਼ੀ ਤਾਕਤਾਂ ਦੇ ਦੇਸ਼ ਛੱਡਣ ਤੋਂ ਬਾਅਦ ਦੇਸ਼ ਵਿਚ ਲੜਾਈ ਦੇ ਹਾਲਾਤ ਨੂੰ ਰੋਕ ਸਕਣਗੀਆਂ।੧੯੯੬ ਤੋਂ ੨੦੦੧ ਤੱਕ ਉਨ੍ਹਾਂ ਦੀ ਸੱਤਾ ਦੌਰਾਨ ਨਸਲੀ ਘੱਟ-ਗਿਣਤੀਆਂ ਉੱਪਰ ਜ਼ਬਰ ਅਤੇ ਔਰਤਾਂ ਦੇ ਹੱਕਾਂ ਦਾ ਭਿਆਨਕ ਹਨਨ ਹੋਇਆ ਜਦੋਂ ਕਿ ਅੰਤਰ-ਰਾਸ਼ਟਰੀ ਭਾਈਚਾਰੇ ਦੁਆਰਾ ਦੇਸ਼ ਨੂੰ ਅੱਲਗ ਕਰ ਦਿੱਤਾ ਗਿਆ।੧੫ ਅਗਸਤ ਨੂੰ ਦੇਸ਼ ਉੱਪਰ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਨੇ ਇਸ ਗੱਲ ਉੱਪਰ ਜ਼ੋਰ ਦਿੱਤਾ ਹੈ ਕਿ ਜਨਤਕ ਖੇਤਰ ਵਿਚ ਔਰਤਾਂ ਅਤੇ ਘੱਟ-ਗਿਣਤੀਆਂ ਦੇ ਮਨੁੱਖੀ ਹੱਕਾਂ ਦੀ ਰਾਖੀ ਕੀਤੀ ਜਾਵੇਗੀ।ਪਰ ਅਫਗਾਨਿਸਤਾਨ ਅਤੇ ਸਾਰੀ ਦੁਨੀਆਂ ਦੀਆਂ ਨਜ਼ਰਾਂ ਇਸ ਉੱਪਰ ਲੱਗੀਆਂ ਹੋਈਆਂ ਹਨ ਕਿ ਉਨ੍ਹਾਂ ਦੇ ਸ਼ਬਦਾਂ ਨੂੰ ਵਿਵਹਾਰਿਕ ਜਾਮਾ ਪਹਿਨਾਇਆ ਜਾਵੇਗਾ ਜਾਂ ਨਹੀਂ।ਉਨ੍ਹਾਂ ਉੱਪਰ ਇਸ ਗੱਲ ਲਈ ਵੀ ਨਿਗ੍ਹਾ ਰੱਖੀ ਜਾਵੇਗੀ ਕਿ ਉਨ੍ਹਾਂ ਦੁਆਰਾ ਅਮਰੀਕੀਆਂ ਨੂੰ ਕੀਤਾ ਵਾਅਦਾ ਵਫ਼ਾ ਕੀਤਾ ਜਾਵੇਗਾ ਜਾਂ ਨਹੀਂ ਕਿ ਉਹ ਹਥਿਆਰਬੰਦ ਇਸਲਾਮੀ ਗਰੁੱਪਾਂ ਨੂੰ ਪ੍ਰਫੁੱਲਿਤ ਨਹੀਂ ਹੋਣ ਦੇਣਗੇ ਜਿਸ ਕਰਕੇ ੨੦੦੧ ਵਿਚ ਅਮਰੀਕਾ ਅਤੇ ਇਸ ਦੀਆਂ ਸਹਾਇਕ ਸ਼ਕਤੀਆਂ ਨੇ ਅਫਗਾਨਿਸਤਾਨ ਉੱਪਰ ਹਮਲਾ ਕੀਤਾ ਸੀ?

ਪਿਛਲੇ ਪੰਜਾਹ ਸਾਲਾਂ ਵਿਚ ਅਫਗਾਨ ਇਤਿਹਾਸ ਸਰਕਾਰਾਂ ਅਤੇ ਸੱਤਾ ਦੀ ਚੜ੍ਹਤ ਅਤੇ ਪਤਨ ਨਾਲ ਭਰਪੂਰ ਹੀ ਰਿਹਾ ਹੈ।ਬਹੁਤ ਘੱਟ ਸ਼ਕਤੀਆਂ ਨੂੰ ਦੂਜਾ ਮੌਕਾ ਮਿਲਿਆ ਹੈ, ਪਰ ਅਗਰ ਮੁਜਾਹੀਦੀਨ ਦੀ ਤਰ੍ਹਾਂ ਇਹ ਮੌਕਾ ਕਿਸੇ ਨੂੰ ਮਿਲਿਆ ਤਾਂ ਇਹ ਬਹੁਤ ਹੀ ਥੌੜੇ ਸਮੇਂ ਲਈ ਸੀ।ਅਫਗਾਨਿਸਤਾਨ ਵਿਸ਼ਵ ਦੇ ਸਭ ਤੋਂ ਗਰੀਬ ਦੇਸ਼ਾਂ ਵਿਚੋਂ ਇਕ ਹੈ ਜਿਸ ਦੀ ਕੁੱੱਲ ਆਮਦਨ ਦਾ ਵੀਹ ਪ੍ਰਤੀਸ਼ਤ ਹਿੱਸਾ ਵਿਦੇਸ਼ੀ ਸਹਾਇਤਾ ਤੋਂ ਆਉਂਦਾ ਹੈ।ਤਾਲਿਬਾਨ ਦੀ ਆਮਦ ਤੋਂ ਬਾਅਦ ਅਮਰੀਕਾ ਨੇ ਅਫਗਾਨ ਬੈਕਾਂ ਵਿਚ ਪਿਆ ੯.੫ ਬਿਲੀਅਨ ਡਾਲਰ ਸੀਲ ਕਰ ਦਿੱਤਾ। ਅੰਤਰਰਾਸ਼ਟਰੀ ਮੁਦਰਾ ਫੰਡ ਨੇ ਵੀ ਇਸ ਦੇ ਫੰਡਾਂ ਨੂੰ ਰੋਕ ਦਿੱਤਾ ਹੈ। ਇਸ ਸਥਿਤੀ ਵਿਚ ਤਾਲਿਬਾਨੀ ਸਰਕਾਰ ਲਈ ਦੇਸ਼ ਦੀ ਆਰਥਿਕਤਾ ਨੂੰ ਚਲਾਉਣਾ ਇਕ ਮੁਸ਼ਕਿਲ ਕੰਮ ਹੋਵੇਗਾ ਜਿੱਥੇ ਜਨਤਕ ਖਰਚ ਦਾ ਪਝੱਤਰ ਪ੍ਰਤੀਸ਼ਤ ਪੈਸਾ ਗ੍ਰਾਂਟਾਂ ਰਾਹੀ ਆਉਂਦਾ ਹੈ।ਦੇਸ਼ ਦਾ ਅਣਮੁੱਲਾ ਖਣਿਜਾਂ ਦਾ ਖਜਾਨਾ ਅਜੇ ਧਰਤੀ ਥੱਲੇ ਹੀ ਦੱਬਿਆ ਹੋਇਆ ਹੈ ਕਿਉਂਕਿ ਦੇਸ਼ ਵਿਚ ਅਸਥਿਰਤਾ ਦੀ ਸਥਿਤੀ ਨੇ ਵੱਡਾ ਨਿਵੇਸ਼ ਨਹੀਂ ਹੋਣ ਦਿੱਤਾ ਹੈ।ਤਾਲਿਬਾਨ ਰੂਸ ਅਤੇ ਚੀਨ ਨਾਲ ਸੰਭਾਵੀ ਆਰਥਿਕ ਪ੍ਰੋਜੈਕਟਾਂ ਬਾਰੇ ਵਾਰਤਾ ਕਰ ਰਹੇ ਹਨ।

ਪੰਜਾਹ ਲੱਖ ਤੋਂ ਜਿਆਦਾ ਅਫਗਾਨੀ ਦੇਸ਼ ਦੇ ਅੰਦਰ ਹੀ ਉਜਾੜੇ ਦੀ ਸਥਿਤੀ ਦਾ ਸਾਹਮਣਾ ਕਰ ਰਹੇ ਹਨ।ਯੂ ਐਨ ਸੀ ਅਨੁਸਾਰ ਇਸ ਵਰ੍ਹੇ ਹੀ ਚਾਰ ਲੱਖ ਤੋਂ ਜਿਆਦਾ ਲੋਕ ਚੱਲ ਰਹੀ ਹਿੰਸਾ ਕਰਕੇ ਵਿਸਥਾਪਿਤ ਹੋ ਗਏ ਹਨ।ਅੰਤਰਰਾਸ਼ਟਰੀ ਫੰਡਿਗ ਨੂੰ ਮੁੜ ਚਾਲੂ ਕਰਨ ਲਈ ਅੰਤਰਰਾਸ਼ਟਰੀ ਭਾਈਚਾਰੇ ਦੁਆਰਾ ਤਾਲਿਬਾਨੀ ਸਰਕਾਰ ਨੂੰ ਮਾਨਤਾ ਦੇਣਾ ਮਹੱਤਵਪੂਰਨ ਹੋਵੇਗਾ ਕਿਉਂਕਿ ਸੰਯੁਕਤ ਰਾਸ਼ਟਰ ਦੁਆਰਾ ਅਜੇ ਵੀ ਇਸ ਨੂੰ ਕਾਲੀ ਸੂਚੀ ਵਿਚ ਰੱਖਿਆ ਹੋਇਆ ਹੈ।ਤਾਲਿਬਾਨੀਆਂ ਦੁਆਰਾ ਰਾਜਧਾਨੀ ਕਾਬੁਲ ਵਿਚ ਦਾਖ਼ਲ ਹੋਣ ਤੋਂ ਬਾਅਦ ਸੱਠ ਦੇਸ਼ਾਂ ਨੇ ਉੱਥੇ ਮਨੁੱਖੀ ਜ਼ਿੰਦਗੀ ਅਤੇ ਜਨਤਕ ਜ਼ਾਇਦਾਦ ਨੂੰ ਸੁਰੱਖਿਅਤ ਕਰਨ ਦਾ ਅਹਿਦ ਲਿਆ।ਜਿਵੇਂ ਹੀ ਅਫਗਾਨਿਸਤਾਨ ਤਾਲਿਬਾਨ ਦੇ ਕਬਜ਼ੇ ਵਿਚ ਆਇਆ, ਅਫਰੀਕਾ ਦੇ ਇਸਲਾਮੀ ਗਰੁੱਪਾਂ ਨੇ ਇਸ ਦਾ ਜਸ਼ਨ ਮਨਾਉਣ ਦੀ ਕਾਹਲੀ ਕੀਤੀ। ਉਨ੍ਹਾਂ ਨੇ ਅਫਗਾਨਿਸਤਾਨ ਵਿਚੋਂ ਵਿਦੇਸ਼ੀ ਤਾਕਤਾਂ ਨੂੰ ਬਾਹਰ ਕੱਢਣ ਦਾ ਮੁਕਾਬਲਾ ਫਰਾਂਸ ਦੁਆਰਾ ਪੱਛਮੀ ਅਫਰੀਕਾ ਵਿਚੋਂ ਸੈਨਿਕ ਮੌਜੂਦਗੀ ਘੱਟ ਕਰਨ ਨਾਲ ਕੀਤਾ।ਅਫਗਾਨਿਸਤਾਨ ਦੀ ਤਰ੍ਹਾਂ ਹੀ ਅਫਰੀਕਨ ਦੇਸ਼ਾਂ ਵਿਚ ਵੀ ਇਸਲਾਮੀ ਅੰਦੋਲਨ ਪ੍ਰਫੁੱਲਿਤ ਹੋਏ ਹਨ ਜਿੱਥੇ ਉਨ੍ਹਾਂ ਨੇ ਰਾਜ ਦੀਆਂ ਕਮਜ਼ੋਰ ਸੰਸਥਾਵਾਂ ਅਤੇ ਸੇਵਾਵਾਂ ਦੀ ਕਮੀ ਦਾ ਫਾਇਦਾ ਉਠਾਇਆ ਹੈ।

ਤਾਲਿਬਾਨ ਦੀ ਅਫਗਾਨਿਸਤਾਨ ਵਿਚ ਮੁੜ ਆਮਦ ਨੇ ਦੱਖਣੀ ਏਸ਼ੀਆ ਦੀ ਕੂਟਨੀਤਿਕ ਅਤੇ ਰਾਜਨੀਤਿਕ ਸਥਿਤੀ ਉੱਪਰ ਕਾਫੀ ਪ੍ਰਭਾਵ ਪਾਉਣਾ ਹੈ। ਖਾਸ ਤੌਰ ਤੇ ਪਾਕਿਸਤਾਨ ਅਤੇ ਚੀਨ ਨਾਲ ਵਿਗੜੇ ਸੰਬੰਧਾਂ ਕਰਕੇ ਇਹ ਭਾਰਤ ਲਈ ਚੁਣੌਤੀ ਭਰਿਆ ਹੋਵੇਗਾ।ਪਾਕਿਸਤਾਨ ਅਤੇ ਚੀਨ ਦੋਹਾਂ ਦੀ ਹੀ ਅਫਗਾਨਿਸਤਾਨ ਵਿਚ ਸੰਭਾਵੀ ਭਾਗੀਦਾਰੀ ਭਾਰਤ ਲਈ ਕਾਫੀ ਉਤਰਾਅ-ਚੜ੍ਹਾਅ ਵਾਲੀ ਹੋ ਸਕਦੀ ਹੈ।ਪੱਛਮੀ ਸੰਸਾਰ ਦੀ ਨਜ਼ਰ ਵੀ ਪਾਕਿਸਤਾਨ, ਰੂਸ, ਇਰਾਨ ਅਤੇ ਚੀਨ ਉੱੱਪਰ ਹੋਵੇਗੀ ਜੋ ਕਿ ਇਸ ਖੇਡ ਦਾ ਅਗਲਾ ਦਾਅ ਖੇਡ ਸਕਦੇ ਹਨ।ਤਾਲਿਬਾਨੀ ਸੱਤਾ ਪਾਕਿਸਤਾਨ ਨੂੰ ਭਾਰਤ ਵਿਰੁੱਧ ਰਣਨੀਤਿਕ ਫਾਇਦਾ ਦੇਵੇਗਾ ਅਤੇ ਪਾਕਿਸਤਾਨੀ ਅਧਿਕਾਰੀ ਇਸ ਸਮੇਂ ਆਪਣੇ ਆਪ ਨੂੰ ਖੇਤਰੀ ਵਿਜੇਤਾ ਮੰਨਣਗੇ।ਭਾਰਤ ਦੇ ਲਈ ਇਸ ਸਮੇਂ ਸਭ ਤੋਂ ਬਿਹਤਰ ਵਿਕਲਪ ਤਾਲਿਬਾਨ ਨਾਲ ਵਾਰਤਾ ਕਰਨਾ ਹੈ, ਪਰ ਇਹ ਬੀਤੇ ਦੇ ਕੌੜੇ ਸੰਬੰਧਾਂ ਕਰਕੇ ਸੌਖਾ ਨਹੀਂ ਹੋਵੇਗਾ।ਭਾਰਤ ਲਈ ਕੋਈ ਵੀ ਸੌਖਾ ਵਿਕਲਪ ਮੌਜੂਦ ਨਹੀਂ ਹੈ, ਪਰ ਇਸ ਦੇ ਫੈਸਲਿਆਂ ਦਾ ਖੇਤਰੀ ਸ਼ਾਂਤੀ ਅਤੇ ਵਿਸ਼ਵੀ ਰਾਜਨੀਤੀ ਉੱਪਰ ਪ੍ਰਭਾਵ ਪਵੇਗਾ।ਜਿੱਥੋਂ ਤੱਕ ਅਫਗਾਨਿਸਤਾਨ ਦਾ ਸਵਾਲ ਹੈ, ਮੌਜੂਦਾ ਸਮੇਂ ਵਿਚ ਭਾਰਤ ਤਸਵੀਰ ਵਿਚ ਕਿਤੇ ਵੀ ਨਹੀਂ ਹੈ। ਭਾਰਤ ਦੀ ਰਣਨੀਤਿਕ ਪੱਧਰ ਤੇ ਗਲਤੀ ਇਹ ਰਹੀ ਕਿ ਇਸ ਨੇ ਅਫਗਾਨਿਸਤਾਨ ਦੀ ਥਾਂ ਤੇ ਵਿਅਕਤੀਆਂ ਦਾ ਸਾਥ ਦਿੱਤਾ।ਅਮਰੀਕਾ ਨੇ ਅਫਗਾਨਿਸਤਾਨ ਵਿਚ ਸ਼ਾਂਤੀ ਵਾਰਤਾਵਾਂ ਸਮੇਂ ਪਾਕਿਸਤਾਨ ਦੇ ਸਖਤ ਇਤਰਾਜ਼ ਕਰਕੇ ਭਾਰਤ ਨੂੰ ਦੂਰ ਹੀ ਰੱਖਿਆ।ਇਸ ਮਹੀਨੇ ਚੀਨ, ਰੂਸ, ਪਾਕਿਸਤਾਨ ਅਤੇ ਅਮਰੀਕਾ ਵਿਚਕਾਰ ਵਾਰਤਾ ਸਮੇਂ ਭਾਰਤ ਗੈਰ-ਹਾਜ਼ਰ ਹੀ ਰਿਹਾ।

ਅਮਰੀਕੀ ਅਤੇ ਨਾਟੋ ਫੌਜਾਂ ਦੇ ਅਫਗਾਨਿਸਤਾਨ ਵਿਚੋਂ ਨਿਕਲਣ ਦੀ ਪ੍ਰੀਕਿਰਿਆ ਸ਼ੁਰੂ ਹੋਣ ਦੇ ਨਾਲ ਹੀ ਤਾਲਿਬਾਨ ਬਹੁਤ ਤੇਜ਼ੀ ਨਾਲ ਅੱਗੇ ਆਇਆ। ਇਸ ਨੇ ਪੱਛਮੀ ਸਰਕਾਰਾਂ ਨੂੰ ਹੈਰਾਨੀ ਵਿਚ ਪਾ ਦਿੱਤਾ ਜੋ ਕਿ ਆਪਣੇ ਨਾਗਰਿਕਾਂ, ਰਾਜਦੂਤਾਂ ਅਤੇ ਸਥਾਨਕ ਸਟਾਫ ਨੂੰ ਉੱਥੋਂ ਕੱਢਣ ਵਿਚ ਮਸ਼ਗੂਲ ਰਹੇ।ਹੁਣ ਤੱਕ ਤਾਲਿਬਾਨ ਨੇ ਦੇਸ਼ ਵਿਚ ਸਥਿਰਤਾ ਬਣਾਈ ਰੱਖਣ ਅਤੇ ਹਿੰਸਾ ਨਾ ਕਰਨ ਦਾ ਵਾਅਦਾ ਕੀਤਾ ਹੈ।ਤਾਲਿਬਾਨ ਦੀ ਜਿੱਤ ਅਮਰੀਕਾ ਲਈ ਬਹੁਤ ਵੱਡੀ ਨਮੋਸ਼ੀ ਹੈ, ਪਰ ਸ਼ਾਇਦ ਇਹ ਹੈ ਅਫਗਾਨ ਦੁਖਾਂਤ ਵਿਚ ਕੁਝ ਸਾਕਾਰਤਮਕ ਹੈ।ਯੁੱਧ ਨੀਤੀ ਮਾਹਿਰਾਂ ਨੇ ਬਹੁਤ ਪਹਿਲਾਂ ਹੀ ਚੇਤਾਵਨੀ ਦੇ ਦਿੱਤੀ ਸੀ ਕਿ ਅਫਗਾਨਿਸਤਾਨ ਸਾਮਰਾਜਾਂ ਲਈ ਕਬਰਿਸਤਾਨ ਸਾਬਿਤ ਹੋਇਆ ਹੈ, ਭਾਵੇਂ ਉਹ ਉਨੀਵੀਂ ਸਦੀ ਦਾ ਬ੍ਰਿਟਿਸ਼ ਸਾਮਰਾਜ ਹੋਵੇ ਜਾਂ ਵੀਹਵੀਂ ਸਦੀ ਦਾ ਸੋਵੀਅਤ ਸਾਮਰਾਜ।ਪ੍ਰਾਚੀਨ ਮੈਸੇਡੋਨੀਅਨ ਸ਼ਾਸ਼ਕ ਸਿਕੰਦਰ ਦੇ ਸ਼ਬਦਾਂ ਵਿਚ ਅਫਗਾਨਿਸਤਾਨ ਵਿਚ ਦਾਖ਼ਿਲ ਹੋਣਾ ਆਸਾਨ ਹੈ, ਪਰ ਬਾਹਰ ਆਉਣਾ ਓਨਾ ਹੀ ਮੁਸ਼ਕਿਲ।ਟਰੰਪ ਸ਼ਾਸ਼ਨ ਦੁਆਰਾ ਤਾਲਿਬਾਨ ਨਾਲ ਰਣਨੀਤਿਕ ਪੱਧਰ ਤੇ ਵਾਰਤਾ ਕਰਨ ਦਾ ਅਰਥ ਹੀ ਅਮਰੀਕਾ ਦੁਆਰਾ ਗੋਡੇ ਟੇਕਣ ਦੀ ਸ਼ੁਰੂਆਤ ਸੀ।ਅਸਲ ਵਿਚ ਦੂਜੇ ਵਿਸ਼ਵ ਯੁੱਧ ਤੋਂ ਹੀ ਅਮਰੀਕਾ ਨਿਸ਼ਚਿਤ ਰੂਪ ਨਾਲ ਕੋਈ ਜਿੱਤ ਨਹੀਂ ਪ੍ਰਾਪਤ ਕਰ ਸਕਿਆ ਹੈ ਭਾਵੇਂ ਉਹ ਕੋਰੀਆ, ਇਰਾਕ, ਵੀਅਤਨਾਮ ਹੋਣ ਅਤੇ ਮੌਜੂਦਾ ਸਮੇਂ ਅਫਗਾਨਿਸਤਾਨ।ਰਾਜਨੀਤਿਕ ਵਿਗਿਆਨੀ ਡੌਮੀਨਿਕ ਟਾੲਰਿਨ, ਜਿਸ ਨੇ ਅਮਰੀਕਾ ਦੇ ਦੂਜੇ ਦੇਸ਼ਾਂ ਨਾਲ ਟਕਰਾਆਂ ਦਾ ਅਧਿਐਨ ਕੀਤਾ ਹੈ, ਦਾ ਮੰਨਣਾ ਹੈ ਕਿ ਅਮਰੀਕਾ ਉਦੇਸ਼ ਤਾਂ ਉੱਚਾ ਰੱਖਦਾ ਹੈ, ਪਰ ਬਹੁਤ ਘੱਟ ਪ੍ਰਾਪਤ ਕਰਕੇ ਇੱਜਤ ਸਹਿਤ ਵਾਪਿਸ ਜਾਣਾ ਚਾਹੁੰਦਾ ਹੈ।ਇਸ ਰਾਹੀ ਹੀ ਅਮਰੀਕਾ ਨੇ ਰਾਸ਼ਟਰੀ ਮਿੱਥ ਬਣਾਈ ਹੋਈ ਹੈ ਕਿ ਇਹ ਕੁਝ ਸ਼ਾਨਦਾਰ ਹੀ ਕਰਨ ਜਾ ਰਿਹਾ ਹੈ, ਪਰ ਜਦੋਂ ਲੋਕਾਂ ਨੂੰ ਪਤਾ ਚੱਲਦਾ ਹੈ ਕਿ ਜੋ ਕਹਾਣੀ ਉਨ੍ਹਾਂ ਨੂੰ ਸੁਣਾਈ ਗਈ ਹੈ ਉਸ ਵਿਚ ਕੋਈ ਸੱਚਾਈ ਨਹੀਂ ਹੈ ਤਾਂ ਇਹ ਮਿੱਥ ਢਹਿ-ਢੇਰੀ ਹੋ ਜਾਂਦਾ ਹੈ।ਫਾਈਨੈਸ਼ੀਅਲ ਟਾਈਮਜ਼ ਨਾਲ ਇਕ ਇੰਟਰਵਿਊ ਦੌਰਾਨ ਤਾਜ਼ਿਕਾਂ ਦੇ ਨੇਤਾ ਨੇ ਬਿਆਨ ਦਿੱਤਾ ਹੈ ਕਿ ਤਾਲਿਬਾਨ ਸਮਾਵੇਸ਼ੀ ਸਰਕਾਰ ਬਣਾਉਣ ਜਿਸ ਵਿਚ ਸਾਰਿਆਂ ਦੀ ਭਾਗੀਦਾਰੀ ਹੋਵੇ।ਉਸ ਨੇ ਕਿਹਾ ਕਿ ਤਾਲਿਬਾਨਾਂ ਨੇ ਰਾਸ਼ਟਰਪਤੀ ਮਹਿਲ ਉੱਪਰ ਤਾਂ ਜੋਰ-ਜਬਰਦਸਤੀ ਨਾਲ ਕਬਜ਼ਾ ਕਰ ਲਿਆ ਹੈ, ਪਰ ਇਸ ਦਾ ਅਰਥ ਇਹ ਬਿਲਕੁਲ ਨਹੀਂ ਹੈ ਕਿ ਉਨ੍ਹਾਂ ਨੇ ਲੋਕਾਂ ਦੇ ਦਿਲ ਵੀ ਜਿੱਤ ਲਏ ਹਨ।