ਪੰਜਾਬੀ ਦੇ ਇੱਕ ਅਖਬਾਰ ਵਿੱਚ ਡਾਕਟਰ ਗੁਰਦਰਸ਼ਨ ਸਿੰਘ ਢਿੱਲ਼ੋਂ ਦਾ ਲੇਖ ਛਪਿਆ ਹੈ। ਜਿਸ ਵਿੱਚ ਡਾਕਟਰ ਸਾਹਿਬ ਨੇ ਪੰਥ ਦੇ ਮੌਜੂਦਾ ਸਿਆਸੀ ਹਾਲਾਤ ਤੇ ਚਾਨਣਾਂ ਪਾਇਆ ਹੈ ਅਤੇ ਇੱਕ ਦਰਦਮੰਦ ਪੰਥਕ ਸ਼ਖਸ਼ੀਅਤ ਹੋਣ ਦੇ ਨਾਤੇ ਇਸ ਦੁਖਾਂਤ ਦੇ ਕੌਮ ਦੇ ਭਵਿੱਖ ਤੇ ਪੈਣ ਵਾਲੇ ਅਸਰਾਂ ਦਾ ਵੀ ਮੁਲਾਂਕਣ ਕੀਤਾ ਹੈ। ਡਾਕਟਰ ਗੁਰਦਰਸ਼ਨ ਸਿੰਘ ਢਿੱਲ਼ੋਂ ਨੇ ਸਿੱਖਾਂ ਦੇ ਕੌਮੀ ਭਵਿੱਖ ਲਈ ਕਿਸੇ ਯੋਗ, ਇਮਾਨਦਾਰ ਅਤੇ ਪ੍ਰਤੀਬੱਧ ਸਿਆਸੀ ਸ਼ਖਸ਼ੀਅਤ ਅਤੇ ਸੰਸਥਾ ਦੀ ਅਣਹੋਂਦ ਨੂੰ ਆਪਣੇ ਵਿਚਾਰ ਦਾ ਕੇਂਦਰ ਬਣਾਇਆ ਹੈ। ਉਨ੍ਹਾਂ ਦਾ ਮੰਨਣਾਂ ਹੈ ਕਿ ਜਿਸ ਸੰਕਟ ਭਰੇ ਮਹੌਲ ਵਿੱਚ ਇਸ ਵੇਲੇ ਪੰਥ ਵਿਚਰ ਰਿਹਾ ਹੈ ਉਸ ਨਾਲ ਉਸਦੀ ਹੋਂਦ ਤੇ ਵੀ ਸਵਾਲੀਆ ਚਿੰਨ੍ਹ ਲੱਗਣ ਦੇ ਅਸਾਰ ਪੈਦਾ ਹੋ ਰਹੇ ਹਨ। ਕਿਸੇ ਪ੍ਰਤੀਬੱਧ ਅਤੇ ਯੋਗ ਪੰਥਕ ਆਗੂ ਦੀ ਅਣਹੋਂਦ ਕਾਰਨ ਡਾਕਟਰ ਸਾਹਿਬ ਨੇ ਕੌਮ ਦੀਆਂ ਧਾਰਮਕ ਸ਼ਖਸ਼ੀਅਤਾਂ ਨੂੰ ਇਮਾਨਦਾਰ ਵਾਸਤਾ ਪਾਇਆ ਹੈ ਕਿ ਉਹ ਇਸ ਬਿਖੜੇ ਸਮੇਂ ਵਿੱਚ ਕੌਮ ਦੀ ਅਗਵਾਈ ਲਈ ਅੱਗੇ ਆਉਣ।

ਉਨਾਂ ਆਖਿਆ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਜਾਨਲੇਵਾ ਹਮਲਾ ਹੋਣ ਤੋਂ ਬਾਅਦ ਉਹ ਆਪ ਭਾਈ ਰਣਜੀਤ ਸਿੰਘ ਨੂੰ ਮਿਲਣ ਲਈ ਗਏ ਅਤੇ ਉਨ੍ਹਾਂ ਨੂੰ ਕੌਮ ਦੀ ਅਗਵਾਈ ਕਰਨ ਦੀ ਬੇਨਤੀ ਕੀਤੀ। ਪਰ ਡਾਕਟਰ ਸਾਹਿਬ ਨੇ ਦੁਖ ਨਾਲ ਲਿਖਿਆ ਕਿ ਭਾਈ ਰਣਜੀਤ ਸਿੰਘ ਨੇ ਸਿਰਫ ਧਾਰਮਕ ਖੇਤਰ ਵਿੱਚ ਹੀ ਸੇਵਾ ਕਰਨ ਦੀ ਗੱਲ ਆਖੀ ਹੈ। ਇਹੋ ਵਿਚਾਰ ਭਾਈ ਪੰਥਪ੍ਰੀਤ ਸਿੰਘ ਨੇ ਪ੍ਰਗਟ ਕੀਤੇ ਹਨ। ਇਸਤੇ ਡਾਕਟਰ ਗੁਰਦਰਸ਼ਨ ਸਿੰਘ ਢਿੱਲ਼ੋਂ ਨੇ ਟਿੱਪਣੀ ਕਰਦਿਆਂ ਆਖਿਆ ਕਿ ਜੇ ਇਨ੍ਹਾਂ ਧਾਰਮਕ ਸ਼ਖਸ਼ੀਅਤਾਂ ਨੇ ਇਸ ਸਮੇਂ ਕੌਮ ਦੀ ਅਗਵਾਈ ਨਾ ਕੀਤੀ ਤਾਂ ਇਤਿਹਾਸ ਇਨ੍ਹਾਂ ਨੂੰ ਸਿਰਫ ਪ੍ਰਚਾਰਕਾਂ ਦੇ ਤੌਰ ਤੇ ਹੀ ਯਾਦ ਕਰੇਗਾ, ਵੱਡੇ ਲੀਡਰਾਂ ਦੇ ਤੌਰ ਤੇ ਨਹੀ।

ਅਸੀਂ ਸਮਝਦੇ ਹਾਂ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਭਾਈ ਪੰਥਪ੍ਰੀਤ ਸਿੰਘ ਇਸ ਵੇਲੇ ਜੋ ਕੌਮੀ ਸੇਵਾ ਨਿਭਾਅ ਰਹੇ ਹਨ ਉਸਦਾ ਕੋਈ ਮੁੱਲ ਨਹੀ ਪਾਇਆ ਜਾ ਸਕਦਾ। ਇਸ ਬਿਖੜੇ ਸਮੇਂ ਵਿੱਚ ਜਦੋਂ ਭਾਰਤੀ ਸਟੇਟ ਆਪਣੇ ਅਸਲੀ ਰੰਗ ਵਿੱਚ ਖਿੜੀ ਹੋਈ ਹੈ ਅਤੇ ਜਦੋਂ ਕੌਮ ਚਾਰੇ ਪਾਸਿਓਂ ਇੱਕ ਖੁੰਖਾਰੂ ਅਤੇ ਕਮੀਨੇ ਦੁਸ਼ਮਣ ਦੇ ਘੇਰੇ ਵਿੱਚ ਆਈ ਹੋਈ ਹੈ ਉਸ ਵੇਲੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਭਾਈ ਪੰਥਪ੍ਰੀਤ ਸਿੰਘ ਨੇ ਆਪਣੀ ਇਖਲਾਕੀ ਜਿੰਮੇਵਾਰੀ ਸਮਝਦੇ ਹੋਏ ਕੌਮ ਵਿੱਚ ਜੋ ਧਾਰਮਕ ਜਾਗਰਤੀ ਲਿਆਉਣ ਦੇ ਯਤਨ ਅਰੰਭੇ ਹੋਏ ਹਨ ਉਹ ਕੌਮ ਦੇ ਭਵਿੱਖ਼ ਨੂੰ ਬਚਾਉਣ ਲਈ ਬਹੁਤ ਜਰੂਰੀ ਹਨ। ਉਸ ਵੇਲੇ ਜਦੋਂ Ḕਸੰਤ ਸਮਾਜḙ ਆਪਣਾ ਕੌਮੀ ਫਰਜ ਭੁੱਲਕੇ ਭਾਰਤੀ ਸਟੇਟ ਦੀ ਬੀਨ ਤੇ ਨੱਚ ਰਿਹਾ ਹੈ ਉਸ ਵੇਲੇ ਇਨ੍ਹਾਂ ਦੋਵੇਂ ਧਾਰਮਕ ਸ਼ਖਸ਼ੀਅਤਾਂ ਨੇ ਧਾਰਮਕ ਜਜਬੇ ਦੀ ਜੋ ਲੋਅ ਬਾਲ ਰੱਖੀ ਹੈ ਉਹ ਕੌਮ ਦੀਆਂ ਜੜ੍ਹਾਂ ਮਜਬੂਤ ਕਰਨ ਲਈ ਬਹੁਤ ਮਹੱਤਵਪੂਰਨ ਹੈ। ਜੇ ਇਹ ਸ਼ਖਸ਼ੀਅਤਾਂ ਵੀ ਗੰਦੀ ਰਾਜਨੀਤੀ ਵਿੱਚ ਉਲਝ ਗਈਆਂ ਤਾਂ ਕੌਮ ਦੀਆਂ ਜੜ੍ਹਾਂ ਬਚਾਉਣ ਵਾਲਾ ਕੋਈ ਨਹੀ ਰਹੇਗਾ।

੍ਹਹਰ ਦਰਦਮੰਦ ਸਿੱਖ ਨੂੰ ਇਹ ਗੱਲ ਸਮਝਣੀ ਚਅਹੀਦੀ ਹੈ ਕਿ ਸਿੱਖਾਂ ਦਾ ਸੰਕਟ ਰਾਜਸੀ ਨਹੀ ਹੈ ਬਲਕਿ ਧਾਰਮਕ ਹੈ। ਸਿੱਖਾਂ ਦੇ ਮਨਾਂ ਵਿੱਚੋਂ ਧਰਮ ਦੀ ਜੋਤ ਬੁਝਣ ਕਾਰਨ ਹੀ ਰਾਜਸੀ ਸੰਕਟ ਖੜ੍ਹਾ ਹੋਇਆ ਹੋਇਆ ਹੈ। ਸਿੱਖ ਲਗਾਤਾਰ ਗਲਤ ਪਾਸੇ ਸਰਗਰਮੀ ਕਰ ਰਹੇ ਹਨ। ਕੌਮ ਦੀ ਜਿੰਨੀ ਤਾਕਤ ਰਾਜਸੀ ਸਰਗਰਮੀਆਂ ਕਾਰਨ ਬਰਬਾਦ ਕੀਤੀ ਜਾ ਰਹੀ ਹੈ ਜੇ ਏਨੀ ਤਾਕਤ ਧਾਰਮਕ ਖੇਤਰ ਵਿੱਚ ਝੋਕੀ ਹੁੰਦੀ ਅਤੇ ਜੇ ਕੌਮ ਧਾਰਮਕ ਤੌਰ ਤੇ ਚੇਤੰਨ ਹੋਈ ਹੁੰਦੀ ਤਾਂ ਟਕੇ ਟਕੇ ਦੀ ਸੋਝੀ ਦੇ ਮਾਲਕ ਲੋਕ ਅੱਜ ਪੰਜਾਬ ਦੀ ਸੱਤਾ ਤੇ ਕਾਬਜ ਨਾ ਹੁੰਦੇ। ਜੇ ਸਿੱਖਾਂ ਵਿੱਚ ਧਰਮ ਪ੍ਰਤੀ ਮੋਹ ਏਨਾ ਮਜਬੂਤ ਹੁੰਦਾ ਤਾਂ ਉਹ ਖਡੂਰ ਸਾਹਿਬ ਦੀ ਜਿਮਨੀ ਚੋਣ ਵਿੱਚ ਆਪਣੇ ਗੁਰੂ ਦੀ ਬੇਅਦਬੀ ਦਾ ਕੋਈ ਭੈਅ ਰੱਖਦੇ ਅਤੇ ਟਕੇ ਟਕੇ ਤੇ ਨਾ ਵਿਕਦੇ।

ਇਸ ਲਈ ਜੇ ਪੰਜਾਬ ਵਿੱਚ ਅੱਜ ਪੰਥਕ ਧਿਰ ਦੇ ਪੈਰ ਨਹੀ ਲੱਗ ਰਹੇ ਤਾਂ ਇਸਦਾ ਕਾਰਨ ਰਾਜਸੀ ਨਹੀ ਹੈ। ਨਾ ਹੀ ਇਸਦਾ ਮਤਲਬ ਇਹ ਹੈ ਕਿ ਪੰਥਕ ਧਿਰ ਕੋਲ ਸੁਹਿਰਦ ਲੀਡਰਸ਼ਿੱਪ ਨਹੀ ਹੈ। ਇਸਦਾ ਵੱਡਾ ਕਾਰਨ ਹੈ ਕਿ ਸਿੱਖਾਂ ਵਿੱਚ ਧਰਮ ਪ੍ਰਤੀ ਮੋਹ ਅਤੇ ਆਪਣੇ ਗੁਰੂ ਪ੍ਰਤੀ ਆਸਥਾ ਕਮਜੋਰ ਪੈ ਚੁੱਕੀ ਹੈ। ਸਿੱਖਾਂ ਦੇ ਧਰਮ ਦੀ ਵਿਆਖਿਆ ਰਾਜਸੀ ਨੇਤਾ ਕਰ ਰਹੇ ਹਨ ਜਾਂ ਕਹਿ ਲਓ ਕਿ ਧਰਮ ਸਟੇਟ ਦਾ ਕਰਿੰਦਾ ਬਣ ਕੇ ਉਭਰ ਰਿਹਾ ਹੈ। ਇਸ ਸਥਿਤੀ ਨੂੰ ਉਲਟਾ ਦੇਣ ਲਈ ਸਿਰਫ ਧਾਰਮਕ ਸ਼ਖਸ਼ੀਅਤਾਂ ਦੀ ਸਖਤ ਮਿਹਨਤ ਅਤੇ ਧਾਰਮਕ ਪਰਚਾਰ ਹੀ ਕੌਮ ਨੂੰ ਬਚਾ ਸਕਦਾ ਹੈ। ਇਹ ਧਾਰਮਕ ਸ਼ਖਸ਼ੀਅਤਾਂ ਜੋ ਪਰਚਾਰ ਕਰ ਰਹੀਆਂ ਹਨ ਉਹ ਸਿੱਖਾਂ ਨੂੰ ਆਪਣੇ ਨਿਆਰੇਪਣ ਦੀ ਸੋਝੀ ਬਖਸ਼ਦਾ ਹੈ। ਇਹ ਸਟੇਟ ਵੱਲ਼ੋਂ ਪਰਚਾਰੀ ਜਾ ਰਹੀ ਧਾਰਮਕ ਵਿਚਾਰਧਾਰਾ ਤੋਂ ਬਿਲਕੁਲ ਵੱਖਰਾ ਹੈ। ਕੌਮਾਂ ਦੀ ਹੋਂਦ ਆਪਣੇ ਨਿਆਰੇਪਣ ਦੇ ਅਹਿਸਾਸ ਨਾਲ ਹੀ ਟਿਕੀ ਰਹਿ ਸਕਦੀ ਹੈ। ਜਦੋਂ ਕਿਸੇ ਕੌਮ ਵਿੱਚੋਂ ਆਪਣੇ ਗਵਾਂਢੀਆਂ ਨਾਲ਼ੋਂ ਨਿਆਰੇ ਅਤੇ ਵੱਖਰੇ ਹੋਣ ਦੀ ਸੋਚ ਅਤੇ ਸੋਝੀ ਖਤਮ ਹੋ ਜਾਵੇ ਤਾਂ ਉਸਦਾ ਖਤਮ ਹੋ ਜਾਣਾਂ ਨਿਸਚਿਤ ਹੁੰਦਾ ਹੈ।

ਅਸੀਰੀਅਨ ਕੌਮ ਦਾ ਦੁਖਾਂਤ ਇਸ ਸੋਝੀ ਦੇ ਖਤਮ ਹੋਣ ਦਾ ਹੀ ਦੁਖਾਂਤ ਹੈ। ਅਸੀਰੀਅਨ ਕੌਮ ਨੇ ੧੩ਵੀਂ ਸਦੀ ਵਿੱਚ ਆਪਣੀ ਸਲਤਨਤ ਮਾਣੀ ਹੈ ਲਗਭਗ ਡੇਢ ਸਦੀ ਉਹ ਕੌਮ ਜਿੱਥੇ ਹੁਣ ਇਰਾਕ ਸਥਿਤ ਹੈ ਇੱਥੇ ਰਾਜ ਕਰਦੀ ਰਹੀ। ਆਪਣੀਆਂ ਫੌਜੀ ਜਿੱਤਾਂ ਨਾਲ ਲਗਾਤਾਰ ਇਹ ਆਪਣੀ ਸਲਤਨਤ ਦਾ ਵਿਸਥਾਰ ਕਰਦੀ ਰਹੀ। ਪਰ ਇੱਕ ਸਮੇਂ ਤੇ ਆਕੇ ਕੌਮ ਦੇ ਹਾਕਮਾਂ ਵਿੱਚ ਧਰਮ ਤੇ ਕਾਠੀ ਪਾਉਣ ਦੀ ਰੁਚੀ ਪੈਦਾ ਹੋ ਗਈ। ਸਰਕਾਰ ਨੇ ਧਰਮ ਨੂੰ ਆਪਣੇ ਕਬਜੇ ਅਧੀਨ ਲੈ ਲਿਆ। ਧਾਰਮਕ ਗਰੰਥਾਂ ਅਤੇ ਧਰਮੀ ਪੁਰਸ਼ਾਂ ਦੀ ਪੂਜਾ ਦੀ ਥਾਂ ਰਾਜਿਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਪੂਜਾ ਦੀ ਰਵਾਇਤ ਸ਼ੁਰੂ ਹੋ ਗਈ। ਇਸਨੇ ਕੌਮ ਦੇ ਨਿਆਰੇਪਣ ਨੂੰ ਹਰਜਾ ਪਹੁੰਚਾਉਣਾਂ ਸ਼ੁਰੂ ਕਰ ਦਿੱਤਾ। ਇੱਕ ਸਮਾਂ ਅਜਿਹਾ ਵੀ ਆਇਆ ਕਿ ਹਜਾਰਾਂ ਮੀਲਾਂ ਤੱਕ ਆਪਣੀ ਸਲਤਨਤ ਦੇ ਝੰਡੇ ਗੱਡਣ ਵਾਲੀ ਕੌਮ ਨੂੰ ਜਦੋਂ ਇੱਕ ਬਾਹੂਬਲੀ ਦੁਸ਼ਮਣ ਨੇ ਫੌਜੀ ਮਾਤ ਦਿੱਤੀ ਤਾਂ ਫੌਜੀ ਹਾਰ ਦੇ ਨਾਲ ਹੀ ਕੌਮ ਦਾ ਵਜੂਦ ਵੀ ਖਤਮ ਹੋ ਗਿਆ, ਕਿਉਂਕਿ ਉਸ ਵੇਲੇ ਤੱਕ ਕੌਮ ਦਾ ਆਪਣੇ ਗੁਆਂਢੀਆਂ ਨਾਲ਼ੋਂ ਫਰਕ ਹੀ ਮਿਟ ਚੁੱਕਾ ਸੀ। ਉਸ ਕੋਲ ਅਜਿਹਾ ਕੁਝ ਵੀ ਨਹੀ ਸੀ ਬਚਿਆ ਜੋ ਉਸ ਕੌਮ ਨੂੰ ਆਪਣੇ ਗਵਾਂਢੀਆਂ ਤੋਂ ਵਖਰਿਆਉਂਦਾ ਸੀ।

ਦੂਜੇ ਪਾਸੇ ਪੋਲਿਸ਼ ਕੌਮ ਦੋ ਸਦੀਆਂ ਤੱਕ ਵਕਤ ਦੇ ਔਰੰਗਿਆਂ ਅਤੇ ਨਾਦਰਾਂ ਦਾ ਸਾਹਮਣਾਂ ਕਰਦੀ ਹੋਈ ਵੀ ਇਸੇ ਕਰਕੇ ਬਚੀ ਰਹੀ ਕਿਉਂਕਿ ਉਸਨੇ ਆਪਣੀਆਂ ਰਵਾਇਤਾਂ ਅਤੇ ਧਰਮ ਨੂੰ ਤਿਲਾਂਜਲੀ ਨਹੀ ਸੀ ਦਿੱਤੀ। ਸਿਆਸੀ ਤੌਰ ਤੇ ਗੁਲਾਮ ਹੋਣ ਦੇ ਬਾਵਜੂਦ ਵੀ ਪੋਲਿਸ਼ ਕੌਮ ਦੀ ਹੋਂਦ ਨੂੰ ਕੋਈ ਦੁਸ਼ਮਣ ਖਤਮ ਨਾ ਕਰ ਸਕਿਆ।

ਇਸ ਲਈ ਅਸੀਂ ਸਮਝਦੇ ਹਾਂ ਕਿ ਸਿੱਖ ਕੌਮ ਆਪਣੀ ਸਿਆਸੀ ਲੀਡਰਸ਼ਿੱਪ ਆਪ ਹੀ ਭਾਲ ਲਵੇਗੀ ਪਰ ਧਾਰਮਕ ਸ਼ਖਸ਼ੀਅਤਾਂ ਜੋ ਕੌਮੀ ਨਿਆਰੇਪਣ ਦੀ ਚਿਣਗ ਲਾਉਣ ਦਾ ਕਾਰਜ ਕਰ ਰਹੀਆਂ ਹਨ ਇਨ੍ਹਾਂ ਨੂੰ ਇਹ ਕਰਨ ਦੇਣਾਂ ਚਾਹੀਦਾ ਹੈ। ਇਸ ਕਾਰਜ ਦਾ ਕੌਮ ਦੇਣ ਨਹੀ ਦੇ ਸਕਦੀ।