ਪਹਿਰਾਵਾ ਅੱਜ ਦੇ ਫੈਸ਼ਨ ਦਾ ਮਹੱਤਵਪੂਰਨ ਅੰਗ ਬਣ ਗਿਆ ਹੈ ਅਤੇ ਇਕ ਵਿਅਕਤੀ ਦੇ ਪਿਛੋਕੜ, ਸਮਾਜਿਕ ਰੁਤਬੇ, ਕਲਾਤਮਕ ਰੁਚੀਆਂ, ਸੁਭਾਅ ਅਤੇ ਆਬੋ-ਹਵਾ ਨੂੰ ਪ੍ਰਭਾਸ਼ਿਤ ਕਰਨ ਲਈ ਵੀ ਪਹਿਰਾਵੇ ਨੂੰ ਦੇਖਿਆ ਜਾਂਦਾ ਹੈ।ਪਹਿਰਾਵਾ ਪਾਉਣ ਦੀ ਲਿਆਕਤ ਇਕ ਵਿਅਕਤੀ ਦੇ ਵਿਅਕਤੀਤਵ, ਚਰਿੱਤਰ, ਸੁਭਾਅ, ਅੰਦਾਜ਼ ਨੂੰ ਪ੍ਰਤੀਬਿੰਬਿਤ ਕਰਦੀ ਹੈ।ਉਸ ਦੇ ਪਹਿਰਾਵੇ ਤੋਂ ਹੀ ਲੋਕ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਕੋਈ ਵਿਅਕਤੀ ਕਿਸ ਤਰਾਂ ਦਾ ਹੈ? ਰਸਮੀ ਪਹਿਰਾਵੇ ਤੋਂ ਭਾਵ ਇਸ ਤਰਾਂ ਲਿਆ ਜਾਂਦਾ ਹੈ ਕਿ ਇਹ ਨਾ ਮਹਿਜ਼ ਇਹ ਦਿਖਾਉਂਦਾ ਹੈ ਕਿ ਦੂਜੇ ਇਕ ਵਿਅਕਤੀ ਬਾਰੇ ਕੀ ਵਿਚਾਰ ਬਣਾਉਂਦੇ ਹਨ, ਬਲਕਿ ਇਸ ਤੋਂ ਇਹ ਵੀ ਪ੍ਰਤੀਬਿੰਬਿਤ ਹੁੰਦਾ ਹੈ ਕਿ ਉਹ ਆਪਣੇ ਆਪ ਬਾਰੇ ਕੀ ਸੋਚਦੇ ਹਨ? ਇਹ ਬਹੁਤ ਮਹੱਤਵਪੂਰਨ ਤਰੀਕਿਆਂ ਨਾਲ ਉਨ੍ਹਾਂ ਦੇ ਨਿਰਣੇ ਨੂੰ ਵੀ ਪ੍ਰਭਾਵਿਤ ਕਰਦਾ ਹੈ।

ਖੋਜ ਇਹ ਦਿਖਾਉਂਦੀ ਹੈ ਕਿ ਕੋਈ ਵਿਅਕਤੀ ਆਪਣੇ ਕੰਮ ’ਤੇ ਕੀ ਪਹਿਨ ਕੇ ਜਾਂਦਾ ਹੈ, ਇਹ ਨਾ ਸਿਰਫ ਉਸ ਬਾਰੇ ਦੂਜਿਆਂ ਦੀ ਰਾਇ ਨੂੰ ਪ੍ਰਭਾਵਿਤ ਕਰਦਾ ਹੈ ਬਲਕਿ ਇਹ ਇਸ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਕਿ ਉਹ ਆਪਣੇ ਕੰਮ ਨੂੰ ਕਿੰਨੀ ਯੋਗਤਾ ਨਾਲ ਕਰਦਾ ਹੈ, ਉਹ ਆਪਣੇ ਆਪ ਅਤੇ ਆਪਣੀਆਂ ਯੋਗਤਾਵਾਂ ਨੂੰ ਕਿਸ ਤਰਾਂ ਸਮਝਦਾ ਹੈ ਅਤੇ ਆਪਣੀ ਪੇਸ਼ੇਵਰ ਜ਼ਿੰਦਗੀ ਵਿਚ ਕਿੰਨੀ ਉੱਚੀ ਉਡਾਰੀ ਭਰਦਾ ਹੈ?ਕਿਸੇ ਵੀ ਵਿਅਕਤੀ ਲਈ ਸੋਹਣਾ/ਚੰਗਾ ਦਿਖਣਾ ਕੁਝ ਕਾਰਨਾਂ ਕਰਕੇ ਮਹੱਤਵਪੂਰਨ ਮੰਨਿਆ ਜਾਂਦਾ ਹੈ: ਇਜ਼ਹਾਰ, ਸਿਰਜਣਸ਼ੀਲਤਾ, ਪੇਸ਼ਕਾਰੀ ਅਤੇ ਸਵੈ-ਵਿਸ਼ਵਾਸ।ਇਜ਼ਹਾਰ ਅਤੇ ਸਵੈ-ਵਿਸ਼ਵਾਸ ਨਿੱਜੀ ਵਿਸ਼ੇ ਹਨ ਕਿਉਂਕਿ ਹਰ ਵਿਅਕਤੀ ਦਾ ਆਪਣਾ ਸੁਭਾਅ ਅਤੇ ਰੁਚੀ ਹੁੰਦੀ ਹੈ।ਹਰ ਵਿਅਕਤੀ ਲਈ ਆਪਣੇ ਪਹਿਰਾਵੇ ਅਤੇ ਹੋਰ ਚੀਜਾਂ ਰਾਹੀ ਆਪਣੀ ਸਿਰਜਾਣਮਿਕਤਾ ਦਾ ਇਜ਼ਹਾਰ ਕਰਨਾ ਮਹੱਤਵਪੂਰਨ ਹੁੰਦਾ ਹੈ।ਅਮਰੀਕਾ ਦੀ ਨੌਰਥ-ਵੈਸਟਰਨ ਯੂਨੀਵਰਸਿਟੀ ਦੁਆਰਾ ਨਵੀਂ ਖੋਜ ਦਿਖਾਉਂਦੀ ਹੈ ਕਿ ਸਫੈਦ ਲੈਬ ਕੋਟ ਪਾਏ ਹੋਏ ਵਿਦਿਆਰਥੀਆਂ ਨੇ ਦੂਜਿਆਂ ਦੇ ਮੁਕਾਬਲਤਨ ਗਿਆਨ-ਸੰਬੰਧੀ ਟੈਸਟ ਵਿਚ ਬੇਹਤਰ ਪੇਸ਼ਕਾਰੀ ਕੀਤੀ।

ਸਹੀ ਮਾਇਨਿਆ ਵਿਚ ਦੇਖਿਆ ਜਾਵੇ ਤਾਂ ਪਹਿਰਾਵਾ ਇਕ ਵਿਅਕਤੀ ਨੂੰ ਪ੍ਰਭਾਸ਼ਿਤ ਨਹੀਂ ਕਰਦਾ ਹੈ, ਬਲਕਿ ਇਹ ਉਸ ਦੇ ਵਿਅਕਤੀਤਵ ਨੂੰ ਜਾਣਨ ਦੀ ਸਿਰਫ ਇਕ ਖਿੜਕੀ ਹੈ।ਇਹ ਦੂਜਿਆਂ ਨੂੰ ਉਸ ਦੇ ਵਿਅਕਤੀਤਵ ਬਾਰੇ ਕੁਝ ਦੱਸਦਾ ਹੈ।ਵਿਗਿਆਨ ਕਹਿੰਦਾ ਹੈ ਕਿ ਇਕ ਵਿਅਕਤੀ ਦਾ ਪਹਿਰਾਵਾ ਉਸ ਦੇ ਵਿਵਹਾਰ, ਨਜ਼ਰੀਏ, ਵਿਅਕਤੀਤਵ, ਸਵੈ-ਵਿਸ਼ਵਾਸ ਅਤੇ ਦੂਜਿਆਂ ਨਾਲ ਗੱਲਬਾਤ ਕਰਨ ਦੀ ਪ੍ਰੀਕਿਰਿਆ ਨੂੰ ਪ੍ਰਭਾਵਿਤ ਕਰਦਾ ਹੈ।ਫੈਸਨ ਮਨੋਵਿਗਿਆਨ ਨੂੰ ਪਹਿਰਾਵੇ ਦੀ ਚੋਣ ਦੇ ਪ੍ਰਭਾਵਾਂ ਦੇ ਰੂਪ ਵਿਚ ਪ੍ਰਭਾਸ਼ਿਤ ਕੀਤਾ ਜਾਂਦਾ ਹੈ ਜਿਸ ਵਿਚ ਲੋਕ ਇਕ ਦੂਜੇ ਨੂੰ ਦੇਖਦੇ-ਬੁੱਝਦੇ ਅਤੇ ਉਸ ਬਾਰੇ ਆਪਣਾ ਵਿਚਾਰ ਬਣਾਉਂਦੇ ਹਨ।

ਅਧਿਐਨ ਇਹ ਦਿਖਾਉਂਦਾ ਹੈ ਕਿ ਚੰਗਾ ਪਹਿਰਾਵਾ ਇਕ ਵਿਅਕਤੀ ਦੇ ਮੂਡ ਨੂੰ ਪ੍ਰਭਾਵਿਤ ਕਰਦਾ ਹੈ ਕਿਉਂਕਿ ਇਹ ਉਸ ਦੀ ਖੁਸ਼ੀ ਵਿਚ ਵਾਧਾ ਕਰ ਨਿਰਾਸ਼ਾ ਦੇ ਭਾਵ ਨੂੰ ਘੱਟ ਕਰਦਾ ਹੈ।ਇਹ ਲਗਾਤਾਰ ਉਸ ਦੇ ਸਵੈ-ਵਿਸ਼ਵਾਸ ਵਿਚ ਵਾਧਾ ਕਰਦਾ ਹੈ ਅਤੇ ਉਸ ਦਾ ਆਪਣੀ ਯੋਗਤਾ ਵਿਚ ਯਕੀਨ ਵਧਾਉਂਦਾ ਹੈ।ਯੋਗਤਾ ਦੇ ਸੰਬੰਧ ਵਿਚ ਇਹ ਕਿਹਾ ਜਾਂਦਾ ਹੈ ਕਿ ਇਕ ਵਿਅਕਤੀ ਦਾ ਮੁਲਾਂਕਣ ਉਸ ਦੇ ਪਹਿਰਾਵੇ ਦੀ ਬਜਾਇ ਉਸ ਦੀ ਯੋਗਤਾ ਦੇ ਅਨੁਸਾਰ ਹੋਣਾ ਚਾਹੀਦਾ ਹੈ।ਪਰ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਇਕ ਵਿਅਕਤੀ ਬਾਰੇ ਉਸ ਦੇ ਪਹਿਰਾਵੇ ਤੋਂ ਹੀ ਅੰਦਾਜ਼ਾ ਲਗਾ ਲਿਆ ਜਾਂਦਾ ਹੈ।ਉਹ ਅਸਲ ਵਿਚ ਕਿਸ ਤਰਾਂ ਦਾ ਵਿਅਕਤੀ ਹੈ ਇਸ ਨੂੰ ਅੱਖੋਂ-ਪਰੋਖੇ ਕਰ ਦਿੱਤਾ ਜਾਂਦਾ ਹੈ।ਜਿਸ ਵਿਅਕਤੀ ਨੇ ਚੰਗਾ ਪਹਿਰਾਵਾ ਪਾਇਆ ਹੁੰਦਾ ਹੈ, ਉਸ ਬਾਰੇ ਅਕਸਰ ਚੰਗੀ ਰਾਇ ਹੀ ਬਣਾਈ ਜਾਂਦੀ ਹੈ।ਉਸ ਬਾਰੇ ਡੂੰਘਾਈ ਵਿਚ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ।ਅਗੲ ਕੋਈ ਵੀ ਯੋਗ ਅਤੇ ਪ੍ਰਤਿਭਾਵਾਨ ਵਿਅਕਤੀ ਗੰਦੇ ਪਹਿਰਾਵੇ ਵਿਚ ਇੰਟਰਵਿਊ ਲਈ ਜਾਂਦਾ ਹੈ ਤਾਂ ਉਸ ਦਾ ਠੁਕਰਾਇਆ ਜਾਣਾ ਤੈਅ ਹੈ।

ਕਿਸੇ ਦੇ ਬਾਹਰੀ ਪਹਿਰਾਵੇ ਨੂੰ ਦੇਖ ਕੇ ਉਸ ਦੇ ਚੰਗਾ ਜਾਂ ਮਾੜਾ ਹੋਣ ਬਾਰੇ ਰਾਇ ਬਣਾਉਣਾ ਇਸ ਗੱਲ ਉੱਪਰ ਨਿਰਭਰ ਕਰਦਾ ਹੈ ਕਿ ਉਸ ਵਿਅਕਤੀ ਦੀ ਆਪਣੀ ਪਰਵਰਿਸ਼ ਕਿਸ ਤਰਾਂ ਹੋਈ ਹੈ। ਇਸ ਦਾ ਪਹਿਰਾਵੇ ਨਾਲ ਕੁਝ ਲੈਣਾ ਦੇਣਾ ਨਹੀਂ।ਬਹੁਤ ਸਾਰੇ ਲੋਕ ਇਸ ਦੀ ਬਿਲਕੁਲ ਵੀ ਪ੍ਰਵਾਹ ਨਹੀ ਕਰਦੇ ਅਤੇ ਮੰਨਦੇ ਹਨ ਕਿ ਨਿਯਮਾਂ ਨੂੰ ਮੰਨਣ ਦੀ ਉਨ੍ਹਾਂ ਨੂੰ ਕੋਈ ਮਜ਼ਬੂਰੀ ਨਹੀਂ। ਉਹ ਆਪਣਾ ਵੱਖਰਾ ਸਟਾਈਲ ਰੱਖਣਾ ਚਾਹੁੰਦੇ ਹਨ। ਕਿਸੇ ਵੀ ਵਿਅਕਤੀ ਦਾ ਪਹਿਰਾਵਾ ਨਹੀਂ ਬਲਕਿ ਉਸ ਦਾ ਕੰਮ ਜਿਆਦਾ ਮਹੱਤਵਪੂਰਨ ਹੁੰਦਾ ਹੈ।ਪਰ ਇਸ ਗੱਲ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਕਿਸੇ ਵਿਅਕਤੀ ਦੀ ਦਿੱਖ ਮਹੱਤਵਪੂਰਨ ਰੋਲ ਅਦਾ ਕਰਦੀ ਹੈ ਜੋ ਉਸ ਦੀ ਰੋਜ਼ਮੱਰਾ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੀ ਹੈ।ਦੂਜੇ ਲੋਕ ਉਸ ਨਾਲ ਕਿਸ ਤਰਾਂ ਦਾ ਵਿਵਹਾਰ ਕਰਨਗੇ, ਇਸ ਨੂੰ ਨਿਰਧਾਰਿਤ ਕਰਦੀ ਹੈ।ਕਿਸੇ ਵਿਅਕਤੀ ਬਾਰੇ ਪਹਿਲੀ ਰਾਇ ਬਣਾਉਣ ਵਿਚ ਉਸ ਦੀ ਦਿੱਖ ਅਤੇ ਪਹਿਰਾਵਾ ਪ੍ਰਮੁੱਖ ਹੋ ਜਾਂਦੇ ਹਨ।

ਲੋਕ ਮਹਿਜ਼ ਸੱਭਿਆਚਾਰਕ ਵਰਤਾਰੇ ਕਰਕੇ ਹੀ ਸਤਹੀ ਨਹੀਂ ਹੁੰਦੇ, ਬਲਕਿ ਉਹ ਉਸ ਵਰਤਾਰੇ ਤੋਂ ਘਰ ਕਰ ਗਈਆਂ ਆਦਤਾਂ ਕਰਕੇ ਵੀ ਦੂਜਿਆਂ ਬਾਰੇ ਨਿਰਣਾ ਕਰਦੇ ਹਨ।ਪਹਿਰਾਵੇ ਦਾ ਲੋਕਾਂ ਦੀ ਧਾਰਨਾ ਉੱਪਰ ਸਿੱਧਾ ਅਸਰ ਪੈਂਦਾ ਹੈ।ਕਿਉਂਕਿ ਸਾਡਾ ਸਮਾਜ ਪੂਰਵ-ਧਾਰਨਾ ਦਾ ਸ਼ਿਕਾਰ ਹੈ, ਇਸ ਲਈ ਚੰਗੇ ਪਹਿਰਾਵੇ ਵਾਲੇ ਲੋਕਾਂ ਨਾਲ ਦੂਜਿਆਂ ਦੇ ਨਿਸਬਤਨ ਚੰਗਾ ਵਰਤਾਓ ਕੀਤਾ ਜਾਂਦਾ ਹੈ।ਪਹਿਰਾਵਾ ਚਰਿੱਤਰ ਦਾ ਸਥਾਨ ਵੀ ਲੈ ਲੈਂਦਾ ਹੈ।ਉਹ ਲੋਕ ਦੂਜਿਆਂ ਨੂੰ ਚੰਗੀ ਤਰਾਂ ਨਹੀਂ ਜਾਣਦੇ, ਉਨ੍ਹਾਂ ਬਾਰੇ ਆਪਣੀ ਰਾਇ ਪਹਿਰਾਵੇ ਤੋਂ ਹੀ ਬਣਾਉਂਦੇ ਹਨ।ਗਾਲਿਬ ਅਠਾਰਵੀਂ ਸਦੀ ਨਾਲ ਸੰਬੰਧਿਤ ਮਹਾਨ ਉਰਦੂ ਕਵੀ ਹੈ।ਉਸ ਨੂੰ ਇਕ ਵਾਰ ਬਹਾਦਰ ਸ਼ਾਹ ਦੇ ਦਰਬਾਰ ਵਿਚ ਜਾਣ ਦਾ ਸੱਦਾ ਆਇਆ।ਉਸ ਕੋਲ ਦਰਬਾਰ ਵਿਚ ਪੇਸ਼ ਹੋਣ ਲਈ ਕੋਈ ਵਧੀਆ ਕੱਪੜੇ ਨਹੀਂ ਸਨ ਤਾਂ ਉਸ ਦੇ ਸਾਥੀਆਂ ਨੇ ਉਸ ਨੂੰ ਚੰਗੇ ਅਤੇ ਸ਼ਾਲੀਨ ਕੱਪੜੇ ਪਾ ਕੇ ਜਾਣ ਦੀ ਸਲਾਹ ਦਿੱਤੀ।ਗਾਲਿਬ ਉਨ੍ਹਾਂ ਨਾਲ ਸਹਿਮਤ ਨਾ ਹੋਇਆ, ਪਰ ਜਦੋਂ ਉਹ ਆਪਣੇ ਪੁਰਾਣੇ ਕੱਪੜੇ ਪਾ ਕੇ ਹੀ ਦਰਬਾਰ ਗਿਆ ਤਾਂ ਸੱਦਾ ਪੱਤਰ ਹੋਣ ਦੇ ਬਾਵਜੂਦ ਉਸ ਨੂੰ ਦਰਬਾਰ ਤੋਂ ਬਾਹਰੋਂ ਵੀ ਵਾਪਿਸ ਭੇਜ ਦਿੱਤਾ ਗਿਆ।ਪਰ ਜਦੋਂ ਉਹ ਆਪਣੇ ਸਾਥੀਆਂ ਦੇ ਸ਼ਾਲੀਨ ਪਹਿਰਾਵੇ ਵਿਚ ਉੱਥੇ ਗਿਆ ਤਾਂ ਉਸ ਨੂੰ ਅਸਾਨੀ ਨਾਲ ਅੰਦਰ ਜਾਣ ਦਿੱਤਾ ਗਿਆ। ਜਦੋਂ ਬਾਦਸ਼ਾਹ ਨੇ ਪਹਿਲੇ ਦਿਨ ਉਸ ਦੇ ਨਾ ਆਉਣ ਦਾ ਕਾਰਣ ਜਾਣਨਾ ਚਾਹਿਆ ਤਾਂ ਉਸ ਨੇ ਦੱਸਿਆ ਕਿ ਹੁਣ ਵੀ ਦਰਬਾਰ ਵਿਚ ਉਹ ਨਹੀਂ ਆਇਆ ਹੈ, ਬਲਕਿ ਉਸ ਦੇ ਕੱਪੜੇ ਹੀ ਆਏ ਹਨ।ਆਪਣੀ ਦਿੱਖ ਅਤੇ ਪਹਿਰਾਵੇ ਬਾਰੇ ਬੇਫਿਕਰੀ ਵਾਲਾ ਰਵੱਈਆ ਰੱਖਣਾ ਅਸਲ ਵਿਚ ਦਿਖਾਉਂਦਾ ਹੈ ਕਿ ਇਕ ਵਿਅਕਤੀ ਦਾ ਆਪਣੀ ਜ਼ਿੰਦਗੀ ਉੱਪਰ ਕਿੰਨਾ ਨਿਯੰਤ੍ਰਣ ਹੈ।ਇਸ ਵਿਚ ਕੋਈ ਸ਼ੱਕ ਨਹੀਂ ਕਿ ਚੰਗਾ ਪਹਿਰਾਵਾ ਪਾਉਣ ਦਾ ਕੋਈ ਨੁਕਸਾਨ ਨਹੀਂ ਹੈ।ਇਹ ਕੋਈ ਰਹੱਸ ਵਾਲੀ ਗੱਲ ਨਹੀਂ ਹੈ ਕਿ ਜੋ ਪਹਿਰਾਵਾ ਇਕ ਵਿਅਕਤੀ ਪਾਉਂਦਾ ਹੈ, ਉਹ ਉਸ ਦੇ ਅਤੇ ਦੂਜਿਆਂ ਦੇ ਵਿਵਹਾਰ, ਨਜ਼ਰੀਏ, ਵਿਅਕਤੀਤਵ, ਸਵੈ-ਵਿਸ਼ਵਾਸ ਅਤੇ ਦੂਜਿਆਂ ਨਾਲ ਗੱਲ-ਬਾਤ ਉੱਪਰ ਕਿੰਨਾ ਅਸਰ ਪਾਉਂਦਾ ਹੈ।

ਹਾਲ ਹੀ ਵਿਚ ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਅਤੇ ਕਾਲ ਸਟੇਟ ਨੌਰਥਰਿੱਜ ਸੰਸਥਾ ਨੇ ਇਕ ਅਧਿਐਨ ਪੇਸ਼ ਕੀਤਾ ਜਿਸ ਵਿਚ ਇਹ ਦਿਖਾਇਆ ਹੋਇਆ ਸੀ ਕਿ ਪਹਿਰਾਵਾ ਕਿਸ ਤਰਾਂ ਇਕ ਵਿਅਕਤੀ ਦੇ ਵਿਚਾਰਾਂ ਨੂੰ ਪ੍ਰਭਾਵਿਤ ਕਰਦਾ ਹੈ।ਇਸ ਦੇ ਨਤੀਜਿਆਂ ਵਿਚ ਪਾਇਆ ਗਿਆ ਕਿ ਰਸਮੀ ਪਹਿਰਾਵਾ ਲੋਕਾਂ ਨੂੰ ਜੜ੍ਹ ਸੋਚ ਤੋਂ ਅਜ਼ਾਦ ਕਰਦਾ ਹੈ ਅਤੇ ਉਨ੍ਹਾਂ ਵਿਚ ਜਿਆਦਾ ਵਿਵਹਾਰਕ ਤਰੀਕੇ ਨਾਲ ਸੋਚਣ ਦੀ ਕਾਬਲੀਅਤ ਵਿਕਸਤ ਕਰਦਾ ਹੈ।ਵਿਗਿਆਨੀਆਂ ਲੈਫਕੋਵਿਜ ਬਲੇਕ ਅਤੇ ਮੂਟਨ ਦੇ ਅਧਿਐਨ (੧੯੫੫) ਨੇ ਇਹ ਸਾਬਿਤ ਕੀਤਾ ਕਿ ਬਿਜ਼ਨਸ ਪਹਿਰਾਵਾ ਇਕ ਤਰਾਂ ਦੇ ਅਖ਼ਤਿਆਰ ਦੀ ਪ੍ਰਤੀਨਿਧਤਾ ਕਰਦਾ ਹੈ।ਇਕ ਪੁਰਾਣੀ ਕਹਾਵਤ ਹੈ ਕਿ ਕਿਸੇ ਵੀ ਪੁਸਤਕ ਸੰਬੰਧੀ ਉਸ ਦੀ ਜਿਲਦ ਦੇਖ ਕੇ ਹੀ ਅੰਦਾਜ਼ਾ ਨਹੀਂ ਲਗਾ ਲੈਣਾ ਚਾਹੀਦਾ ਜੋ ਕਿ ਤਕਨੀਕੀ ਰੂਪ ਵਿਚ ਸਹੀ ਵੀ ਹੈ।ਪਰ ਕਿਸੇ ਵੀ ਉਤਪਾਦ ਦੇ ਨਿਰਮਾਤਾ ਉਸ ਨੂੰ ਇਸ ਸੋਚ ਨਾਲ ਹੀ ਬਣਾਉਂਦੇ ਅਤੇ ਪੇਸ਼ ਕਰਦੇ ਹਨ ਕਿ ਲੋਕ ਇਸ ਦੀ ਦਿੱਖ ਦੁਆਰਾ ਹੀ ਆਪਣੀ ਰਾਇ ਬਣਾਉਣਗੇ ਅਤੇ ਉਹ ਇਸ ਵਿਚ ਗਲਤ ਨਹੀਂ ਹਨ।ਇਹੀ ਗੱਲ ਪਹਿਰਾਵੇ ਦੇ ਸੰਬੰਧ ਵਿਚ ਕਹੀ ਜਾ ਸਕਦੀ ਹੈ।ਆਪਣੀ ਧਾਰਨਾ ਅਨੁਸਾਰ ਬਹੁਤ ਜਲਦੀ ਆਪਣੀ ਰਾਇ ਬਣਾਉਣ ਵਾਲੇ ਅਤੇ ਦੇਖ ਕੇ ਹੀ ਵਿਅਕਤੀਆਂ ਨੂੰ ਸ਼੍ਰੇਣੀਆਂ ਵਿਚ ਵੰਡਣ ਵਾਲੇ ਇਸ ਸਮਾਜ ਵਿਚ ਦਿਖਾਊ ਅੰਕੜੇ ਬਹੁਤ ਹੀ ਮਹੱਤਵਪੂਰਨ ਹੁੰਦੇ ਹਨ।

ਅਧਿਐਨ ਵਿਚ ਇਹ ਪਾਇਆ ਗਿਆ ਹੈ ਕਿ ਰਸਮੀ ਪਹਿਰਾਵੇ ਵਾਲੇ ਲੋਕ ਜਿਆਦਾ ਖੁੱਲੇ ਨਹੀਂ ਹੁੰਦੇ ਅਤੇ ਨਿਸ਼ਚਿੰਤ ਮਹਿਸੂਸ ਕਰਨ ਵਿਚ ਵੀ ਔਖ ਮਹਿਸੂਸ ਕਰਦੇ ਹਨ।ਇਹ ਉਸ ਵਿਅਕਤੀ ਦੇ ਰੋਲ ਨਾਲ ਸੰਬੰਧਿਤ ਹੈ ਕਿ ਇਕ ਖਾਸ ਕਿੱਤੇ ਵਿਚ ਲੋਕ ਕਿਸ ਤਰਾਂ ਦਾ ਵਿਵਹਾਰ ਰੱਖਣਗੇ।ਪਹਿਰਾਵਾ ਇਕ ਵਿਅਕਤੀ ਦੇ ਸਮਾਜਿਕ ਰੁਤਬੇ ਬਾਰੇ ਰਾਇ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਉਸ ਦੇ ਰਾਜਨੀਤਿਕ ਵਿਚਾਰਾਂ ਅਤੇ ਨਜ਼ਰੀਏ ਨੂੰ ਬਦਲ ਸਕਦਾ ਹੈ।ਖੋਜ ਇਹ ਵੀ ਦਿਖਾਉਂਦੀ ਹੈ ਕਿ ਕਿਸੇ ਖਾਸ ਅਤੇ ਪ੍ਰਭਾਵਸ਼ਾਲੀ ਵਿਅਕਤੀ ਦੇ ਪਹਿਰਾਵੇ ਦੀ ਰੀਸ ਕਰਨਾ ਉਸ ਵਿਅਕਤੀ ਦੇ ਗੁਣਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ।ਇਸ ਦੇ ਲਈ ਇਕ ਖਾਸ ਸ਼ਬਦ ਪੀਕੌਕਿੰਗ (ਡੀਂਗ ਮਾਰਨਾ) ਵਰਤਿਆ ਜਾਂਦਾ ਹੈ ਜਿਸ ਤੋਂ ਭਾਵ ਹੈ ਲੋਕਾਂ ਦਾ ਆਪਣੇ ਆਪ ਨੂੰ ਧਿਆਨ ਵਿਚ ਲਿਆਉਣ ਲਈ ਪਹਿਰਾਵਾ ਪਹਿਨਣਾ।ਫੈਸ਼ਨ ਸਵੈ-ਇਜ਼ਹਾਰ ਦਾ ਇਕ ਮਾਧਿਅਮ ਹੈ।ਸਾਲਾਂ ਬੱਧੀ ਕਿੱਤਾਕਾਰੀ ਲੋਕਾਂ ਦੇ ਪਹਿਰਾਵੇ ਵਿਚ ਭਾਰੀ ਬਦਲਾਅ ਆਇਆ ਹੈ।ਸਿਰਜਾਣਤਮਿਕ ਮਾਹੌਲ ਵਿਚ ਕੋਈ ਵਿਅਕਤੀ ਆਪਣੀ ਮਰਜ਼ੀ ਅਨੁਸਾਰ ਕੋਈ ਵੀ ਪਹਿਰਾਵਾ ਪਾ ਸਕਦਾ ਹੈ, ਪਰ ਕੰਪਨੀਆਂ ਅਤੇ ਕਾਰਪੋਰੇਟ ਖੇਤਰ ਵਿਚ ਇਕ ਖਾਸ ਪਹਿਰਾਵਾ ਬਹੁਤ ਜ਼ਰੂਰੀ ਹੈ।

ਆਮ ਤੌਰ ਤੇ ਹੀ ਵਿਅਕਤੀ ਬਾਰੇ ਉਸ ਦੇ ਪਹਿਰਾਵੇ ਤੋਂ ਹੀ ਰਾਇ ਬਣਾਈ ਜਾਂਦੀ ਹੈ।ਸੱਠ ਪ੍ਰਤੀਸ਼ਤ ਤੋਂ ਜਿਆਦਾ ਕਰਮਚਾਰੀ ਆਪਣੇ ਸਹਿਯੋਗੀਆਂ ਬਾਰੇ ਉਨ੍ਹਾਂ ਦੇ ਪਹਿਰਾਵੇ ਅਤੇ ਦਿੱਖ ਤੋਂ ਹੀ ਆਪਣੀ ਧਾਰਨਾ ਬਣਾਉਂਦੇ ਹਨ।ਹਾਰਵਰਡ ਬਿਜ਼ਨਸ ਸਕੂਲ ਦੁਆਰਾ ਕਰਵਾਏ ਗਏ ਇਕ ਅਧਿਐਨ ਵਿਚ ਇਹ ਸਾਹਮਣੇ ਆਇਆ ਕਿ ਇਕ ਸਟੈਂਡਰਡ ਪਹਿਰਾਵੇ ਨੂੰ ਛੱਡ ਕੇ ਕੋਈ ਹੋਰ ਪਹਿਰਾਵਾ ਪਹਿਨਣਾ ਵਿਅਕਤੀ ਵਿਚ ਆਤਮ-ਵਿਸ਼ਵਾਸ ਵਿਕਸਿਤ ਕਰ ਸਕਦਾ ਹੈ ਕਿਉਂ ਕਿ ਇਹ ਉੱਚ ਪੱਧਰ ਦੀ ਅਜ਼ਾਦੀ ਅਤੇ ਨਿਯੰਤ੍ਰਣ ਦੀ ਪ੍ਰਤੀਨਿਧਤਾ ਕਰਦਾ ਹੈ।ਦੂਜੇ ਸ਼ਬਦਾਂ ਵਿਚ ਪਹਿਰਾਵਾ ਮਹੱਤਵਪੂਰਨ ਨਹੀਂ, ਬਲਕਿ ਉਸ ਦਾ ਚਿੰਨ੍ਹਾਤਮਕ ਅਰਥ ਜਿਆਦਾ ਮਹੱਤਵਪੂਰਨ ਹੈ।ਇਕ ਖਾਸ ਪਹਿਰਾਵੇ ਦਾ ਇਹ ਨੁਕਸਾਨ ਹੁੰਦਾ ਹੈ ਕਿ ਇਹ ਆਪਣੇ ਆਪ ਨੂੰ ਇਜ਼ਹਾਰ ਕਰਨ ਦੀ ਅਜ਼ਾਦੀ ਉੱਪਰ ਨਿਯੰਤ੍ਰਣ ਲਗਾਉਂਦਾ ਹੈ।ਇਕ ਅਧਿਐਨ ਅਨੁਸਾਰ ਜਦੋਂ ਪਹਿਰਾਵੇ ਵਿਚ ਖੁੱਲ ਦਿੱਤੀ ਜਾਂਦੀ ਹੈ ਤਾਂ ਇਕਾਹਟ ਪ੍ਰਤੀਸ਼ਤ ਕਰਮਚਾਰੀ ਜਿਆਦਾ ਉਪਯੋਗੀ ਹੁੰਦੇ ਹਨ ਅਤੇ ਇਸ ਤਰਾਂ ਦੇ ਮਾਹੌਲ ਵਿਚ ਕੰਮ ਕਰਨ ਵਾਲੇ ਅੱਸੀ ਪ੍ਰਤੀਸ਼ਤ ਲੋਕਾਂ ਦਾ ਮਤ ਹੈ ਕਿ ਇਕ ਖਾਸ ਪਹਿਰਾਵਾ ਕੋਈ ਜਿਆਦਾ ਉਪਯੋਗੀ ਨਹੀਂ ਹੁੰਦਾ।ਪਹਿਰਾਵੇ ਵਿਚ ਛੋਟ ਇਕ ਵਿਅਕਤੀ ਦੀ ਸਿਰਜਣਾਤਮਿਕ ਸੋਚ ਨੂੰ ਵਧਾਉਂਦੀ ਹੈ।ਜਿਆਦਾਤਰ ਕੰਪਨੀਆਂ ਹਫਤੇ ਵਿਚ ਇਕ ਵਾਰ ਗੈਰ-ਰਸਮੀ ਪਹਿਰਾਵੇ ਦੀ ਛੋਟ ਦਿੰਦੀਆਂ ਹਨ ਅਤੇ ਇਹ ਰੁਝਾਨ ਵਧ ਰਿਹਾ ਹੈ।ਵੱਖ-ਵੱਖ ਅੰਕੜੇ ਇਸ ਗੱਲ ਵੱਲ ਧਿਆਨ ਦੁਆਉਂਦੇ ਹਨ ਕਿ ਵੱਖ-ਵੱਖ ਦਫਤਰਾਂ ਵਿਚ ਗੈਰ-ਰਸਮੀ ਪਹਿਰਾਵੇ ਦਾ ਰੁਝਾਨ ਵਧ ਰਿਹਾ ਹੈ।ਜਦੋਂ ਲੋਕ ਉਹ ਪਹਿਰਾਵਾ ਪਾ ਸਕਦੇ ਹਨ ਜਿਸ ਵਿਚ ਉਹ ਅਰਾਮ ਅਤੇ ਆਤਮ-ਵਿਸ਼ਵਾਸ ਮਹਿਸੂਸ ਕਰਦੇ ਹਨ ਤਾਂ ਉਨ੍ਹਾਂ ਦਾ ਮਨੋਬਲ ਉੱਚਾ ਹੁੰਦਾ ਹੈ ਅਤੇ ਉਹ ਜਿਆਦਾ ਵਧੀਆ ਢੰਗ ਨਾਲ ਆਪਣਾ ਕੰਮ ਕਰ ਸਕਦੇ ਹਨ।ਇਕ ਖਾਸ ਪਹਿਰਾਵੇ ਤੋਂ ਮਿਲੀ ਛੋਟ ਲੋਕਾਂ ਨੂੰ ਆਪਣੇ ਨੂੰ ਇਜ਼ਹਾਰ ਕਰਨ ਦਾ ਮੌਕਾ ਵੀ ਦਿੰਦੀ ਹੈ ਜੋ ਕਿ ਉਨ੍ਹਾਂ ਦੀ ਸਿਰਜਣਾਤਮਿਕਤਾ ਚਿ ਵਾਧਾ ਕਰਦਾ ਹੈ।ਬਹੁਤ ਲੰਮੇ ਸਮੇਂ ਤੋਂ ਹੀ ਪਹਿਰਾਵਾ ਲੋਕਾਂ ਲਈ ਇਜ਼ਹਾਰ, ਅਖ਼ਤਿਆਰ, ਵਿਅਕਤੀਤਵ ਨੂੰ ਪੇਸ਼ ਕਰਨ ਦਾ ਮਾਧਿਅਮ ਰਿਹਾ ਹੈ।ਹੁਣ ਦੁਨੀਆ ਗੈਰ-ਰਸਮੀ ਪਹਿਰਾਵੇ ਵੱਲ ਜਿਆਦਾ ਵਧ ਰਹੀ ਹੈ।