ਕੁਝ ਕਮਾਈਆਂ ਅਜਿਹੀਆਂ ਹੁੰਦੀਆਂ ਹਨ ਜੋ ਕਿਸੇ ਦੇ ਨਿੱਜ ਤੋਂ ਪਾਰ ਹੁੰਦੀਆਂ ਹਨ। ਵੈਸੇ ਮਨੁੱਖ ਆਪਣੇ ਜੀਵਨ ਦੌਰਾਨ ਇਸੇ ਲਾਲਸਾ ਅਧੀਨ ਸਰਗਰਮੀਆਂ ਕਰਦਾ ਹੈ ਕਿ ਉਸ ਲਈ ਕੋਈ ਨਿੱਜੀ ਕਮਾਈ ਜਾਂ ਪੂੰਜੀ ਇਕੱਠੀ ਹੋ ਸਕੇ। ਦੁਨਿਆਵੀ ਮਨੁੱਖ ਦੀ ਦੌੜ ਆਪਣੇ ਨਿੱਜ ਤੱਕ ਹੀ ਸੀਮਤ ਰਹਿੰਦੀ ਹੈ। ਉਹ ਕੋਹਲੂ ਦੇ ਬਲਦ ਵਾਂਗ ਜੀਵਨ ਭਰ ਪਦਾਰਥਕ ਕਮਾਈ ਦੇ ਅਜਿਹੇ ਚੱਕਰ ਵਿੱਚ ਫਸ ਜਾਂਦਾ ਹੈ ਜਿਸ ਨਾਲ ਉਸਦੀ ਨਿੱਜੀ ਅਤੇ ਕੌਮੀ ਪਹਿਚਾਣ ਦੇ ਕੋਈ ਅਰਥ ਨਹੀ ਰਹਿੰਦੇ। ਮਨੁੱਖ ਦੀਆਂ ਬਹੁਤੀਆਂ ਨਾਕਾਰਾਤਮਕ ਕਮਾਈਆਂ ਕਈ ਵਾਰ ਏਨੀਆਂ ਨਿੱਜੀ ਹੋ ਜਾਂਦੀਆਂ ਹਨ ਕਿ ਉਸ ਮਨੁੱਖ ਦੀ ਆਪਣੀ ਪਹਿਚਾਣ ਵੀ ਖੋਰ ਦੇਂਦੀਆਂ ਹਨ। ਕੁਝ ਅਰਧ-ਚੇਤੰਨ ਰੂਹਾਂ ਇਤਿਹਾਸ ਦੇ ਕਿਸੇ ਮੋੜ ਤੇ ਆਕੇ ਜੇ ਕੋਈ ਬਹਾਦਰੀ ਵਾਲਾ ਕਦਮ ਚੁੱਕ ਵੀ ਲੈਂਦੀਆਂ ਹਨ ਤਾਂ ਕਿਸੇ ਵੱਡੇ ਰੁਹਾਨੀ ਸੰਕਲਪ ਤੋਂ ਸੱਖਣੀਆਂ ਹੋਣ ਕਰਕੇ, ਉਹ ਕੌਮੀ ਪਹਿਚਾਣ ਨਾਲ ਇੱਕਸੁਰ ਨਹੀ ਹੋ ਪਾਉਂਦੀਆਂ। ਬਹੁਤੀ ਵਾਰ ਹੁੰਦਾ ਇਹ ਹੈ ਕਿ ਅਜਿਹੀ ਮਾਅਰਕੇਬਾਜ਼ੀ, ਸਵੈ-ਹੰਕਾਰ ਤੱਕ ਸੀਮਤ ਹੋ ਕੇ ਰਹਿ ਜਾਂਦੀ ਹੈ।

ਇਤਿਹਾਸ ਵਿੱਚ ਕੁਝ ਲੋਕ ਸਹਿਜ ਸੁਭਾ ਕੁਝ ਅਜਿਹਾ ਕਰਦੇ ਹਨ ਜੋ ਕੌਮ ਦੀ ਲਿਵ ਨਾਲ ਵੀ ਜੁੜਿਆ ਹੁੰਦਾ ਹੈ ਅਤੇ ਉਸ ਵਿੱਚ ਰੁਹਾਨੀਅਤ ਦੇ ਅੰਸ਼ ਵੀ ਹੁੰਦੇ ਹਨ। ਬੇਸ਼ੱਕ ਆਪਣੀ ਸਰਗਰਮੀ ਵੇਲੇ ਉਨ੍ਹਾਂ ਇਨਸਾਨਾਂ ਨੂੰ ਵੀ ਨਹੀ ਪਤਾ ਹੁੰਦਾ ਕਿ ਉਹ ਜੋ ਕਰ ਰਹੇ ਹਨ ਉਹ ਇਤਿਹਾਸ ਵਿੱਚ ਕਿਸੇ ਕੌਮੀ ਕਾਰਜ ਦੀ ਪਰਫੁੱਲਤਾ ਲਈ ਵੱਡਾ ਯੋਗਦਾਨ ਪਾ ਦੇਵੇਗਾ। ਸੁੱਚੇ, ਨਿਰਛਲ ਅਤੇ ਬੇਬਾਕ ਲੋਕਾਂ ਦੇ ਅਜਿਹੇ ਜਜਬੇ ਅਤੇ ਜਜਬਾਤੀ ਬੋਲ ਕਦੋਂ ਕਿਸੇ ਕੌਮ ਦੀ ਰੂਹ ਨੂੰ ਟੁੰਬ ਜਾਂਦੇ ਹਨ ਇਹ ਕਿਸੇ ਨੂੰ ਪਤਾ ਨਹੀ ਲਗਦਾ। ਇਸਦਾ ਭੇਤ ਕਾਫੀ ਦੇਰ ਬਾਅਦ ਜਾਕੇ ਪਰਗਟ ਹੁੰਦਾ ਹੈ।

ਗੱਲ ਅਸੀਂ ਦੀਪ ਸਿੱਧੂ ਦੀ ਘਾਲ ਕਮਾਈ ਦੀ ਕਰ ਰਹੇ ਹਾਂ। ਬੇਸ਼ੱਕ ਉ੍ਹਹ ਇਸ ਜਹਾਨ ਤੋ ਚਲਾ ਗਿਆ ਹੈ ਪਰ ਉਸਦੇ ਬੋਲਾਂ ਨੇ ਸਿੱਖ ਜਵਾਨੀ ਦੀ ਰੂਹ ਤੇ ਜੋ ਅਸਰ ਪਾਇਆ ਹੈ ਉਸਨੂੰ ਅਸੀਂ ਅੱਜਕੱਲ੍ਹ ਵਿਦੇਸ਼ਾਂ ਦਾ ਰੁਖ ਕਰ ਰਹੀ ਸਿੱਖ ਜਵਾਨੀ ਦੇ ਰੂਪ ਅਤੇ ਰੌਂਅ ਤੋਂ ਦੇਖ ਸਕਦੇ ਹਾਂ।

ਪਿਛਲੇ 20 ਸਾਲਾਂ ਤੋਂ ਅਸੀਂ ਨਿੱਜੀ ਤੌਰ ਤੇ ਵਿਦੇਸ਼ਾਂ ਨੂੰ ਪਰਵਾਸ ਕਰ ਰਹੇ ਸਿੱਖ ਨੌਜਵਾਨਾਂ ਦੀ ਮਾਨਸਿਕਤਾ ਨੂੰ ਜਾਨਣ ਬੁੱਝਣ ਲਈ ਯਤਨਸ਼ੀਲ ਹਾਂ। ਨਵੀਂ ਪੀੜ੍ਹੀ ਦੀ ਸੋਚ ਦੇ ਪੈਮਾਨੇ ਕੀ ਹਨ, ਇਹ ਸਾਡੀ ਖੋਜ ਦਾ ਵਿਸ਼ਾ ਹੁੰਦਾ ਹੈ। ਸਿਰਫ ਸੋਚ ਹੀ ਨਹੀ ਬਲਕਿ ਉਸਦੇ ਸਰੂਪ ਵੱਲ ਵੀ ਅਸੀਂ ਕਾਫੀ ਧਿਆਨ ਦੇਂਦੇ ਰਹੇ ਹਾਂ। ਪਿਛਲੇ ਵੀਹ ਸਾਲਾਂ ਤੋਂ ਇੰਗਲੈਂਡ ਨੂੰ ਜਿਹੜੇ ਨੌਜਵਾਨ ਪਰਵਾਸ ਕਰ ਰਹੇ ਹਨ ਅਸੀਂ ਗਾਹੇ ਬਗਾਹੇ ਉਨ੍ਹਾਂ ਨਾਲ ਗੈਰ ਰਸਮੀ ਗੱਲ ਛੇੜ ਕੇ ਉਨ੍ਹਾਂ ਦੇ ਮਨ ਬੁੱਝਣ ਦਾ ਯਤਨ ਕਰਦੇ ਰਹੇ ਹਾਂ। ਇਹ ਕਾਰਜ ਅਸੀਂ ਹੱਥ ਵਿੱਚ ਮਾਇਕ ਫੜਕੇ, ਕਿਸੇ ਰਸਮੀ ਪੱਤਰਕਾਰ ਵਾਂਗ ਨਹੀ ਕਰਦੇ ਬਲਕਿ ਉਸ ਜਵਾਨੀ ਦਾ ਇੱਕ ਅਣਭੋਲ ਹਿੱਸਾ ਬਣਕੇ ਕਰਦੇ ਰਹੇ ਹਾਂ। ਉਨ੍ਹਾਂ ਦੇ ਗਰੁੱਪ ਵਿੱਚ ਵੜਕੇ ਉਨ੍ਹਾਂ ਵਰਗੀਆਂ ਹੀ ਗੱਲਾਂ ਮਾਰਕੇ ਅਤੇ ਆਪਣੀ ਪੱਤਰਕਾਰੀ ਵਾਲੀ ਪਹਚਾਣ ਨੂੰ ਬਿਲਕੁਲ ਗੁਪਤ ਰੱਖਕੇ, ਨੌਜਵਾਨਾਂ ਦੀਆਂ ਰੁਚੀਆਂ, ਸੁਭਾਅ,ਰਾਜਸੀ ਅਤੇ ਸਮਾਜਕ ਤਰਜੀਹਾਂ ਬਾਰੇ ਗੱਲਾਂ ਗੱਲਾਂ ਵਿੱਚ ਹੀ ਜਾਨਣ ਦਾ ਯਤਨ ਕਰਦੇ ਰਹੇ ਹਾਂ। ਉਨ੍ਹਾਂ ਦੀਆਂ ਰੁਚੀਆਂ ਦੇ ਨਾਲ ਨਾਲ ਉਨ੍ਹਾਂ ਦੇ ਸਰੂਪ ਬਾਰੇ ਵੀ ਅਸੀਂ ਅੰਕੜੇ ਇਕੱਠੇ ਕਰਦੇ ਰਹੇ ਹਾਂ।

ਪਿਛਲੇ 2-3 ਸਾਲਾਂ ਤੋਂ ਇੰਗਲੈਂਡ ਵਿੱਚ ਜਿਹੜੇ ਸਿੱਖ ਨੌਜਵਾਨ ਪਰਵਾਸ ਕਰ ਰਹੇ ਹਨ ਉਨ੍ਹਾਂ ਵਿੱਚ 80 ਫੀਸਦੀ ਦੇ ਸਿਰਾਂ ਤੇ ਦਸਤਾਰ ਬੰਨੀ੍ਹ ਹੋਈ ਹੈ। ਪਿਛਲੇ 20 ਸਾਲਾਂ ਦੌਰਾਨ ਇਹ ਵਰਤਾਰਾ ਅਸੀਂ ਪਹਿਲੀ ਵਾਰ ਦੇਖ ਰਹੇ ਹਾਂ। ਇਸ ਤੋਂ ਪਹਿਲਾਂ ਉਲਟ ਰੁਝਾਨ ਹੁੰਦਾ ਸੀ। ਇਸ ਤੋਂ ਪਹਿਲਾਂ ਆਏ ਪਰਵਾਸੀ ਸਿੱਖ ਨੌਜਵਾਨ 80 ਫੀਸਦੀ ਤੋਂ ਜਿਆਦਾ ਕੇਸਾਂ ਤੋਂ ਰਹਿਤ ਸਨ। ਦਸਤਾਰ ਬੰਨ੍ਹਣੀ ਤਾਂ ਬਹੁਤ ਦੂਰ ਦੀ ਗੱਲ ਸੀ। ਗੁਰੂਘਰ ਵਿੱਚ ਵੀ ਉਹ ਉਥੇ ਪਏ ਰੁਮਾਲ ਬੰਨ੍ਹਕੇ ਹੀ ਮੱਥਾ ਟੇਕ ਆਉਂਦੇ ਸਨ। ਪੰਜਾਬ ਦੇ ਪਿੰਡਾਂ ਵਿੱਚ ਇਹ ਰਿਵਾਜ਼ ਹੀ ਸੀ ਕਿ ਵਿਦੇਸ਼ ਜਾਣ ਤੋਂ ਪਹਿਲਾਂ ਨੌਜਵਾਨ ਕੇਸ ਕਤਲ ਕਰਵਾਕੇ ਹੀ ਆਉਂਦੇ ਸਨ। ਵਿਦੇਸ਼ ਜਾਣ ਦਾ ਮਤਲਬ ਹੀ ਆਪਣੇ ਸਿੱਖੀ ਸਰੂਪ ਨੂੰ ਤਿਲਾਂਜਲੀ ਦੇਣਾਂ ਹੁੰਦਾ ਸੀ। ਜਦੋਂ 22 ਸਾਲ ਪਹਿਲਾਂ ਮੈਂ ਵਿਦੇਸ਼ ਲਈ ਤਿਆਰੀ ਕਰ ਰਿਹਾ ਸੀ ਤਾਂ ਮੇਰੇ ਪਰਵਾਰ ਦੇ ਇੱਕ ਵੱਡੇ ਬਜ਼ੁਰਗ ਨੇ ਇੱਕ ਤਰਲੇ ਭਰੀ ਬੇਨਤੀ ਮੈਨੂੰ ਵੀ ਕੀਤੀ ਸੀ ਕਿ, ਪੁੱਤਰਾ ਆਪਣਾ ਸਿੱਖੀ ਸਰੂਪ ਨਾ ਗਵਾ ਦੇਵੀਂ। ਸੋ ਵਿਦੇਸ਼ ਜਾਣ ਵਾਲੇ ਬਹੁਤੇ ਨੌਜਵਾਨ ਕੇਸ ਕਟਵਾਕੇ ਹੀ ਬੇਗਾਨੀਆਂ ਧਰਤੀਆਂ ਤੇ ਪੈਰ ਟਿਕਾਉਂਦੇ ਸਨ। 20 ਸਾਲਾਂ ਤੋਂ ਬਾਅਦ ਇਹ ਪਹਿਲੀ ਵਾਰ ਵਾਪਰ ਰਿਹਾ ਹੈ ਕਿ ਇੰਗਲੈਂਡ ਦੀਆਂ ਗਲੀਆਂ-ਸੜਕਾਂ ਤੇ ਦਸਤਾਰਧਾਰੀ ਨੌਜਵਾਨ ਚਾਰੇ ਪਾਸੇ ਦੇਖੇ ਜਾ ਸਕਦੇ ਹਨ। ਇਹ ਉਹ ਨੌਜਵਾਨ ਹਨ ਜੋ ਤਾਜ਼ੇ ਤਾਜ਼ੇ ਪੰਜਾਬ ਤੋਂ ਆਏ ਹਨ। ਕੇਸ ਰੱਖੇ ਹੋਣ ਕਰਕੇ ਅਤੇ ਮਾਣ ਨਾਲ ਦਸਤਾਰ ਸਜਾਈ ਹੋਣ ਕਰਕੇ ਉਨ੍ਹਾਂ ਦੇ ਸੁਭਾਅ ਵਿੱਚ ਵੀ ਤਬਦੀਲੀ ਆਈ ਹੈ। ਹੁਣ ਉਨ੍ਹਾਂ ਵਿੱਚ ਕੌਮੀ ਚੇਤੰਨਤਾ, ਪਹਿਲੋਂ ਆਏ ਨੌਜਵਾਨਾਂ ਨਾਲੋਂ ਜਿਆਦਾ ਹੈ। ਇੱਕ ਹੋਰ ਪੱਖ ਜੋ ਅਸੀਂ ਆਪਣੀ ਖੋਜ-ਪੜਤਾਲ ਦੌਰਾਨ ਮਹਿਸੂਸ ਕੀਤਾ ਹੈ ਉਹ ਇਹ ਹੈ ਕਿ ਇਸ ਪੀੜ੍ਹੀ ਵਿੱਚ ਸਿਰਜਣਾਤਮਕ ਰੁਚੀਆਂ ਵਿੱਚ ਵੀ ਵਾਧਾ ਹੋਇਆ ਹੈ।

ਮੇਰੇ ਇੱਕ ਦੋਸਤ ਸਨ ਜੋ ਇਮਾਰਤਸਾਜ਼ੀ ਦੀ ਕੰਪਨੀ ਚਲਾਉਂਦੇ ਸਨ। ਕਰੋਨਾ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਅਸੀਂ ਦੋਵੇਂ ਸਿੱਖ ਜਵਾਨੀ ਦੇ ਸੁਭਾਅ ਬਾਰੇ ਗੱਲ ਕਰਦੇ ਰਹਿੰਦੇ ਸੀ ਅਤੇ ਉਨ੍ਹਾਂ ਨੂੰ ਜਾਨਣ ਦੀ ਇੱਛਾ ਰੱਖਦੇ ਰਹਿੰਦੇ ਸੀ। ਇੱਕ ਵਾਰ ਮੇਰੇ ਦੋਸਤ ਨੇ ਦੱਸਿਆ ਕਿ ਪੰਜਾਬ ਤੋਂ ਆ ਰਹੇ ਨੌਜਵਾਨਾਂ ਵਿੱਚ ਸਿਰਜਣਾਤਮਕ ਸ਼ਕਤੀ ਦੀ ਕਮੀ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਨੌਜਵਾਨ ਉਨ੍ਹਾਂ ਦੀ ਕੰਪਨੀ ਵਿੱਚ ਕੰਮ ਲਈ ਆ ਰਹੇ ਹਨ, ਉਨ੍ਹਾਂ ਦੀ ਰੁਚੀ ਢਾਹ-ਢੁਹਾਈ ਦੇ ਕੰਮਾਂ ਵਿੱਚ ਜਿਆਦਾ ਹੈ। ਕੋਈ ਪੁਰਾਣਾਂ ਘਰ ਢਾਹੁਣ ਵੇਲੇ ਉਹ ਖਿੜ ਜਾਂਦੇ ਹਨ ਪਰ ਨਵਾਂ ਬਣਾਉਣ ਵੇਲੇ ਉਹ ਓਨੇ ਸਿਰਜਣਾਤਮਕ ਨਹੀ ਹੁੰਦੇ।

ਹੁਣ ਜਿਹੜੇ ਕੇਸਾਧਾਰੀ ਨੌਜਵਾਨ ਵਿਦੇਸ਼ ਆ ਰਹੇ ਹਨ ਉਨ੍ਹਾਂ ਵਿੱਚ ਉ੍ਹਹ ਢਾਹੂ ਬਿਰਤੀਆਂ ਦੀ ਓਨੀ ਬਹੁਤਾਤ ਨਹੀ ਹੈ।

ਲੰਬੀ ਗੱਲਬਾਤ ਤੋਂ ਬਾਅਦ ਜਦੋਂ ਅਸੀਂ ਹੌਲੀ ਹੌਲੀ ਉਨ੍ਹਾਂ ਦੇ ਧੁਰ ਅੰਦਰ ਜਾਣ ਦਾ ਯਤਨ ਕਰਦੇ ਹਾਂ ਤਾਂ ਉਹ ਆਪ ਹੀ ਆਖ ਦੇਂਦੇ ਹਨ ਕਿ, ਬਾਈ-ਹੋਂਦ ਦੀ ਲੜਾਈ ਨੇ ਜੀਵਨ ਬਦਲ ਦਿੱਤਾ। ਸਾਡੇ ਸੋਚਣ ਦੇ ਢੰਗ ਵਿੱਚ ਤਬਦੀਲੀ ਉਸ ਹੋਂਦ ਦੀ ਲੜਾਈ ਨੇ ਲਿਆ ਦਿੱਤੀ। ਇਸਦੇ ਨਾਲ ਹੀ ਸ਼ੋਸ਼ਲ ਮੀਡੀਆ ਪਲੇਟਫਾਰਮਾਂ ਤੇ ਹਰ ਰੋਜ਼ ਕਈ ਵੀਡੀਓਜ਼ ਅਪਲੋਡ ਹੁੰਦੀਆਂ ਹਨ ਜਿਸ ਵਿੱਚ ਨੌਜਵਾਨ ਬੱਚੇ ਬੱਚੀਆਂ ਨਾ ਸਿਰਫ ਸਿੱਖੀ ਵੱਲ ਮੁੜ ਰਹੀਆਂ ਹਨ ਬਲਕਿ ਅੰਮ੍ਰਿਤਧਾਰੀ ਹੋਕੇ, ਅਨੰਦਪੁਰ ਘਰ ਵਾਪਸੀ ਦਾ ਸੰਦੇਸ਼ ਦੇ ਰਹੀਆਂ ਹਨ। ਇਨ੍ਹਾਂ ਵੀਡੀਓਜ਼ ਵਿੱਚ ਉਹ ਆਪਣੇ ਪਹਿਲੇ ਪਤਿਤ ਜੀਵਨ ਦੀਆਂ ਫੋਟੋਆਂ ਪਾਉਂਦੇ ਹਨ ਅਤੇ ਹੁਣ ਦੇ ਨਵੇਂ ਅੰਮ੍ਰਿਤਧਾਰੀ ਜੀਵਨ ਦੀਆਂ ਫੋਟੋਆਂ ਪਾਉਂਦੇ। ਹਰ ਵੀਡੀਓ ਨਾਲ ਇੱਕ ਧਾਰਨਾ ਵਾਲਾ ਧਾਰਮਕ ਗੀਤ ਚਲਦਾ ਹੁੰਦਾ ਹੈ-ਬਖਸ਼ੋਂ ਗੁਨਾਹ ਮੇਰੇ ਆਇਆ ਦਰ ਤੇਰੇ ਤੇ, ਪਾਪਾਂ ਵਾਲੇ ਜੀਵਨ ਦਾ ਰਾਹ ਛੱਡਕੇ।

ਦੀਪ ਸਿੱਧੂ ਦੇ ਰਾਜਸੀ-ਸਮਾਜਕ ਜੀਵਨ ਬਾਰੇ ਬਹੁਤ ਸਾਰੇ ਲੋਕਾਂ ਦੇ ਆਪੋ ਆਪਣੇ ਵਿਚਾਰ ਹੋਣਗੇ, ਪਰ ਵਿਦੇਸ਼ਾਂ ਨੂੰ ਪਰਵਾਸ ਕਰ ਰਹੀ ਜਵਾਨੀ ਦੇ ਮਨ ਵਿੱਚ ਹੋਂਦ ਦੀ ਲੜਾਈ ਦੀ ਜੋ ਚਿਣਗ ਉਹ ਲਾ ਗਿਆ, ਉਸਨੂੰ ਅਮਲੀ ਤੌਰ ਤੇ ਸਾਕਾਰ ਹੁੰਦਾ ਅਸੀਂ ਦੇਖ ਰਹੇ ਹਾਂ। ਇਹੋ ਹੀ ਦੀਪ ਸਿੱਧੂ ਦੀ ਇਤਿਹਾਸਕ ਕਮਾਈ ਹੈ।