ਚੋਣਾਂ ਦੇ ਇਤਿਹਾਸ ਵਿਚ ਪੰਜਾਬ ਵਿਚ ਕਿਸੇ ਵੀ ਪਾਰਟੀ ਨੂੰ ਇੰਨੀ ਵੱਡੀ ਸਫਲਤਾ ਨਹੀਂ ਮਿਲੀ ਹੈ।ਇਹ ਮਹਿਜ਼ ਜਿੱਤ ਨਹੀਂ, ਬਲਕਿ ਇਤਿਹਾਸਿਕ ਘਟਨਾ ਹੈ ਜਿਸ ਨੇ ਸਭ ਨੂੰ ਸਾਫ ਕਰ ਦਿੱਤਾ ਹੈ।ਮਾਲਵਾ, ਮਾਝਾ ਅਤੇ ਦੋਆਬਾ ਤਿੰਨੋਂ ਹੀ ਖਿੱਤਿਆਂ ਵਿਚੋਂ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਹੋਈ ਹੈ ਅਤੇ ਭਗਵੰਤ ਮਾਨ ਸੂਬੇ ਦਾ ਸਤਾਰਵਾਂ ਮੁੱਖ ਮੰਤਰੀ ਬਣਨ ਜਾ ਰਿਹਾ ਹੈ।ਇਹ ਪਹਿਲੀ ਵਾਰ ਹੋਇਆ ਹੈ ਕਿ ਤੀਜਾ ਫਰੰਟ ਪੰਜਾਬ ਵਿਚ ਸਰਕਾਰ ਬਣਾ ਰਿਹਾ ਹੈ ਜਿੱਥੇ ੧੯੬੬ ਵਿਚ ਸੂਬੇ ਦੇ ਪੁਨਰ-ਗਠਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੇ ਹੀ ਵਾਰੋ-ਵਾਰੀ ਰਾਜ ਕੀਤਾ ਹੈ।ਆਮ ਆਦਮੀ ਪਾਰਟੀ ਦੀ ਭਾਰੀ ਜਿੱਤ ਦਾ ਇਕ ਪ੍ਰਤੀਕ ਇਹ ਹੈ ਕਿ ਪੰਜ-ਕੋਣੀ ਮੁਕਾਬਲੇ ਵਿਚ ਵੀ ਪਾਰਟੀ ਨੇ ਲਗਭਗ ੪੨ ਪ੍ਰਤੀਸ਼ਤ ਵੋਟਾਂ ਹਾਸਿਲ ਕੀਤੀਆਂ ਹਨ।

ਇਹਨਾਂ ਚੋਣਾਂ ਵਿਚ ਸ਼ੋ੍ਰਮਣੀ ਅਕਾਲੀ ਦਲ ਤਿੰਨ ਸੀਟਾਂ ਤੇ ਹੀ ਸਿਮਟ ਗਈ ਹੈ।ਪਾਰਟੀ ਦੇ ਕਰਤਾ-ਧਰਤਾ ਅਤੇ ਪੰਜ ਵਾਰੀਆਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਜੱਦੀ ਹਲਕੇ ਵਿਚੋਂ ਵੀ ਆਪਣੀ ਸੀਟ ਹਾਰ ਗਏ ਹਨ ਜਦੋਂ ਕਿ ਉਨ੍ਹਾਂ ਦਾ ਪੁੱਤਰ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਲਾਲਬਾਦ ਹਲਕੇ ਵਿਚੋਂ ਹਾਰ ਗਿਆ ਹੈ।ਭਾਰਤੀ ਜਨਤਾ ਪਾਰਟੀ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਆਪਸੀ ਗਠਬੰਧਨ ਵੀ ਕੰਮ ਨਹੀਂ ਆਇਆ।ਕੈਪਟਨ ਵੀ ਆਪਣੀ ਸੀਟ ਨਹੀਂ ਬਚਾ ਸਕੇ।ਪੰਜਾਬ ਵਿਚ ਕਦੇ ਵੀ ਤੀਜਾ ਫਰੰਟ ਭਾਰੀ ਕੋਸ਼ਿਸ਼ਾਂ ਦੇ ਬਾਵਜੂਦ ਪੰਜਾਬ ਵਿਚ ਸਫਲਤਾ ਨਹੀਂ ਪ੍ਰਾਪਤ ਕਰ ਸਕਿਆ ਸੀ।ਕਈ ਪਾਰਟੀਆਂ ਜਿਵੇਂ ਕਿ ਭਾਰਤੀ ਜਨਤਾ ਪਾਰਟੀ ਨੇ ਦੋ ਪ੍ਰਮੁੱਖ ਪਾਰਟੀਆਂ ਨਾਲ ਹੀ ਜੋੜ-ਤੋੜ ਕਰਨ ਦੀ ਕੋਸ਼ਿਸ਼ ਕੀਤੀ ਸੀ।ਪਰ ਇਹ ਬਹੁਤ ਪਹਿਲਾਂ ਹੀ ਸਪੱਸ਼ਟ ਹੋ ਗਿਆ ਸੀ ਕਿ ਇਸ ਵਾਰ ਸਥਿਤੀ ਬਹੁਤ ਹੀ ਅਲੱਗ ਹੈ।ਦੋ-ਕੋਣੀ ਮੁਕਾਬਲੇ ਲਈ ਹੀ ਜਾਣੇ ਜਾਂਦੇ ਪੰਜਾਬ ਵਿਚ ਇਸ ਵਾਰ ਮੁਕਾਬਲਾ ਪੰਜ-ਕੋਣੀ ਰਿਹਾ। ੨੦ ਫਰਵਰੀ ਨੂੰ ਵੋਟਾਂ ਪਾ ਦੇਣ ਤੋਂ ਬਾਅਦ ਲੋਕਾਂ ਵਿਚ ਇਸ ਗੱਲ ਦੀ ਚਰਚਾ ਚੱਲ ਰਹੀ ਸੀ ਕਿ ਕਿਸੇ ਇਕ ਪਾਰਟੀ ਨੂੰ ਸਪੱਸ਼ਟ ਬਹੁਮਤ ਵੀ ਮਿਲ ਸਕੇਗਾ ਜਾਂ ਫਿਰ ਤ੍ਰਿਸ਼ੰਕੂ ਵਿਧਾਨ ਸਭਾ ਰਹੇਗੀ।੭ ਮਾਰਚ ਨੂੰ ਆਏ ਐਗਜ਼ਿਟ ਪੋਲ ਨੇ ਹੀ ਆਮ ਆਦਮੀ ਪਾਰਟੀ ਨੂੰ ਸਪੱਸ਼ਟ ਬਹੁਮਤ ਦਿਖਾ ਦਿੱਤਾ ਸੀ।

ਪੰਜਾਬ ਦੀ ਸਰਕਾਰੀ ਮਸ਼ੀਨਰੀ ਵਿਚ ਬਾਦਲਾਂ ਦੀ ਪ੍ਰਭੂਤਾ ੨੦੧੭ ਦੀਆਂ ਵਿਧਾਨ ਸਭਾ ਚੋਣਾਂ ਵਿਚ ਹੀ ਲਗਭਗ ਖਤਮ ਹੋ ਗਈ ਸੀ ਜਦੋਂ ਕਿ ਮੌਜੂਦਾ ਸਮੇਂ ਵਿਚ ਇਹ ਪ੍ਰੀਕਿਰਿਆ ਪੂਰੀ ਹੋ ਚੁੱਕੀ ਹੈ। ਉਨ੍ਹਾਂ ਦੀ ਪ੍ਰਭੂਤਾ ਉੱਚ ਪੱਧਰ ਤੋਂ ਲੈ ਕੇ ਕੈਬਨਿਟ ਮੰਤਰੀਆਂ, ਜ਼ਮੀਨੀ ਪੱਧਰ ਅਤੇ ਪੁਲਿਸ ਸਟੇਸ਼ਨ ਦੇ ਪੱਧਰ ਤੱਕ ਚੱਲਦੀ ਸੀ।ਸੱਤਾ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਹੱਥਾਂ ਵਿਚ ਹੀ ਕੇਂਦਰਿਤ ਸੀ।ਬਾਦਲਾਂ ਦੀ ਪ੍ਰਭੂਤਾ ਵਿੱਚ ਜੱਥੇਦਾਰ ਗੁਰਚਰਨ ਸਿੰਘ ਟੋਹੜਾ, ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸੀ, ਦੀ ਮੌਤ ਤੋਂ ਬਾਅਦ ਕੋਈ ਬਦਲਾਅ ਨਹੀਂ ਆਇਆ।ਉਸ ਦੀ ਮੌਤ ਤੋਂ ਬਾਅਦ ਸ਼ੋ੍ਰਮਣੀ ਅਕਾਲੀ ਦਲ ਨੇ ਨਾ ਸਿਰਫ ਕਮੇਟੀ ਉੱਪਰ ਆਪਣਾ ਨਿਯੰਤ੍ਰਣ ਕਰਨਾ ਸ਼ੁਰੂ ਕਰ ਦਿੱਤਾ, ਬਲਕਿ ਪਾਰਟੀ ਵਿਚ ਵੀ ਉਨ੍ਹਾਂ ਨੂੰ ਚੁਣੌਤੀ ਦੇਣ ਵਾਲਾ ਕੋਈ ਨਹੀਂ ਬਚਿਆ।ਉਨ੍ਹਾਂ ਦੀ ਪ੍ਰਭੂਸੱਤਾ ਨੇ ਹੀ ਰਾਜਨੇਤਾਵਾਂ ਅਤੇ ਉਦਯੋਗਾਂ ਦੇ ਆਪਸੀ ਰਿਸ਼ਤੇ ਨੂੰ ਮੁੜ ਪ੍ਰਭਾਸ਼ਿਤ ਕੀਤਾ।ਕੰਪਨੀਆਂ ਨੂੰ ਆਪਣੇ ਮੁਨਾਫੇ ਵਿਚੋਂ ਨਾ ਸਿਰਫ ਸ਼ੋ੍ਰਮਣੀ ਅਕਾਲੀ ਦਲ ਨੂੰ ਇਕ ਹਿੱਸਾ ਦੇਣਾ ਪਿਆ, ਬਲਕਿ ਬਾਦਲਾਂ ਦੇ ਨਜ਼ਦੀਕੀਆਂ ਨੇ ਵੀ ਮੁਨਾਫਾ ਕਮਾਉਣ ਵਾਲੇ ਖੇਤਰਾਂ ਜਿਵੇਂ ਕਿ ਸਟੋਨ ਕ੍ਰਸ਼ਿੰਗ ਅਤੇ ਸ਼ਰਾਬ ਦੀ ਠੇਕੇਦਾਰੀ ਵਿਚ ਪ੍ਰਭੂਤਾ ਸਥਾਪਿਤ ਕਰ ਲਈ।

ਮੌਜੂਦਾ ਚੋਣਾਂ ਦਾ ਨਤੀਜਾ ਸਪੱਸ਼ਟ ਰੂਪ ਨਾਲ ਬਾਦਲਾਂ ਦੀ ਰਾਜਨੀਤੀ ਦਾ ਅੰਤ ਦਿਖਾਉਂਦਾ ਹੈ।ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਬਾਦਲ ਦਾ ਜਵਾਈ, ਸਭ ਆਪਣੇ-ਆਪਣੇ ਹਲਕੇ ਵਿਚੋਂ ਹਾਰ ਗਏ ਹਨ।ਸੀਨੀਅਰ ਬਾਦਲ ਨੇ ਵੀਹ ਸਾਲ ਦੀ ਉਮਰ ਵਿਚ ਸਰਪੰਚ ਦੇ ਰੂਪ ਵਿਚ ਰਾਜਨੀਤੀ ਵਿਚ ਪੈਰ ਰੱਖਿਆ ਸੀ ਅਤੇ ਤਰਤਾਲੀ ਸਾਲ ਦੀ ਉਮਰ ਵਿਚ ਉਹ ਸਭ ਤੋਂ ਛੋਟੀ ਉਮਰ ਦਾ ਮੁੱਖ ਮੰਤਰੀ ਬਣਿਆ ਅਤੇ ਹੁਣ ਅਸੈਂਬਲੀ ਚੋਣਾਂ ਵਿਚ ਹਾਰਨ ਵਾਲਾ ਸਭ ਤੋਂ ਵੱਡੀ ਉਮਰ ਦਾ ਉਮੀਦਵਾਰ ਬਣ ਗਿਆ ਹੈ।ਪ੍ਰਧਾਨ ਮੰਤਰੀ ਮੋਦੀ ਨੇ ਇਕ ਵਾਰ ਉਸ ਨੂੰ ਭਾਰਤੀ ਰਾਜਨੀਤੀ ਦਾ ਨੈਲਸਨ ਮੰਡੇਲਾ ਕਿਹਾ ਸੀ ਕਿਉਂ ਕਿ ਉਸ ਨੇ ਆਪਣੇ ਰਾਜਨੀਤਿਕ ਕਰੀਅਰ ਵਿਚ ਵੱਖ-ਵੱਖ ਸਮੇਂ ਸਤਾਰਾਂ ਸਾਲ ਦੀ ਜੇਲ ਕੱਟੀ ਸੀ।ਆਪਣੀ ਇਕ ਚੋਣ ਮੀਟਿੰਗ ਦੌਰਾਨ ਸੀਨੀਅਰ ਬਾਦਲ ਨੇ ਕਿਹਾ ਸੀ, “ਮੈਂ ਪਾਰਟੀ ਦਾ ਸਿਪਾਹੀ ਹਾਂ, ਪਾਰਟੀ ਚਾਹੁੰਦੀ ਹੈ ਕਿ ਮੈਂ ਚੋਣ ਲੜਾਂ ਕਿਉਂ ਕਿ ਇਹ ਮੰਨਦੀ ਹੈ ਕਿ ਅਗਰ ਮੈਂ ਚੋਣ ਦੰਗਲ ਵਿਚ ਸ਼ਾਮਿਲ ਹੋ ਗਿਆ ਤਾਂ ਪਾਰਟੀ ਨੂੰ ਜਿੱਤ ਪ੍ਰਾਪਤ ਹੋਵੇਗੀ।” ਪਰ ਇਹ ਬਹੁਤ ਹੀ ਮੰਦਭਾਗਾ ਹੈ ਕਿ ਸ਼ੋ੍ਰਮਣੀ ਅਕਾਲੀ ਦਲ ਜਿਸ ਨੇ ਦਸੰਬਰ ੨੦੨੦ ਵਿਚ ਸੌ ਸਾਲ ਪੂਰੇ ਕੀਤੇ, ਉਸ ਦਾ ਇਹਨਾਂ ਚੋਣਾਂ ਵਿਚ ਬੁਰੀ ਤਰਾਂ ਸਫਾਇਆ ਹੋ ਗਿਆ ਹੈ।

ਰਾਜਨੀਤੀ ਵਿਚ ਸੀਨੀਅਰ ਬਾਦਲ ਦਾ ਪਤਨ ਪਾਰਟੀ ਦੇ ਪਤਨ ਦੇ ਨਾਲ-ਨਾਲ ਚੱਲਦਾ ਹੈ ਜਿਸ ਦੀ ਉਸ ਨੇ ਲੰਮਾ ਸਮਾਂ ਪ੍ਰਧਾਨਤਾ ਕੀਤੀ।ਕਿਸੇ ਸਮੇਂ ਪਾਰਟੀ ਜੋਸ਼ ਭਰੇ ਕੇਡਰਾਂ ਲਈ ਜਾਣੀ ਜਾਂਦੀ ਸੀ ਜੋ ਕਿ ਨੀਲੀਆਂ ਪੱਗਾਂ ਅਤੇ ਨੀਲ਼ੀਆਂ ਦਸਤਾਰਾਂ ਨਾਲ ਭੀੜ ਵਿਚੋਂ ਅਲੱਗ ਖੜੇ ਦਿਖਦੇ ਸਨ।ਮੋਰਚਿਆਂ ਵਿਚ ਪਾਰਟੀ ਦੀ ਸਰਗਰਮ ਭਾਗੀਦਾਰੀ ਹੁੰਦੀ ਸੀ ਜੋ ਕਿ ਪੰਜਾਬੀ ਸੂਬੇ ਦੀ ਮੰਗ, ਸੰਘੀ ਢਾਂਚੇ ਵਿਚ ਇਜ਼ਾਰੇਦਾਰੀ ਅਤੇ ਫਸਲਾਂ ਦਾ ਮੁੱਲ ਵਧਾਉਣ ਜਿਹੇ ਮੁੱਦਿਆਂ ਉੱਪਰ ਲੱਗੇ।ਸੀਨੀਅਰ ਬਾਦਲ ਉੱਪਰ ਸਭ ਤੋਂ ਵੱਡਾ ਦੋਸ਼ ਇਹੀ ਲੱਗਦਾ ਹੈ ਕਿ ਉਸ ਨੇ ਪੱੁਤਰ ਮੋਹ ਅੱਗੇ ਗੋਡੇ ਟੇਕ ਦਿੱਤੇ ਜਦੋਂ ੨੦੦੬ ਵਿਚ ਉਸ ਨੇ ਸੁਖਬੀਰ ਸਿੰਘ ਬਾਦਲ ਨੂੰ ਕੇਡਰ ਅਧਾਰਿਤ ਪਾਰਟੀ ਦਾ ਪ੍ਰਧਾਨ ਥਾਪਿਆ।ਪਰ ਇਹ ਇੱਥੇ ਹੀ ਨਹੀਂ ਰੁਕਿਆ।੨੦੧੨ ਦੀਆਂ ਚੋਣਾਂ ਤੋਂ ਬਾਅਦ ਜਦੋਂ ਪਾਰਟੀ ਦੂਜੀ ਵਾਰ ਸੱਤਾ ਵਿਚ ਆਈ ਤਾਂ ਸੁਖਬੀਰ ਸਿੰਘ ਬਾਦਲ, ਉੱਪ ਮੁੱਖ ਮੰਤਰੀ, ਬਾਦਲ ਦਾ ਜਵਾਈ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਅਤੇ ਹਰਸਿਮਰਤ ਕੌਰ ਦੇ ਭਰਾ ਬਿਕਰਮ ਸਿੰਘ ਮਜੀਠੀਆ ਦੇ ਮੰਤਰੀਆਂ ਦੇ ਰੂਪ ਵਿਚ ਕੈਬਨਿਟ ਇਕ ਵੱਡਾ ਪਰਿਵਾਰ ਹੀ ਬਣ ਗਈ।ਹਰਸਿਮਰਤ ਨੇ ਵੀ ਲੋਕ ਸਭਾ ਚੋਣਾਂ ਲੜੀਆਂ ਅਤੇ ਜਿੱਤ ਤੋਂ ਬਾਅਦ ਉਹ ਵੀ ਕੇਂਦਰੀ ਮੰਤਰੀ ਬਣੀ।

ਇਸ ਮੁੱਦੇ ੳੱੁਪਰ ਸੀਨੀਅਰ ਬਾਦਲ ਨੇ ਹਮੇਸ਼ਾ ਇਹ ਕਹਿ ਕੇ ਆਪਣਾ ਬਚਾਅ ਕੀਤਾ ਹੈ ਕਿ ਸਾਰੇ ਫੈਸਲੇ ਪਾਰਟੀ ਵਰਕਰਾਂ ਦੀ ਸਲਾਹ ਨਾਲ ਸਰਵ-ਸੰਮਤੀ ਨਾਲ ਲਏ ਗਏ।ਦਹਾਕਿਆਂ ਤੋਂ ਪਾਰਟੀ ਨਾਲ ਕੰਮ ਕਰ ਰਹੇ ਵਫਾਦਾਰ ਕੇਡਰ ਦਾ ਹੌਲੀ-ਹੌਲੀ ਮੋਹ ਭੰਗ ਹੋਣ ਲੱਗਿਆ।ਬਹੁਤ ਹੀ ਚਤੁਰਾਈ ਨਾਲ ਬਾਦਲਾਂ ਨੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜੋ ਕਿ ਗੁਰਦੁਆਰਿਆਂ ਅਤੇ ਅਕਾਲ ਤਖਤ ਦਾ ਪ੍ਰਬੰਧ ਦੇਖਦੀ ਹੈ, ਉੱਪਰ ਵੀ ਆਪਣਾ ਨਿਯੰਤ੍ਰਣ ਰੱਖਿਆ।ਪਰ ਜਿਸ ਨੇ ਰਾਜਨੀਤੀ ਵਿਚ ਉਨ੍ਹਾਂ ਨੂੰ ਫਾਇਦਾ ਪਹੁੰਚਾਇਆ, ਉਹ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਜ਼ਿੰਮੇਦਾਰੀ ਬਣ ਗਈ ਜਦੋਂ ਸੂਬੇ ਵਿਚ ੨੦੧੫ ਵਿਚ ਬੇਅਦਬੀ ਦੀਆਂ ਘਟਨਾਵਾਂ ਹੋਈਆਂ।

ਰਾਜਨੀਤਿਕ ਮਾਹਿਰਾਂ ਨੇ ਬਾਦਲ ਨੂੰ ਹਮੇਸ਼ਾ ਹੀ ਸਮਾਧਾਨ ਕਰਵਾਉਣ ਵਾਲੇ ਦੇ ਰੂਪ ਵਿਚ ਦੇਖਿਆ ਹੈ।੧੯੮੦ਵਿਆਂ ਜਦੋਂ ਪੰਜਾਬ ਅੱਤਵਾਦ ਦੀ ਲਪੇਟ ਵਿਚ ਆਇਆ ਹੋਇਆ ਸੀ ਤਾਂ ਬਾਦਲ ਨੇ ਉਦਾਰਵਾਦੀ ਰਾਜਨੀਤੀ ਵਿਚ ਆਪਣੀ ਜਗ੍ਹਾ ਬਣਾਈ ਅਤੇ ਕਦੇ ਵੀ ਹਿੰਦੀ ਵਿਰੋਧੀ ਜਾਂ ਭਾਰਤ ਵਿਰੋਧੀ ਰੁਖ ਨਹੀਂ ਅਪਣਾਇਆ।੧੯੯੦ਵਿਆਂ ਦੇ ਸ਼ੁਰੂਆਤੀ ਵਰ੍ਹਿਆਂ ਵਿਚ ਅੱਤਵਾਦ ਖਤਮ ਹੋਣ ਤੋਂ ਬਾਅਦ ਉਸ ਨੇ ੧੯੯੭ ਵਿਚ ਭਾਰਤੀ ਜਨਤਾ ਪਾਰਟੀ ਨਾਲ ਗਠਬੰਧਨ ਕੀਤਾ ਜਿਸ ਨੂੰ ਫਿਰਕੂ ਸਦਭਾਵਨਾ ਦੇ ਰੂਪ ਵਿਚ ਦੇਖਿਆ ਗਿਆ।ਇਸ ਤੋਂ ਪਹਿਲਾਂ ਉਸ ਨੇ ਚਾਰ ਵਾਰ ਜਨ ਸੰਘ ਨਾਲ ਚੋਣਾਂ ਤੋਂ ਬਾਅਦ ਗਠਜੋੜ ਕੀਤਾ ਸੀ।ਬਾਦਲ ਨੇ ਪੰਥਕ ਪਾਰਟੀ ਨੂੰ ਪੰਜਾਬੀ ਪਾਰਟੀ ਵਿਚ ਤਬਦੀਲ ਕਰ ਦਿੱਤਾ ਜਿਸ ਨੇ ੨੦੧੨ ਦੀਆਂ ਚੋਣਾਂ ਵਿਚ ਗਿਆਰਾਂ ਹਿੰਦੂ ਉਮੀਦਵਾਰਾਂ ਨੂੰ ਖੜੇ ਕੀਤਾ।ਇਹਨਾਂ ਚੋਣਾਂ ਵਿਚ ਵੀ ਸੁਖਬੀਰ ਸਿੰਘ ਬਾਦਲ ਨੇ ਇਹ ਐਲਾਨ ਕੀਤਾ ਸੀ ਕਿ ਪਾਰਟੀ ਨੇ ਸਭ ਤੋਂ ਜਿਆਦਾ ਹਿੰਦੂ ਉਮੀਦਾਵਾਰਾਂ ਨੂੰ ਜਗ੍ਹਾ ਦਿੱਤੀ ਹੈ।ਹਿੰਦੂਆਂ, ਜਿੰਨ੍ਹਾਂ ਦੀ ਅਬਾਦੀ ੪੭ ਪ੍ਰਤੀਸ਼ਤ ਹੈ, ਨੇ ਉਸ ਨੂੰ ਸ਼ਾਂਤੀ ਦੀ ਗਾਰੰਟੀ ਦੇ ਰੂਪ ਵਿਚ ਦੇਖਿਆ।ਨੌਕਰਸ਼ਾਹ ਵੀ ਸੀਨੀਅਰ ਬਾਦਲ ਨੂੰ ਅਜਿਹੇ ਰਾਜਨੇਤਾ ਦੇ ਤੌਰ ਤੇ ਯਾਦ ਕਰਦੇ ਹਨ ਜੋ ਅਖਬਾਰ ਪੜ੍ਹਨ ਲਈ ਪੰਜ ਵਜੇ ਉੱਠ ਜਾਂਦਾ ਸੀ ਅਤੇ ਉਸ ਤੋਂ ਬਾਅਦ ਡਿਪਟੀ ਕਮਿਸ਼ਨਰ ਨੂੰ ਕੰਮਾਂ ਦੀ ਸੂਚੀ ਨਾਲ ਬੁਲਾਉਂਦਾ ਸੀ।ਸੀਨਅਰ ਬਾਦਲ ਨੇ ਹੀ ਪਾਰਟੀ ਵਿਚ ਸੰਗਤ ਦਰਸ਼ਨ ਦੀ ਪਿਰਤ ਸ਼ੂਰੂ ਕੀਤੀ ਜਿਸ ਵਿਚ ਉਹ ਵੱਖ-ਵੱਖ ਥਾਵਾਂ ’ਤੇ ਆਪਣੇ ਅਧਿਕਾਰੀਆਂ ਨਾਲ ਆਮ ਲੋਕਾਂ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਲਈ ਮਿਲਦਾ ਸੀ।ਇਹ ਉਸ ਦੀ ਪਾਰੀ ਦਾ ਸ੍ਰੇਸ਼ਟ ਸਮਾਂ ਸੀ।ਬਾਦਲ, ਜਿਸ ਨੇ ਸਬਸਿਡੀਆਂ ਅਤੇ ਮੁਫਤ ਬਿਜਲੀ ਦੀਆਂ ਸਹੂਲਤਾਂ ਦੇ ਕੇ ਪੰਜਾਬ ਦੀ ਕਿਸਾਨੀ ਨੂੰ ਖੁਸ਼ ਰੱਖਿਆ, ਕਿਸਾਨੀ ਬਿੱਲਾਂ ਸਮੇਂ ਮਾਤ ਖਾ ਗਿਆ।ਉਸ ਨੇ ਅਗਸਤ ੨੦੨੧ ਵਿਚ ਆਈ ਇਕ ਵੀਡਿਓ ਵਿਚ ਕੇਂਦਰ ਸਰਕਾਰ ਨੂੂੰ ਸਲਾਹਿਆ ਜਿਸ ਨੇ ਜ਼ਮੀਨੀ ਪੱਧਰ ’ਤੇ ਪਾਰਟੀ ਅਤੇ ਉਸ ਦੀ ਛਵੀ ਦਾ ਵੱਡਾ ਨੁਕਸਾਨ ਕੀਤਾ।ਦਲਿਤਾਂ ਅਤੇ ਹਾਸ਼ੀਆਗਤ ਹਿੱਸੇ ਨੂੰ ਪਾਰਟੀ ਵੱਲ ਖਿੱਚਣ ਲਈ ਉਸ ਨੇ ਆਟਾ-ਦਾਲ ਜਿਹੀਆਂ ਸਕੀਮਾਂ ਚਲਾਈਆਂ।੨੦੦੭ ਤੋਂ ਲੈ ਕੇ ੨੦੧੭ ਤੱਕ ਬਾਦਲਾਂ ਦੇ ਚੋਣ ਸਮੀਕਰਨਾਂ ਨੇ ਹੀ ਆਮ ਆਦਮੀ ਪਾਰਟੀ ਲਈ ਪੰਜਾਬ ਵਿਚ ਰਾਹ ਪੱਧਰਾ ਕੀਤਾ ਕਿਉਂ ਕਿ ਬਾਦਲਾਂ ਦੇ ਸ਼ਾਸਨ ਵਿਚ ਪੰਜਾਬ ਪਤਨ ਵੱਲ ਹੀ ਵਧਿਆ।ਉਹ ਕਿਸਾਨੀ ਸੰਕਟ, ਬੇਰੋਜ਼ਗਾਰੀ, ਨਸ਼ੇ ਦੀ ਸਮੱਸਿਆ ਅਤੇ ਬੇਅਦਬੀ ਜਿਹੇ ਮੁੱਦਿਆਂ ਦਾ ਕੋਈ ਹੱਲ ਨਹੀਂ ਪੇਸ਼ ਕਰ ਸਕੇ।ਪੁਲਿਸ ਖੋਜ ਅਤੇ ਵਿਕਾਸ ਬਿਓੂਰੋ ਅਨੁਸਾਰ ੨੦੦੮ ਤੋਂ ਲੈ ਕੇ ੨੦੧੫ ਤੱਕ ਪੰਜਾਬ ਵਿਚ ਬਾਦਲਾਂ ਦੇ ਸ਼ਾਸਨ ਵਿਚ ੨੫੦੦੦ ਪ੍ਰਦਰਸ਼ਨ ਹੋਏ ਜਿਹਨਾਂ ਦੀ ਗਿਣਤੀ ਭਾਰਤ ਵਿਚ ਸਭ ਤੋਂ ਜਿਆਦਾ ਹੈ।ਇਹ ਵੀ ਵਿਡੰਬਨਾ ਹੈ ਕਿ ਜਿਸ ਬਾਦਲ ਨੇ ਕਦੇ ਵੀ ਆਪਣੇ ਆਪ ਨੂੰ ਲੋਕਾਂ ਤੋਂ ਦੂਰ ਨਹੀਂ ਸੀ ਕੀਤਾ, ਉਹ ਲੋਕਾਂ ਵਿਚ ਆਪਣੇ ਅਤੇ ਪਾਰਟੀ ਖਿਲਾਫ ਪੈਦਾ ਹੁੰਦੇ ਰੋਸ ਅਤੇ ਗੁੱੁਸੇ ਦਾ ਅੰਦਾਜ਼ਾ ਨਹੀਂ ਲਗਾ ਸਕਿਆ।

ਅਕਾਲੀ ਦਲ ਦੀ ਉਤਪਤੀ ਸੰਘਰਸ਼ ਵਿਚੋਂ ਹੋਈ ਸੀ, ਪਰ ਮੁੱਖ ਮੰਤਰੀ ਬਣਨ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਪਕੜ ਮਜਬੂਤ ਕਰਨ ਲਈ ਆਪਣੇ ਰਿਸ਼ਤੇਦਾਰਾਂ ਨੂੰ ਹੀ ਟਿਕਟਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ।ਇਸ ਤੋਂ ਬਾਅਦ ਉਸ ਨੇ ਪਾਰਟੀ ਦੀ ਪ੍ਰਧਾਨਤਾ ਆਪਣੇ ਪੁੱਤਰ ਨੂੰ ਸੌਂਪ ਦਿੱਤੀ ਅਤੇ ਇਸ ਦਾ ਨਾਂ ਅਕਾਲੀ ਦਲ ਬਾਦਲ ਰੱਖਿਆ।ਇਹ ਵਪਾਰੀਆਂ ਅਤੇ ਰਿਸ਼ਤੇਦਾਰਾਂ ਦੀ ਪਾਰਟੀ ਬਣ ਕੇ ਰਹਿ ਗਈ।ਪਾਰਟੀ ਦੇ ਮੈਂਬਰ ਆਪਣੇ ਬਿਜ਼ਨਸ ਵਿਚੋਂ ਪੈਸਾ ਕਮਾਉਂਦੇ ਰਹੇ ਅਤੇ ਲੋਕਾਂ ਤੋਂ ਦੂਰ ਰਹੇ।ਅਗਰ ਅਸੀ ਨਵੇਂ ਸਮੀਕਰਨ ਨੂੰ ਧਿਆਨ ਵਿਚ ਰੱਖੀਏ ਤਾਂ ਇਸ ਵਿਚ ਬਾਦਲ ਪਰਿਵਾਰ ਦਾ ਕੋਈ ਮੈਂਬਰ ਸ਼ਾਮਿਲ ਨਹੀਂ ਹੈ ਅਤੇ ਨਾ ਹੀ ਕੋਈ ਵਿਧਾਇਕ ਬਣਿਆ ਹੈ।ਉਸ ਦੇ ਜਵਾਈ ਅਤੇ ਸਾਲੇ ਵਿਚੋਂ ਕੋਈ ਵੀ ਵਿਧਾਨ ਸਭਾ ਵਿਚ ਨਹੀਂ ਪਹੁੰਚਿਆ ਹੈ।ਪਾਰਟੀ ਦੇ ਸੌ ਸਾਲਾਂ ਦੇ ਇਤਿਹਾਸ ਵਿਚ ਅਕਾਲੀ ਸੂਬੇ ਦੀ ਰਾਜਨੀਤੀ ਵਿਚ ਭਾਗੀਦਾਰ ਨਹੀਂ ਰਹੇ ਹਨ।ਜਿਸ ਪਾਰਟੀ ਦੀ ਉਤਪਤੀ ਉਦੋਂ ਹੋਈ ਜਦੋਂ ਅਜੇ ਭਾਰਤ ਦੇ ਅਜ਼ਾਦੀ ਸੰਘਰਸ਼ ਲਈ ਮਹਾਤਮਾ ਗਾਂਧੀ ਵੀ ਸਪੱਸ਼ਟ ਨੇਤਾ ਦੇ ਰੂਪ ਵਿਚ ਸਾਹਮਣੇ ਨਹੀਂ ਸੀ ਆਇਆ, ਹੁਣ ਉਸ ਦਾ ਰੋਲ ਬਿਲਕੁਲ ਬਦਲ ਗਿਆ ਹੈ।ਆਪਣੇ ਸ਼ੁਰੂਆਤੀ ਦੌਰ ਵਿਚ ਇਹ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਸੀ ਜਿਸ ਨੇ ਅਣਵੰਡੇ ਭਾਰਤ ਵਿਚ ਸਿੱਖਾਂ ਦੀ ਅਗਵਾਈ ਕੀਤੀ ਸੀ।ਅਜ਼ਾਦੀ ਤੋਂ ਬਾਅਦ ਵੀ ਰਾਜਨੀਤਿਕ ਹਾਲਾਤਾਂ ਅਨੁਸਾਰ ਪਾਰਟੀ ਨੇ ਆਪਣਾ ਰੁਖ ਲਿਆ ਜਿਸ ਵਿਚ ਸਤਲੁਜ-ਯਮੁਨਾ ਲੰਿਕ ਨਹਿਰ ਅੰਦੋਲਨ ਅਤੇ ਮੋਗਾ ਕਾਨਫਰੰਸ ੧੯੯੬ ਵਿਚ ਧਰਮ ਨਿਰਪੱਖ ਪੰਜਾਬੀ ਪਹਿਚਾਣ ਅਪਣਾਉਣ ਜਿਹੇ ਫੈਸਲੇ ਸ਼ਾਮਿਲ ਹਨ।ਪਾਰਟੀ ਨੂੰ ੨੦੦੭ ਤੋਂ ੨੦੧੭ ਤੱਕ ਸਭ ਤੋਂ ਲੰੰਮਾ ਸਮਾਂ ਪੰਜਾਬ ਵਿਚ ਰਾਜ ਕਰਨ ਦਾ ਮੌਕਾ ਮਿਲਿਆ, ਪਰ ਇਹ ਹੁਣ ਬੀਤੇ ਦੀਆਂ ਗੱਲਾਂ ਹੋ ਗਈਆਂ ਹਨ।ਮੌਜੂਦਾ ਸਮੇਂ ਵਿਚ ਪਾਰਟੀ ਨਾ ਸਿਰਫ ਉਨ੍ਹਾਂ ਦਸ ਸਾਲਾਂ ਦੇ ਨਤੀਜੇ ਭੁਗਤ ਰਹੀ ਹੈ ਜਿਸ ਨੂੰ ਲੋਕ ਭ੍ਰਿਸ਼ਟਾਚਾਰ, ਨਸ਼ੇ ਦੇ ਵਹਿਣ, ਅਤੇ ਆਰਥਿਕ ਅਧੋਗਤੀ ਦੇ ਰੂਪ ਵਿਚ ਯਾਦ ਕਰਦੇ ਹਨ।ਪੰਜ ਸਾਲ ਸੱਤਾ ਤੋਂ ਬਾਹਰ ਰਹਿਣ ਤੋਂ ਬਾਅਦ ਪਾਰਟੀ ਨੇ ਆਪਣੇ ਜੱਟ-ਸਿੱਖ ਵੋਟ ਅਧਾਰ ਵੀ ਗੁਆ ਲਿਆ ਹੈ ਜਿਸ ਨੇ ਆਮ ਆਦਮੀ ਪਾਰਟੀ ਨੂੰ ਵੋਟ ਪਾਈ।ਪੰਜਾਬ ਦੀ ਰਾਜਨੀਤੀ ਵਿਚ ਉਨ੍ਹਾਂ ਦਾ ਭਵਿੱਖ ਇਸ ਉੱਪਰ ਹੀ ਨਿਰਭਰ ਕਰਦਾ ਹੈ ਕਿ ਉਹ ਕਿਸ ਤਰਾਂ ਆਪਣੇ ਆਪ ਨੁੰ ਜ਼ਮੀਨੀ ਹਕੀਕਤ ਨਾਲ ਮੁੜ ਜੋੜਦੇ ਹਨ ਅਤੇ ਉਚ ਲੀਡਰਸ਼ਿਪ ਵਿਚ ਕਿਸ ਤਰਾਂ ਦੀ ਤਬਦੀਲੀ ਕੀਤੀ ਜਾਂਦੀ ਹੈ।ਅੰਤ ਵਿਚ ਅਸੀ ਉਨ੍ਹਾਂ ਦੇ ਸੰਦਰਭ ਵਿਚ ਕਹਿ ਸਕਦੇ ਹਾਂ:

ਨਜੂਮੀ ਨੇ ਕੀ ਪੇਸ਼-ਗੋਈ
ਰੁਲਾਇਗਾ ਮੁਕੱਦਰ ਦੇਖ ਲੈਨਾ