ਭਾਰਤ ਦੇਸ਼ ਵਿੱਚ ਹੋਣ ਜਾ ਰਹੀਆਂ ਦੇਸ਼ ਵਿਆਪੀ ਚੋਣਾਂ ਇਸ ਵਾਰੀ ਦੋ ਮੁੱਖ ਮੁੱਦਿਆਂ ਤੇ ਕੇਂਦਰਿਤ ਹਨ। ਇੱਕ ਪਾਸੇ ਇੱਕ ਰਾਜਨੀਤਿਕ ਪਾਰਟੀ ਦੀ ਇਹ ਸੋਚ ਹੈ ਕਿ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣਾ ਹੈ ਤੇ ਦੂਜੈ ਪਾਸੇ ਇਹ ਪੱਖ ਹੈ ਕਿ ਭਰਤ ਦੇ ਵਿੱਚ ਅੱਡ-ਅੱਡ ਧਰਮਾਂ ਦੇ ਲੋਕਾਂ ਨੂੰ ਧਰਮ ਨਿਰਪਖਤਾਂ ਦੀ ਸੋਚ ਵਿੱਚ ਰੱਖਣਾ ਹੈ। ਇਹਨਾਂ ਚੋਣਾਂ ਵਿੱਚ ਮੁੱਖ ਰਾਜਨੀਤਿਕ ਪਾਰਟੀਆਂ ਦੋ ਹਨ, ਇੱਕ ਭਾਰਤੀ ਜਨਤਾ ਪਾਰਟੀ ਜੋ ਕਿ ਹਿੰਦੂ ਰਾਸਟਰ ਦੀ ਮੁਦੱਈ ਹੈ ਤੇ ਦੂਜੀ ਮੁੱਖ ਪਾਰਟੀ ਕਾਂਗਰਸ ਪਾਰਟੀ ਹੈ ਜਿਸਦੀ ਬਾਹਰੀ ਸੋਚ ਭਾਰਤ ਦੀ ਵਿਭਿੰਨਤਾ ਨੂੰ ਸਾਂਭਣਾ ਹੈ ਪਰ ਅੱਜ ਤੱਕ ਉਹਨਾਂ ਨੇ ਆਪਣਾ ਰਾਜ ਭਾਗ ਜਾਤ ਅਤੇ ਧਰਮ ਦੇ ਵਖਰੇਵਿਆਂ ਵਿੱਚ ਹੀ ਘੇਰੀ ਰੱਖਿਆ ਹੈ।

ਭਾਰਤ ਦੀ ਰਾਜਨੀਤਿਕ ਪ੍ਰਣਾਲੀ ਵਿੱਚ ਤਿੰਨ ਵਿਸ਼ੇ ਬਹੁਤ ਅਹਿਮ ਹਨ, ਇੱਕ ਤਾਂ ਮਜ਼ਬੂਤ ਜ਼ਮਹੂਰੀਅਤ ਦੂਸਰਾ ਦੇਸ਼ ਵਿਆਪੀ ਸਮਾਜਿਕ ਉਨੱਤੀ ਅਤੇ ਤੀਸਰਾ ਮੁੱਖ ਵਿਸ਼ਾਂ ਸੰਪਰਦਾਇਕ ਖਲਾਅ ਜੋ ਕਿ ਦਿਨ ਪ੍ਰਤੀ ਦਿਨ ਖਿੱਲਰਦਾ ਜਾ ਰਿਹਾ ਹੈ ਨੂੰ ਸਾਂਭਣਾ ਹੈ। ਇਹਨਾਂ ਚੋਣਾਂ ਵਿੱਚ ਭਾਵੇਂ ਅੱਡ-ਅੱਡ ਸੂਤਰਾਂ ਮੁਤਾਬਿਕ ਹਿੰਦੂ ਰਾਸ਼ਟਰਵਾਦੀ ਸੋਚ ਦਾ ਜ਼ਿਆਦਾ ਪ੍ਰਭਾਵ ਦੱਸਿਆ ਜਾ ਰਿਹਾ ਹੈ ਕਿਉਂਕਿ ਉਹਨਾਂ ਵੱਲੋਂ ਮੁੱਖ ਪ੍ਰਧਾਨ ਮੰਤਰੀ ਦੀ ਕੁਰਸੀ ਦੇ ਉਮੀਦਵਾਰ ਵੱਲੋਂ ਇਹ ਖੁੱਲ ਕੇ ਕਿਹਾ ਗਿਆ ਹੈ ਕਿ ਮੈਂ ਹਿੰਦੂ ਹਾਂ ਅਤੇ ਮੈਂ ਹਿੰਦੂ ਰਾਸ਼ਟਰ ਦਾ ਮੁਦੱਈ ਹਾਂ। ਇਸ ਪ੍ਰਧਾਨ ਮੰਤਰੀ ਦੀ ਕੁਰਸੀ ਦੇ ਦਾਅਵੇਦਾਰ ਤੇ ਸੰਪਰਦਾਇਕ ਖਲਾਅ ਨੂੰ ਖਲਾਰਨ ਦੇ ਗੰਭੀਰ ਦੋਸ਼ ਹਨ। ਇਸੇ ਤਰਾਂ ਅਜਿਹੇ ਦੋਸ਼ ਦੂਸਰੀ ਮੁੱਖ ਰਾਜਨੀਤਿਕ ਪਾਰਟੀ ਤੇ ਵੀ ਸਮੇਂ ਸਮੇਂ ਸਿਰ ਲੱਗਦੇ ਰਹੇ ਹਨ। ਭਾਵੇਂ ਹੁਣ ਉਹ ਆਪਣੇ ਵੱਲੋਂ ਇਹ ਵਿਸ਼ਵਾਸ ਦਿਵਾਉਣਾ ਚਾਹੁੰਦੇ ਹਨ ਕਿ ਬੀਤੇ ਦੀਆਂ ਘਟਨਾਵਾਂ ਕਦੇ ਵੀ ਮੁੜ ਨਹੀਂ ਦੁਹਰਾਈਆਂ ਜਾਣਗੀਆਂ ਕਿਉਂਕਿ ਇਸੇ ਪਾਰਟੀ ਦੇ ਰਾਜ-ਕਾਲ ਦੌਰਾਨ ਪਹਿਲੀ ਵਾਰੀ ਅਜਾਦ ਭਾਰਤ ਨੂੰ ਇੱਕ ਘੱਟ ਗਿਣਤੀ ਫਿਰਕੇ ਦਾ ਵਿਆਕਤੀ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਿਰਾਜਮਾਨ ਹੋਇਆ ਹੈ ਅਤੇ ਪਹਿਲੀ ਵਾਰ ਹੀ ਭਾਰਤੀ ਫੌਜ ਦਾ ਮੁਖੀ ਵੀ ਇੱਕ ਸਿੱਖ ਜਰਨੈਲ ਬਣਿਆ ਹੈ।

ਇਸ ਵਾਰੀ ਅੰਤਰਰਾਸਟਰੀ ਮਨੁੱਖੀ ਅਧਿਕਾਰਾਂ ਪ੍ਰਤੀ ਜਾਣੀ ਜਾਂਦੀ ਜੱਥੇਬੰਦੀ ਐਮਨੈਸਟੀ ਇੰਟਰਨੈਸ਼ਲ ਨੇ ਪ੍ਰਧਾਨ ਮੰਤਰੀ ਦੇ ਪਦ ਲਈ ਅੱਡ-ਅੱਡ ਰਾਜਨੀਤਿਕ ਪਾਰਟੀਆਂ ਦੇ ਦਾਅਵੇਦਾਰਾਂ ਨੂੰ ਇੱਕ ਚਿੱਠੀ ਲਿਖੀ ਹੈ ਜਿਸ ਰਾਹੀਂ ਉਹਨਾਂ ਨੇ ਇਹ ਜਾਣਨਾ ਚਾਹਿਆ ਹੈ ਕਿ ਭਾਰਤ ਵਿੱਚ ਮਨੁੱਖੀ ਕਦਰਾਂ ਕੀਮਤਾਂ ਬਾਰੇ ਉਹਨਾਂ ਦੇ ਕੀ ਵਿਚਾਰ ਹਨ? ਅਤੇ ਉਹ ਕੀ ਇਸ ਪ੍ਰਤੀ ਪਹੁੰਚ ਰੱਖਦੇ ਹਨ? ਭਾਰਤ ਵਿੱਚ ਅਜਾਦ ਹੋਣ ਤੋਂ ਬਾਅਦ ਇਹ ਗੰਭੀਰ ਦੋਸ਼ ਹਨ ਕਿ ਇੱਥੇ ਸਮੇਂ-ਸਮੇਂ ਸਿਰ ਵੱਡੇ ਪੱਧਰ ਤੇ ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ ਹੈ ਅਤੇ ਹੋ ਰਿਹਾ ਹੈ ਅਤੇ ਇਸ ਬਾਰੇ ਹਰ ਸਾਲ ਅੰਤਰ-ਰਾਸਟਰੀ ਪੱਧਰ ਦੀਆਂ ਮਨੁੱਖੀ ਅਧਿਕਾਰ ਜੱਥੇਬੰਦੀਆਂ ਆਪਣੀ ਸਲਾਨਾ ਰਿਪੋਰਟਾਂ ਵਿੱਚ ਜ਼ਿਕਰ ਕਰਦੀਆਂ ਰਹਿੰਦੀਆਂ ਹਨ। ਇਸ ਕਰਕੇ ਇਸ ਗੰਭੀਰ ਮੁੱਦੇ ਪ੍ਰਤੀ ਐਮਨੈਸਟੀ ਇੰਨਰਨੈਸ਼ਲਨ ਨੇ ਚੌਦਾਂ (੧੪) ਮੁੱਖ ਵਿਸ਼ੇ ਜੋ ਕਿ ਮਨੁੱਖੀ ਅਧਿਕਾਰਾਂ ਨਾਲ ਸਬੰਧਿਤ ਹਨ ਬਾਰੇ ਇਹਨਾਂ ਵਿਅਕਤੀਆਂ ਤੋ ਰਾਇ ਜਾਣਨੀ ਚਾਹੀ ਹੈ। ਇਸ ਚਿੱਠੀ ਵਿੱਚ ਜੋ ਮੁੱਖ ਵਿਸ਼ੇ ਉਹਨਾਂ ਨੇ ਪੁੱਛੇ ਹਨ, ਉਹਨਾਂ ਵਿੱਚ ਮੁੱਖ ਰੂਪ ਵਿੱਚ ਭਾਰਤੀ ਪੁਲੀਸ ਦੀ ਕਾਰਜ਼ਸਾਲੀ ਵਿੱਚ ਤਬਦੀਲੀ ਲਿਆਉਣਾ ਦਿਨ ਪ੍ਰਤੀ ਦਿਨ ਇਸਤਰੀਆਂ ਨਾਲ ਹੋ ਰਹੀਆਂ ਜ਼ਿਆਦਤੀਆਂ ਤੇ ਵਿਚਾਰ ਅਧੀਨ ਕੈਦੀਆਂ ਪ੍ਰਤੀ ਕੀ ਪਹੁੰਚ ਹੈ ਅਤੇ ਸੁਰੱਖਿਆ ਫੌਜਾਂ ਨੂੰ ਦਿੱਤੇ ਗਏ ਖਾਸ ਅਧਿਕਾਰਾਂ ਪ੍ਰਤੀ ਮੁੜ ਤੋਂ ਵਿਚਾਰ ਕਰਨਾ ਤਾਂ ਜੋ ਉਹ ਮਨੁੱਖੀ ਅਧਿਕਾਰਾਂ ਦਾ ਘਾਣ ਨਾ ਕਰ ਸਕਣ ਜਿਸ ਬਾਰੇ ਉਹਨਾਂ ਤੇ ਵੱਖ-ਵੱਖ ਸੂਬਿਆਂ ਵਿੱਚ ਅੱਜ ਤੱਕ ਕੀਤਾ ਗਿਆ ਮਨੁੱਖੀ ਅਧਿਕਾਰਾਂ ਦਾ ਘਾਣ ਜਿਸ ਪ੍ਰਤੀ ਕਦੀ ਵੀ ਉਹਨਾਂ ਨੂੰ ਗੰਭੀਰ ਦੋਸ਼ਾਂ ਦੇ ਬਾਵਜੂਦ ਕਦੇ ਵੀ ਕਨੂੰਨੀ ਕਟਹਿਰੇ ਵਿੱਚ ਨਹੀਂ ਲਿਆਂਦਾ ਗਿਆ। ਇਸੇ ਤਰਾਂ ਨਿਰਮਾਣ ਦੇ ਨਾਮ ਤੇ ਧੱਕੇ ਨਾਲ ਸਰਕਾਰਾਂ ਵੱਲੋਂ ਲੋਕਾਂ ਦੀਆਂ ਅਤੇ ਕਿਸਾਨਾਂ ਦੀਆਂ ਜੱਦੀ ਜ਼ਮੀਨਾਂ ਤੇ ਕਬਜਾ। ਇਸੇ ਤਰਾਂ ਸਮਲਿੰਗੀ ਕਨੂੰਨ ਵਿੱਚ ਮੁੜ ਤੋਂ ਵਿਚਾਰ ਅਤੇ ਭਾਰਤ ਵਿੱਚ ਸਿਮਟ ਰਹੀ ਵਿਚਾਰਾਂ ਦੀ ਅਜਾਦੀ ਪ੍ਰਤੀ ਕੀ ਪਹੁੰਚ ਹੈ।

ਇਸ ਵਾਰ ਇੱਕ ਅਜਿਹੀ ਪਾਰਟੀ ਵੀ ਭਾਰਤੀ ਰਾਜ ਪ੍ਰਣਾਲੀ ਵਿੱਚ ਸ਼ਾਮਲ ਹੋਈ ਹੈ ਜਿਸਦੇ ਮੁੱਖ ਨਾਇਕ ਸਮਾਜਿਕ ਵਿਸ਼ਿਆਂ ਬਾਰੇ ਲੰਮੇ ਅਰਸੇ ਤੋਂ ਸੰਘਰਸ਼ ਕਰ ਰਹੇ ਵਿਅਕਤੀ ਹਨ ਅਤੇ ਇਸੇ ਰਾਜਨੀਤਿਕ ਪਾਰਟੀ ਨੇ ਪਹਿਲੀ ਵਾਰੀ ਅਜਿਹੇ ਬੰਦਿਆਂ ਨੂੰ ਚੋਣਾਂ ਲੜਨ ਲਈ ਆਪਣੇ ਨੁਮਾਇੰਦੇ ਬਣਾਇਆ ਹੈ ਜੋ ਕਿ ਲੰਮੇ ਅਰਸੇ ਤੋਂ ਭਾਰਤ ਵਿੱਚ ਹੋ ਰਹੇ ਅੱਡ-ਅੱਡ ਤਰਾਂ ਦੇ ਮਨੁੱਖੀ ਕਦਰਾਂ-ਕੀਮਤਾਂ ਦੇ ਘਾਣ, ਖਿੱਲਰ ਰਹੀ, ਸਮਾਜਿਕ ਬਰਾਬਰਤਾ ਨੂੰ ਰੋਕਣਾਂ ਅਤੇ ਸੰਵਿਧਾਨ ਦੀਆਂ ਧਾਰਾਵਾਂ ਦਾ ਹੋ ਰਿਹਾ ਅੱਡ-ਅੱਡ ਤਰੀਕੇ ਨਾਲ ਹੋ ਰਹੇ ਘਾਣ ਪ੍ਰਤੀ ਸ਼ੰਘਰਸਮਈ ਰਹੇ ਹਨ। ਇਸ ਪਾਰਟੀ ਨੇ ਕਾਫੀ ਉਹ ਵਿਅਕਤੀ ਆਪਣੇ ਨੁਮਾਇਦੇ ਬਣਾਏ ਹਨ ਜਿਹਨਾਂ ਨੇ ਦਬੇ-ਕੁਚਲੇ ਅਵਾਮ ਲਈ ਅੱਗੇ ਹੋ ਕਿ ਅਵਾਜ਼ ਉਠਾਈ ਹੈ ਅਤੇ ਸੰਘਰਸ਼ ਵੀ ਕੀਤਾ ਹੈ ਅਤੇ ਇਸ ਕਰਕੇ ਉਹਨਾਂ ਨੇ ਲੰਮਾਂ ਅਰਸਾ ਪੁਲੀਸ ਦਾ ਤਸ਼ੱਦਦ ਵੀ ਝੱਲਿਆ ਹੈ ਅਤੇ ਸਾਲਾਂ ਬੱਧੀ ਅਜਾਦ ਭਾਰਤ ਦੀਆਂ ਜਿਹਲਾਂ ਦਾ ਸਫਰ ਵੀ ਕੀਤਾ ਹੈ। ਇਹਨਾਂ ਵਿੱਚ ਮੁੱਖ ਰੂਪ ਵਿੱਚ ਜੋ ਨੁਮਾਇੰਦੇ ਸਾਹਮਣੇ ਆਏ ਹਨ ਵਿੱਚ ਇੱਕ ਅਜਿਹੀ ਔਰਤ ਵੀ ਹੈ ਜੋ ਕਾਬਲੀ ਲੋਕਾਂ ਵਿੱਚੋਂ ਆਈ ਹੈ ਅਤੇ ਕਾਬਲੀ ਸੂਬੇ ਵਿੱਚ ਅਧਿਆਪਕਾ ਹੈ। ਇਹ ਔਰਤ ਜਿਸਦਾ ਨਾਮ ਸੋਨੀ ਸੂਰੀ ਹੈ। ਇਹ ਕਾਬਲੀ ਇਲਾਕੇ ਵਿੱਚੋਂ ਨੁਮਾਇੰਦਾ ਹੈ ਜਿੱਥੇ ਕਿ ਅੱਜ ਵੀ ਕਾਬਲੀ ਲੋਕਾਂ ਦੇ ਆਪਣੇ ਹੱਕਾਂ ਲਈ ਸੰਘਰਸ਼ ਚੱਲ ਰਿਹਾ ਹੈ। ਇਸ ਔਰਤ ਨੇ ਕਾਬਲੀ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਂਗਰਤ ਕਰਨ ਲਈ ਅਤੇ ਸਾਂਤਮਈ ਸੰਘਰਸ ਕਰਨ ਲਈ ਪ੍ਰੇਰਿਆ ਹੈ ਅਤੇ ਕਾਬਲੀ ਬੱਚਿਆਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰਤ ਕਰਨ ਲਈ ਸਿੱਖਿਅਕ ਰਾਹ ਸਾਹਮਣੇ ਰੱਖਿਆਂ ਹੈ। ਇਸ ਕਰਕੇ ਇਸ ਔਰਤ ਨੂੰ ਸਰਕਾਰ ਵੱਲੋਂ ਅੱਡ-ਅੱਡ ਕਾਨੂੰਨੀ ਧਾਰਾਵਾਂ ਲਾ ਕੇ ਜੇਹਲ ਵਿੱਚ ਵੀ ਡੱਕੀ ਰੱਖਿਆ ਹੈ ਅਤੇ ਇਸਤੇ ਬਹੁਤ ਤਸ਼ੱਦਦ ਵੀ ਕੀਤਾ ਗਿਆ ਹੈ। ਇਹ ਹੁਣ ਪਿੱਛੇ ਜਿਹੇ ਹੀ ਲੰਮੇ, ਅਰਸੇ ਦੀ ਜੇਹਲ ਕੱਟ ਕੇ ਜ਼ਮਾਨਤ ਤੇ ਬਾਹਰ ਆਈ ਹੈ। ਇਸੇ ਤਰਾਂ ਸਿੱਖਾਂ ਦੀ ਸੰਘਰਸ਼ਮਈ ਧਿਰ ਨਾਲ ਸਬੰਧਤ ਪੱਤਰਕਾਰ ਸਰਦਾਰ ਜਰਨੈਲ ਸਿੰਘ ਨੂੰ ਵੀ ਇਸ ਪਾਰਟੀ ਨੇ ਆਪਣਾ ਨਵੀਂ ਦਿੱਲੀ ਤੋਂ ਨੁਮਾਇਦੰਦੇ ਬਣਾਇਆ ਹੈ। ਸਰਦਾਰ ਜਰਨੈਲ ਸਿੰਘ ਨੇ ੧੯੮੪ ਦੇ ਸਿੱਖਾਂ ਨਾਲ ਹੋਏ ਕਤਲੇਆਮ ਬਾਰੇ ਕਾਫੀ ਸੰਘਰਸ਼ ਵੀ ਕੀਤਾ ਹੈ ਅਤੇ ਪੱਤਰਕਾਰੀ ਰਾਹੀਂ ਸਿੱਖ ਕੌਮ ਦੇ ਵਿਸ਼ਿਆਂ ਨੂੰ ਸਮਾਜ ਅੱਗੇ ਲਿਆਂਦਾ ਹੈ। ਇਸ ਤਰਾਂ ੧੯੮੪ ਦੇ ਸਿੱਖ ਕਤਲੇਆਮ ਬਾਰੇ ਲੰਮੇ ਅਰਸੇ ਤੋਂ ਕਨੂੰਨੀ ਲੜਾਈ ਲੜ੍ਹ ਰਹੇ ਵਕੀਲ ਸ੍ਰ: ਐਚ.ਐਸ. ਫੂਲਕਾ ਨੂੰ ਵੀ ਪੰਜਾਬ ਤੋਂ ਆਪਣਾ ਨੁਮਾਇੰਦਾ ਚੁਣਿਆ ਹੈ। ਇਹ ਹੁਣ ਦੇਖਣ ਵਾਲੀ ਗੱਲ ਹੈ ਕਿ ਕੀ ਇਸ ਤਰਾਂ ਦੇ ਨੁਮਾਂਇੰਦਿਆਂ ਨੂੰ ਭਾਰਤੀ ਲੋਕ ਕੀ ਫਤਵਾ ਦਿੰਦੇ ਹਨ।

ਇੱਕ ਪਾਸੇ ਉਹ ਧਿਰ ਹੈ ਜੋ ਰਾਜ ਕਰਨ ਲਈ ਆਪਣਾ ਮੁੱਖ ਨਿਸ਼ਾਨਾ ਭਾਰਤ ਦੀ ਸੰਪਰਦਾਇਕਤਾ ਨੂੰ ਤੋੜ ਕੇ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੀ ਹੈ। ਸੋਚ ਵਾਲੀ ਗੱਲ ਹੈ ਕਿ ਇਸ ਰਾਜਨੀਤਿਕ ਪਾਰਟੀ ਨੂੰ ਸਿੱਖਾਂ ਦੀ ਮੁੱਖ ਪ੍ਰਤੀਨਿਧ ਪਾਰਟੀ ਵੀ ਖੁੱਲੇਆਮ ਹਮਾਇਤ ਕਰ ਰਹੀ ਹੈ। ਦੂਜੇ ਪਾਸੇ ਮੁੱਖ ਪਾਰਟੀ ਜੋ ਕਿ ਦੁਬਾਰਾ ਰਾਜ ਕਰਨ ਦਾ ਨਿਰਣਾ ਮੰਗ ਰਹੀ ਹੈ, ਜਿਸਨੇ ਕਿ ਅੱਜ ਤੱਕ ਇੱਕ ਪਰਿਵਾਰ ਦੀ ਰਾਜਗੱਦੀ ਨੂੰ ਬਰਕਰਾਰ ਰੱਖਣ ਲਈ ਭਾਰਤੀ ਰਾਜ-ਪ੍ਰਣਾਲੀ ਤੇ ਪਰਿਵਾਰਵਾਦ ਦੀ ਸੋਚ ਥੋਪੀ ਹੈ। ਦੂਜੇ ਪਾਸੇ ਇਹਨਾਂ ਦੋਵਾਂ ਧਿਰਾਂ ਦੇ ਵਿਚਾਲੇ ਕਈ ਸੂਬਾ ਪੱਧਰ ਦੀਆਂ ਰਾਜਨੀਤਿਕ ਪਾਰਟੀਆਂ ਵੀ ਹਨ। ਖੱਬੇ ਪੱਖੀ ਸੋਚ ਵਾਲੀਆਂ ਪਾਰਟੀਆਂ ਵੀ ਹਨ ਅਤੇ ਇਹਨਾਂ ਸਾਰਿਆਂ ਨਾਲੋ ਅਲੱਗ ਇੱਕ ਅਜਿਹੀ ਪਾਰਟੀ ਵੀ ਹੈ ਜੋ ਮਨੁੱਖੀ ਕਦਰਾਂ ਕੀਮਤਾਂ ਨੂੰ ਆਪਣਾ ਮੁੱਖ ਅਦੇਸ਼ ਮੰਨਦੀ ਹੈ। ਇਸ ਲਈ ਇਸ ਵਾਰ ਦੀਆਂ ਚੋਣਾਂ ਭਾਰਤੀ ਰਾਜ-ਪ੍ਰਣਾਲੀ ਨੂੰ ਕੀ ਨਵਾਂ ਰਾਹ ਦਰਸਾਉਦੀਆਂ ਹਨ, ਇਹ ਸਮਾਂ ਹੀ ਦੱਸੇਗਾ।