ਕਿਸਾਨਾ ਦੇ ਖਿਲਾਫ ਪਾਸ ਕੀਤੇ ਗਏ ਤਿੰਨ ਬਿਲਾਂ ਨੂੰ ਲੈ ਕੇ ਚੱਲ ਰਿਹਾ ਮੋਰਚਾ ਆਪਣੇ ਕਈ ਪੜਾਅ ਪਾਰ ਕਰਦਾ ਹੋਇਆ ਅੱਜ ਵਾਲੀ ਸਥਿਤੀ ਵਿੱਚ ਪਹੁੰਚ ਗਿਆ ਹੈੈ। ਜਿਵੇਂ ਹਰੇਕ ਸੰਘਰਸ਼ ਵਿੱਚ ਹੁੰਦਾ ਹੀ ਹੈ ਕਿ ਕਿਸੇ ਵੇਲੇ ਸੰਘਰਸ਼ ਦੀ ਬਹੁਤ ਚੜ੍ਹਾਈ ਹੁੰਦੀ ਹੈ, ਫੇਰ ਵਕਤ ਪੈਣ ਨਾਲ ਉਹ ਮੱਠਾ ਪੈ ਜਾਂਦਾ ਹੈ ਅਤੇ ਕੁਝ ਸਮੇਂ ਬਾਅਦ, ਯੋਗ ਅਤੇ ਸਿਆਣੀ ਲੀਡਰਸ਼ਿੱਪ ਦੇ ਸਿਆਣੇ ਫੈਸਲਿਆਂ ਨਾਲ, ਸੰਘਰਸ਼ ਫਿਰ ਬੁਲੰਦੀਆਂ ਵੱਲ ਜਾ ਰਹਿੰਦਾ ਹੈੈ।

ਕਿਸਾਨੀ ਸੰਘਰਸ਼ ਨੇ ਆਪਣੀ ਚਰਮਸੀਮਾ 26 ਜਨਵਰੀ ਨੂੰ ਹੰਢਾ ਲਈ ਹੈੈੈ। 26 ਜਨਵਰੀ ਨੂੰ ਜੋ ਕੁਝ ਹੋਇਆ ਉਹ ਕਿਸੇ ਨੇ ਵੀ ਚਿਤਵਿਆ ਨਹੀ ਸੀ। ਨਾ ਇਹ ਘਟਨਾਕ੍ਰਮ ਕਿਸਾਨੀ ਲੀਡਰਸ਼ਿੱਪ ਦੇ ਚਿੱਤ ਚੇਤੇ ਵਿੱਚ ਸੀ ਅਤੇ ਨਾ ਹੀ 26 ਜਨਵਰੀ ਨੂੰ ਲਾਲ ਕਿਲੇ ਤੇ ਪਹੁੰਚ ਕੇ ਨਿਸ਼ਾਨ ਸਾਹਿਬ ਝੁਲਾਉਣ ਵਾਲੀ ਸਿੱਖ ਸੰਗਤ ਨੂੰ। ਇਹ ਸਭ ਕੁਝ ਅਚਨਚੇਤ ਅਤੇ ਤੇਜ਼ੀ ਨਾਲ ਵਾਪਰ ਗਿਆ। ਅਜਿਹਾ ਸੰਘਰਸ਼ਾਂ ਵਿੱਚ ਆਮ ਹੀ ਹੁੰਦਾ ਹੈ। ਹਰ ਸੰਘਰਸ਼ ਦੀ ਆਪਣੀ ਨਿਵੇਕਲੀ ਚਾਲ ਹੁੰਦੀ ਹੈੈ। ਚਾਹੇ ਸੰਘਰਸ਼ ਦੀ ਲੀਡਰਸ਼ਿੱਪ ਕਿੰਨੀ ਵੀ ਸਿਆਣੀ ਕਿਉਂ ਨਾ ਹੋਵੇ, ਉਹ ਸੰਘਰਸ਼ ਨੂੰ ਆਪਣੀ ਮੁੱਠੀ ਵਿੱਚ ਕੈਦ ਕਰਕੇ ਨਹੀ ਚਲਾ ਸਕਦੀ। ਸ਼ੰਘਰਸ਼ ਦੀ ਆਪਣੀ ਨਿਵੇਕਲੀ ਅਤੇ ਬੁਲੰਦ ਤੋਰ, ਅਕਸਰ ਲੀਡਰਸ਼ਿੱਪ ਨੂੰ ਵੀ ਆਪਣੇ ਨਾਲ ਵਹਾ ਲੈ ਜਾਂਦੀ ਹੈੈ। ਇਹ ਤੋਰ ਏਨੀ ਮੂੰਹਜੋਰ ਹੁੰਦੀ ਹੈ ਕਿ ਕੋਈ ਵੀ ਲੀਡਰਸ਼ਿੱਪ ਇਸਨੂੰ ਸੰਭਾਲਣ ਵਿੱਚ ਸਫਲ ਨਹੀ ਹੁੰਦੀ। ਖਾੜਕੂ ਸਿੱਖ ਲਹਿਰ ਦੌਰਾਨ ਅਸੀਂ ਇਹ ਭਾਣਾਂ ਵਾਪਰਦਾ ਆਪਣੇ ਅੱਖੀਂ ਦੇਖਿਆ ਹੈੈ। ਏਨੀ ਸਿਆਣੀ ਅਤੇ ਸਮਰੱਥ ਲੀਡਰਸ਼ਿੱਪ ਹੋਣ ਦੇ ਬਾਵਜੂਦ ਖਾੜਕੂ ਲਹਿਰ ਲੀਡਰਸ਼ਿੱਪ ਦੇ ਹੱਥਾਂ ਵਿੱਚੋਂ ਪਹਿਲਾਂ ਨਿਕਲ ਗਈ ਅਤੇ ਫਿਰ ਕਿਰ ਗਈ।

ਸੋ ਹੁਣ 26 ਜਨਵਰੀ ਦੀਆਂ ਘਟਨਾਵਾਂ ਲਈ ਆਪਸੀ ਦੂਸ਼ਣਬਾਜੀ ਕਰਕੇ ਆਪਣਾਂ ਸਮਾਂ ਬਰਬਦ ਕਰਨ ਦੀ ਲੋੜ ਨਹੀ ਹੈੈ। ਹੁਣ ਸੰਘਰਸ਼ ਆਪਣੇ ਅਸਲ ਨਿਸ਼ਾਨੇ ਵੱਲ ਘੱਟ ਬਲਕਿ ਲੱਖਾ ਸਿਧਾਣਾਂ ਅਤੇ ਦੀਪ ਸਿੱਧੂ ਦੀ ਸ਼ਖਸ਼ੀਅਤ ਦਵਾਲੇ ਵੱਧ ਘੁੰਮਣ ਲੱਗ ਪਿਆ ਹੈੈ। ਇਨ੍ਹਾਂ ਨੂੰ ਮੋਰਚੇ ਵਿੱਚ ਸ਼ਾਮਲ ਕਰਨ ਜਾ ਨਾ ਕਰਨ ਬਾਰੇ ਹੀ ਪੰਜਾਬੀਆਂ ਦੀ ਸਾਰੀ ਸ਼ਕਤੀ ਖਤਮ ਕੀਤੀ ਜਾਣ ਲੱਗ ਪਈ ਹੈੈ।

ਜੇ ਮੋਰਚਾ ਵੱਡਾ ਹੈ ਤਾਂ ਲੱਖਾ ਸਿਧਾਣਾਂ ਅਤੇ ਦੀਪ ਸਿੱਧੂ ਦੇ ਉੱਥੇ ਹੋਣ ਜਾ ਨਾ ਹੋਣ ਨਾਲ ਮੋਰਚੇ ਨੂੰ ਕੋਈ ਫਰਕ ਨਹੀਂ ਪੈਂਣਾ ਚਾਹੀਦਾ। ਮੋਰਚੇ ਦੀ ਸਿਧਾਂਤਕ ਪਰਪੱਕਤਾ ਹੀ ਕੇਂਦਰੀ ਮੁੱਦਾ ਹੋਣੀ ਚਾਹੀਦੀ ਹੈੈ। ਦੂਜੀ ਗੱਲ ਇਹ ਕਿ ਲੱਖਾ ਸਿਧਾਣਾਂ ਅਤੇ ਦੀਪ ਸਿੱਧੂ ਨੂੰ ਕਿਸੇ ਇੱਕ ਸਟੇਜ ਦੇ ਮੁਥਾਜ ਨਹੀ ਹੋਣਾਂ ਚਾਹੀਦਾ । ਉਨ੍ਹਾਂ ਵਿੱਚ ਏਨਾ ਜਜਬਾ ਅਤੇ ਤਾਣ ਹੋਣਾਂ ਚਾਹੀਦਾ ਹੈ ਕਿ ਉਹ ਜਿੱਥੇ ਵੀ ਖੜ੍ਹੇ ਹੋ ਜਾਣ ਉੱਥੇ ਹੀ ਸਟੇਜ ਲੱਗ ਜਾਵੇ।

ਦੀਪ ਸਿੱਧੂ ਅਤੇ ਲੱਖਾ ਸਿਧਾਣਾਂ ਦੇ ਹਮਾਇਤੀਆਂ ਨੂੰ ਹੁਣ ਦਿੱਲੀ ਬਾਰਡਰ ਤੇ ਧਿਆਨ ਕੇਂਦਰਤ ਕਰਨ ਨਾਲੋਂ ਪੰਜਾਬ ਵਿੱਚ ਨੌਜਵਾਨੀ ਨੂੰ ਜਥੇਬੰਦ ਕਰਨ ਅਤੇ ਉਨ੍ਹਾਂ ਵਿੱਚ ਆਪਣੀ ਹੋਂਦ ਦੀ ਚਿਣਗ ਜਗਾਉਣ ਵੱਲ ਧਿਆਨ ਕੇਂਦਰਤ ਕਰਨਾ ਚਾਹੀਦਾ ਹੈੈ।

ਦਿੱਲੀ ਵਾਲੀ ਸਟੇਜ ਜਿਨ੍ਹਾਂ ਸਿਆਣੇ ਨੇਤਾਵਾਂ ਨੇ ਸੰਭਾਲੀ ਹੋਈ ਹੈ, ਉਨ੍ਹਾਂ ਨੂੰ ਸੰਭਾਲਣ ਦੀ ਜਿੰਮੇਵਾਰੀ ਦੇਣੀ ਚਾਹੀਦੀ ਹੈੈ। ਉਹ ਆਪਣੇ ਢੰਗ ਨਾਲ ਸਟੇਜ ਨੂੰ ਵੀ ਚਲਾਉਣ ਅਤੇ ਮੋਰਚੇ ਨੂੰ ਵੀ। ਨੌਜਵਾਨੀ ਵੱਲੋਂ ਉਨ੍ਹਾਂ ਨੂੰ ਨੈਤਿਕ ਹਮਾਇਤ ਜਾਰੀ ਰਹਿਣੀ ਚਾਹੀਦੀ ਹੈੈ। ਉਨ੍ਹ੍ਹਾਂ ਦਾ ਵਿਰੋਧ ਨਾ ਕੀਤਾ ਜਾਵੇ ਬਲਕਿ ਹਰ ਬਿਆਨ ਹਮਾਇਤ ਵਿੱਚ ਹੀ ਦਿੱਤਾ ਜਾਵੇ।

ਨੌਜਵਾਨਾਂ ਨੂੰ ਆਪਣੀ ਸ਼ਕਤੀ ਪੰਜਾਬ ਵਿੱਚ ਕੇਂਦਰਤ ਕਰਨੀ ਚਾਹੀਦੀ ਹੈੈ। ਕਿਸਾਨ ਮੋਰਚੇ ਨੇ ਇੱਕ ਵਾਰ ਫਿਰ ਸਿੱਖ ਕੌਮ ਦੀ ਸੁੱਤੀ ਪਈ ਮੁਹਾਰਤ ਨੂੰ ਜਗਾਇਆ ਹੈੈੈ। ਜਿਸ ਕਿਸਮ ਦੀ ਕਵਿਤਾ ਅਤੇ ਗੀਤ ਪੰਜਾਬ ਦੀ ਹੋਂਦ ਬਾਰੇ ਪਿਛਲੇ 6-7 ਮਹੀਨਿਆਂ ਦੌਰਾਨ ਰਚੇ ਗਏ ਹਨ। ਜਿਸ ਕਿਸਮ ਦੇ ਪੁਖਤਾ ਵਿਚਾਰ ਪੰਜਾਬ ਦੀਆਂ ਹਵਾਵਾਂ ਵਿੱਚ ਗੂੰਜੇ ਹਨ, ਜਿਸ ਕਿਸਮ ਦੀ ਬਗਾਵਤ ਦੇ ਬੀਜ ਪੰਜਾਬ ਨੇ ਮੁੜ ਪੁੰਗਰਦੇ ਦੇਖੇ ਹਨ, ਇਸ ਟੇਲੈਂਟ ਨੂੰ ਸੰਭਾਲਣ ਅਤੇ ਜਥੇਬੰਦ ਕਰਨ ਦੀ ਲੋੜ ਹੈੈੈ।

ਰਾਜਨੀਤਿਕ ਤੌਰ ਤੇ ਇਛਾਵਾਨ ਨੌਜਵਾਨਾਂ ਨੂੰ ਉਸ ਪਾਸੇ ਜਥੇਬੰਦ ਕਰਕੇ ਸਿਧਾਂਤਕ ਪਰਪੱਕਤਾ ਵਾਲੇ ਨੌਜਵਾਨਾਂ ਨੂੰ ਪੰਜਾਬ ਦੀਆਂ ਅਤੇ ਖਾਲਸਾਈ ਰਵਾਇਤਾਂ ਨੂੰ ਮੁੜ ਸੁਰਜੀਤ ਕਰਨ ਦੇ ਦੋਹਰੇ ਕਾਰਜ ਕਰਨੇ ਪੈਣਗੇ। ਪੰਜਾਬ ਦੀ ਜਵਾਨੀ ਨੇ ਆਪਣੀ ਸ਼ਕਤੀ ਦਾ ਮੁਜਾਹਰਾ ਕਰ ਦਿੱਤਾ ਹੈ ਇਸ ਸ਼ਕਤੀ ਅਤੇ ਟੇਲੈਂਟ ਨੂੰ ਰਾਜਨੀਤਿਕ ਸ਼ਕਤੀ ਵਿੱਚ ਬਦਲਣ ਲਈ, ਹੁਣ ਪੰਜਾਬ ਵਿੱਚ ਸਰਗਮੀਆਂ ਕਰਨ ਦੀ ਲੋੜ ਹੈੈ।

ਸਿਰਫ ਲੱਖੇ ਸਿਧਾਣੇ ਜਾਂ ਦੀਪ ਸਿੱਧੂ ਨੂੰ ਸਟੇਜਾਂ ਤੇ ਬਿਠਾਉਣ ਦੀ ਲੜਾਈ ਹੁਣ ਛੱਡਣੀ ਪਵੇਗੀ। ਹੋਂਦ ਦੀ ਲੜਾਈ ਲਈ ਪਿੜ ਪੰਜਾਬ ਵਿੱਚ ਬੰਨ੍ਹਣਾਂ ਪਵੇਗਾ। ਜੇ ਸਿੱਖਾਂ ਦੀ ਕੋਈ ਯੋਗ ਸਿਆਸੀ ਧਿਰ ਸਾਹਮਣੇ ਨਹੀ ਆਉਂਦੀ ਤਾਂ ਅਗਲੇ 20 ਸਾਲ ਅਸੀਂ ਫਿਰ ਖੁਆਰ ਹੋਵਾਂਗੇ। ਯਤਨ ਕਰਨੇ ਚਾਹੀਦੇ ਹਨ ਸਿਆਸਤ ਵਿੱਚ ਉੱਚੇ ਕਿਰਦਾਰ ਵਾਲੀਆਂ ਰੂਹਾਂ ਨੂੰ ਸ਼ਾਮਲ ਕਰਨ ਦੇ।