ਕਰੋਨਾ ਸੰਕਟ ਦੀ ਆੜ ਹੇਠਾਂ ਕਈ ਦੇਸ਼ ਜਿਵੇਂ ਕਿ ਭਾਰਤ ਉਨਾਂ ਸਾਰੀਆਂ ਗਤੀਵਿਧੀਆਂ ਨੂੰ ਦਬਾਉਣ ਦਾ ਯਤਨ ਕਰ ਰਿਹਾ ਹੈ ਜੋ ਉਸ ਦੀਆਂ ਨੀਤੀਆਂ ਦੇ ਮੁਤਾਬਕ ਨਹੀਂ ਹਨ। ਇਸਦੀ ਉਦਾਹਰਣ ਕਸ਼ਮੀਰ ਦੀ ਇੱਕ ਮਸ਼ਹੂਰ ਪੱਤਰਕਾਰ ਮਸਰਤ ਜ਼ਾਰਾ ਹੈ, ਜੋ ਕਿ 26 ਸਾਲਾਂ ਦੀ ਹੈ ਉਸ ਦੇ ਖਿਲਾਫ ਗਤੀਵਿਧੀ ਰੋਕੂ ਕਨੂੰਨ ਦੇ ਤਹਿਤ ਕੇਸ 20 ਅਪ੍ਰੈਲ ਨੂੰ ਦਰਜ ਕੀਤਾ ਸੀ। ਇਹ ਗੈਰ ਕਨੂੰਨੀ, ਗਤੀਵਿਧੀਆਂ ਰੋਕੂ ਕਨੂੰਨ ਭਾਰਤ ਅੰਦਰ ਸਭ ਤੋਂ ਸਖਤ ਤੇ ਮਨੁੱਖੀ ਅਧਿਕਾਰਾਂ ਦੇ ਖਿਲਾਫ ਕਨੂੰਨ ਹੈ। ਇਸ ਕਨੂੰਨ ਨੂੰ ਪੰਜਾਬ ਅੰਦਰ ਚੱਲੇ ਸਿੱਖ ਸੰਘਰਸ਼ ਨੂੰ ਦਬਾਉਣ ਵਾਲੇ ਟਾਡਾ ਕਨੂਨ ਦੀ ਥਾਂ ਤੇ ਹੋਰ ਧਾਰਵਾਂ ਜੋੜ ਕੇ ਭਾਰਤ ਅੰਦਰ ਲਾਗੂ ਕੀਤਾ ਹੋਇਆ ਹੈ। ਮਸਰਤ ਜ਼ਾਰਾ ਇੱਕ ਅੰਤਰ ਰਾਸ਼ਟਰੀ ਪ੍ਰਸਿੱਧੀ ਵਾਲੀ ਫੋਟੋ ਪੱਤਰਕਾਰ ਹੈ। ਇਹ ਪਿਛਲੇ ਚਾਰ ਸਾਲਾਂ ਤੋਂ ਪਤਰਕਾਰੀ ਦੇ ਖੇਤਰ ਵਿੱਚ ਕੰਮ ਕਰ ਰਹੀ ਹੈ ਤੇ ਕਸ਼ਮੀਰ ਵਿਖੇ ਰਹਿ ਰਹੀ ਹੈ। ਇਸਨੇ ਆਪਣੀ ਪੱਤਰਕਾਰੀ ਰਾਹੀਂ ਕਸ਼ਮੀਰ ਵਿੱਚ ਕਸ਼ਮੀਰੀਆਂ ਵੱਲੋ ਲੜੇ ਜਾ ਰਹੇ ਅਜਾਦੀ ਦੇ ਸੰਘਰਸ਼ ਬਾਰੇ ਆਪਣੇ ਚਿਤਰਾਂ ਰਾਹੀਂ ਦੁਨੀਆਂ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਇਸਨੇ ਕਸ਼ਮੀਰੀ ਲੋਕਾਂ ਦੀ ਅਵਾਜ ਨੂੰ ਦਬਾਉਣ ਲਈ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਵੱਲੋਂ ਜੋ ਗਤੀ ਵਿਧੀਆਂ ਕੀਤੀਆਂ ਜਾ ਰਹੀਆਂ ਹਨ, ਉਨਾਂ ਬਾਰੇ ਵੀ ਆਪਣੇ ਚਿਤਰਾਂ ਰਾਹੀਂ ਸੋਸ਼ਲ ਮੀਡੀਆ ਦਾ ਪ੍ਰਯੋਗ ਕਰਕੇ ਦੁਨੀਆਂ ਸਾਹਮਣੇ ਲਿਆਂਦਾ ਹੈ। ਇਸੇ ਤਰਾਂ ਇਸਨੇ ਇਸ ਜੱਦੋ ਜਹਿਦ ਵਿਚੋਂ ਕਸ਼ਮੀਰੀ ਲੋਕਾਂ ਦੇ ਪੱਲੇ ਪਈ ਪੀੜੀ, ਵਿਛੋਰੇ, ਯਾਦਾਂ ਤੇ ਦੁੱਖਾਂ ਨੂੰ ਆਪਣੀਆਂ ਫੋਟੋਆਂ ਰਾਹੀਂ ਦਰਸਾਉਣ ਦਾ ਯਤਨ ਕੀਤਾ ਹੈ। ਇਸਦੇ ਪੱਤਰਕਾਰੀ ਦੇ ਕੰਮ ਨੂੰ ਬੜੇ ਮਾਣ ਨਾਲ ਭਾਰਤ ਦੇ ਮੀਡੀਆ ਵਿੱਚ ਤਾਂ ਕਈ ਥਾਵਾਂ ਤੇ ਪ੍ਰਕਾਸ਼ਤ ਕੀਤਾ ਹੈ ਤੇ ਨਾਲ ਨਾਲ ਦੁਨੀਆਂ ਦੇ ਪ੍ਰਸਿੱਧ ਅਖਬਾਰ ‘ਦਾ ਵਾਸ਼ਿੰਗਟਨ ਪੋਸਟ’, ‘ਦਾ ਨਿਊਯਾਰਕ ਟਾਈਮਜ਼’ ਤੇ ਹੋਰ ਨਾਮੀਂ ਅਖਬਾਰਾਂ ਨੇ ਛਾਪਿਆ ਹੈ। ਇਸਦੀ ਫੋਟੋਆਂ ਦੀ ਨੁਮਾਇਸ਼ ਨਿਊਯਾਰਕ ਮਿਊਜ਼ੀਅਮ ਵਿੱਚ ਵੀ ਲਗਾਈ ਗਈ ਸੀ। ਮਸਰਤ ਜ਼ਾਰਾ ਤੇ ਗੈਰਕਨੂੰਨੀ ਗਤੀਵਿਧੀਆਂ ਕਨੂੰਨ ਤਹਿਤ ਕਸ਼ਮੀਰ ਪਲੀਸ ਵੱਲੋਂ ਸਖਤ ਧਾਰਾਵਾਂ ਲਾਈਆਂ ਗਈਆਂ ਹਨ। ਜਿਸ ਰਾਹੀਂ ਕਸਮੀਰ ਪੁਲੀਸ ਨੇ ਇਹ ਦਾਅਵਾ ਕੀਤਾ ਹੈ ਕਿ ਮਸਰਤ ਜ਼ਾਰਾ ਨੇ ਆਪਣੇ ‘ਫੇਸਬੁਕ’ ਅਕਾਊਂਟ ਰਾਹੀਂ ਅਜਿਹੇ ਚਿੱਤਰ ਤੇ ਉਹਨਾਂ ਨੂੰ ਬਿਆਨ ਕਰਦੇ ਸ਼ਬਦਾਂ ਰਾਹੀਂ ਭਾਰਤ ਦੀ ਅਖੰਡਤਾ ਨੂੰ ਭੰਗ ਕਰਨ ਦਾ ਯਤਨ ਕੀਤਾ ਹੈ। ਜਿਸ ਰਾਹੀਂ ਇਸਨੇ ਕਸ਼ਮੀਰੀ ਲੋਕਾਂ ਨੂੰ ਉਕਸਾਇਆ ਹੈ। ਮਾਰੇ ਗਏ ਕਸ਼ਮੀਰੀਆਂ ਨੂੰ ਉਭਾਰਿਆ ਹੈ ਤਾਂ ਜੋ ਕਸ਼ਮੀਰੀਆਂ ਅੰਦਰ ਭਾਰਤ ਖਿਲਾਫ ਭਾਵਨਾਵਾਂ ਪੈਦਾ ਹੋ ਸਕਣ। ਮਸਰਤ ਜ਼ਾਰਾ ਦੇ ਖਿਲਾਫ ਕਨੂੰਨੀ ਮੁਕੱਦਮਾ ਦਰਦ ਹੋਣ ਤੋਂ ਬਾਅਦ ਕਸ਼ਮੀਰੀ ਪ੍ਰੈਸ ਦੇ ਸੰਗਠਨ ਨੇ ਪੂਰੀ ਤਰਾਂ ਮਸਰਤ ਜ਼ਾਰਾ ਨੂੰ ਸਹਿਯੋਗ ਦਿੱਤਾ ਹੈ ਤੇ ਆਪਣੇ ਵੱਲੋਂ ਇਸ ਗੈਰਕਨੂੰਨੀ ਮੁਕੱਦਮੇ ਦਾ ਵਿਰੋਧ ਕੀਤਾ ਹੈ। ਮਸਰਤ ਜ਼ਾਰਾ ਦੇ ਖਿਲਾਫ ਮੁਕੱਦਮਾ ਹੋਣ ਤੋਂ ਬਾਅਦ ਭਾਰਤੀ ਇਸਤਰੀਆਂ ਜੋ ਪੱਤਰਕਾਰੀ ਖੇਤਰ ਵਿੱਚ ਹਨ, ਦੇ ਸੰਗਠਨ ਨੇ ਵੀ ਮਸਰਤ ਜ਼ਾਰਾ ਦੀ ਪੂਰੀ ਤਰਾਂ ਹਮਾਇਤ ਕੀਤੀ ਹੈ ਤੇ ਸਰਕਾਰ ਨੂੰ ਇਹ ਮੁਕੱਦਮਾ ਵਾਪਿਸ ਲੈਣ ਲਈ ਕਿਹਾ ਹੈ। ਸਦਾ ਵਾਂਘ ਬਹੁਗਿਣਤੀ ਭਾਰਤੀ ਮੀਡੀਆ ਇਸ ਬਾਰੇ ਅਜੇ ਤੱਕ ਖਾਮੋਸ਼ ਹੈ। ਇੱਥੋਂ ਤੱਕ ਕੇ ਪੰਜਾਬ ਦੀ ਪੱਤਰਕਾਰੀ ਨੇ ਵੀ ਪੂਰੀ ਤਰਾਂ ਇਸ ਮਾਮਲੇ ਤੋਂ ਚੁੱਪ ਵੱਟੀ ਹੋਈ ਹੈ। ਜਦਕਿ ਪੰਜਾਬ ਅੰਦਰ ਅਜਿਹੇ ਤਾਨਾਸ਼ਾਹੀ ਕਨੂੰਨ ਤਹਿਤ ਸਿੱਖ ਸੰਘਰਸ਼ ਦੌਰਾਨ ਇੰਨੀਆਂ ਗੈਰਕਨੂੰਨੀ ਗਤੀਵਿਧੀਆਂ ਹੋਈਆਂ ਸਨ। ਮਸਰਤ ਜ਼ਾਰਾ ਦੇ ਕੇਸ ਤੋਂ ਬਾਅਦ ਕਸ਼ਮੀਰ ਅੰਦਰ ਦੋ ਹੋਰ ਪੱਤਰਕਾਰ ਗੁਹਾਰ ਜਿਲਾਨੀ, ਜੋ ਇੱਕ ਉੱਚ ਕੋਟੀ ਦਾ ਪੱਤਰਕਾਰ ਹੈ ਤੇ ਪੀਰਜਾਦਾ ਆਸਿਕ ਜੋ ਭਾਰਤ ਦੇ ਨਾਮੀ ਅਖਬਾਰ ‘ਦਾ ਹਿੰਦੂ’ ਦਾ ਪੱਤਰਕਾਰ ਹੈ, ਦੇ ਖਿਲਾਫ ਵੀ ਗੈਰਕਨੂੰਨੀ ਗਤੀਵਿਧੀਆਂ ਤਹਿਤ ਮੋਕੱਦਮੇ ਦਰਜ ਕੀਤੇ ਹਨ। ਅਜੇ ਤੱਕ ਕਿਸੇ ਦੀ ਵੀ ਉੱਠੇ ਵਿਰੋਧ ਕਾਰਨ ਭਾਵੇਂ ਗਿਰਫਤਾਰੀ ਨਹੀਂ ਹੋਈ ਹੈ ਪਰ ਪੁਲੀਸ ਵਾਰ ਵਾਰ ਥਾਣੇ ਆਉਣ ਲਈ ਮਜਬੂਰ ਕਰ ਰਹੀ ਹੈ। ਮਸਰਤ ਜ਼ਾਰਾ ਤੇ ਇਸਦੇ ਸਹਿਯੋਗੀ ਪੱਤਰਕਾਰ ਜੋ ਕਸ਼ਮੀਰ ਵਰਗੀਆਂ ਮੁਸ਼ਕਲ ਪ੍ਰਸਖਿਤੀਆਂ ਵਿੱਚ ਆਪਣਾ ਫਰਜ ਨਿਭਾਅ ਰਹੇ ਹਨ, ਦੀ ਪੱਤਰਕਾਰੀ ਨੂੰ ਜਿੰਦਾ ਰੱਖਣ ਲਈ ਦੁਨੀਆਂ ਭਰ ਵਿੱਚ ਅਵਾਜ਼ ਉੱਠਣੀ ਚਾਹੀਦੀ ਹੈ। ਤਾਂ ਜੋ ਸਰਕਾਰਾਂ ਵੱਲੋਂ ਹੱਕ ਸੱਚ ਪ੍ਰਤੀ ਦੱਸੀਆਂ ਜਾਣ ਵਾਲੀਆਂ ਖਬਰਾਂ ਤੇ ਰੋਕ ਨਾ ਲੱਗ ਸਕੇ।