ਵੱਖ ਵੱਖ ਜੇਲ਼੍ਹਾਂ ਵਿੱਚ ਬੰਦ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਲਈ ਪਹਿਲੀ ਵਾਰ ਜਮਹੂਰੀ ਸੰਘਰਸ਼ ਅਰੰਭ ਕਰਨ ਵਾਲੇ ਭਾਈ ਗੁਰਬਖਸ਼ ਸਿੰਘ ਆਪਣੇ ਮਿਸ਼ਨ ਨੂੰ ਮੁੜ ਸਰ ਕਰਨ ਦੇ ਯਤਨਾਂ ਵਿੱਚ ਸਦੀਵੀ ਵਿਛੋੜਾ ਦੇ ਗਏ ਹਨ। ਪਿਛਲੇ ਦਿਨੀ ਭਾਈ ਗੁਰਬਖਸ਼ ਸਿੰਘ ਨੇ ਆਪਣੇ ਜੱਦੀ ਪਿੰਡ ਵਿੱਚ ਹੀ ਲੰਬੇ ਸਮੇਂ ਤੋਂ ਜੇਲ਼੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਲਈ ਮੁੜ ਤੋਂ ਸੰਘਰਸ਼ ਅਰੰਭ ਕਰਨ ਦਾ ਯਤਨ ਕੀਤਾ। ਆਪ ਸਿੰਘਾਂ ਦੀ ਰਿਹਾਈ ਦੀਆਂ ਮੰਗਾਂ ਵਾਲਾ ਪੋਸਟਰ ਲੈ ਕੇ ਪਿੰਡ ਦੀ ਪਾਣੀ ਵਾਲੀ ਟੈਂਕੀ ਤੇ ਜਾ ਚੜ੍ਹੇ ਅਤੇ ਆਪਣਾਂ ਸੰਘਰਸ਼ ਮੁੜ ਅਰੰਭ ਕਰ ਦਿੱਤਾ। ਇਸੇ ਸੰਘਰਸ਼ ਦੌਰਾਨ ਹੀ ਆਪ ਜੀ ਨੇ ਆਪਣਾਂ ਵਿਰੋਧ ਜਾਰੀ ਰੱਖਦਿਆਂ ਪਾਣੀ ਵਾਲੀ ਟੈਂਕੀ ਤੋਂ ਛਾਲ ਮਾਰਕੇ ਆਪਣੀ ਜਾਨ ਦੇ ਦਿੱਤੀ।

ਭਾਈ ਗੁਰਬਖਸ਼ ਸਿੰਘ ਆਪਣੀ ਸਜ਼ਾ ਪੂਰੀ ਕਰ ਚੁੱਕੇ ਸਿੰਘਾਂ ਦੀ ਰਿਹਾਈ ਲਈ ਜੋ ਕਦਮ ਚੁੱਕੇ ਉਹ ਉਨ੍ਹਾਂ ਅਪੀਲਾਂ, ਦਲੀਲਾਂ ਅਤੇ ਫਰਿਆਦਾਂ ਦੀ ਕੋਈ ਸੁਣਵਾਈ ਨਾ ਹੋਣ ਕਾਰਨ ਹੀ ਚੁੱਕੇ ਜੋ ਸਿੱਖ ਸੰਗਤਾਂ ਪਿਛਲੇ ਲੰਬੇ ਸਮੇਂ ਤੋਂ ਭਾਰਤ ਸਰਕਾਰ ਕੋਲ ਕਰਦੀਆਂ ਆ ਰਹੀਆਂ ਸਨ। ਬਹੁਤ ਲੰਬੇ ਸਮੇਂ ਤੋਂ ਸਿੱਖ ਸੰਸਥਾਵਾਂ ਨੇ ਇਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਅਦਾਲਤਾਂ ਰਾਹੀਂ ਅਤੇ ਭਾਰਤ ਸਰਕਾਰ ਦੀ ਗ੍ਰਹਿ ਵਜ਼ਾਰਤ ਰਾਹੀਂ ਆਪਣੇ ਯਤਨ ਅਰੰਭੇ ਹੋਏ ਸਨ ਕਿ ਕਿਸੇ ਤਰ੍ਹਾਂ ਆਪਣੇ ਜੀਵਨ ਦਾ ਵੱਡਾ ਹਿੱਸਾ ਜੇਲ਼੍ਹਾਂ ਵਿੱਚ ਬਿਤਾ ਚੁੱਕੇ ਸਿੰਘਾਂ ਦੀ ਰਿਹਾਈ ਹੋ ਸਕੇ।

ਪਰ ਸਿੱਖਾਂ ਦੇ ਅਨੇਕਾਂ ਯਤਨਾਂ ਦੇ ਬਾਵਜੂਦ ਭਾਰਤ ਸਰਕਾਰ ਨੇ ਕਿਸੇ ਇੱਕ ਵੀ ਸਿੰਘ ਦੀ ਰਿਹਾਈ ਦੇ ਹੁਕਮ ਜਾਰੀ ਨਾ ਕੀਤੇ। ਜਦੋਂ ਇਹ ਸਾਰੀਆਂ ਅਪੀਲਾਂ ਅਤੇ ਦਲੀਲਾਂ ਦੀ ਕੋਈ ਸੁਣਵਾਈ ਨਾ ਹੋਈ ਤਾਂ ਭਾਈ ਗੁਰਬਖਸ਼ ਸਿੰਘ ਨੇ ਮੁਹਾਲੀ ਵਿਖੇ ਗੁਰਦੁਆਰਾ ਅੰਬ ਸਾਹਿਬ ਨੇੜੇ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਅਰੰਭ ਕਰ ਦਿੱਤੀ। ਜਿੱਥੇ ਇਸ ਭੁੱਖ ਹੜਤਾਲ ਨੂੰ ਹਰ ਵਰਗ ਦੇ ਸਿੱਖਾਂ ਨੇ ਭਰਪੂਰ ਹੁੰਗਾਰਾ ਦਿੱਤਾ ਉ%ਥੇ ਸਮੇਂ ਦੀ ਪੰਥਕ ਆਖੀ ਜਾਂਦੀ ਸਰਕਾਰ ਨੇ ਇਸ ਸ਼ਾਂਤਮਈ ਸੰਘਰਸ਼ ਨੂੰ ਨਾ ਕੇਵਲ ਜਬਰ ਰਾਹੀਂ ਕੁਚਲਣ ਦਾ ਯਤਨ ਕੀਤਾ ਬਲਕਿ ਆਪਣੀ ਸਰਕਾਰੀ ਸ਼ਕਤੀ ਦੀ ਵਰਤੋਂ ਕਰਦਿਆਂ, ਤਖਤਾਂ ਦੇ ਜਥੇਦਾਰਾਂ ਅਤੇ ਕੁਝ ਹੋਰ ਧਾਰਮਕ ਸ਼ਖਸ਼ੀਅਤਾਂ ਨੂੰ ਵਿੱਚ ਪਾ ਕੇ ਭਾਈ ਗੁਰਬਖਸ਼ ਸਿੰਘ ਅਤੇ ਪੂਰੀ ਕੌਮ ਨਾਲ ਧੋਖਾ ਕੀਤਾ।

ਲੰਬੇ ਸਮੇਂ ਤੱਕ ਚਲਦੀ ਰਹੀ ਇਸ ਭੁੱਖ ਹੜਤਾਲ ਨੂੰ ਖਤਮ ਕਰਵਾਉਣ ਲਈ ਜਦੋਂ ਸਾਰ ਯਤਨ ਅਸਫਲ ਹੋ ਗਏ ਤਾਂ ਪ੍ਰਕਾਸ਼ ਸਿੰਘ ਬਾਦਲ ਨੇ, ਪੰਜਾਬ ਪੁਲਿਸ ਦੇ ਡੀ.ਜੀ.ਪੀ. ਨੂੰ ਘਰੇ ਸੱਦਕੇ, ਸਾਰੇ ਸਿੰਘਾਂ ਦੀ ਪੈਰੋਲ ਮਨਜ਼ੂਰ ਕਰਕੇ ਸੰਘਰਸ਼ ਨੂੰ ਧੋਖਾ ਦੇ ਦਿੱਤਾ।

ਇਸ ਯਤਨ ਦੇ ਅਸਫਲ ਹੋ ਜਾਣ ਪਿੱਛੋਂ ਭਾਈ ਗੁਰਬਖਸ਼ ਸਿੰਘ ਨੇ ਮੁੜ ਹਰਿਆਣੇ ਵਿੱਚ ਭ੍ਹੁਖ ਹੜਤਾਲ ਅਰੰਭ ਕਰ ਦਿੱਤੀ ਕਿਉਂਕਿ ਪੰਜਾਬ ਦੀ ਪੰਥਕ ਸਰਕਾਰ ਦੀ ਪੁਲਿਸ ਨੇ ਉਨ੍ਹਾਂ ਨੂੰ ਕਿਤੇ ਵੀ ਤੰਬੂ ਲਾਉਣ ਦੀ ਇਜਾਜਤ ਨਾ ਦਿੱਤੀ। ਲੰਬੇ ਸਮੇਂ ਤੱਕ ਹਰਿਆਣੇ ਦੀ ਭੁੱਖ ਹੜਤਾਲ ਦੇ ਬਾਵਜੂਦ ਵੀ ਕੇਂਦਰ ਸਰਕਾਰ ਨੇ ਕੋਈ ਮੰਗ ਨਾ ਮੰਨੀ ਸਗੋਂ ਉਸ ਸੰਘਰਸ਼ ਨੂੰ ਖਤਮ ਕਰਵਾਉਣ ਲਈ, ਪੁਲਿਸ ਅਤੇ ਏਜੰਸੀਆਂ ਦੀ ਦਹਿਸ਼ਤ ਦਾ ਸਹਾਰਾ ਲਿਆ।

ਹਰਿਆਣੇ ਵਾਲੀ ਭੁੱਖ ਹੜਤਾਲ ਖਤਮ ਹੋਣ ਪਿੱਛੋਂ ਬਹੁਤ ਸਾਰੇ ਤੱਤੇ ਅਤੇ ਸ਼ੋਸ਼ਲ ਮੀਡੀਆ ਤੇ, ਇਨਕਲਾਬ ਲਿਆਉਣ ਵਾਲੇ ਸਿੱਖਾਂ ਨੇ ਭਾਈ ਗੁਰਬਖਸ਼ ਸਿੰਘ ਨੂੰ ਬਹੁਤ ਬੁਰਾ ਭਲਾ ਆਖਿਆ। ਉਨ੍ਹਾਂ ਬਾਰੇ ਭੱਦੀ ਸ਼ਬਦਾਵਲੀ ਵਰਤੀ ਗਈ। ਬਹੁਤ ਸਾਰੇ ਵਿਦੇਸ਼ੀ ਸਿੱਖ ਲੀਡਰਾਂ ਨੇ ਵੀ ਭਾਈ ਗੁਰਬਖਸ਼ ਸਿੰਘ ਨੂੰ ਬਹੁਤ ਬੁਰਾ ਭਲਾ ਆਖਿਆ।

ਅਸੀਂ ਸਮਝਦੇ ਹਾਂ ਕਿ ਭਾਈ ਗੁਰਬਖਸ਼ ਸਿੰਘ ਬਾਰੇ ਅਜਿਹੀ ਭਾਸ਼ਾ ਵਰਤਣੀ ਠੀਕ ਨਹੀ ਸੀ। ਉਨਾਂ ਦੀ ਜਿੰਨੀ ਲਿਆਕਤ ਸੀ, ਉਨ੍ਹਾਂ ਨੂੰ ਜਿੰਨੀ ਸੋਝੀ ਸੀ ਅਤੇ ਉਨ੍ਹਾਂ ਵਿੱਚ ਜਿੰਨਾ ਕੁ ਵੀ ਸਾਹਸ ਸੀ ਉਨ੍ਹਾਂ ਨੇ ਜੀਅ ਜਾਨ ਨਾਲ, ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕੀਤਾ। ਹੁਣ ਹਰ ਬੰਦਾ ਸੰਤ ਜਰਨੈਲ ਸਿੰਘ ਨਹੀ ਹੁੰਦਾ। ਸਾਡੀ ਕੌਮ ਦੀ ਇਹ ਤਰਾਸਦੀ ਹੈ ਕਿ ਅਸੀਂ ਹਰ ਸੰਘਰਸ਼ਸ਼ੀਲ ਵਿੱਚੋਂ ਸੰਤ ਜਰਨੈਲ ਸਿੰਘ ਲੱਭਦੇ ਹਾਂ। ਕਦੇ ਕਿਸੇ ਮਗਰ ਭੱਜਦੇ ਹਾਂ ਕਦੇ ਕਿਸੇ ਮਗਰ। ਅਸੀਂ ਟੀਕੇ ਲਾ ਕੇ ਕਿਸੇ ਨੂੰ ਲੀਡਰ ਬਣਾਉਣਾਂ ਚਾਹੁੰਦੇ ਹਾਂ, ਜੋ ਕਿ ਸਫਲ ਨਹੀ ਹੋਵੇਗਾ।
ਭਾਈ ਗੁਰਬਖਸ਼ ਸਿੰਘ ਨੇ ਆਪਣੇ ਵਿੱਚ ਮੁਤਾਬਕ ਅਤੇ ਆਪਣੀ ਸੋਝੀ ਮੁਤਾਬਕ ਸਿੰਘਾਂ ਦੀ ਰਿਹਾਈ ਲਈ ਯਤਨ ਕੀਤਾ। ਸਰਕਾਰਾਂ ਦੀ ਦਹਿਸ਼ਤ ਅਤੇ ਧਾਰਮਕ ਲੀਡਰਾਂ ਦੀ ਗਦਾਰੀ ਨੇ ਜੇ ਉਨ੍ਹਾਂ ਦਾ ਸੰਘਰਸ਼ ਕਿਸੇ ਤਣਪੱਤਣ ਨਹੀ ਲੱਗਣ ਦਿੱਤਾ ਤਾਂ ਅਸੀਂ ਸਮਝਦੇ ਹਾਂ ਕਿ ਇਸ ਵਿੱਚ ਉਨਾਂਹ ਦਾ ਬਹੁਤਾ ਕਸੂਰ ਨਹੀ ਹੈ।

ਹੁਣ ਉਨ੍ਹਾਂ ਨੇ ਆਪਣੇ ਮਿਸ਼ਨ ਦੀ ਪੂਰਤੀ ਲਈ ਆਪਣੀ ਜਾਨ ਦੇ ਦਿੱਤੀ ਹੈ। ਅਸੀਂ ਭਾਈ ਗੁਰਬਖ਼ਸ਼ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਅਤੇ ਉਨ੍ਹਾਂ ਵੱਲੋਂ ਕੀਤੇ ਨਿਮਾਣੇ ਜਿਹੇ ਯਤਨ ਲਈ ਉਨ੍ਹਾਂ ਦਾ ਮਰਨ ਉਪਰੰਤ ਧੰਨਵਾਦ ਵੀ ਕਰਦੇ ਹਾਂ।