ਭਾਰਤ ਦੇ ਦੋ ਪਰਮੁੱਖ ਰਾਜਾਂ ਹਰਿਆਣਾਂ ਅਤੇ ਮਹਾਰਾਸ਼ਟਰਾ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਅਤੇ ਬਹੁਤ ਸਾਰੇ ਰਾਜਾਂ ਵਿੱਚ ਹੋਈਆਂ ਉੱਪ-ਚੋਣਾਂ ਦੇ ਨਤੀਜੇ ਪਿਛਲੇ ਦਿਨੀ ਨਸ਼ਰ ਹੋਏ ਹਨ। ਮਹਾਰਾਸ਼ਟਰਾ ਅਤੇ ਹਰਿਆਣਾਂ ਵਿੱਚ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਕੰਮ ਚਲਾ ਰਹੀਆਂ ਸਨ। ਮਹਾਰਾਸ਼ਟਰਾ ਵਿੱਚ ਭਾਵੇਂ ਭਾਜਪਾ ਅਤੇ ਸ਼ਿਵ ਸੈਨਾ ਦੀ ਅਗਵਾਈ ਹੇਠਲੇ ਗੱਠਜੋੜ ਨੇ ਮੁੜ ਤੋਂ ਬਹੁਮਤ ਪ੍ਰਾਪਤ ਕਰ ਲਿਆ ਹੈ ਪਰ ਹਿੰਦੂ ਸ਼ਕਤੀ ਦੇ ਗੜ੍ਹ ਸਮਝੇ ਜਾਂਦੇ ਉਸ ਸੂਬੇ ਵਿੱਚ ਇਸ ਧਿਰ ਨੂੰ ਪਿਛਲੀ ਵਾਰ ਨਾਲੋਂ 27 ਸੀਟਾਂ ਘੱਟ ਮਿਲੀਆਂ ਹਨ। ਮਹਾਰਸ਼ਟਰਾ ਦੇ ਕਿਸਾਨ ਵਸੋਂ ਵਾਲੇ ਇਲਾਕੇ ਜਿਸ ਨੂੰ ਵਿਧਰਬਾ ਆਖਿਆ ਜਾਂਦਾ ਹੈ ਵਿੱਚੋਂ ਭਾਜਪਾ ਅਤੇ ਸ਼ਿਵ ਸੈਨਾ ਦੇ ਗੱਠਜੋੜ ਨੂੰ ਕਰਾਰੀ ਹਾਰ ਦਾ ਸਾਹਮਣਾਂ ਕਰਨਾ ਪਿਆ ਹੈੈ। ਇਸ ਇਲਾਕੇ ਦੇ ਕਿਸਾਨ ਬਹੁਤ ਵੱਡੀ ਆਰਥਕ ਔਕੜ ਦਾ ਸਾਹਮਣਾਂ ਕਰ ਰਹੇ ਹਨ। ਭਾਰਤ ਵਿੱਚ ਕਿਸਾਨੀ ਦੇ ਸੰਕਟ ਦਾ ਕੇਂਦਰ ਵਿਧਰਬਾ ਇਲਾਕੇ ਨੂੰ ਮੰਨਿਆ ਜਾਂਦਾ ਹੈੈ। ਇਸ ਖਿੱਤੇ ਵਿੱਚ ਹੀ ਕਿਸਾਨ ਸਭ ਤੋਂ ਜਿਆਦਾ ਖੁਦਕੁਸ਼ੀਆਂ ਕਰ ਰਹੇ ਹਨ। ਉਸ ਇਲਾਕੇ ਵਿੱਚੋਂ ਹੀ ਭਾਜਪਾ ਅਤੇ ਸ਼ਿਵ ਸੈਨਾ ਨੂੰ ਸਭ ਤੋਂ ਵੱਡੀ ਚੁਣੌਤੀ ਮਿਲ ਰਹੀ ਹੈੈ।

ਅਸੀਂ ਆਪਣੇ ਪਿਛਲੇ ਲੇਖ ਵਿੱਚ ਜ਼ਿਕਰ ਕੀਤਾ ਸੀ ਕਿ ਲੋਕਾਂ ਨੂੰ ਕਸ਼ਮੀਰ ਜਾਂ ਪਾਕਿਸਤਾਨ ਨਾਲ ਕੋਈ ਮਤਲਬ ਨਹੀ ਹੈ ਉਨ੍ਹਾਂ ਨੂੰ ਪਲ ਪਲ ਜਿਬ੍ਹਾ ਹੋ ਰਹੀ ਆਪਣੀ ਪੀੜ੍ਹੀ ਦਾ ਝੋਰਾ ਖਾ ਰਿਹਾ ਹੈੈ।ਉਨ੍ਹਾਂ ਸਾਹਮਣੇ ਜਿਹੜੀ ਪਹਾੜ ਵਰਗੀ ਜਿੰਦਗੀ ਖੜ੍ਹੀ ਹੈ ਉਸਨੂੰ ਕਿਵੇਂ ਪਾਰ ਲੰਘਾਉਂਣਾਂ ਹੈ ਉਨ੍ਹਾਂ ਸਾਹਮਣੇ ਇਹੋ ਹੀ ਸਭ ਤੋਂ ਵੱਡੀ ਚੁਣੌਤੀ ਹੈੈ। ਇਸੇ ਕਰਕੇ ਇਸ ਖਿੱਤੇ ਦੇ ਲੋਕਾਂ ਨੇ ਰਾਸ਼ਟਰਵਾਦ ਦੇ ਗੀਤ ਨੂੰ ਨਕਾਰ ਦਿੱਤਾ ਹੈੈ।

ਹਰਿਆਣਾਂ ਵਿੱਚ ਭਾਜਪਾ ਨੂੰ ਵੱਡੀ ਚੁਣੌਤੀ ਦੇਖ਼ਣ ਨੂੰ ਮਿਲ ਰਹੀ ਹੈ ਜਿੱਥੇ ਉਸਦੇ ਲਗਭਗ ਸਾਰੇ ਹੀ ਮੰਤਰੀ ਚੋਣ ਹਾਰ ਗਏ ਹਨ॥ 90 ਮੈਂਬਰੀ ਵਿਧਾਨ ਸਭਾ ਵਿੱਚ ਭਾਜਪਾ ਨੂੰ 40 ਤੇ ਹੀ ਸਬਰ ਕਰਨਾ ਪਿਆ ਹੈੈ। ਉਨ੍ਹਾਂ ਦਾ ਟੀਚਾ 75 ਸੀਟਾਂ ਤੇ ਜਿੱਤ ਪ੍ਰਾਪਤ ਕਰਨ ਦਾ ਸੀ। ਹਰਿਆਣਾਂ ਵਿੱਚ ਜਿੱਥੇ ਕਾਂਗਰਸ ਨੂੰ 15 ਸੀਟਾਂ ਦਾ ਫਾਇਦਾ ਹੋਇਆ ਹੈ ਉੱਥੇ, ਦੁਸ਼ਿਅੰਤ ਚੁਟਾਲਾ ਦੀ ਪਾਰਟੀ ਨੂੰ 10 ਸੀਟਾਂ ਤੇ ਵੱਡੀ ਸਫਲਤਾ ਮਿਲੀ ਹੈੈ। 10 ਸੀਟਾਂ ਤੇ ਅਜ਼ਾਦ ਉਮੀਦਵਾਰ ਚੋਣ ਜਿੱਤ ਗਏ ਹਨ। ਸਥਿਤੀ ਦੱਸ ਰਹੀ ਹੈ ਕਿ ਭਾਜਪਾ ਅਜ਼ਾਦ ਉਮੀਦਵਾਰਾਂ ਨੂੰ ਡਰਾਕੇ ਅਤੇ ਲਾਲਚ ਦੇ ਕੇ ਆਪਣੇ ਨਾਲ ਰਲਾ ਸਕਦੀ ਹੈ ਅਤੇ ਸਰਕਾਰ ਬਣਾ ਸਕਦੀ ਹੈੈ।

ਇਸ ਤੋਂ ਬਿਨਾ ਉੱਤਰ ਪਰਦੇਸ਼ ਦੀਆਂ 12 ਸੀਟਾਂ ਵਿੱਚੋਂ ਭਾਜਪਾ ਨੂੰ 6 ਮਿਲੀਆਂ ਹਨ ਬਾਕੀ 6 ਹੋਰਨਾ ਪਾਰਟੀਆਂ ਨੂੰ ਮਿਲੀਆਂ ਹਨ। ਬਿਹਾਰ ਵਿੱਚ ਭਾਜਪਾ ਗੱਠਜੋੜ ਨੂੰ ਕਰਾਰੀ ਹਾਰ ਦਾ ਸਾਹਮਣਾਂ ਕਰਨਾ ਪਿਆ ਹੈੈ। ਉੱਥੇ ਲਾਲੂ ਪਰਸਾਦ ਯਾਦਵ ਦੀ ਪਾਰਟੀ ਨੇ ਕਾਫੀ ਚੰਗਾ ਪਰਦਰਸ਼ਨ ਕੀਤਾ ਹੈੈ। ਕੇਰਲਾ ਵਿੱਚ ਭਾਜਪਾ ਦੇ ਪੈਰ ਨਹੀ ਲੱਗੇ ਅਤੇ ਪੰਜਾਬ ਵਿੱਚ ਵੀ 3 ਸੀਟਾਂ ਕਾਂਗਰਸ ਲੈ ਗਈ ਹੈ ਅਤੇ 1 ਸੀਟ ਅਕਾਲੀਆਂ ਦੀ ਝੋਲੀ ਵਿੱਚ ਪਈ ਹੈੈ।

ਕੁਲ ਮਿਲਾਕੇ ਇਨ੍ਹਾਂ ਚੋਣ ਨਤੀਜਿਆਂ ਬਾਰੇ ਇਹ ਆਖਿਆ ਜਾ ਸਕਦਾ ਹੈ ਕਿ ਵੋਟਰ ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਵੇਲੇ ਵੱਖਰੀ ਸੋਚ ਨਾਲ ਵੋਟਾਂ ਪਾਉਂਦੇ ਹਨ। ਪਾਕਿਸਤਾਨ ਵਾਲਾ ਮੁੱਦਾ ਬੇਸ਼ੱਕ ਲੋਕ ਸਭਾ ਚੋਣਾਂ ਵੇਲੇ ਕੰਮ ਕਰ ਜਾਂਦਾ ਹੈ ਪਰ ਵਿਧਾਨ ਸਭਾ ਚੋਣਾਂ ਵੇਲੇ ਲੋਕਾਂ ਦੇ ਆਪਣੀ ਜਿੰਦਗੀ ਨਾਲ ਸਬੰਧਿਤ ਮੁੱਦੇ ਜਿਆਦਾ ਮਹੱਤਵਪੂਰਨ ਬਣ ਜਾਂਦੇ ਹਨ। ਇਸਦਾ ਸਬੂਤ ਹਰਿਆਣਾਂ ਅਤੇ ਮਹਾਰਾਸ਼ਟਰਾ ਦੇ ਚੋਣ ਨਤੀਜਿਆਂ ਤੋਂ ਲਗ ਜਾਂਦਾ ਹੈੈ।

ਰਾਸਟਰਵਾਦ ਜਾਂ ਧਰਮ ਦੇ ਨਾਅ ਤੇ ਲੋਕਾਂ ਨੂੰ ਭੜਕਾਉਣ ਵਾਲੀ ਰਾਜਨੀਤੀ ਦੀਆਂ ਵੀ ਕੋਈ ਹੱਦਾਂ ਹਨ, ਉਸ ਤੋਂ ਬਾਅਦ ਲੋਕ ਆਪਣੇ ਨਿੱਜੀ ਸਰੋਕਾਰਾਂ ਵੱਲ ਹੀ ਸੇਧਿਤ ਹੁੰਦੇ ਹਨ।

ਧਰਮ ਦੇ ਨਾਅ ਤੇ ਘਟੀਆ ਰਾਜਨੀਤੀ ਕਰਨ ਵਾਲਿਆਂ ਲਈ ਇਹ ਚੋਣਾਂ ਇੱਕ ਸਬਕ ਹਨ। ਇੱਕ ਪਾਸੇ ਜਿੱਥੇ ਕਿਸਾਨ ਅਤੇ ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਹਨ ਦੂਜੇ ਪਾਸੇ ਉਨ੍ਹਾਂ ਨੂੰ ਗਵਾਂਢੀ ਮੁਲਕ ਦਾ ਡਰਾਵਾ ਦੇ ਕੇ ਉਨ੍ਹਾਂ ਦੇ ਹੱਕਾਂ ਤੋਂ ਵਾਂਝਿਆ ਕੀਤਾ ਜਾ ਰਿਹਾ ਹੈ ਜੋ ਠਕਿ ਨਹੀ ਹੈੈ।

ਸਰਕਾਰ ਲਈ ਵੀ, ਦੇਸ਼ ਲਈ ਵੀ ਅਤੇ ਲੋਕਾਂ ਲਈ ਵੀ।