ਪੰਜਾਬ ਵਿੱਚ ਏਨਾ ਲਹੂ ਡੁੱਲ਼੍ਹ ਜਾਣ ਦੇ ਬਾਵਜੂਦ ਵੀ ਪੰਜਾਬ ਦੇ ਕਾਮਰੇਡਾਂ ਦੀ ਸਿੱਖ ਵਿਰੋਧੀ ਨਫਰਤ ਵਿੱਚ ਕੋਈ ਫਰਕ ਨਹੀ ਪਿਆ। ਅੱਜ ਵੀ ਉਹ ਉਸੇ ਤਰ੍ਹਾਂ ਜ਼ਹਿਰੀਲੇ ਵਾਰਾਂ ਨਾਲ ਸਿੱਖਾਂ ਦੇ ਖਿਲਾਫ ਬੋਲਣ ਅਤੇ ਜ਼ਹਿਰ ਉਗਲਣ ਨੂੰ ਆਪਣਾਂ ਪਹਿਲਾ ਫਰਜ਼ ਸਮਝਦੇ ਹਨ। ਪਿਛਲੇ ਦਿਨਾਂ ਦੀਆਂ ਘਟਨਾਵਾਂ ਇਹ ਦੱਸਦੀਆਂ ਹਨ ਕਿ ਪੰਜਾਬ ਦੇ ਕਾਮਰੇਡਾਂ ਦਾ ਇੱਕ ਗਰੁੱਪ ਜੋ ਬਹੁਤਾ ਜਹਰੀਲਾ ਹੈ ਅਤੇ ਜਿਸਨੇ ਖਾੜਕੂ ਲਹਿਰ ਵੇਲੇ ਵੀ ਸਰਕਾਰ ਤੋਂ ਸੁਰੱਖਿਆ ਲੈ ਕੇ ਸਿੱਖਾਂ ਖਿਲਾਫ ਸ਼ਬਦੀ ਜੰਗ ਵਿੱਢੀ ਰੱਖੀ ਸੀ ਨੇ ਹੁਣ ਵਰਤਮਾਨ ਸਮੇਂ ਦੀਆਂ ਘਟਨਾਵਾਂ ਤੇ ਫਿਰ ਰੋਟੀਆਂ ਸੇਕਣੀਆਂ ਸ਼ੁਰੂ ਕਰ ਦਿੱਤੀਆਂ ਹਨ।

ਪੰਜਾਬੀ ਕਾਮਰੇਡਾਂ ਦੇ ਇੱਕ ਸਧਾਰਨ ਕਿਤਾਬਾਂ ਲਿਖਣ ਵਾਲੇ ਭਾਈ ਨੇ ਮਹਾਰਾਜਾ ਰਣਜੀਤ ਸਿੰਘ ਦੇ ਕਿਰਦਾਰ ਬਾਰੇ ਬਹੁਤ ਸੁਆਦ ਲਾ ਲਾ ਕੇ ਨਾਵਲ ਲਿਖ ਮਾਰਿਆ ਹੈ ਅਤੇ ਉਸ ਕਾਮਰੇਡ ਭਾਈ ਦੇ ਨੇੜਲੇ ਸਹਿਯੋਗੀਆਂ ਤੋਂ ਬਿਨਾ ਸ਼ਾਇਦ ਨਾਵਲ ਨੂੰ ਕੋਈ ਸਿੱਖ ਨਹੀ ਪੜ੍ਹ ਰਿਹਾ, ਵੈਸੇ ਉਸ ਭਾਈ ਦੇ ਨਾਵਲਾਂ ਵਿੱਚ ਅਜਿਹਾ ਕੁਝ ਹੁੰਦਾ ਵੀ ਨਹੀ ਜੋ ਪੜ੍ਹਿਆ ਜਾ ਸਕੇ।

ਇੱਕ ਹੋਰ ਨਵੇਂ ਨਵੇਂ ਕਾਮਰੇਡ ਬਣੇ ਸੱਜਣ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਉੂਲ-ਜਲੂਲ ਲਿਖ ਮਾਰਿਆ ਹੈ।

ਸਿਤਮਜਰੀਫੀ ਇਹ ਹੈ ਕਿ ਜਦੋਂ ਸਿੱਖ ਸੰਸਥਾਵਾਂ ਇਨ੍ਹਾਂ ਕਾਮਰੇਡ ਭਾਈਆਂ ਦੀਆਂ ਲਿਖਤਾਂ ਬਾਰੇ ਕੁਝ ਅਵਾਜ਼ ਚੁੱਕਦੀਆਂ ਹਨ ਤਾਂ ਇਹ, ਲਿਖਣ ਅਤੇ ਪੜ੍ਹਨ ਦੀ ਅਜ਼ਾਦੀ ਦੇ ਨਾਲ ਨਾਲ ਵਿਚਾਰ ਪ੍ਰਗਟਾਵੇ ਦੀ ਅਜ਼ਾਦੀ ਦਾ ਢੰਡੋਰਾ ਪਿੱਟ ਲੈਂਦੇ ਹਨ। ਹਲਾਂਕਿ ਇਹ ਗੱਲ ਸਾਫ ਹੈ ਕਿ ਕੋਈ ਵੀ ਸੱਚਾ ਸਿੱਖ ਇਨ੍ਹਾਂ ਦੀ ਵਿਚਾਰ ਪ੍ਰਗਟਾਵੇ ਦੀ ਅਜ਼ਾਦੀ ਦੇ ਖਿਲਾਫ ਨਹੀ ਹੈ ਪਰ ਉਸ ਅਜ਼ਾਦੀ ਦੇ ਨਾਲ ਨਾਲ ਕੁਝ ਜਿੰਮੇਵਾਰੀਆਂ ਵੀ ਜੁੜੀਆਂ ਹੋਈਆਂ ਹਨ, ਜੋ ਕਾਮਰੇਡ ਭਾਈਆਂ ਨੂੰ ਵੀ ਸਮਝਣੀਆਂ ਚਾਹੀਦੀਆਂ ਹਨ। ਇਨ੍ਹਾਂ ਦੇ ਆਖੇ ਜਾਂਦੇ ਲੀਡਰ ਲੈਨਿਨ ਨੇ ਵੀ ਉਨ੍ਹਾਂ ਜਿੰਮੇਵਾਰੀਆਂ ਦਾ ਅਹਿਸਾਸ ਕਰਦਿਆਂ ਆਖਿਆ ਸੀ ਕਿ ਵਿਚਾਰ ਪ੍ਰਗਟਾਵੇ ਦੀ ਅਜ਼ਾਦੀ ਦਾ ਮਤਲਬ ਕਲਮ ਦੀ ਇਜਾਰੇਦਾਰੀ ਨਹੀ ਹੈ।

ਖੈਰ ਇਹ ਵੀਰ ਨਾ ਤਾਂ ਆਪਣੇ ਲੀਡਰ ਦੇ ਸਕੇ ਹਨ ਅਤੇ ਨਾ ਹੀ ਪੰਜਾਬ ਦੇ ਜਾਂ ਗੁਰੂ ਸਾਹਿਬਾਨ ਦੇ।

ਹੁਣ ਜਦੋਂ ਇਹ ਸੱਜਣ ਸਾਡੇ ਗੁਰੂ ਸਾਹਿਬਾਨ ਅਤੇ ਮਹਾਰਾਜੇ ਬਾਰੇ ਊਲ ਜਲੂਲ ਬੋਲਦੇ ਜਾ ਰਹੇ ਹਨ ਤਾਂ ਸਿਦਕੀ ਸਿੱਖਾਂ ਨੇ ਵੀ ਇਨ੍ਹਾਂ ਖੱਬੇ-ਪੱਖੀਆਂ ਦੀ ਅਸਲੀਅਤ ਦੁਨੀਆਂ ਦੇ ਸਾਹਮਣੇ ਰੱਖਣੀ ਸ਼ੁਰੂ ਕਰ ਦਿੱਤੀ ਹੈ ਜਿਸ ਦੇ ਅਧਾਰ ਤੇ ਇਨ੍ਹਾਂ ਕਾਮਰੇਡ ਭਾਈਆਂ ਨੂੰ ਲੈਨਿਨ, ਸਟਾਲਿਨ ਅਤੇ ਰੂਸ ਦੀ ਲਾਲ ਸੈਨਾ ਬਾਰੇ ਵੀ ਉਸੇ ਤਰਜ਼ ਤੇ ਚਸਕੇ ਲਗਾ ਲਗਾ ਕੇ ਨਾਵਲ ਲਿਖਣਾਂ ਚਾਹੀਦਾ ਹੈ ਜਿਸ ਤਰ੍ਹਾਂ ਉਨ੍ਹਾਂ ਮਹਾਰਾਜਾ ਰਣਜੀਤ ਸਿੰਘ ਬਾਰੇ ਲਿਖਿਆ ਹੈ।

ਪਹਿਲੀ ਕਹਾਣੀ ਬੀ.ਬੀ.ਸੀ. ਹੈ। ਜਿਸਦਾ ਸਿਰਲੇਖ ਹੈ, ਬਰਲਿਨ ਦਾ ਜਬਰ ਜਿਨਾਹ ਇਹ ਸੰਨ ੨੦੧੫ ਵਿੱਚ ਉਸ ਦੀ ਵੈਬਸਾਇਟ ਤੇ ਛਪੀ ਹੈ ਜਿਸ ਵਿੱਚ ਇਤਿਹਾਸਕਾਰਾਂ ਨੇ ਦੱਸਿਆ ਹੈ ਕਿ ਜਦੋਂ ਲਾਲ ਸੈਨਾ ੧੯੪੫ ਵਿੱਚ ਬਰਲਿਨ ਵਿੱਚ ਦਾਖਲ ਹੋਈ ਤਾਂ ਉਸਨੇ ਕਤਲੇਆਮ ਦੇ ਨਾਲ ਨਾਲ ਜਰਮਨ ਔਰਤਾਂ ਦਾ ਵੱਡੀ ਪੱਧਰ ਤੇ ਜਬਰ ਜਿਨਾਹ ਕੀਤਾ। ਇਤਿਹਾਸਕਾਰਾਂ ਨੇ ਉਸ ਜੰਗ ਦੌਰਾਨ ਬਚ ਗਈਆਂ ਔਰਤਾਂ ਨਾਲ ਮੁਲਾਕਾਤਾਂ ਕਰਕੇ ਲਿਖਿਆ ਹੈ ਕਿ ਸਿਰਫ ਬਰਲਿਨ ਵਿੱਚ ਹੀ ਰੂਸੀ ਫੌਜੀਆਂ ਨੇ ਇੱਕ ਲੱਖ ਜਰਮਨ ਔਰਤਾਂ ਦੀ ਪੱਤ ਲ਼ੁੱਟੀ ਅਤੇ ਪੂਰੇ ਜਰਮਨੀ ਵਿੱਚ ਇਹ ਗਿਣਤੀ ਲਗਭਗ ੧੦ ਲੱਖ ਮੰਨੀ ਜਾ ਰਹੀ ਹੈ। ਜਰਮਨ ਔਰਤਾਂ ਦੀਆਂ ਗਵਾਹੀਆਂ, ਸਰਕਾਰੀ ਦਸਤਾਵੇਜ਼ਾਂ ਅਤੇ ਉਸ ਸਮੇਂ ਤੋਂ ਬਾਅਦ ਔਰਤਾਂ ਦੇ ਸਮੂਹਕ ਗਰਭਪਾਤ ਦੇ ਦਸਤਾਵੇਜ਼ੀ ਸਬੂਤ ਰੂਸੀ ਫੌਜ ਦੀ ਕਰੂਰਤਾ ਅਤੇ ਜਾਨਵਰ ਬਿਰਤੀ ਦਾ ਖੁਲਾਸਾ ਕਰਦੇ ਹਨ।

ਦੂਜੀ ਖਬਰ ਡੇਲੀ ਮੇਲ ਦੀ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਲੈਨਿਨ ਦੇ ਆਪਣੀ ਪਤਨੀ ਤੋਂ ਬਿਨਾ ਕਿਸੇ ਹੋਰ ਔਰਤ ਨਾਲ ਵੀ ਸਬੰਧ ਸਨ। ਡੇਲੀ ਮੇਲ ਦੀ ਹੀ ਇੱਕ ਹੋਰ ਖਬਰ ਅਨੁਸਾਰ ਸਟਾਲਿਨ ਨੇ ਆਪਣੀ ਜਲਾਵਤਨੀ ਦੌਰਾਨ ਇੱਕ ੧੩ ਸਾਲਾਂ ਦੀ ਬੱਚੀ ਨਾਲ ਨਜ਼ਾਇਜ਼ ਸਬੰਧ ਬਣਾਏ ਸਨ।

ਖ਼ੈਰ ਅਸੀਂ ਇਨ੍ਹਾਂ ਖਬਰਾਂ ਨੂੰ ਚਸਕੇ ਲਗਾ ਕੇ ਨਹੀ ਦੱਸ ਰਹੇ ਅਤੇ ਨਾ ਹੀ ਅਜਿਹੀ ਸਾਡੀ ਬਿਰਤੀ ਹੈ। ਅਸੀਂ ਉਸ ਪੱਧਰ ਤੇ ਡਿਗਣਾਂ ਨਹੀ ਚਾਹੁੰਦੇ ਜਿਸ ਪੱਧਰ ਤੇ ਪੰਜਾਬ ਦੇ ਕਾਮਰੇਡ ਡਿਗ ਗਏ ਹਨ। ਸਾਡੇ ਗੁਰੂ ਸਾਹਿਬ ਨੇ ਤਾਂ ਬੁਰੇ ਦਾ ਵੀ ਭਲਾ ਕਰਨ ਦੀ ਮੱਤ ਦਿੱਤੀ ਹੈ ਪਰ ਆਪਣੇ ਇਨ੍ਹਾਂ ਦੋਸਤਾਂ ਨੂੰ ਸਿਰਫ ਇਹ ਹੀ ਦੱਸਣਾਂ ਚਾਹੁੰਦੇ ਹਨ ਕਿ ਇਨ੍ਹਾਂ ਦਾ ਇਤਿਹਾਸ ਕਾਲਖ ਨਾਲ ਭਰਿਆ ਪਿਆ ਹੈ।

ਮਾਰਕ ਡਿਕੋਟਰ ਦੀ ਹੁਣੇ ਜਿਹੇ ਛਪਕੇ ਆਈ ਕਿਤਾਬ, ‘ਟਰੈਜਡੀ ਆਫ ਲਿਬਰੇਸ਼ਨ’ ਵਿੱਚ ਨੇ ਚੀਨੀ ਲੀਡਰਸ਼ਿੱਪ ਖਾਸਕਰ ਡੇਂਗ ਚਿਆਓ ਪੇਂਗ ਵੱਲੋਂ ਕੀਤੇ ਵਪਾਰੀਆਂ ਦੇ ਬੇਕਿਰਕ ਕਤਲੇਆਮ ਦੇ ਦਰਦਨਾਕ ਖੁਲਾਸੇ ਕੀਤੇ ਹਨ।

ਇਨ੍ਹਾਂ ਗੱਲਾਂ ਬਾਰੇ ਵੀ ਸਾਡੇ ਕਾਮਰੇਡ ਭਰਾਵਾਂ ਨੂੰ ਨਾਵਲ ਲਿਖਣੇ ਚਾਹੀਦੇ ਹਨ। ਸਿਰਫ ਸਿੱਖਾਂ ਬਾਰੇ ਲਿਖ-ਲਿਖ ਕੇ ਹੀ ਆਪਣੀ ਸ਼ਕਤੀ ਨਾ ਗਵਾਓ।