ਦਰਬਾਰ ਸਾਹਿਬ, ਅੰਮ੍ਰਿਤਸਰ ਵਿਚ ਜਿਸ ਦਲੇਰੀ ਨਾਲ ਬੇਅਦਬੀ ਦੀ ਕਥਿਤ ਕੋਸ਼ਿਸ਼ ਕੀਤੀ ਗਈ ਅਤੇ ਉਸ ਤੋਂ ਬਾਅਦ ਕਥਿਤ ਦੋਸ਼ੀ ਦੀ ਬਰਬਰਤਾ ਨਾਲ ਕੀਤੀ ਗਈ ਲਿੰਚਿੰਗ ਨੇ ਪੂਰੀ ਦੁਨੀਆਂ ਵਿਚ ਰਹਿੰਦੇ ਸਿੱਖਾਂ ਨੂੰ ਹੈਰਾਨ ਕਰ ਦਿੱਤਾ ਹੈ।ਇਸ ਘਟਨਾ ਤੋਂ ਬਾਅਦ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਅਤੇ ਹੰਢੇ ਹੋਏ ਰਾਜਨੀਤਿਕ ਨੇਤਾਵਾਂ ਤੋਂ ਲੈ ਕੇ ਨਵੇਂ ਨੇਤਾਵਾਂ ਤੱਕ ਕਿਸੇ ਨੇ ਵੀ ਸਹੀ ਰਾਜਨੀਤਿਕਤਾ ਦੀ ਭਾਵਨਾ ਨਹੀਂ ਦਿਖਾਈ ਹੈ।ਉਨ੍ਹਾਂ ਨੇ ਇਸ ਗੰਭੀਰ ਮੁੱਦੇ ਨੂੰ ਲੈ ਕੇ ਰੁਟੀਨ ਬਿਆਨ ਹੀ ਦਿੱਤੇ ਹਨ ਅਤੇ ਲਿੰਚਿੰਗ ਦੀ ਘਟਨਾ, ਜੋ ਕਿ ਦਰਬਾਰ ਸਾਹਿਬ ਕੰਪਲੈਕਸ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਟਾਸਕ ਫੋਰਸ ਦੀ ਮੌਜੂਦਗੀ ਵਿਚ ਹੋਈ, ਉੱਪਰ ਚੁੱਪ ਵੱਟੀ ਰੱਖੀ ਹੈ।ਸਾਰੇ ਹੀ ਰਾਜਨੀਤਿਕ ਨੇਤਾਵਾਂ ਨੇ ਬੇਅਦਬੀ ਦੀ ਕਥਿਤ ਕੋਸ਼ਿਸ਼ ਨੂੰ ਕਿਸੇ ਸਾਜਿਸ਼ ਦਾ ਹਿੱਸਾ ਹੀ ਦੱਸਿਆ, ਪਰ ਲਿੰਚਿੰਗ ਉੱਪਰ ਕੋਈ ਵੀ ਟਿੱਪਣੀ ਕਰਨ ਤੋਂ ਪਾਸਾ ਵੱਟ ਲਿਆ।

ਬੇਅਦਬੀ ਦੀ ਇਸ ਹਾਲੀਆ ਘਟਨਾ ਤੋਂ ਪਹਿਲਾਂ ਵੀ ਕਿਸੇ ਅਣਪਛਾਤੇ ਵਿਅਕਤੀ ਨੇ ਗੁਟਕਾ ਸਾਹਿਬ ਸਰੋਵਰ ਵਿਚ ਸੁੱਟ ਦਿੱਤਾ ਸੀ ਜਿਸ ਨੇ ਸਿੱਖਾਂ ਵਿਚ ਰੋਸ ਪੈਦਾ ਕੀਤਾ।ਇਸ ਘਟਨਾ ਵਿਚ ਬੇਰਹਿਮੀ ਨਾਲ ਮਾਰੇ ਗਏ ਵਿਅਕਤੀ ਦੀ ਪਛਾਣ ਨਹੀਂ ਹੋ ਪਾਈ ਹੈ, ਪਰ ਕੈਮਰੇ ਵਿਚ ਕੈਦ ਉਸ ਦੀਆਂ ਗਤੀਵਿਧੀਆਂ ਕਾਫੀ ਸ਼ੱਕੀ ਪਾਈਆਂ ਗਈਆਂ ਹਨ ਜੋ ਕਿ ਘਟਨਾ ਤੋਂ ਇਕ ਦਿਨ ਪਹਿਲਾਂ ਵੀ ਉੱਥੇ ਮੌਜੂਦ ਸੀ। ਲਿੰਚਿੰਗ ਰਾਹੀ ਮਾਰਿਆ ਗਿਆ ਵਿਅਕਤੀ ਪੱਚੀ ਕੁ ਵਰ੍ਹਿਆਂ ਦਾ ਨੌਜਵਾਨ ਜਾਪਦਾ ਹੈ ਜਿਸ ਨੇ ਸ਼ਾਮ ਸਮੇਂ, ਜਦੋਂ ਰਹਿਰਾਸ ਸਾਹਿਬ ਦਾ ਪਾਠ ਚੱਲ ਰਿਹਾ ਸੀ, ਹਰਿਮੰਦਰ ਸਾਹਿਬ ਦੇ ਅੰਦਰ ਰੇਲੰਿਗ ਨੂੰ ਪਾਰ ਕਰਕੇ ਗੁਰੁ ਗ੍ਰੰਥ ਸਾਹਿਬ ਦੇ ਸਾਹਮਣੇ ਰੱਖੀ ਸਿਰੀ ਸਾਹਿਬ ਚੁੱਕ ਲਈ।ਉਸ ਨੂੰ ਉਦੋਂ ਹੀ ਸੇਵਾਦਾਰਾਂ ਦੁਆਰਾ ਕਾਬੂ ਕਰਕੇ ਬਾਹਰ ਲਿਆਂਦਾ ਗਿਆ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਟਰੋਲ ਰੂਮ ਵਿਚ ਲਿਜਾਇਆ ਗਿਆ।ਇਸ ਸਮੇਂ ਇਹ ਮੰਗ ਉੱਠੀ ਕਿ ਉਸ ਵਿਅਕਤੀ ਨੂੰ ਭੀੜ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ; ਹਾਲਾਂਕਿ ਐਸਜੀਪੀਸੀ ਦਾ ਪ੍ਰਧਾਨ ਵੀ ਉਸ ਸਮੇਂ ਉੱਥੇ ਮੌਜੂਦ ਸੀ।ਐਸਜੀਪੀਸੀ ਦੇ ਸਟਾਫ ਦੁਆਰਾ ਉਸ ਦੀ ਲਾਸ਼ ਨੂੰ ਖੁੱਲੇ ਵਿਚ ਹੀ ਰੱਖ ਦਿੱਤਾ ਗਿਆ।

ਐਸਜੀਪੀਸੀ ਦੇ ਪ੍ਰਧਾਨ ਨੇ ਆਪਣੇ ਬਿਆਨ ਵਿਚ ਕਿਹਾ ਕਿ ਉਸ ਵਿਅਕਤੀ ਦੁਆਰਾ ਦਰਬਾਰ ਸਾਹਿਬ ਵਿਚ ਬੇਅਦਬੀ ਦੀ ਕੋਸ਼ਿਸ਼ ਨੇ ਸਿੱਖਾਂ ਨੂੰ ਅਧਿਆਤਮਕ ਦੁੱਖ ਪਹੁੰਚਾਇਆ ਹੈ ਅਤੇ ਲਿੰਚਿੰਗ ਦੀ ਘਟਨਾ ਨੂੰ ਰੋਸ ਅਤੇ ਗੁੱਸੇ ਦਾ ਨਤੀਜਾ ਕਹਿ ਕੇ ਉੱਚਿਤ ਠਹਿਰਾਇਆ।ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੇ ਵੀ ਇਸ ਘਟਨਾ ਨੂੰ ਲੈ ਕੇ ਦੁੱਖ ਜ਼ਾਹਿਰ ਕੀਤਾ ਅਤੇ ਇਸ ਪ੍ਰਤੀਕਿਰਿਆ ਨੂੰ ਸਹੀ ਠਹਿਰਾਇਆ।ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਰਾਜਨੇਤਾ ਇਬਰਾਹਿਮ ਲਿੰਕਨ ਨੇ ਇਕ ਵਾਰ ਕਿਹਾ ਸੀ, “ਕੋਈ ਵੀ ਸ਼ਿਕਾਇਤ ਅਜਿਹੀ ਨਹੀਂ ਹੋ ਸਕਦੀ ਜਿਸ ਦਾ ਨਿਪਟਾਰਾ ਭੀੜ ਦੁਆਰਾ ਕੀਤਾ ਜਾਵੇ।” ਲਿੰਚਿੰਗ ਦੀ ਇਹ ਬੇਰਹਿਮ ਘਟਨਾ ਵੀ ਓਨੀ ਹੀ ਪਰੇਸ਼ਾਨ ਕਰਨ ਵਾਲੀ ਹੈ ਜਿੰਨੀ ਸੂਬੇ ਦੇ ਨੇਤਾਵਾਂ ਅਤੇ ਧਾਰਮਿਕ ਪ੍ਰਮੁੱਖਾਂ ਦੀ ਇਸ ਉੱਪਰ ਚੁੱਪੀ।

ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੀ ਨੀਅਤ ਨਾਲ ਕੀਤੀ ਗਈ ਬੇਅਦਬੀ ਦੀ ਕਥਿਤ ਕੋਸ਼ਿਸ਼ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ, ਪਰ ਇਹ ਭੀੜ ਨੂੰ ਕੋਈ ਅਧਿਕਾਰ ਨਹੀਂ ਦਿੰਦਾ ਕਿ ਉਹ ਦਰਬਾਰ ਸਾਹਿਬ ਜਿਹੀ ਜਗ੍ਹਾ ਦੀ ਪਵਿੱਤਰਤਾ ਨੂੰ ਭੰਗ ਕਰਨ।ਸੱਭਿਅਕ ਸਮਾਜ ਵਿਚ ਇਸ ਤਰਾਂ ਦੇ ਖੂਨੀ ਕਾਰੇ ਲਈ ਕੋਈ ਸਥਾਨ ਨਹੀਂ ਹੋਣਾ ਚਾਹੀਦਾ।ਕਈ ਸਾਰੇ ਸਬੂਤਾਂ ਰਾਹੀ ਇਹ ਗੱਲ ਸਾਹਮਣੇ ਆਈ ਹੈ ਕਿ ਧਾਰਮਿਕ ਨੇਤਾ ਅਤੇ ਡੇਰਿਆਂ ਦੇ ਪ੍ਰਮੁੱਖ ਆਪਣੇ ਪੈਰੋਕਾਰਾਂ ਨੂੰ ਇਕਦਮ ਨਿਆਂ ਪ੍ਰਾਪਤ ਕਰਨ ਲਈ ਭੜਕਾ ਰਹੇ ਹਨ।2015 ਵਿਚ ਹੋਈ ਬੇਅਦਬੀ ਦੀ ਘਟਨਾ ਤੋਂ ਬਾਅਦ ਪੰਜਾਬ ਵਿਚ ਬੇਅਦਬੀ ਦੀਆਂ ਲਗਭਗ ਦੋ ਸੋ ਤੋਂ ਜਿਆਦਾ ਘਟਨਾਵਾਂ ਹੋ ਚੁੱਕੀਆਂ ਹਨ।2015 ਦੇ ਬਰਗਾੜੀ ਕੇਸ ਤੋਂ ਬਾਅਦ ਸਿੱਖਾਂ ਅਜੇ ਵੀ ਨਿਆਂ ਦੀ ਉਡੀਕ ਕਰ ਰਹੇ ਹਨ।

ਪੰਜਾਬ ਵਿਚ ਬੇਅਦਬੀ ਦਾ ਮੁੱਦਾ ਮਹਿਜ਼ ਧਾਰਮਿਕ ਮੁੱਦਾ ਨਹੀਂ ਹੈ, ਇਹ ਧਿਆਨਦੇਣ ਯੋਗ ਰਾਜਨੀਤਿਕ ਮੁੱਦਾ ਵੀ ਹੈ ਜੋ ਚੋਣਾਂ ਦੌਰਾਨ ਵੋਟ ਬੈਂਕ ਵਿਚ ਵੱਡੀ ਸ਼ਿਫਟ ਲਿਆ ਸਕਦਾ ਹੈ।ਇਸ ਲਈ ਕੋਈ ਵੀ ਰਾਜਨੀਤਿਕ ਨੇਤਾ ਉਨ੍ਹਾਂ ਲੋਕਾਂ ਉੱਪਰ ਟਿੱਪਣੀ ਕਰਨ ਲਈ ਤਿਆਰ ਨਹੀਂ ਹੈ ਜਿਨ੍ਹਾਂ ਨੇ ਲਿੰਚਿੰਗ ਦੀ ਘਟਨਾ ਨੂੰ ਅੰਜ਼ਾਮ ਦਿੱਤਾ।ਨਿਰਲੱਜਤਾ ਨਾਲ ਦਰਬਾਰ ਸਾਹਿਬ ਦੇ ਅੰਦਰ ਹੋਈ ਘਟਨਾ ਇਹ ਬਿਆਨ ਕਰਦੀ ਹੈ ਇਸ ਨੂੰ ਪਹਿਲਾਂ ਤੋਂ ਹੀ ਨਿਯੋਜਿਤ ਮਨਸੂਬੇ ਤਹਿਤ ਸਿਰੇ ਚੜ੍ਹਾਇਆ ਗਿਆ।ਸਿੱਖਾਂ ਲਈ ਬੇਅਦਬੀ ਦੀ ਘਟਨਾ ਬਹੁਤ ਮਹੱਤਵਪੂਰਨ ਹੈ ਕਿਉਂਕਿ ਉਨ੍ਹਾਂ ਲਈ ਸ੍ਰੀ ਗੁਰੁ ਗ੍ਰੰਥ ਸਾਹਿਬ ਸਿਰਫ ਧਾਰਮਿਕ ਗ੍ਰੰਥ ਹੀ ਨਹੀਂ, ਬਲਕਿ ਇਸ ਨੂੰ ਗੁਰੁ ਦਾ ਦਰਜਾ ਪ੍ਰਾਪਤ ਹੈ।ਇਸ ਲਈ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਕਿਸੇ ਵੀ ਕੋਸ਼ਿਸ਼ ਨੂੰ ਉਨ੍ਹਾਂ ਦੇ ਗੁਰੁ ਉੱਪਰ ਹਮਲੇ ਦੇ ਰੂਪ ਵਿਚ ਲਿਆ ਜਾਵੇਗਾ।2015 ਵਿਚ ਹੋਈ ਬੇਅਦਬੀ ਦੀ ਘਟਨਾ ਵਿਚ ਵੀ ਮੁੱਖ ਜਾਂਚ ਏਜੰਸੀ ਜਾਂਚ ਉੱਪਰ ਸੁਆਲ ਖੜ੍ਹੇ ਕਰ ਰਹੀ ਹੈ, ਪਰ ਪੰਜਾਬ ਪੁਲਿਸ ਦੁਆਰਾ ਕੀਤੇ ਜਾ ਰਹੇ ਦਾਅਵਿਆਂ ਵਿਚ ਕੋਈ ਦਮ ਨਹੀਂ ਨਜ਼ਰ ਆਉਂਦਾ।ਬੇਅਦਬੀ ਦੀ ਹਾਲੀਆ ਘਟਨਾ ਵਿਚ ਵੀ ਮੁੱਖ ਦੋਸ਼ੀ ਨੂੰ ਮਾਰੇ ਜਾਣ ਨਾਲ ਸਿੱਖਾਂ ਨੂੰ ਕਦੇ ਵੀ ਪਤਾ ਨਹੀਂ ਲੱਗ ਸਕੇਗਾ ਕਿ ਇਸ ਘਟਨਾ ਪਿੱਛੇ ਕਿਸ ਦਾ ਹੱਥ ਸੀ?

ਪੰਜਾਬ ਵਿਚ ਵਿਧਾਨ ਸਭਾ ਚੋਣਾਂ ਸਿਰ ’ਤੇ ਹਨ; ਲਿਹਾਜ਼ਾ, ਰਾਜਨੀਤਿਕ ਮਾਹੌਲ਼ ਪੂਰੀ ਤਰਾਂ ਗਰਮਾਇਆ ਹੋਇਆ ਹੈ।ਬੇਅਦਬੀ ਦੀ ਘਟਨਾ ਤੋਂ ਬਾਅਦ ਬਰਬਰਤਾ ਇਸ ਦਾ ਜੁਆਬ ਨਹੀਂ ਹੈ।ਰਾਜਨੀਤਿਕ ਅਤੇ ਧਾਰਮਿਕ ਨੇਤਾ ਇਸ ਘਟਨਾ ਦੀ ਗੰਭੀਰਤਾ ਨੂੰ ਸਮਝੇ ਬਿਨਾਂ ਇਕ ਦੂਜੇ ਉੱਪਰ ਦੋਸ਼ ਮੜ੍ਹਨ ਦੀ ਰਾਜਨੀਤੀ ਵਿਚ ਹੀ ਮਸ਼ਗੂਲ ਹੋ ਰਹੇ ਹਨ ਅਤੇ ਇਸ ਨੂੰ ਆਪਣੇ ਸੌੜੇ ਦ੍ਰਿਸ਼ਟੀਕੋਣ ਤੋਂ ਉੱਪਰ ਉੱਠ ਕੇ ਨਹੀਂ ਦੇਖ ਰਹੇ।ਉਨ੍ਹਾਂ ਦੀਆਂ ਇਸ ਤਰਾਂ ਦੀਆਂ ਪ੍ਰਤੀਕਿਿਰਆਵਾਂ ਅਜਿਹੀਆਂ ਘਟਨਾਵਾਂ ਨੂੰ ਆਮ ਬਣਾਉਣ ਵਿਚ ਹਿੱਸਾ ਪਾਉਂਦੀਆਂ ਹਨ।ਇਸ ਤਰਾਂ ਦਾ ਕੱਟੜ, ਪ੍ਰਤੀਗਾਮੀ ਅਤੇ ਸੌੜਾ ਨਜ਼ਰੀਆ ਕਦੇ ਵੀ ਸਿੱਖ ਧਰਮ ਦਾ ਹਿੱਸਾ ਨਹੀਂ ਰਿਹਾ ਹੈ।

ਜਦੋਂ ਕੋਈ ਵੀ ਸਮਾਜ ਕੁਝ ਕੁ ਘਟਨਾਵਾਂ ਕਰਕੇ ਦੂਜਿਆਂ ਪ੍ਰਤੀ ਬਰਬਰਤਾ ਨੂੰ ਸਵੀਕਾਰ ਕਰ ਲੈਂਦਾ ਹੈ ਤਾਂ ਇਸ ਦਾ ਨਤੀਜਾ ਸਾਰਿਆਂ ਲਈ ਬਰਬਰਤਾ ਦੇ ਰੂਪ ਵਿਚ ਹੀ ਨਿਕਲਦਾ ਹੈ।ਅੱਜ ਭਾਰਤ ਵਿਚ ਲਿੰਚਿੰਗ ਦੀਆਂ ਘਟਨਾਵਾਂ ਕਾਨੂੰਨੀ ਢਿੱਲ, ਰਾਜਨੀਤਿਕ ਸਰਪ੍ਰਸਤੀ ਕਰਕੇ ਆਮ ਹੋ ਗਈਆਂ ਹਨ ਜੋ ਕਿ ਅਸਹਿਣਸ਼ੀਲਤਾ ਦੇ ਮਾਹੌਲ਼ ਵਿਚ ਵਾਧਾ ਕਰਦੀਆਂ ਹਨ।ਸਾਰੀਆਂ ਰਾਜਨੀਤਿਕ ਪਾਰਟੀਆਂ ਹੀ ਫਿਜ਼ਾ ਵਿਚ ਜ਼ਹਿਰ ਘੋਲਣ ਨੂੰ ਚੁੱਪਚਾਪ ਸਵੀਕਾਰ ਕਰ ਰਹੀਆਂ ਹਨ ਅਤੇ ਧਰਮ ਦੀ ਸਿਆਸਤ ਖੇਡ ਰਹੀਆਂ ਹਨ।ਇਸ ਨਾਲ ਉਨ੍ਹਾਂ ਤੱਤਾਂ ਨੂੰ ਬੜਾਵਾ ਮਿਲਦਾ ਹੈ ਜਿਨ੍ਹਾਂ ਦੀ ਅਸਲ ਵਿਚ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਜਾਣੀ ਚਾਹੀਦੀ ਹੈ।

ਆਮ ਜ਼ਿੰਦਗੀ ਅਤੇ ਰਾਜਨੀਤੀ ਵਿਚ ਧਰਮ ਦਾ ਵਧਦੇ ਪਰਛਾਵੇਂ ਨੇ ਉਨ੍ਹਾਂ ਦਰਾੜਾਂ ਨੂੰ ਕੁਝ ਸਮੇਂ ਲਈ ਭਰ ਦਿੱਤਾ ਪ੍ਰਤੀਤ ਕਰਵਾਇਆ ਹੈ ਜਿਨ੍ਹਾਂ ਨੂੰ ਦਰੁਸਤ ਕਰਨਾ ਬਹੁਤ ਜਰੂਰੀ ਹੈ।ਆਪਣੇ ਚੁਣਾਵੀ ਅਤੇ ਰਾਜਨੀਤਿਕ ਮੁਫਾਦਾਂ ਲਈ ਰਾਜਨੀਤਿਕ ਪਾਰਟੀਆਂ ਨੂੰ ਇਹਨਾਂ ਦਰਾੜਾਂ ਦਾ ਉਪਯੋਗ ਨਹੀਂ ਕਰਨਾ ਚਾਹੀਦਾ, ਪਰ ਉਹ ਨਿਰਲੱਜਤਾ ਨਾਲ ਲਗਾਤਾਰ ਅਜਿਹਾ ਹੀ ਕਰਦੀਆਂ ਹਨ।ਧਰਮ ਦੀ ਸਿਆਸਤ ਦਾ ਉਭਾਰ ਅਤੇ ਬੇਅਦਬੀ ਦੀਆਂ ਘਟਨਾਵਾਂ ਨੇ ਲੋਕਾਂ ਨੂੰ ਕਾਨੂੰੰਨ ਆਪਣੇ ਹੱਥਾਂ ਵਿਚ ਲੈਣ ਲਈ ਪ੍ਰੋਤਸਾਹਿਤ ਕੀਤਾ ਹੈ।ਜਦੋਂ ਲਿੰਚਿੰਗ ਵਰਗੀਆਂ ਮੱਧ-ਯੁੱਗੀ ਘਟਨਾਵਾਂ ਵਾਪਰਦੀਆਂ ਹਨ ਤਾਂ ਰਾਜਨੇਤਾ ਚੁੱਪਚਾਪ ਤਮਾਸ਼ਾ ਦੇਖਦੇ ਹਨ ਅਤੇ ਕਾਨੂੰਨ ਵੀ ਖ਼ਾਮੋਸ਼ ਹੋ ਜਾਂਦਾ ਹੈ।ਚੁਣਾਵੀ ਫਾਇਦਾ ਲੈਣ ਅਤੇ ਰਾਜਨੀਤਿਕ ਜਮਾਤ ਵਿਚ ਇਕ ਦੂਜੇ ਤੋਂ ਅੱਗੇ ਨਿਕਲਣ ਦੀ ਖੇਡ ਨੇ ਰਾਜਨੀਤੀ ਨੂੰ ਸਰਕਸ ਬਣਾ ਦਿੱਤਾ ਹੈ ਜਿਸ ਦਾ ਸ਼ਿਕਾਰ ਆਮ ਲੋਕ ਬਣਦੇ ਹਨ।ਦਰਬਾਰ ਸਾਹਿਬ ਵਿਚ ਹੋਈ ਇਸ ਘਟਨਾ ਤੋਂ ਬਾਅਦ ਸਾਰੀਆਂ ਰਾਜਨੀਤਿਕ ਪਾਰਟੀਆਂ ਇਸ ਦੇ ਰਾਜਨੀਤਿਕ ਪ੍ਰਭਾਵ ਦਾ ਜਾਇਜ਼ਾ ਲੈ ਰਹੀਆਂ ਹਨ। ਨਾ ਸਿਰਫ ਰਾਜਨੀਤਿਕ ਨੇਤਾ ਬਲਕਿ ਉਨ੍ਹਾਂ ਦੇ ਸਹਿਯੋਗੀ ਵੀ ਚੁਣਾਵੀ ਪੰਡਿਤਾਂ, ਰਾਜਨੀਤਿਕ ਮਾਹਿਰਾਂ ਅਤੇ ਪੱਤਰਕਾਰਾਂ ਤੱਕ ਇਹ ਜਾਣਨ ਲਈ ਪਹੁੰਚ ਕਰ ਰਹੇ ਹਨ ਕਿ ਇਹ ਘਟਨਾ ਰਾਜਨੀਤਿਕ ਫਿਜ਼ਾ ਨੂੰ ਕਿਸ ਤਰਾਂ ਪ੍ਰਭਾਵਿਤ ਕਰੇਗੀ? ਇਸ ਵਿਚ ਉਨ੍ਹਾਂ ਦਾ ਬਹੁਤਾ ਸਰੋਕਾਰ ਇਹ ਜਾਣਨ ਲਈ ਹੈ ਕਿ ਕੀ ਇਹ ਉਨ੍ਹਾਂ ਨੂੰ ਚੋਣਾਂ ਵਿਚ ਫਾਇਦਾ ਪਹੁੰਚਾ ਸਕਦੀ ਹੈ ਜਾਂ ਨਹੀਂ?

ਜਦੋਂ ਰਾਜਨੀਤਿਕ ਜਮਾਤ ਆਪਣੀ ਜ਼ਿੰਮੇਵਾਰੀ ਤਿਆਗ ਦਿੰਦੀ ਹੈ ਅਤੇ ਆਪਣੀ ਰਣਨੀਤਿਕ ਚੁੱਪੀ ਨੂੰ ਹਾਵੀ ਹੋਣ ਦਿੰਦੀ ਹੈ ਤਾਂ ਬੇਅਦਬੀ ਜਿਹੀਆਂ ਘਟਨਾਵਾਂ ਹੋਰ ਸਾਰੇ ਮੁੱਦਿਆਂ ਨੂੰ ਢਕਣ ਦਾ ਢੰਗ ਬਣ ਕੇ ਹੀ ਰਹਿ ਜਾਂਦੀਆਂ ਹਨ।ਪੰਜਾਬ ਨਾਲ ਸੰਬੰਧਿਤ ਮਹੱਤਵਪੂਰਨ ਮੁੱਦਿਆਂ ਜਿਵੇਂ ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਾਅਦ ਵੀ ਮੌਜੂਦ ਖੇਤੀ ਸੰਕਟ, ਸੁੰਘੜਦਾ ਉਦਯੋਗਿਕ ਘੇਰਾ, ਬੇਰੋਜ਼ਗਾਰੀ, ਪੇਂਡੂ ਯੁਵਕਾਂ ਦਾ ਪੰਜਾਬ ਤੋਂ ਪਰਵਾਸ, ਬਾਰੇ ਗੱਲ ਕਰਨ ਦੀ ਜਗ੍ਹਾਂ ਬਹੁਤ ਸੌੜੀ ਹੁੰਦੀ ਜਾ ਰਹੀ ਹੈ।ਆਪਣੀ ਦਿਆਨਤਦਾਰੀ ਲਈ ਜਾਣੇ ਜਾਂਦੇ ਸਿੱਖਾਂ ਨੂੰ ਅਜਿਹੀਆਂ ਬਰਬਰ ਘਟਨਾਵਾਂ ਖਿਲਾਫ ਬੋਲਣ ਦਾ ਸਾਹਸ ਕਰਨਾ ਚਾਹੀਦਾ ਹੈ।