ਰਣਜੀਤ ਸਿੰਘ ਜਰਮਨੀ

6 ਮਈ 2023 ਦੀ ਸਵੇਰ ਸਿੱਖ ਕੌਮ ਲਈ ਇੱਕ ਉਦਾਸਮਈ ਖਬਰ ਲੈ ਕੇ ਚੜ੍ਹੀ। ਜਦੋਂ ਦੇਸ਼ ਦੁਨੀਆਂ ਵਿੱਚ ਵਸਦੇ ਸਿੱਖ ਜਲੰਧਰ ਦੀ ਚੋਣ ਦੀਆਂ ਚੁਸਕੀਆਂ ਲੈ ਰਹੇ ਸਨ ਉਸੇ ਵੇਲੇ ਖਾਲਸਾ ਰਾਜ ਦੀ ਰਾਜਧਾਨੀ ਲਹੌਰ ਵਿੱਚ ਇੱਕ ਕਹਿਰ ਵਰਤ ਗਿਆ ਸੀ। 20ਵੀਂ ਸਦੀ ਦਾ ਸ਼ਾਮ ਸਿੰਘ ਅਟਾਰੀਵਾਲਾ ਲਹੌਰ ਦੀਆਂ ਗਲੀਆਂ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ। ਉਸ ਲਹੌਰ ਦੀਆਂ ਗਲੀਆਂ ਵਿੱਚ ਜਿੱਥੇ ਮੇਰੇ ਗੁਰੂ ਨਾਨਕ ਸਾਹਿਬ ਅਤੇ ਅਤੇ ਹੋਰ ਗੁਰੂ ਸਾਹਿਬ ਦੇ ਚਰਨ ਪਏ ਸਨ। ਜਿੱਥੇ ਸਾਡੇ ਮਹਾਰਾਜੇ ਦਾ ਇਤਿਹਾਸਕ ਦਰਬਾਰ ਲਗਦਾ ਹੁੰਦਾ ਸੀ। ਉਸੇ ਮਹਾਰਾਜੇ ਦੇ ਦਰਬਾਰ ਦੀ ਸ਼ਾਨੌ ਸ਼ੌਕਤ ਮੁੜ ਬਹਾਲ ਕਰਨ ਲਈ ਕੁਝ ਕਾਫਲੇ 20ਵੀਂ ਸਦੀ ਵਿੱਚ ਮੁੜ ਜੰਗਲਾਂ ਦੇ ਰਾਹ ਪਏ ਸਨ। ਇਹ ਉਹ ਕਾਫਲੇ ਸਨ ਜਿਨ੍ਹਾਂ ਨੇ- ਪੰਥ ਵਸੇ ਮੈਂ ਉਜੜਾਂ ਮਨ ਚਾਓ ਘਨੇਰਾ ਦੀ ਅਵਸਥਾ ਨੂੰ ਪਾ ਲਿਆ ਸੀ। ਉਹ ਸਿਦਕੀ ਸਿੱਖ ਜੋ ਗੁਰੂ ਦੇ ਰੰਗ ਵਿੱਚ ਰੰਗੇ ਗਏ ਸਨ। ਜਿਹੜੇ ਭਾਈ ਸੁੱਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਦੇ ਵਾਰਸ ਸਨ। ਜਿਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਖਾਲਸਾ ਰਾਜ ਮੁੜ ਬਹਾਲ ਕਰਨ ਲਈ ਯਤਨ ਕੀਤੇ। ਜੋ ਬੰਬਾਂ, ਬੰਦੂਕਾਂ ਅਤੇ ਫੌਜਾਂ ਦੇ ਘੋਰ ਲਸ਼ਕਰਾਂ ਸਾਹਮਣੇ ਡਟ ਗਏ। ਜਿਨ੍ਹਾਂ ਲਈ ਗੁਰੂ ਦੀ ਪਰੀਤ ਸਭ ਦੁਨਿਆਵੀ ਪਰੀਤਾਂ ਨਾਲੋਂ ਅਵੱਲ ਹੋ ਗਈ।

ਉਸ ਕਾਫਲੇ ਦੇ ਸਭ ਤੋਂ ਸਿਰਮੌਰ ਪਾਂਧੀ ਭਾਈ ਪਰਮਜੀਤ ਸਿੰਘ ਪੰਜਵੜ। ਭਾਈ ਪਰਮਜੀਤ ਸਿੰਘ ਸਿੱਖ ਇਤਿਹਾਸ ਦਾ ਉਹ ਸੂਰਮਾਂ ਜਰਨੈਲ ਸੀ ਜਿਸਨੇ ਆਪਣੀ ਬਹਾਦਰੀ ਅਤੇ ਫੌਜੀ ਕਲਾ ਦੀ ਨਿਪੁੰਨਤਾ ਨਾਲ ਨਾ ਕੇਵਲ ਦੁਸ਼ਮਣ ਦੀਆਂ ਸਫਾਂ ਵਿੱਚ ਦਹਿਲ ਪਾਏ ਬਲਕਿ ਸਿੱਖਾਂ ਦੀਆਂ ਕਈ ਪੀੜ੍ਹੀਆਂ ਨੂੰ ਆਪਣੇ ਇਤਿਹਾਸ ਦੇ ਵਾਰਸ ਬਣਨ ਲਈ ਪਰੇਰਿਆ। ਜਦੋਂ ਉਹ ਜੰਗ ਦੇ ਮੈਦਾਨ ਵਿੱਚ ਹੁੰਦੇ ਸਨ ਤਾਂ ਵਾਕਿਆ ਹੀ ਗੁਰੂ ਉਨ੍ਹਾਂ ਦੇ ਅੰਗ ਸੰਗ ਹੁੰਦਾ ਸੀ। ਇਸ ਤਰ੍ਹਾਂ ਲਗਦਾ ਸੀ ਜਿਵੇਂ ਸਮਾਂ ਉਨ੍ਹਾਂ ਦੀ ਆਗਿਆ ਵਿੱਚ ਚੱਲ ਰਿਹਾ ਹੈ। ਅਜਿਹਾ ਸਿੱਖ ਲਹਿਰ ਦੇ ਦੋ ਜਰਨੈਲਾਂ ਨਾਲ ਵਾਪਰਿਆ। ਅਜਿਹਾ ਦੂਜਾ ਜਰਨੈਲ ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲਾ ਸੀ। ਭਾਈ ਪਰਮਜੀਤ ਸਿੰਘ ਪੰਜਵੜ ਨੇ ਜੰਗ ਦੇ ਮੈਦਾਨ ਵਿੱਚ ਉ੍ਹਹ ਹਰ ਕਾਰਜ ਕੀਤਾ ਜੋ ਜੰਗ ਦੀ ਲੋੜ ਸੀ। ਜਦੋਂ ਕੌਮ ਨੂੰ ਚੰਗੇ ਸ਼ਸ਼ਤਰਾਂ ਦੀ ਲੋੜ ਸੀ ਤਾਂ ਭਾਈ ਸਾਹਿਬ ਨੇ ਆਪਣੀ ਪਿੱਠ ਤੇ ਮਣਾਂ ਮੂੰਹੀ ਸ਼ਸ਼ਤਰ ਢੋਅ ਕੇ ਮੈਦਾਨੇ ਜੰਗ ਵਿੱਚ ਪਹੁੰਚਾਏ। ਸ਼ਸ਼ਤਰਾਂ ਦੀ ਖੋਜ ਲਈ ਆਪ ਅਫਗਾਨਿਸਤਾਨ ਦੇ ਪਾਰਲੇ ਪਾਸੇ ਤੱਕ ਵੀ ਜਾਂਦੇ ਰਹੇ। ਜਦੋਂ ਉਨ੍ਹਾਂ ਆਧੁਨਿਕ ਸ਼ਸ਼ਤਰਾਂ ਨਾਲ ਕੌਮ ਦੋਖੀਆਂ ਤੋਂ ਇਨਸਾਫ ਲੈਣ ਦਾ ਵਕਤ ਸੀ ਤਾਂ ਆਪ ਨੇ ਮੂਹਰਲੀਆਂ ਸਫਾਂ ਵਿੱਚ ਵਿਚਰਕੇ ਉਹ ਇਨਸਾਫ ਲਿਆ। ਭਾਈ ਪਰਮਜੀਤ ਸਿੰਘ ਸਿਰਫ ਇੱਕ ਲੀਡਰ ਹੀ ਨਹੀ ਸਨ ਬਲਕਿ ਇੱਕ ਪਰੇਰਨਾ ਸਰੋਤ ਸਨ। ਉਨ੍ਹਾਂ ਦੀ ਦਲੇਰੀ ਅਤੇ ਸਿਆਸੀ ਸੂਝ ਸਿੱਖ ਨੌਜਵਾਨਾਂ ਨੂੰ ਸੰਘਰਸ਼ ਦੇ ਸੱਜਰੇ ਰਾਹਾਂ ਵੱਲ ਪਰੇਰਨ ਦਾ ਸਬੱਬ ਬਣੀ। ਸਿਆਸੀ ਤੌਰ ਤੇ ਜਦੋਂ ਵੀ ਲਹਿਰ ਨੂੰ ਦ੍ਰਿੜਤਾ ਨਾਲ ਫੈਸਲੇ ਲੈਣ ਦੀ ਲੋੜ ਪਈ ਤਾਂ ਭਾਈ ਪਰਮਜੀਤ ਸਿੰਘ ਨੇ ਲਹਿਰ ਦੀ ਲੀਡਰਸ਼ਿੱਪ ਵਿੱਚ ਆਪਣੀ ਸਿਆਸੀ ਸੂਝ ਦਾ ਲੋਹਾ ਮਨਵਾਇਆ। ਜਦੋਂ ਉਹ ਜੰਗ ਦੇ ਮੈਦਾਨ ਵਿੱਚ ਹੁੰਦੇ ਸਨ ਤਾਂ ਅਜਿਹੀ ਯੋਜਨਾਬੰਦੀ ਨਾਲ ਐਕਸ਼ਨ ਕਰਦੇ ਸਨ ਕਿ ਐਕਸ਼ਨ ਦੀ ਸਮੁੱਚਤਾ ਨਾਲ ਇੱਕਮਿੱਕ ਹੋ ਜਾਂਦੇ ਸਨ। ਹਰ ਖਤਰਨਾਕ ਐਕਸ਼ਨ ਵਿੱਚੋਂ ਆਪ ਸਭ ਤੋਂ ਬਾਅਦ ਬਾਹਰ ਨਿਕਲਦੇ ਸਨ। ਸਭ ਤੋਂ ਪਹਿਲਾਂ ਆਪਣੇ ਸਾਥੀਆਂ ਨੂੰ ਸੁਰੱਖਿਅਤ ਕਰਦੇ ਸਨ।

ਆਪ ਜਦੋਂ ਸਧਾਰਨ ਜਿੰਦਗੀ ਵਿੱਚ ਹੁੰਦੇ ਤਾਂ ਹਾਸਿਆਂ ਦੀ ਛਹਿਬਰ ਲਾ ਦਿੰਦੇ। ਸਿਰਾਂ ਦੇ ਮੌਤ ਦੇ ਮੰਡਾਸੇ ਬੰਨ੍ਹ ਕੇ ਤੁਰੇ ਹੋਏ ਆਪਣੇ ਸਾਥੀਆਂ ਦੀ ਮਹਿਫਲ ਵਿੱਚ ਆਪ ਅਦੁੱਤੀ ਰੰਗ ਭਰ ਦਿੰਦੇ। ਭੇਸ ਵਟਾਉਣ ਦੇ ਆਪ ਮਾਹਰ ਮੰਨੇ ਜਾਂਦੇ ਸਨ। ਗੁਰੂ ਦੀ ਬਖਸ਼ਿਸ਼ ਏਨੀ ਸੀ ਕਿ ਦਰਜਨਾਂ ਵਾਰ ਆਪ ਪੁਲਿਸ ਦੇ ਹੱਥ ਤੇ ਹੱਥ ਮਾਰਕੇ ਘੇਰਿਆਂ ਵਿੱਚੋਂ ਨਿਕਲ ਜਾਂਦੇ ਸਨ। ਭਾਵੇਂ ਉਹ ਲੁਧਿਆਣੇ ਦਾ ਘੇਰਾ ਹੋਵੇ,ਭਾਵੇਂ ਜਲੰਧਰ ਦਾ ਭਾਵੇਂ ਹੁਸ਼ਿਆਰਪੁਰ ਦਾ ਤੇ ਭਾਵੇਂ ਨੇਪਾਲ ਦਾ।

ਫੌਜੀ ਜਿੰਦਗੀ ਦੀ ਨਿਪੁੰਨਤਾ ਦੇ ਨਾਲ ਨਾਲ ਆਪ ਰਾਜਨੀਤਕ ਅਤੇ ਨੈਤਿਕ ਤੌਰ ਤੇ ਵੀ ਵੱਡੇ ਸਿਰਲੱਥ ਆਗੂ ਸਨ। ਇਸ ਸਿਰਲੱਥਤਾ, ਦਲੇਰੀ ਅਤੇ ਸਿਆਸੀ ਸੂਝ ਕਾਰਨ ਹੀ ਪੜ੍ਹੇ ਲਿਖੇ ਸਿੱਖ ਨੌਜਵਾਨ ਆਪ ਦੀ ਅਗਵਾਈ ਹੇਠ ਕੰਮ ਕਰਨ ਵਿੱਚ ਮਾਣ ਮਹਿਸੂਸ ਕਰਦੇ ਸਨ। 1993 ਵਿੱਚ ਜਦੋਂ ਸਿੱਖ ਲਹਿਰ ਵੱਡੇ ਤਸ਼ੱਦਦ ਕਾਰਨ ਕੁਝ ਕਮਜੋਰ ਪੈ ਗਈ ਤਾਂ ਆਪ ਫਿਰ ਮੈਦਾਨਿ ਜੰਗ ਵਿੱਚ ਆ ਬਿਰਾਜਮਾਨ ਹੋਏ। ਕਿਸੇ ਸਿੱਖ ਵਿਦਵਾਨ ਨੂੰ ਅਗਲੀ ਰਣਨੀਤੀ ਲਈ ਮਿਲੇ। ਉਸ ਸਿੱਖ ਵਿਦਵਾਨ ਨੇ ਭਾਈ ਪਰਮਜੀਤ ਸਿੰਘ ਨੂੰ ਆਖਿਆ ਕਿ ਪਹਿਲਾਂ ਮੈਨੂੰ ਲਹਿਰ ਦੀ ਵਰਤਮਾਨ ਸਥਿਤੀ ਦੇ ਸੰਦਰਭ ਵਿੱਚ ਲਹਿਰ ਦੇ ਸਮੁੱਚੇ ਵਰਤਾਰੇ ਬਾਰੇ ਕੁਝ ਲਿਖਕੇ ਦੇਵੋ। ਦੱਸਦੇ ਹਨ ਕਿ ਭਾਈ ਪਰਮਜੀਤ ਸਿੰਘ ਅਗਲੇ ਦਿਨ ਹੀ 4 ਸਫਿਆਂ ਦੀ ਇੱਕ ਲਿਖਤ, ਸਿੱਖ ਲਹਿਰ ਦੀ ਤਤਕਾਲੀ ਸਥਿਤੀ ਬਾਰੇ ਲਿਖ ਲਿਆਏ। ਉਸ ਵਿਦਵਾਨ ਨੇ ਦੱਸਿਆ ਕਿ ਉਹ ਲਿਖਤ ਇੱਕ ਇਤਿਹਾਸਕ ਦਸਤਾਵੇਜ਼ ਤੋਂ ਘੱਟ ਨਹੀ ਹੈ।

1993 ਤੋਂ ਬਾਅਦ ਕੌਮ ਦਾ ਇਹ ਜਰਨੈਲ ਜਲਾਵਤਨੀ ਦੀ ਜਿੰਦਗੀ ਵਿੱਚ ਰਹਿਣ ਲੱਗਾ। ਇਸੇ ਦੌਰਾਨ ਉਨ੍ਹਾਂ ਦੇ ਮਾਤਾ ਜੀ ਨੂੰ ਸਮੇਂ ਦੀਆਂ ਸਰਕਾਰਾਂ ਨੇ ਕੋਹ ਕੋਹ ਕੇ ਸ਼ਹੀਦ ਕਰ ਦਿੱਤਾ। ਲਗਭਗ 30 ਸਾਲਾਂ ਦੀ ਜਲਾਵਤਨੀ ਦੇ ਦੌਰਾਨ 6 ਮਈ ਨੂੰ ਆਪ ਨੂੰ ਕੌਮ ਦੁਸ਼ਮਣ ਤਾਕਤਾਂ ਨੇ ਸ਼ਹੀਦ ਕਰ ਦਿੱਤਾ। ਖਾਲਸਾ ਪੰਥ ਲਈ ਇਹ ਦੁਖਦਾਈ ਖਬਰ, ਸ਼ਾਮ ਸਿੰਘ ਅਟਾਰੀਵਾਲਾ ਦੀ ਮੌਤ ਵਰਗੀ ਲੱਗੀ। ਨਿਰਸੰਦੇਹ ਦੁਸ਼ਮਣ ਨੇ ਇੱਕ ਬਹੁਤ ਵੱਡਾ ਪਹਾੜ ਡੇਗ ਲਿਆ ਹੈ।

ਭਾਈ ਪਰਮਜੀਤ ਸਿੰਘ ਦੀ ਦਲੇਰੀ, ਸਿਆਸੀ ਸੂਝ ਅਤੇ ਅਣਥੱਕ ਘਾਲਣਾਂ ਨੂੰ ਕੌਮ ਹਮੇਸ਼ਾ ਹਮੇਸ਼ਾ ਲਈ ਯਾਦ ਰੱਖੇਗੀ। ਉਹ ਸਿੱਖ ਲਹਿਰ ਦਾ ਮਘਦਾ ਸੂਰਜ ਸੀ ਜਿਸਦੀ ਲੋਅ ਸਦੀਆਂ ਤੱਕ ਰਹੇਗੀ। ਵਾਹਿਗੁਰੂ ਕੌਮ ਦੇ ਉਸ ਜੁਝਾਰੂ ਜਰਨੈਲ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਣ।