ਪਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਭਾਰਤ ਸਰਕਾਰ ਨੇ ਦੇਸ਼ ਦੇ ਇੱਕ ਸੂਬੇ ਜੰਮੂ-ਕਸ਼ਮੀਰ ਨੂੰ ਪ੍ਰਾਪਤ ਵਿਸ਼ੇਸ਼ ਦਰਜਾ ਖਤਮ ਕਰ ਦਿੱਤਾ ਹੈ ਅਤੇ ਇਸਨੂੰ ਕੇਂਦਰ ਅਧੀਨ ਪ੍ਰਾਂਤਾਂ ਵਿੱਚ ਬਦਲ ਦਿੱਤਾ ਹੈੈ। ਭਾਰਤੀ ਸੰਵਿਧਾਨ ਦੀ ਧਾਰਾ 370 ਅਧੀਨ ਜੰਮੂ ਅਤੇ ਕਸ਼ਮੀਰ ਨੂੰ ਕੁਝ ਅਜਿਹੇ ਹੱਕ ਹਾਸਲ ਸਨ ਜੋ ਭਾਰਤ ਦੇ ਕਿਸੇ ਹੋਰ ਸੂਬੇ ਨੂੰ ਹਾਸਲ ਨਹੀ ਸਨ। ਕੇਂਦਰੀ ਸਰਕਾਰ ਅਤੇ ਰਾਜਾਂ ਦਰਮਿਆਨ ਸਾਂਝੀ ਸੂਚੀ ਦੇ ਸੰਦਰਭ ਵਿੱਚ ਜੰਮੂ ਕਸ਼ਮੀਰ ਨੂੰ ਦੀ ਵਿਧਾਨ ਸਭਾ ਨੂੰ ਰਾਜਾਂ ਵਾਲੀ ਸੂਚੀ ਦੇ ਵਿੱਚ ਪ੍ਰਮੁੱਖਤਾ ਹਾਸਲ ਸੀ। ਇਸਦੇ ਨਾਲ ਹੀ ਕੁਝ ਅਜਿਹੀਆਂ ‘ਰਿਆਇਤਾਂ’ ਉਸ ਰਾਜ ਨੂੰ ਹਾਸਲ ਸਨ ਜਿਨ੍ਹਾਂ ਦਾ ਦਾ ਛੁਣਛੁਣਾਂ ਦਿਖਾਕੇ ਉਥੋਂ ਦੇ ਲੋਕਾਂ ਨੂੰ ਭਰਮਾਇਆ ਜਾਂਦਾ ਰਿਹਾ।

ਦੇਸ਼ ਭਰ ਵਿੱਚ ਕੁਝ ਬੁਧੀਜੀਵੀਆਂ ਅਤੇ ਸਿੱਖ ਕੌਮ ਵਿੱਚ ਉਪਰ ਤੋਂ ਲੈ ਕੇ ਥੱਲੇ ਤੱਕ ਭਾਰਤ ਸਰਕਾਰ ਦੇ ਇਸ ਫੈਸਲੇ ਨੇ ਕਾਫੀ ਤਕਲੀਫ ਦਿੱਤੀ ਨਜ਼ਰ ਆਉਂਦੀ ਹੈੈ। ਭਾਰਤ ਵਿੱਚੋਂ ਬੇਸ਼ੱਕ ਇਸ ਸਬੰਧੀ ਬਹੁਤ ਜਿਆਦਾ ਵਿਰੋਧ ਦੀਆਂ ਅਵਾਜ਼ਾਂ ਨਹੀ ਉਠੀਆਂ ਪਰ ਪੰਜਾਬ ਵਿੱਚ ਇਸ ਸਬੰਧੀ ਕਾਫੀ ਤਿੱਖੀ ਪ੍ਰਤੀਕਿਰਿਆ ਦੇਖਣ ਨੂੰ ਮਿਲ ਰਹੀ ਹੈ। ਸਿੱਖ ਵਿਦਵਾਨਾਂ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਕੇ ਇਸ ਫੈਸਲੇ ਦਾ ਵਿਰੋਧ ਕੀਤਾ ਹੈੈ। ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨੇ ਇਸਨੂੰ 1984 ਵਰਗੀ ਘਟਨਾ ਗਰਦਾਨਿਆ ਹੈੈ। ਦਲ ਖਾਲਸਾ ਅਤੇ ਹੋਰ ਪੰਥਕ ਸੰਸਥਾਵਾਂ ਨੇ ਵੀ ਆਪਣੀ ਪ੍ਰੈਸ ਕਾਨਫਰੰਸ ਕਰਕੇ ਭਾਰਤ ਸਰਕਾਰ ਦੇ ਇਸ ਫੈਸਲੇ ਦੀ ਵਿਰੋਧਤਾ ਕੀਤੀ ਹੈੈ। ਇਨ੍ਹਾਂ ਸਮੁਚੀਆਂ ਧਿਰਾਂ ਨੇ ਆਪਣੇ ਵਿਚਾਰਾਂ ਵਿੱਚ ਇਹ ਆਖਿਆ ਹੈ ਕਿ ਧਾਰਾ 370 ਕਸ਼ਮੀਰੀਆਂ ਦੇ ਹੱਕਾਂ ਦੀ ਰਾਖੀ ਦਾ ਇੱਕ ਜਰੀਆ ਸੀ ਜੋ ਭਾਰਤੀ ਸੰਵਿਧਾਨ ਵੱਲੋਂ ਉਨ੍ਹਾਂ ਨੂੰ ਦਿੱਤਾ ਹੋਇਆ ਸੀ। ਸ਼ੋਸ਼ਲ ਮੀਡੀਆ ਉੱਤੇ ਭਾਰਤ ਸਰਕਾਰ ਦੇ ਇਸ ਫੈਸਲੇ ਖਿਲਾਫ ਕਾਫੀ ਰੌਲਾ ਪਿਆ ਹੋਇਆ ਹੈੈੈ।

ਪਰ ਅਸੀਂ ਸਮਝਦੇ ਹਾਂ ਕਿ ਨਰਿੰਦਰ ਮੋਦੀ ਦੀ ਸਰਕਾਰ ਨੇ ਕਸ਼ਮੀਰ ਵਿੱਚੋਂ ਧਾਰਾ 370 ਹਟਾਕੇ ਇੱਕ ਬਹੁਤ ਦਲੇਰਾਨਾ ਅਤੇ ਸਵਾਗਤਯੋਗ ਕਾਰਜ ਕੀਤਾ ਹੈੈੈ। ਜਿਹੜਾ ਫੈਸਲਾ 70 ਸਾਲ ਪਹਿਲਾਂ ਲੈ ਲਿਆ ਜਾਣਾਂ ਚਾਹੀਦਾ ਸੀ ਉਹ ਕਿਤੇ ਹੁਣ 2019 ਵਿੱਚ ਆ ਕੇ ਲਿਆ ਗਿਆ ਹੈੈ। 70 ਸਾਲਾਂ ਤੋਂ ਸੰਵਿਧਾਨ ਦੀ ਧਾਰਾ 370 ਰਾਹੀਂ ਕਸ਼ਮੀਰੀ ਕੌਮ ਨੂੰ ਇੱਕ ਅਜਿਹਾ ਚੋਗਾ ਪਾ ਕੇ ਵਰਚਾਇਆ ਜਾ ਰਿਹਾ ਸੀ ਜਿਸਦਾ ਅੰਤ ਕਿਤੇ ਵੀ ਨਹੀ ਸੀ ਦਿਸਦਾ। 70 ਸਾਲਾਂ ਤੋਂ ਕਸ਼ਮੀਰੀਆਂ ਨੂੰ ਇਸ ਗੱਲ ਲਈ ਵਰਚਾਇਆ ਜਾ ਰਿਹਾ ਸੀ ਕਿ ਉਹ ਉਸੇ ਸੰਵਿਧਾਨ ਅਤੇ ਕਨੂੰਨ ਦੇ ਵਾਰਸ ਹਨ ਜਿਸਦੇ ਕਿ ਬਾਕੀ ਭਾਰਤ ਵਾਸੀ। ਬਿਲਕੁਲ ਉਸੇ ਤਰ੍ਹਾਂ ਜਿਵੇਂ 1984 ਤੱਕ ਸਿੱਖਾਂ ਨੂੰ ਇਸ ਗੱਲੋਂ ਵਰਚਾਇਆ ਜਾਂਦਾ ਰਿਹਾ ਕਿ ਇਨ੍ਹਾਂ ਨੇ ਦੇਸ਼ ਲਈ ਬਹੁਤ ਕੁਰਬਾਨੀਆ ਕੀਤੀਆਂ ਹਨ, ਇਹ ਦੇਸ਼ ਦੇ ਅੰਨਦਾਤੇ ਹਨ, ਇਹ ਦੇਸ਼ ਦੀ ਖੜਗਭੁਜਾ ਹਨ। ਉਨ੍ਹਾਂ ਕੁਰਬਾਨੀਆਂ,ਅੰਨਦਾਤਿਆਂ ਅਤੇ ਖੜਗਭੁਜਾਵਾਂ ਦਾ ਜੋ ਹਸ਼ਰ ਅਸੀਂ 1984 ਵਿੱਚ ਦੇਖਿਆ ਉਸਨੂੰ ਕਿਸੇ ਪਰਮਾਣ ਦੀ ਲੋੜ ਨਹੀ ਹੈੈੈ। ਕਸ਼ਮੀਰੀਆਂ ਦੀ ਧਾਰਾ 370 ਜੇ ਕਿਸੇ ਲਈ ਫਾਇਦੇਮੰਦ ਸੀ ਤਾਂ ਉਹ ਫਾਰੂਕ ਅਬਦੁੱਲਾ ਪਰਿਵਾਰ ਜਾਂ ਮਹਿਬੂਬਾ ਮੁਫਤੀ ਪਰਿਵਾਰ ਲਈ ਸੀ ਜਿਨ੍ਹਾਂ ਪਰਕਾਸ਼ ਸਿੰਘ ਬਾਦਲ ਵਾਂਗ ਕਸ਼ਮੀਰੀ ਸੰਘਰਸ਼ ਦੇ ਨਾਅ ਤੇ ਹਰ ਕਿਸਮ ਦੀ ਮਲਾਈ ਦੋਵਾਂ ਹੱਥਾਂ ਨਾਲ ਖਾਧੀ।

ਕਸ਼ਮੀਰ ਦਾ ਸੰਘਰਸ਼ ਕੋਈ ਨੌਕਰੀਆਂ ਲੈਣ,ਰਾਖਵਾਂਕਰਨ ਜਾਂ ਸੜਕਾਂ ਬਣਾਉਣ ਲਈ ਨਹੀ ਹੈੈੈ, ਜਿਸ ਲਈ ਧਾਰਾ 370 ਵਰਗੀਆਂ ਫਹੁੜੀਆਂ ਦੀ ਲੋੜ ਪਵੇ। ਇਹ ਦੋ ਕੌਮਾਂ ਦੀ ਸੁਪਰੇਮੇਸੀ ਦੀ ਜੰਗ ਹੈ। ਇਹ ਕਸ਼ਮੀਰੀ ਕੌਮ ਦੀ ਹੋਂਦ ਅਤੇ ਹਸਤੀ ਦੇ ਸੁਆਲ ਦੀ ਜੰਗ ਹੈੈ। ਜਦੋਂ ਕੌਮਾਂ ਆਪਣੀ ਹੋਂਦ ਅਤੇ ਹਸਤੀ ਦੀ ਰਾਖੀ ਲਈ ਸੰਘਰਸ਼ ਕਰ ਰਹੀਆਂ ਹੋਣ ਤਾਂ, ਕੌਮਵਾਦ ਦੇ ਧੁੰਰੰਤਰ ਵਿਦਵਾਨ ਐਨਥਨੀ ਸਮਿੱਥ ਅਨੁਸਾਰ ਬਹ-ਗਿਣਤੀ ਅਤੇ ਘੱਟ-ਘਿਣਤੀ ਦਰਮਿਆਨ ਵਖਰੇਵੇਂ ਦੀਆਂ ਲਕੀਰਾਂ ਬਿਲਕੁਲ ਸ਼ਪਸ਼ਟ ਹੋਣੀਆਂ ਚਾਹੀਦੀਆਂ ਹਨ। ਸਮਿੱਥ ਆਖਦਾ ਹੈ ਕਿ ਜੇ ਦੋ ਕੌਮਾਂ ਵਿੱਚ ਸਿਧਾਂਤਕ ਵਖਰੇਵੇਂ ਹਨ ਤਾਂ ਕਦਮ ਕਦਮ ਤੇ ਉਹ ਵਖਰੇਵੇਂ ਉੱਘੜਵੇਂ ਰੂਪ ਵਿੱਚ ਪ੍ਰਗਟ ਹੋਣੇ ਚਾਹੀਦੇ ਹਨ। ਸਮਿੱਥ ਆਖਦਾ ਹੈ ਕਿ ਜੇ ਵੱਖਰੇ ਹੋ ਤਾਂ ਵੱਖਰੇ ਬਣਕੇ ਦਿਖਾਓ।

ਪ੍ਰੋਫੈਸਰ ਵਾਕਰ ਕੋਨਰ ਦੇ ਵੀ ਕੌਮਾਂ ਦੀ ਹੋਂਦ ਅਤੇ ਹਸਤੀ ਬਾਰੇ ਕੁਝ ਅਜਿਹੇ ਹੀ ਵਿਚਾਰ ਹਨ ਉੁਹ ਆਖਦੇ ਹਨ ਕਿ, ਕਿਸੇ ਵੀ ਕੌਮ ਦੀ ਹੋਂਦ ਨਾਲ ਜਿਹੜਾ ਤੱਤ ਸਭ ਤੋਂ ਮਹੱਤਵਪੂਰਨ ਤੌਰ ਤੇ ਜੁੜਿਆ ਹੋਇਆ ਹੈ ਉਹ ਹੈ ਕੌਮ ਦੇ ਲੋਕਾਂ ਵਿੱਚ, ਇੱਕੋ ਕੌਮ ਦੇ ਬਸ਼ਿੰਦੇ ਹੋਣ ਦੀ ਸਵੈ-ਚੇਤੰਨਤਾ। ਕੋਈ ਵੀ ਕੌਮ ਉਨ੍ਹਾਂ ਚਿਰ ਕੌਮ ਹੋਣ ਦਾ ਮਾਣ ਹਾਸਲ ਨਹੀ ਕਰ ਸਕਦੀ ਜਦੋਂ ਤੱਕ ਉਸਦੀ ਆਪਣੀ ਮਾਨਸਿਕਤਾ ਵਿੱਚ ਸੰਪੂਰਨ ਕੌਮ ਹੋਣ ਦੀ ਸਵੈ-ਚੇਤੰਨਤਾ ਨਾ ਹੋਵੇ। ਕੋਨਰ ਆਖਦੇ ਹਨ ਕਿ, ਕੌਮ ਦੀ ਬਣਤਰ ਲਈ ਬਾਕੀ ਸਾਰੇ ਤੱਕ ਜਿਵੇਂ ਧਰਮ, ਭਾਸ਼ਾ, ਖਿੱਤਾ ਅਤੇ ਸੰਸਕਾਰ ਉਦੋਂ ਹੀ ਮਹੱਤਵ ਹਾਸਲ ਕਰਦੇ ਹਨ ਜਦੋਂ ਉਹ ਕੌਮ ਦੇ ਲੋਕਾਂ ਵਿੱਚ ਆਪਣੀ ਕੌਮੀ ਸਵੈ-ਚੇਤੰਨਤਾ ਨੂੰ ਮਜਬੂਤ ਕਰਦੇ ਹੋਣ। ਕੋਨਰ ਅਨੁਸਾਰ ਇਤਿਹਾਸ਼ ਦੇ ਕਿਸੇ ਮੋੜ ਤੇ ਆ ਕੇ ਹੋ ਸਕਦਾ ਹੈ ਕਿ ਕਿ ਕਿਸੇ ਕੌਮ ਕੋਲੋਂ ਆਪਣੀ ਕੌਮੀ ਪਹਿਚਾਣ ਦਾ ਕੋਈ ਤੱਤ ਗੁਆਚ ਜਾਵੇ, ਜਿਵੇਂ ਭਾਸ਼ਾ ਅਤੇ ਧਰਮ ਆਦਿ ਪਰ ਜੇ ਕੌਮ ਦੇ ਲੋਕਾਂ ਵਿੱਚ ਇਸਦੇ ਬਾਵਜੂਦ ਕੌਮੀ ਸਵੈ-ਚੇਤੰਨਤਾ ਹੈ ਤਾਂ ਉਹ ਕੌਮ ਦੇ ਤੌਰ ਤੇ ਵਿਚਰਦੀ ਰਹੇਗੀ।

ਉਹ ਆਖਦੇ ਹਨ ਕਿ ਹਰ ਕੌਮ ਵਿੱਚ ਇਹ ਤੱਤ ਕੁੱਟ-ਕੁੱਟ ਕੇ ਭਰਿਆ ਹੋਣਾਂ ਚਾਹੀਦਾ ਹੈ ਕਿ, ਅਸੀਂ ਕੀ ਨਹੀ ਹਾਂ। (what we are not)। ਅਸੀਂ ਕੀ ਹਾਂ (what we are) ਇਹ ਬਾਅਦ ਦੀਆਂ ਗੱਲਾਂ ਹਨ। ਪਰ ਅਸੀਂ ਕੀ ਨਹੀ ਹਾਂ ਇਸ ਬਾਰੇ ਲਕੀਰਾਂ ਬਿਲਕੁਲ ਸ਼ਪਸ਼ਟ ਹੋਣੀਆਂ ਚਾਹੀਦੀਆਂ ਹਨ। ਇਸ ਸਬੰਧੀ ਉਹ ਹਾਸਬਰਾ ਸਲਤਨਤ ਅਧੀਨ ਰਹਿ ਰਹੇ ਸਲੋਵਾਕਾਂ, ਕਰੋਸ਼ਾਂ ਅਤੇ ਸਲੋਵੀਨੀਅਨਾਂ ਦੀ ਉਦਾਹਰਨ ਦੇਂਦੇ ਹਨ, ਜਿਨ੍ਹਾਂ ਵਿੱਚ ਇਹ ਚੇਤਨਤਾ ਕੁੱਟ- ਕੁੱਟਕੇ ਭਰੀ ਹੋਈ ਸੀ ਕਿ ਨਾ ਤਾਂ ਉਹ ਜਰਮਨ ਹਨ ਅਤੇ ਨਾ ਮੈਗਯਾਰ। ਬੇਸ਼ੱਕ ਉਨ੍ਹਾਂ ਵਿੱਚ ਆਪਣੇ ਕੌਮੀ ਜਜਬੇ ਬਾਰੇ ਚੇਤੰਨਤਾ ਥੋੜ੍ਹੀ ਕਮਜ਼ੋਰ ਸੀ ਪਰ ਇਸ ਗੱਲ ਬਾਰੇ ਕੋਈ ਭਰਮ ਭੁਲੇਖਾ ਨਹੀ ਸੀ ਕਿ ਨਾ ਤਾਂ ਉਹ ਜਰਮਨ ਹਨ ਅਤੇ ਨਾ ਹੀ ਮੈਗਯਾਰ।

ਉਨ੍ਹਾਂ ਕੌਮਾਂ ਦਾ ਸਿਆਸੀ ਭਵਿਖ ਹਮੇਸ਼ਾ ਹੀ ਖਤਰੇ ਮੂੰਹ ਆਇਆ ਰਹਿੰਦਾ ਹੈ ਜਿਨ੍ਹਾਂ ਨੂੰ ਪਰਿਭਾਸ਼ਤ ਕਰਨ ਵਾਲੇ ਬੇਗਾਨੇ ਅਤੇ ਦੁਸ਼ਮਣ ਹੋਣ। ਕੌਮ ਇੱਕ ਸਵੈ-ਪਰਿਭਾਸ਼ਤ ਗਰੁੱਪ ਹੈੈ। ਬੇਸ਼ੱਕ ਇਤਿਹਾਸ ਦੇ ਕਿਸੇ ਮੋੜ ਤੇ ਆ ਕੇ ਕੌਮ ਦੇ ਕੁਝ ਭਟਕੇ ਹੋਏ ਵਿਦਵਾਨ ਅਤੇ ਬੇਗਾਨੇ ਲੋਕ ਕੌਮ ਨੂੰ ਗਲਤ ਢੰਗ ਨਾਲ ਪਰਿਭਾਸ਼ਤ ਕਰਨ ਲੱਗ ਪੈਣ ਪਰ ਕੌਮ ਦੇ ਜਜਬਿਆਂ ਵਿੱਚ ਉਹ ਹੀ ਪਰਿਭਾਸ਼ਾ ਜਿਉਂਦੀ ਰਹਿੰਦੀ ਹੈ ਜਿਸ ਵਿੱਚ ਉਸਦੇ ਸੂਰਮਿਆਂ ਦਾ ਜਾਂਬਾਜ ਇਤਿਹਾਸ ਅਤੇ ਉਸਦੇ ਧਾਰਮਕ ਰਹਿਬਰਾਂ ਦੀ ਰੱਬੀ ਬਖਸ਼ਿਸ਼ ਦੇ ਝਲਕਾਰੇ ਮਿਲਦੇ ਹੋਣ। ਕਿਸੇ ਵੱਲੋਂ ਪਰਿਭਾਸ਼ਤ ਕੀਤੇ ਕੌਮੀ ਜਜਬੇ ਇਤਿਹਾਸ ਦੇ ਯਥਾਰਥ ਸਾਹਮਣੇ ਬਹੁਤੀ ਦੇਰ ਨਹੀ ਟਿਕਦੇ।

ਮਾਰਕਸਵਾਦੀਆਂ ਨੂੰ ਉਸ ਝੂਠੇ ਕੌਮਵਾਦ ਦਾ ਝਟਕਾ ਉਦੋਂ ਲੱਗਾ ਜਦੋਂ ਦੂਜੀ ਸੰਸਾਰ ਜੰਗ ਵੇਲੇ ਹਰ ਮੁਲਕ ਦਾ ਕਾਮਾ, ਆਪਣਾਂ ਆਰਥਕ ਸ਼ੋਸ਼ਣ ਕਰਨ ਵਾਲੇ ਉਦਯੋਗਪਤੀਆਂ ਦੇ ਮੋਢੇ ਨਾਲ ਮੋਢਾ ਡਾਹ ਕੇ ਦੂਜੇ ਮੁਲਕਾਂ ਦੇ ਕਾਮਿਆਂ ਦੇ ਖਿਲਾਫ ਡਟ ਗਿਆ।

1984 ਵਿੱਚ ਸਿੱਖਾਂ ਨੂੰ ਵੀ ਇੱਕ ਅਜਿਹਾ ਝਟਕਾ ਲੱਗਾ ਜਿਸਨੇ ਕੌਮ ਦੀ ਮਾਨਸਿਕਤਾ ਨੂੰ ਦਹਿਲਾ ਦਿੱਤਾ। 1984 ਦਾ ਝਟਕਾ ਇਸ ਲਈ ਵਿਲੱਖਣ ਸੀ ਕਿ ਉਸ ਤੋਂ ਪਹਿਲਾਂ ਸਿੱਖਾਂ ਨੂੰ ਪਰਿਭਾਸ਼ਤ ਕਰਨ ਵਾਲੇ ਲੋਕ ਬੇਗਾਨੇ ਜਾਂ ਵਿਰੋਧੀ ਸਨ। 18ਵੀਂ ਸਦੀ ਵਿੱਚ ਗੁਰਧਾਮਾਂ ਤੇ ਹੋਣ ਵਾਲੇ ਦੁਸ਼ਮਣਾਂ ਦੇ ਹਮਲਿਆਂ ਦਾ ਕੌਮ ਨੂੰ ਕਦੇ ਝਟਕਾ ਨਹੀ ਸੀ ਲੱਗਾ, ਕਿਉਂਕਿ ਸਿੱਖਾਂ ਅਤੇ ਦੁਸ਼ਮਣਾਂ ਦਰਮਿਆਨ ਲਕੀਰਾਂ ਸ਼ਪਸ਼ਟ ਖਿੱਚੀਆਂ ਹੋਈਆਂ ਸਨ। 1984 ਤੋਂ ਪਹਿਲਾਂ ਇਸ ਤਰ੍ਹਾਂ ਨਹੀ ਸੀ। ਸਿੱਖਾਂ ਨੂੰ ਇਹ ਵਿਸ਼ਵਾਸ਼ ਕਰਵਾਇਆ ਗਿਆ ਸੀ ਕਿ ਉਹ ਸਾਡੇ ਵੱਡੇ ਭਰਾ ਹਨ।

ਇਤਿਹਾਸ ਵਿੱਚ ਹਮੇਸ਼ਾ ਉਹ ਕੌਮਾਂ ਹੀ ਆਪਣੀ ਹੋਂਦ ਅਤੇ ਹਸਤੀ ਨੂੰ ਵਕਤ ਦੇ ਔਰੰਗਿਆਂ ਅਤੇ ਨਾਦਰਾਂ ਤੋਂ ਬਚਾ ਕੇ ਰੱਖ ਸਕੀਆਂ ਹਨ ਜਿਨ੍ਹਾਂ ਨੇ ਆਪਣੇ ਅਤੇ ਗਵਾਂਢੀਆਂ ਦਰਮਿਆਨ ਫਰਕ ਦੀਆਂ ਲਕੀਰਾਂ ਸਪਸ਼ਟ ਰੂਪ ਵਿੱਚ ਤਿੱਖੀਆਂ ਕਰਕੇ ਰੱਖੀਆਂ। ਪੋਲਿਸ਼ ਕੌਮ ਦੀ ਉਦਾਹਰਨ ਸਭ ਦੇ ਸਾਹਮਣੇ ਹੈੈ। ਸਦੀਆਂ ਤੱਕ ਉਨ੍ਹਾਂ ਦੀ ਧਰਤੀ ਤੇ ਵਕਤ ਦੇ ਔਰੰਗੇ ਅਤੇ ਨਾਦਰ ਸ਼ਾਹ ਆਪਣੀਆਂ ਫੌਜਾਂ ਨਾਲ ਦਨਦਨਾਉਂਦੇ ਰਹੇ। ਪਰ ਪੋਲਿਸ਼ ਕੌਮ ਦੀ ਵਿਲੱਖਣਤਾ ਅਤੇ ਆਤਮਸਨਮਾਨ ਨੂੰ ਖਤਮ ਨਾ ਕਰ ਸਕੇ। ਬਹੁਤ ਲੰਬੇ ਸਮੇਂ ਤੱਕ ਦੀ ਸਿਆਸੀ ਗੁਲਾਮੀ ਭੋਗਣ ਦੇ ਬਾਵਜੂਦ ਵੀ ਪੋਲਿਸ਼ ਕੌਮ ਦੀ ਹੋਂਦ ਨਾ ਖਤਮ ਹੋਈ ਕਿਉਂਕਿ ਵਖਰੇਵੇਂ ਦੀਆਂ ਲਕੀਰਾਂ ਸ਼ਪਸ਼ਟ ਸਨ।

ਰੂਸ ਦੇ ਬਾਲਟਿਕ ਕੋਸਟ ਤੇ ਵਸੇ ਹੋਏ, ਬਾਲਟਿਕ ਲੋਕਾਂ ਅਤੇ ਫਿਨੋ-ਉਰਗਿਕ ਲੋਕਾਂ ਦੀ ਸਥਾਪਤ ਹੋਂਦ ਦੀ ਕਹਾਣੀ ਵੀ ਕੁਝ ਇਸੇ ਤਰ੍ਹਾਂ ਦੀ ਹੈੈ। ਬਹੁਤ ਜਿਆਦਾ ਕੁਦਰਤੀ ਸੋਮੇਂ ਹੋਣ ਦੇ ਕਾਰਨ ਇਸ ਖਿੱਤੇ ਵਿੱਚ ਵਸੋਂ ਬਹੁਤ ਸੰਘਣੀ ਸੀ ਅਤੇ ਵਕਤ ਦੇ ਕਿਸੇ ਮੋੜ ਤੇ ਆ ਕੇ ਬਾਲਟਿਕ ਅਤੇ ਫਿਨੋ-ਉਰਗਿਕ ਦੁਸ਼ਮਣ ਕੌਮਾਂ ਦਰਮਿਆਨ ਘਿਰ ਗਏ। ਪਰ ਆਪਣੇ ਸੰਸਕਾਰਾਂ ਅਤੇ ਇਤਿਹਾਸ, ਧਰਮ ਭਾਸ਼ਾ ਦੀਆਂ ਸਪਸ਼ਟ ਲਕੀਰਾਂ ਕਾਰਨ ਉਹ ਖੁੰਖਾਰੂ ਦੁਸ਼ਮਣਾਂ ਦੇ ਵਿੱਚ ਰਹਿੰਦੇ ਹੋਏ ਵੀ, ਬੋਗਨਵਿਲੀਏ ਦੇ ਫੁੱਲ ਵਾਂਗ ਖਿੜੇ ਰਹੇ। ਇਤਿਹਾਸਕਾਰ ਦੱਸਦੇ ਹਨ ਕਿ ਦੁਸ਼ਮਣਾਂ ਵਿੱਚ ਘਿਰੇ ਹੋਣ ਕਾਰਨ ਇਨ੍ਹਾਂ ਕੌਮੀ ਸਮੂਹਾਂ ਵਿੱਚ ਆਪਣੀ ਹੋਂਦ ਅਤੇਪਹਿਚਾਣ ਬਾਰੇ ਚੇਤੰਨਤਾ ਸਗੋਂ ਹੋਰ ਮਜਬੂਤ ਹੋ ਗਈ।

ਕੌਮਵਾਦ ਦੇ ਇੱਕ ਹੋਰ ਵਿਦਵਾਨ ਪ੍ਰੋਫੈਸਰ ਅਜ਼ਰ ਗੈਟ ਦਾ ਮੰਨਣਾਂ ਹੈ ਕਿ ਜਦੋਂ ਕੌਮਾਂ ਉੱਤੇ ਬਾਹਰੀ ਹਮਲੇ ਅਤੇ ਦਬਾਅ ਵਧ ਜਾਂਦੇ ਹਨ ਤਾਂ ਕੌਮਾਂ ਦ ਅੰਦਰੂਨੀ ਮੱਤਭੇਦ ਖਤਮ ਹੋ ਜਾਂਦੇ ਹਨ ਅਤੇ ਉਹ ਆਪਣੀ ਹੋਂਦ ਲਈ ਚੇਤੰਨ ਹੋ ਜਾਂਦੀਆਂ ਹਨ।

ਕਸ਼ਮੀਰ ਦੇ ਮਾਮਲੇ ਵਿੱਚ ਭਾਰਤ ਸਰਕਾਰ ਦਾ ਤਾਜ਼ਾ ਫੈਸਲਾ ਵੀ ਇਸੇ ਦਿਸ਼ਾ ਵਿੱਚ ਪੁੱਟਿਆ ਗਿਆ ਇੱਕ ਬਹੁਤ ਮਹੱਤਵਪੂਰਨ ਕਦਮ ਹੈੈ। ਦੇਸ਼ ਦੀ ਸੱਤਾ ਤੇ ਕਾਬਜ ਧਿਰ ਪੂਰੀ ਸਿਆਸੀ ਸਪਸ਼ਟਤਾ ਨਾਲ ਵਖਰੇਵੇਂ ਦੀਆਂ ਲਕੀਰਾਂ ਪੱਕੀਆਂ ਕਰਨ ਦੇ ਯਤਨ ਕਰ ਰਹੀ ਹੈੈ। ਇਹ ਸਭ ਕੁਝ ਉਹ ਜਮਹੂਰੀਅਤ ਦੇ ਮੰਦਰ ਵਿੱਚ ਬੈਠ ਕੇ ਕਰ ਰਹੀ ਹੈੈ। ਉਸ ਧਿਰ ਨੂੰ ਪਤਾ ਹੈ ਕਿ ਕੌਮਾਂ ਦੀ ਹੋਂਦ ਦੀ ਲੜਾਈ ਵਿੱਚ ਵਖਰੇਵੇਂ ਸ਼ਪਸ਼ਟ ਹੋਣੇ ਚਾਹੀਦੇ ਹਨ। ਧਾਰਾ 370 ਵਾਲਾ ਫੈਸਲਾ ਆਉਣ ਤੋਂ ਬਾਅਦ ਬਹੁ-ਗਿਣਤੀ ਨੇ ਆਪਣੇ ਵਿਚਾਰ ਲੁਕੋ ਕੇ ਨਹੀ ਰੱਖੇ ਪੂਰੇ ਦੇਸ਼ ਵਿੱਚ ਖੁਸ਼ੀ ਮਨਾਈ ਜਾ ਰਹੀ ਹੈੈ। ਹਰ ਵੱਡਾ ਛੋਟਾ ਇਸ ਫੈਸਲੇ ਤੇ ਖੁਸ਼ ਹੈੈੈ। ਲਕੀਰਾਂ ਸ਼ਪਸ਼ਟ ਹਨ।

ਇਹ ਇਸੇ ਕਰਕੇ ਹੈ ਕਿ ਕੌਮੀ ਹੋਂਦ ਦੀ ਲੜਾਈ ਵਿੱਚ ਸਿਰਫ ਆਪਣੇ ਲੋਕਾਂ ਅਤੇ ਆਪਣੀ ਕੌਮ ਦੇ ਹਿੱਤ ਹੀ ਪਰਮੁੱਖ ਹੁੰਦੇ ਹਨ। ਗੌਤਮ ਗੰਭੀਰ ਵਰਗਾ ਵੱਡਾ ਕ੍ਰਿਕਟ ਖਿਡਾਰੀ ਇਹ ਕਹਿੰਦਾ ਹੈ ਕਿ ਜੇ ਮੇਰੇ ਲੋਕਾਂ ਦੀ ਸੁਰੱਖਿਆ ਲਈ ਕਸ਼ਮੀਰ ਵਿੱਚ ਕਤਲੇਆਮ ਕੀਤਾ ਜਾਂਦਾ ਹੈ ਤਾਂ ਉਹ ਜਾਇਜ ਹੈੈੈ। ਇਸ ਵਿੱਚੋਂ ਸਾਡੀ ਉਪਰੋਕਤ ਬਿਆਨ ਕੀਤੀ ਸਚਾਈ ਸਪਸ਼ਟ ਹੁੰਦੀ ਹੈੈ। ਆਪਣੀ ਗੱਲ ਕਹਿਣ ਲੱਗਿਆਂ ਗੌਤਮ ਗੰਭੀਰ ਨੇ ਇੱਕ ਪਲ ਲਈ ਵੀ ਇਹ ਨਹੀ ਸੋਚਿਆ ਕਿ ਮੇਰਾ ਆਪਣਾਂ ਕੀ ਰੁਤਬਾ ਹੈ ਜਾਂ ਮੈਂ ਕਿਸ ਜਮਹੂਰੀ ਸਮਾਜ ਦਾ ਹਿੱਸਾ ਹਾਂ।

ਅਸੀਂ ਸਮਝਦੇ ਹਾਂ ਕਿ ਉਸਨੂੰ ਅਜਿਹਾ ਕਰਨਾ ਵੀ ਨਹੀ ਚਾਹੀਦਾ। ਕਿਉਂਕਿ ਕੌਮੀ ਹੋਂਦ ਦੀ ਲੜਾਈ ਵਿੱਚ ਜਮਹੂਰੀਅਤ ਦੇ ਘੁੰਡ ਕੱਢ ਕੇ ਮੈਦਾਨ ਵਿੱਚ ਨਹੀ ਆਉਣਾਂ ਚਾਹੀਦਾ।

ਕਸ਼ਮੀਰੀਆਂ ਦੀ ਲੜਾਈ ਮੁਲਾਜਮ ਯੂਨੀਅਨ ਦੀ ਲੜਾਈ ਨਹੀ ਹੈ ਜਿਸ ਲਈ 370 ਵਰਗੇ ਰਾਖਵੇਂਕਰਨ ਦੀ ਲੋੜ ਪਵੇ। ਰਾਖਵਾਂਕਰਨ ਵੱਖਰੀ ਕੌਮ ਨੂੰ ਨਹੀ ਹੁੰਦਾ ਬਲਕਿ ਬਹ_ਗਿਣਤੀ ਨਾਲ ਹੋਏ ਵੱਖਰੇ ਸਮਾਜੀ ਗਰੁੱਪ ਲਈ ਹੁੰਦਾ ਹੈੈੈ।

ਸੋ ਕੌਮੀ ਸਵੈਮਾਣ ਦੀ ਰਾਖੀ ਲਈ ਹੋਣ ਵਾਲੇ ਕਿਸੇ ਵੀ ਸੰਘਰਸ਼ ਵਿੱਚ ਵਖਰੇਵੇਂ ਦੀਆਂ ਲਕੀਰਾਂ ਬਿਲਕੁਲ ਸ਼ਪਸ਼ਟ ਹੋਣੀਆਂ ਚਾਹੀਦੀਆਂ ਹਨ ਜੋ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਨੇ ਸਪਸ਼ਟ ਕਰ ਦਿੱਤੀਆਂ ਹਨ। ਅਸੀਂ ਸਮਝਦੇੇ ਹਾਂ ਕਿ ਇਹ ਕਸ਼ਮੀਰ ਲਈ ਬਹੁਤ ਮਹੱਤਵਪੂਰਨ ਅਤੇ ਸਵਾਗਤਯੋਗ ਫੈਸਲਾ ਹੈੈੈ।

ਹੁਣ ਕਸ਼ਮੀਰੀ ਵਿਦਵਾਨਾਂ ਅਤੇ ਦਾਨਿਸ਼ਵਰਾਂ ਨੇ ਸੋਚਣਾਂ ਹੈ ਕਿ ਉਨ੍ਹਾਂ ਵਿਚਾਰਧਾਰਕ ਤੌਰ ਵੇ ਅੱਗੋਂ ਕਿਵੇਂ ਵਿਚਰਨਾ ਹੈੈੈ।