ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਦੀ ਸਿਰਮੌਰ ਸੰਸਥਾ ਹੈ ਜੋ ੯੯ ਸਾਲ ਪਹਿਲਾਂ ਹੋਂਦ ਵਿੱਚ ਆਈ ਸੀ। ਉਹ ਆਪਣੀ ਸਥਾਪਨਾ ਦਾ ੧੦੦ਵਾਂ ਵਰਾ ੨੦੨੧ ਨਵੰਬਰ ਵਿੱਚ ਮਨਾਉਣ ਜਾ ਰਹੀ ਹੈ। ਇਸਦੀ ਸਥਾਪਨਾ ੧੫ ਨਵੰਬਰ ੧੯੨੦ ਵਾਲੇ ਦਿਨ ਹੋਈ ਸੀ। ਇਸਦਾ ਮੁੱਖ ਟੀਚਾ ਗੁਰਦੁਆਰਾ ਪ੍ਰਬੰਧ ਅਤੇ ਗੁਰੂ ਘਰਾਂ ਵਿੱਚ ਗੁਰਮਤਿ ਮਰਿਯਾਦਾ ਨੂੰ ਲਾਗੂ ਕਰਵਾਉਣਾ ਸੀ। ਜਲਿਆਂ ਵਾਲੇ ਬਾਗ ਦੇ ਸਾਕੇ ਤੋਂ ਬਾਅਦ ਅੰਗਰੇਜ਼ ਹਕੂਮਤ ਦੀ ਮਾਨਸਿਕਤਾ ਇਹ ਬਣ ਗਈ ਸੀ ਕਿ ਕਤਲੋਗਾਰਤ ਰਾਹੀਂ ਭਾਰਤੀ ਲੋਕਾਂ ਨੂੰ ਡਰਾ ਕੇ ਰੱਖਿਆ ਜਾਵੇ ਤਾਂ ਜੋ ਅੰਗਰੇਜੀ ਹਕੂਮਤ ਆਪਣੀ ਧਾਰਮਿਕ, ਸਮਾਜਿਕ, ਆਰਥਿਕ ਤੇ ਰਾਜਨੀਤਿਕ ਪਕੜ ਬਣਾ ਕੇ ਰੱਖ ਸਕੇ। ਇਹੀ ਵੱਡਾ ਕਾਰਨ ਸੀ ਕਿ ਅੰਗਰੇਜੀ ਸਾਮਰਾਜ ਨਹੀਂ ਸੀ ਚਾਹੁੰਦਾ ਕਿ ਸਿੱਖ ਪੰਥ ਨੂੰ ਕੋਈ ਅਜਿਹਾ ਪ੍ਰਬੰਧ ਦਿੱਤਾ ਜਾਵੇ ਜੋ ਖਾਸ ਕਰਕੇ ਗੁਰਦੁਆਰਾ ਸਾਹਿਬ ਨਾਲ ਜੁੜਿਆ ਹੋਵੇ। ਕਿਉਂਕਿ ਇਹਨਾਂ ਨੂੰ ਡਰ ਸੀ ਕਿ ਸਿੱਖ ਪੰਥ ਆਪਣੇ ਆਗੂਆਂ ਦੀ ਅਗਵਾਈ ਹੇਠ ਇੱਕਠਾ ਹੋ ਜਾਵੇਗਾ ਤੇ ਤਾਕਤਵਰ ਸ਼ਕਤੀ ਬਣ ਜਾਵੇਗਾ। ਉਸ ਸਮੇਂ ਦੀ ਸਿੰਘ ਸਭਾ ਲਹਿਰ ਦੇ ਆਗੂਆਂ ਨੇ ਕੋਸ਼ਿਸ ਕਰਕੇ ਉਸ ਸਮੇਂ ਦੇ ਵਾਇਸਰਾਏ ਲਾਰਡ ਰਿਪਨ ਤੱਕ ਪਹੁੰਚ ਕੀਤੀ। ਇਸਦੇ ਮਗਰੋਂ ਉਸ ਸਮੇਂ ਦੇ ਪੰਜਾਬ ਦੇ ਲੈਫਟੀਨੈਟ ਗਵਰਨਰ ਆਰ.ਈ. ਈਗਰਟਨ ਨੇ ਆਪਣੇ ਵਾਇਸਰਾਇ ਨੂੰ ਚਿੱਠੀ ਰਾਹੀਂ ਸੁਚੇਤ ਕੀਤਾ ਕਿ ਸਿੱਖ ਪੰਥ ਨੂੰ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਕਿਸੇ ਤਰ੍ਹਾਂ ਵੀ ਨਾ ਦਿੱਤਾ ਜਾਵੇ। ਕਿਉਂਕਿ ਇਸ ਰਾਹੀਂ ਇਹ ਅਜਿਹਾ ਕਮੇਟੀ ਬਣਾਉਣਗੇ ਜੋ ਆਪਣੇ ਆਪ ਵਿੱਚ ਅਜ਼ਾਦ ਹਸਤੀ ਹੋਵੇਗੀ।
ਇਹ ਸਾਮਰਾਜੀ ਸਰਕਾਰ ਦੇ ਹਿੱਤਾਂ ਦੇ ਖਿਲਾਫ ਹੋਵੇਗੀ। ਇਸ ਚਿੱਠੀ ਰਾਹੀਂ ਇਹ ਸਾਬਿਤ ਹੁੰਦਾ ਹੈ ਕਿ ਅੰਗਰੇਜੀ ਹਕੂਮਤ ਕਦੇ ਵੀ ਨਹੀਂ ਚਾਹੁੰਦੀ ਸੀ ਕਿ ਸਿੱਖ ਪੰਥ ਕਦੇ ਇੱਕ ਮੁੱਦੇ ਤੇ ਇੱਕਠਾ ਹੋ ਸਕੇ। ਉਸ ਸਮੇਂ ਗੁਰਦੁਆਰਿਆਂ ਸਾਹਿਬ ਵਿੱਚ ਅਨੇਕਾਂ ਕੁਰੀਤੀਆ ਆ ਚੁੱਕੀਆਂ ਸਨ। ਜਿਸ ਕਾਰਨ ਸ਼ਰਧਾਲੂਆਂ ਨਾਲ ਤਰ੍ਹਾਂ ਤਰ੍ਹਾਂ ਦੀਆਂ ਬਦਸਲੂਕੀਆਂ ਤੇ ਜ਼ਿਆਦਤੀਆਂ ਹੋ ਰਹੀਆਂ ਸਨ। ਇਸੇ ਤਰਾਂ ਉਸ ਸਮੇਂ ਵੀ ਪ੍ਰਬੰਧ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਲੱਗ ਰਹੇ ਸਨ। ਉਸ ਸਮੇਂ ਚੱਲ ਰਹੀਂ ਅਕਾਲੀ ਅਖਵਾਰ ਨੇ ਇਨਾਂ ਸਾਰੀਆਂ ਕੁਰੀਤੀਆਂ ਤੇ ਜ਼ਿਆਦਤੀਆਂ ਬਾਰੇ ਤੱਥ ਸਾਹਮਣੇ ਲਿਆਂਦੇ। ਇਸ ਅਖਬਾਰ ਨੂੰ ਸੰਗਤ ਬੜੇ ਚਾਅ ਨਾਲ ਪੜਦੀ ਸੀ ਜਿਸ ਨਾਲ ਇਨਾਂ ਕੁਰੀਤੀਆਂ ਪ੍ਰਤੀ ਸਿੱਖ ਕੌਮ ਦੇ ਮਨ ਵਿੱਚ ਰੋਸ ਪੈਂਦਾ ਹੋਇਆ। ਸਿੱਖ ਕੌਮ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਲਿਆਉਣ ਲਈ ਸ਼ੈਕੜੇ ਕੁਰਬਾਨੀਆਂ ਕਰਨੀਆਂ ਪਈਆਂ ਅਤੇ ਪੰਜਾਬ ਦੀਆਂ ਜੇਲਾਂ ਭਰਨੀਆਂ ਪਈਆਂ। ਇਸ ਰਾਹ ਤੇ ਚਲਦਿਆਂ ਆਪਣਾ ਪੈਂਡਾ ਤਹਿ ਕਰਦਿਆਂ ਸਿੱਖ ਪੰਥ ਨੂੰ ਸਾਕਾ ਨਨਕਾਣਾ ਸਾਹਿਬ, ਸਾਕਾ ਪੰਜਾ ਸਾਹਿਬ, ਮੋਰਚਾ ਗੁਰੂ ਕਾ ਬਾਗ, ਚਾਬੀਆਂ ਦੀ ਮੋਰਚਾ, ਗੁਰਦੁਆਰਾ ਬਾਬੇ ਦੀ ਬੇਰ, ਜੈਤੋ ਮੋਰਚਾ ਅਤੇ ਤਰਨ ਤਾਰਨ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਨੂੰ ਆਪਣੇ ਹੱਥਾਂ ਵਿੱਚ ਲੈਣਾ ਤੇ ਅਕਾਲ ਤਖਤ ਸਾਹਿਬ ਨੂੰ ਸਰਕਾਰੀ ਪੁਜਾਰੀਆਂ ਤੋਂ ਮੁਕਤ ਕਰਾਉਣਾ ਸਾਮਿਲ ਸੀ। ਇਸੇ ਤਰਾਂ ਤਰਨ ਤਾਰਨ ਸਾਹਿਬ ਦੇ ਗੁਰਦੁਆਰਾ ਪ੍ਰਬੰਧ ਦੌਰਾਨ ਪਹਿਲਾ ਸ਼ਹੀਦ ਹਜ਼ਾਰਾ ਸਿੰਘ ਦੀ ਦਾਸਤਾਨ ਸੁਣ ਕੇ ਮਹਾਤਮਾ ਗਾਂਧੀ ਨੇ ਵਿਸ਼ੇਸ ਤੌਰ ਤੇ ਜਿਸ ਵਿੱਚ ਉਸਨੇ ਇਹ ਕਿਹਾ ਕਿ ਮੈਨੂੰ ਦੇਸ਼ ਨੂੰ ਅਜ਼ਾਦ ਕਰਨ ਦਾ ਨੁਸਖਾ ਮਿਲ ਗਿਆ ਹੈ ਤੇ ਮੈਂ ਸਿੱਖ ਪੰਥ ਨੂੰ ਮੁਬਾਰਕਾਂ ਦਿੰਦਾ ਹਾਂ। ਇਸੇ ਤਰ੍ਹਾਂ ੧੯੨੨ ਵਿੱਚ ਚਾਬੀਆਂ ਦੇ ਮੋਰਚੇ ਫਤਹਿ ਤੋਂ ਬਾਅਦ ਮਹਾਤਮਾ ਗਾਂਧੀ ਨੇ ਇਹ ਮੰਨਿਆ ਸੀ ਕਿ ਸੁਤੰਤਰਤਾ ਦੀ ਪਹਿਲੀ ਜੰਗ ਜਿੱਤ ਲਈ ਗਈ ਹੈ। ਇਸੇ ਅਨੇਕਾਂ ਹੋਰ ਸੁਤੰਤਰਤਾ ਸੰਗਰਾਮ ਵਿੱਚ ਜੂਝ ਰਹੇ ਨਾਮੀ ਲੀਡਰਾਂ ਨੇ ਵਾਰ-ਵਾਰ ਸਿੱਖ ਪੰਥ ਨੂੰ ਵਧਾਈ ਦਿੱਤੀ। ਮੰਨਿਆ ਕਿ ਸਿੱਖ ਪੰਥ ਜਿਹੀ ਫੌਜ ਤੇ ਉਸਦੇ ਇਤਿਹਾਸ ਨਾਲ ਜੁੜੀਆਂ ਕੁਰਬਾਨੀਆਂ ਭਾਰਤ ਦੀ ਅਜ਼ਾਦੀ ਦੀ ਜੰਗ ਜਰੂਰ ਜਿੱਤ ਕੇ ਦੇਵੇਗੀ। ਸਮੇਂ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਰਾਹ ਤੋਂ ਬਿਖੜ ਗਈ ਹੈ ਤੇ ਇਸ ਵਿੱਚ ਵੀ ਉਹ ਸਾਰੀਆਂ ਕੁਰੀਤੀਆਂ ਤੇ ਜ਼ਿਆਦਤੀਆਂ ਆ ਗਈਆਂ ਹਨ ਜੋ ਅੰਗਰੇਜੀ ਹਕੂਮਤ ਦੇ ਪ੍ਰਬੰਧ ਵੇਲੇ ਸਨ।