ਮੌਤ ਮੌਤ ਵਿੱਚ ਫਰਕ ਹੁੰਦਾ ਹੈ। ਇੱਕ ਹੁੰਦੀ ਹੈ ਸੂਰਮਿਆਂ ਵਾਲੀ ਮੌਤ ਜਿਸਨੂੰ ਪਰਬਤੋਂ ਭਾਰੀ ਮੌਤ ਆਖਿਆ ਜਾਂਦਾ ਹੈ। ਦੂਸਰੀ ਹੁੰਦੀ ਹੈ ਸਮਾਜਕ ਅਪਰਾਧੀਆਂ ਵਾਲੀ ਮੌਤ ਜਿਸਨੂੰ ਕੱਖੋਂ ਹੌਲੀ ਮੌਤ ਆਖਿਆ ਜਾਂਦਾ ਹੈ। ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਦੋ ਕਾਤਲਾਂ ਨੂੰ ਪਿਛਲੇ ਦਿਨੀ ਪੰਜਾਬ ਪੁਲਸ ਨੇ ਇੱਕ ਮੁਕਾਬਲੇ ਵਿੱਚ ਮਾਰ ਮੁਕਾਇਆ। ਦੋਵਾਂ ਦੀਆਂ ਲਾਸ਼ਾਂ ਦੀਆਂ ਤਸਵੀਰਾਂ ਮੀਡੀਆ ਤੇ ਨਸ਼ਰ ਹੋਈਆਂ। ਬੇਸ਼ੱਕ ਉਹ ਬਹੁਤ ਤਰਸਯੋਗ ਹਾਲਤ ਵਿੱਚ ਮਰੇ ਪਏ ਸਨ ਪਰ ਪੰਜਾਬ ਦੇ ਬਹੁਤੇ ਵੱਡੇ ਹਿੱਸੇ ਵਿੱਚੋਂ ਉਨ੍ਹਾਂ ਦੀ ਮੌਤ ਤੇ ਹਮਦਰਦੀ ਦੇ ਭਾਵ ਪੈਦਾ ਨਹੀ ਹੋਏ। ਇਹ ਵਰਤਾਰਾ ਪਹਿਲੀ ਵਾਰ ਵਾਪਰਿਆ। ਨਹੀ ਤਾਂ ਪੰਜਾਬ ਵਿੱਚ ਕੋਈ ਵੀ ਸੱਚਾ ਝੂਠਾ ਪੁਲਸ ਮੁਕਾਬਲਾ ਹੋਵੇ ਸਮੁੱਚੀ ਸਿੱਖ ਸੰਗਤ ਦੇ ਮਨ ਵਿੱਚ ਮਾਰੇ ਜਾਣ ਵਾਲੇ ਨੌਜਵਾਨਾਂ ਲਈ ਇੱਕ ਹਮਦਰਦੀ ਦਾ ਭਾਵ ਜਾਗ ਪੈਂਦਾ ਹੈ। ਇਸ ਤਰ੍ਹਾਂ ਜਾਪਦਾ ਹੈ ਕਿ ਕੋਈ ਆਪਣਾਂ ਹੀ ਗਿਆ ਹੈ। ਭਕਨਾ ਪਿੰਡ ਦੇ ਇਸ ਮੁਕਾਬਲੇ ਨੇ ਸਿੱਖ ਘਰਾਂ ਅੰਦਰ ਅਜਿਹੇ ਭਾਵ ਪੈਦਾ ਨਹੀ ਕੀਤੇ। ਕਿਸੇ ਨੇ ਮੁਕਾਬਲੇ ਦੇ ਸੱਚੇ ਜਾਂ ਝੂਠੇ ਹੋਣ ਬਾਰੇ ਵੀ ਸੁਆਲ ਨਹੀ ਕੀਤੇ। ਪਹਿਲੀ ਵਾਰ ਸਿੱਖ ਮਾਨਸਿਕਤਾ ਨੇ ਕਿਸੇ ਪੁਲਸ ਮੁਕਾਬਲੇ ਨੂੰ ਕਬੂਲ ਕੀਤਾ ਹੈ।

ਇਹ ਇਸ ਕਰਕੇ ਹੋਇਆ ਕਿ ਪੁਲਸ ਮੁਕਾਬਲੇ ਵਿੱਚ ਮਾਰੇ ਜਾਣ ਵਾਲਿਆਂ ਨੇ ਕੋਈ ਅਜਿਹਾ ਕਾਰਜ ਨਹੀ ਸੀ ਕੀਤਾ ਜਿਸ ਦੀ ਪਰਵਾਨਗੀ ਗੁਰਮਤ ਸਿਧਾਂਤ ਜਾਂ ਸਿੱਖ ਪਰੰਪਰਾ ਵਿੱਚੋਂ ਮਿਲ ਸਕਦੀ ਹੋਵੇ। ਸਿੱਖੀ ਵਿੱਚ ਹਿੰਸਾ ਦਾ ਵਿਰੋਧ ਨਹੀ ਹੈ। ਹਿੰਸਾ ਸਿੱਖ ਪਰੰਪਰਾ ਦਾ ਅਨਿੱਖੜਵਾਂ ਅੰਗ ਹੈ। ਪਰ ਉ੍ਹਹ ਹਿੰਸਾ ਦੁਨਿਆਵੀ ਹਿੰਸਾ ਨਾਲੋਂ ਵੱਖਰੀ ਹੈ। ਉਹ ਮਨੁੱਖਤਾ ਨੂੰ ਇਨਸਾਫ ਦਿਵਾਉਣ ਦੇ ਮਨਸ਼ੇ ਨਾਲ ਕੀਤੀ ਗਈ ਹਿੰਸਾ ਹੁੰਦੀ ਹੈ ਜਿਸਨੂੰ ਸਿੱਖ ਪਰੰਪਰਾ ਪਰਵਾਨਗੀ ਦੇਂਦੀ ਹੈ। ਮਜਲੂਮ ਕੌਮਾਂ ਜਾਂ ਸਮੂਹਾਂ ਨੂੰ ਤਾਨਾਸ਼ਾਹ ਅਤੇ ਜਾਬਰ ਹਾਕਮਾਂ ਦੇ ਕਹਿਰ ਤੋਂ ਬਚਾਉਣ ਲਈ ਦਿੱਤੀਆਂ ਗਈਆਂ ਸ਼ਹੀਦੀਆਂ ਅਤੇ ਕੀਤੀ ਗਈ ਹਿੰਸਾ ਹੀ ਸਿੱਖ ਧਰਮ ਵਿੱਚ ਪਰਵਾਨ ਮੰਨੀ ਜਾਂਦੀ ਹੈ। ਉਹ ਸ਼ਹਾਦਤਾਂ ਭਾਵੇਂ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਵਾਂਗ ਸ਼ਾਂਤ ਚਿੱਤ ਰਹਿ ਕੇ ਦਿੱਤੀਆਂ ਗਈਆਂ ਹੋਣ ਜਾਂ ਫਿਰ ਬਾਬਾ ਦੀਪ ਸਿੰਘ ਜੀ ਜਾਂ ਹਜਾਰਾਂ ਸਿੰਘ-ਸਿੰਘਣੀਆਂ ਵਾਂਗ ਰਣ ਤੱਤੇ ਵਿੱਚ ਜੂਝ ਕੇ। ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸ਼ਹਾਦਤ ਵੀ ਇਸੇ ਲੜੀ ਅਧੀਨ ਆਉਂਦੀ ਹੈ। ਜਿਸਨੂੰ ਪਰਬਤੋਂ ਭਾਰੀ ਮੌਤ ਦੇ ਨਾਅ ਨਾਲ ਜਾਣਿਆਂ ਜਾਂਦਾ ਹੈ।

ਸਿੱਧੂ ਮੂਸੇਵਾਲੇ ਦਾ ਕਤਲ ਕਰਨ ਵਾਲੇ ਕੋਈ ਧਾਰਮਕ ਜੰਗ ਨਹੀ ਸੀ ਲੜ ਰਹੇ। ਉਸ ਸਮਾਜਕ ਅਪਰਾਧੀ ਹਨ ਜਿਨ੍ਹਾਂ ਨੇ ਆਪਣੀ ਨਿੱਜੀ ਜਿੰਦਗੀ ਨੂੰ ਬਿਹਤਰ ਬਣਾਉਣ ਲਈ ਹਥਿਆਰਾਂ ਦਾ ਮਾਰੂ ਰਾਹ ਚੁਣਿਆ ਹੈ। ਇਹ ਭਾਰਤੀ ਫਿਲਮ ਇੰਡਸਟਰੀ ਵਿੱਚ ਚਲਦੀ ਰਵਾਇਤ ਦਾ ਰਾਹ ਹੈ। ਜੋ ਧਰਮ ਅਤੇ ਰੁਹਾਨੀਅਤ ਤੋਂ ਸੱਖਣਾਂ ਹੈ। ਅਜਿਹੇ ਲੋਕਾਂ ਨੂੰ ਕੋਈ ਬਹੁਤੀ ਦੇਰ ਯਾਦ ਨਹੀ ਕਰਦਾ। ਕੌਮ ਦੀ ਸਦੀਵੀ ਯਾਦ ਵਿੱਚ ਤਾਂ ਉ੍ਹਹ ਸੂਰਮੇ ਵਸੇ ਰਹਿੰਦੇ ਹਨ ਜਿਨ੍ਹਾਂ ਨੇ ਪੰਥ ਅਤੇ ਪੰਜਾਬ ਲਈ ਕੋਈ ਇਤਿਹਾਸਕ ਕਾਰਨਾਮਾ ਕਰਕੇ ਸ਼ਹਾਦਤ ਦਾ ਜਾਮ ਪੀਤਾ ਹੁੰਦਾ ਹੈ।ਸਿੱਧੂ ਮੂਸੇਵਾਲੇ ਨੇ ਆਪਣੇ ਗੀਤ ਵਿੱਚ ਭਾਈ ਬਲਵਿੰਦਰ ਸਿੰਘ ਜਟਾਣਾਂ ਦਾ ਜਿਕਰ ਕੀਤਾ ਹੈ। ਆਪਣੀ ਸ਼ਹਾਦਤ ਤੋਂ 30 ਸਾਲ ਬਾਅਦ ਵੀ ਜੇ ਭਾਈ ਜਟਾਣਾਂ ਨੂੰ ਕੌਮ ਯਾਦ ਕਰ ਰਹੀ ਹੈ ਤਾਂ ਸਮਝਿਆ ਜਾ ਸਕਦਾ ਹੈ ਕਿ ਉਨ੍ਹਾਂ ਦੇ ਕਾਰਜ ਧਰਮ ਅਤੇ ਪੰਜਾਬ ਲਈ ਸਨ। ਉਨ੍ਹਾਂ ਦੀ ਸ਼ਹਾਦਤ ਤੇ ਹਜਾਰਾਂ ਲੋਕਾਂ ਦਾ ਇਕੱਠ ਹੋਇਆ ਪਰ ਭਕਨਾ ਪਿੰਡ ਦੇ ਮੁਕਾਬਲੇ ਵਿੱਚ ਮਾਰੇ ਜਾਣ ਵਾਲਿਆਂ ਲਈ ਕੋਈ ਹਾਅ ਦਾ ਨਾਹਰਾ ਵੀ ਨਹੀ ਲੱਗਾ।

ਪੰਜਾਬ ਦੀ ਜਿਹੜੀ ਜਵਾਨੀ ਆਪਣੇ ਨੀਵੀਂ ਕਿਸਮ ਦੇ ਚਾਵਾਂ ਲਈ ਹਥਿਆਰਾਂ ਦੇ ਰਾਹ ਪੈ ਗਈ ਹੈ ਅਸੀਂ ਉਸ ਨੂੰ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਉ੍ਹਹ ਇਸ ਤਰ੍ਹਾਂ ਖੁਦਕੁਸ਼ੀਆਂ ਦੇ ਰਾਹ ਨਾ ਪੈਣ। ਇਹ ਆਪਸੀ ਮਾਰਾ ਮਰਾਈ ਪੰਜਾਬ ਦੇ ਲਹੂ ਨੂੰ ਹੀ ਖਤਮ ਕਰ ਰਹੀ ਹੈ। ਦੋਵੇਂ ਪਾਸੇ ਪੰਜਾਬ ਦਾ ਲਹੂ ਡੁੱਲ੍ਹ ਰਿਹਾ ਹੈ। ਭਾਵੇਂ ਉਸ ਸਿੱਧੂ ਮੂਸੇਵਾਲੇ ਦੇ ਰੂਪ ਵਿੱਚ ਡੁੱਲ੍ਹਿਆ ਹੋਵੇ ਜਾਂ ਫਿਰ ਪੁਲਸ ਮੁਕਾਬਲੇ ਦੇ ਰੂਪ ਵਿੱਚ। ਦਿੱਲੀ ਅਤੇ ਹਰਿਆਣੇ ਵਾਲੇ ਚੁੱਪ ਚਾਪ ਦਿੱਲੀ ਪੁਲਸ ਕੋਲ ਪੇਸ਼ ਹੋਕੇ ਆਪਣੀ ਜਾਨ ਬਚਾ ਗਏ। ਅਗਲੇ 5 ਸਾਲਾਂ ਨੂੰ ਉ੍ਹਹ ਬਰੀ ਹੋ ਜਾਣਗੇ। ਪਰ ਇਸ ਸਾਰੇ ਕਾਂਡ ਵਿੱਚ ਨੁਕਸਾਨ ਪੰਜਾਬ ਦਾ ਹੋ ਗਿਆ। ਸਾਡਾ ਇੱਕ ਹੋਣਹਾਰ ਗਾਇਕ ਜਿਸਨੇ ਟਿੱਬਿਆਂ ਵਿੱਚੋਂ ਉਠਕੇ ਪੂਰੀ ਦੁਨੀਆਂ ਵਿੱਚ ਪੰਜਾਬ ਅਤੇ ਪੱਗ ਦਾ ਨਾਅ ਰੌਸ਼ਨ ਕੀਤਾ ਸੀ ਉਹ ਖਤਮ ਕਰ ਦਿੱਤਾ ਗਿਆ।

ਆਪਣੀ ਗਾਇਕੀ ਤੋਂ ਬਾਅਦ ਹੋ ਸਕਦਾ ਹੈ ਉਹ ਪੰਜਾਬ ਦੀ ਜਵਾਨੀ ਨੂੰ ਸਿੱਖ ਪਰੰਪਰਾ ਵਾਲੀ ਸੱਭਿਆਚਾਰਕ ਰਾਜਨੀਤੀ  ਦੇ ਰਾਹ ਤੋਰ ਲੈਂਦਾ। ਪਰ ਅਜਿਹਾ ਨਹੀ ਹੋ ਸਕਿਆ। ਪੰਜਾਬ ਦੋਖੀ ਤਾਕਤਾਂ ਨੇ ਉਹ ਚੜ੍ਹਦਾ ਸੂਰਜ ਖਾ ਲਿਆ ਜਿਸਨੇ ਆਪਣੀ ਰੌਸ਼ਨੀ ਨਾਲ ਪੰਜਾਬ ਦਾ ਵਿਹੜਾ ਚਮਕਾਉਣਾਂ ਸੀ।

ਇਸ ਘਟੀਆ ਰਸਤੇ ਤੇ ਤੁਰੇ ਸਾਰੇ ਪੰਜਾਬੀ ਨੌਜਵਾਨਾਂ ਨੂੰ ਬੇਨਤੀ ਹੈ ਕਿ ਉ੍ਹਹ ਕੱਖੋਂ ਹੌਲੀ ਮੌਤ ਮਰਨ ਵਾਲੇ ਰਸਤੇ ਤੇ ਨਾ ਪੈਣ ਬਲਕਿ ਆਪਣੇ ਧਰਮ, ਕੌਮ ਅਤੇ ਮਾਂ ਧਰਤੀ ਲਈ ਸ਼ਹਾਦਤ ਦੇਣ ਦਾ ਜਜਬਾ ਪਾਲ ਕੇ ਜਿੰਦਗੀ ਜੀਊਣ।