ਭਾਈ ਗੁਰਬਖਸ਼ ਸਿੰਘ ਵੱਲੋਂ ੧੪ ਨਵੰਬਰ ਨੂੰ ਸਿੱਖ ਬੰਦੀਆਂ ਦੀ ਰਿਹਾਈ ਲਈ ਲਗਾਏ ਗਏ ਮੋਰਚੇ ਨੂੰ ਕਿਸੇ ਨਾ ਕਿਸੇ ਤਰ੍ਹਾਂ ਖਤਮ ਕਰਵਾ ਦਿੱਤਾ ਗਿਆ ਹੈ। ੨੦੧੩ ਵਿੱਚ ਉਨ੍ਹਾਂ ਵੱਲੋਂ ਲਗਾਏ ਗਏ ਮੋਰਚੇ ਨੂੰ ਵੀ ਇਸੇ ਤਰ੍ਹਾਂ ਖਤਮ ਕਰਵਾ ਦਿੱਤਾ ਗਿਆ ਸੀ। ਫਿਰ ੧੪ ਨਵੰਬਰ ੨੦੧੪ ਨੂੰ ਉਨ੍ਹਾਂ ਫਿਰ ਅਕਾਲ ਤਖਤ ਦੇ ਜਥੇਦਾਰ ਦੀ ਅਸਫਲਤਾ ਕਾਰਨ ਮੋਰਚਾ ਅਰੰਭ ਕਰ ਦਿੱਤਾ ਸੀ। ਭਾਈ ਗੁਰਬਖਸ਼ ਸਿੰਘ ਦੇ ਮੋਰਚੇ ਨੂੰ ਸਿੱਖ ਸੰਗਤਾਂ ਨੇ ਬਹੁਤ ਵੱਡੀ ਹਮਾਇਤ ਦਿੱਤੀ। ਪੰਜਾਬ ਦੇ ਨਾਲ ਨਾਲ ਹਰਿਆਣਾਂ ਵਿੱਚੋਂ ਵੀ ਗੁਰੂ ਦੇ ਦਰਦਮੰਦ ਸਿੰਘ ਸਿੰਘਣੀਆਂ ਉਨ੍ਹਾਂ ਦੀ ਹਮਾਇਤ ਵਿੱਚ ਦਿਨ ਰਾਤ ਆਉਂਦੇ ਰਹੇ। ਲੰਬੇ ਸਮੇਂ ਤੱਕ ਸਿੰਘਾਂ ਦੀ ਰਿਹਾਈ ਲਈ ਇੱਕ ਸੰਘਰਸ਼ਮਈ ਮਹੌਲ ਬਣਿਆ ਰਿਹਾ। ਅੰਤ ਨੂੰ ਉਹ ਹੀ ਕੁਝ ਹੋਇਆ ਜੋ ਮੋਰਚਾ ਸ਼ੁਰੂ ਕਰਨ ਤੋਂ ਪਹਿਲਾਂ ਹੀ ਤੈਅ ਸੀ।

ਭਾਈ ਗੁਰਬਖਸ਼ ਸਿੰਘ ਵੱਲੋਂ ਮੋਰਚਾ ਖਤਮ ਕਰ ਦੇਣ ਦੇ ਐਲਾਨ ਕਾਰਨ ਦੇਸ਼ ਵਿਦੇਸ਼ ਵਿੱਚ ਬੈਠੇ ਬਹੁਤ ਸਾਰੇ ਸੱਜਣਾਂ ਨੇ ਬੁਰਾ ਮਨਾਇਆ ਹੈ। ਬਹੁਤ ਸਾਰੇ ਸੱਜਣ ਜੋ ਉਨ੍ਹਾਂ ਦੀ ਹਮਾਇਤ ਵਿੱਚ ਕਾਫੀ ਅੱਗੇ ਵਧ ਗਏ ਸਨ ਉਹ ਹੁਣ ਉਨ੍ਹਾਂ ਦੇ ਖਿਲਾਫ ਬੋਲ ਰਹੇ ਹਨ। ਸ਼ੋਸ਼ਲ ਮੀਡੀਆ ਤੇ ਉਨ੍ਹਾਂ ਤੇ ਕਾਫੀ ਦੋਸ਼ ਲਗਾਏ ਜਾ ਰਹੇ ਹਨ। ਸਿੱਖਾਂ ਦਾ ਇੱਕ ਹਿੱਸਾ ਮੋਰਚਾ ਖਤਮ ਹੋਣ ਕਾਰਨ ਕਾਫੀ ਗੁੱਸੇ ਅਤੇ ਨਿਰਾਸ਼ਾ ਵਿੱਚ ਹੈ।

ਅਸੀਂ ਸਿੱਖਾਂ ਦੇ ਸੁਹਿਰਦ ਹਿੱਸੇ ਦੇ ਗਮ ਅਤੇ ਗੰਭੀਰਤਾ ਨੂੰ ਸਮਝਦੇ ਹਾਂ ਪਰ ਉਨ੍ਹਾਂ ਲੋਕਾਂ ਦੇ ਵਿਚਾਰਾਂ ਨਾਲ ਸਹਿਮਤ ਨਹੀ ਹਾਂ ਜਿਨ੍ਹਾਂ ਲਈ ਮੋਰਚਾ ਨਿੱਜੀ ਰਾਜਨੀਤੀ ਦਾ ਇੱਕ ਹੋਰ ਮੌਕਾ ਲੈ ਕੇ ਆਇਆ ਸੀ। ਜਿਨ੍ਹਾਂ ਦੇ ਰਾਜਨੀਤਿਕ ਜੀਵਨ ਨੂੰ ਇਸ ਮੋਰਚੇ ਦੇ ਖਤਮ ਹੋਣ ਨਾਲ ਸੱਟ ਵੱਜੀ ਹੈ ਅਤੇ ਜਿਹੜੇ ਸੱਜਣ ੩੦ ਸਾਲਾਂ ਬਾਅਦ ਵੀ ਸਿੱਖਾਂ ਦੇ ਜ਼ਖਮਾਂ ਵਿੱਚੋਂ ਸੁਆਦ ਲੈ ਕੇ ਸਿਰਫ ਰਾਜਨੀਤੀ ਕਰ ਰਹੇ ਹਨ ਉਨ੍ਹਾਂ ਦੇ ਪ੍ਰਤੀਕਰਮ ਭਾਈ ਗੁਰਬਖਸ਼ ਸਿੰਘ ਬਾਰੇ ਕਾਫੀ ਤਿੱਖੇ ਅਤੇ ਮਨੁੱਖੀ ਪੱਧਰ ਤੋਂ ਗਿਰੇ ਹੋਏ ਹਨ। ਅਜਿਹੇ ਰਾਜਨੀਤਿਕ ਅਤੇ ‘ਪੱਤਰਕਾਰ’ ਬਣੇ ਹੋਏ ਲੋਕ ਭਾਈ ਗੁਰਬਖਸ਼ ਸਿੰਘ ਬਾਰੇ ਕਾਫੀ ਹੇਠਲੇ ਪੱਧਰ ਦੀਆਂ ਟਿੱਪਣੀਆਂ ਕਰ ਰਹੇ ਹਨ। ਉਨ੍ਹਾਂ ਦੀਆਂ ਏਨੀਆਂ ਨੀਵੀਆਂ ਟਿੱਪਣੀਆਂ ਸਿੱਖ ਲਹਿਰ ਦੇ ਉਦਾਸ ਭਵਿੱਖ ਦੀ ਕਨਸੋਅ ਦੇ ਰਹੀਆਂ ਹਨ। ਛੋਟੀਆਂ ਛੋਟੀਆਂ ਖੁਸ਼ੀਆਂ ਅਤੇ ਛੋਟੇ ਛੋਟੇ ਦੁਖਾਂ ਦੀ ਰਾਜਨੀਤੀ ਵਿੱਚ ਉਲਝੇ ਅਜਿਹੇ ਵੀਰ ਕੌਮੀ ਦਰਦ ਅਤੇ ਕੌਮੀ ਖੁਸ਼ੀ ਦੀ ਪਰਿਭਾਸ਼ਾ ਕਦੋਂ ਸਮਝਣਗੇ ਇਹ ਸੁਆਲ ਕਾਫੀ ਵੱਡਾ ਨਜ਼ਰ ਆਉਂਦਾ ਹੈ।

ਨਿਰਸੰਦੇਹ ਇਸ ਵਿੱਚ ਕੋਈ ਸ਼ੱਕ ਨਹੀ ਕਿ ਭਾਈ ਗੁਰਬਖਸ਼ ਸਿੰਘ ਨੇ ਜਿਨ੍ਹਾਂ ਸਿੰਘਾਂ ਦੀ ਰਿਹਾਈ ਲਈ ਮੋਰਚਾ ਲਾਇਆ ਸੀ ਉਨ੍ਹਾਂ ਵਿੱਚੋਂ ਕੋਈ ਇੱਕ ਵੀ ਰਿਹਾ ਨਹੀ ਹੋਇਆ। ਮੋਰਚੇ ਦੀ ਕੋਈ ਇੱਕ ਵੀ ਮੰਗ ਨਹੀ ਮੰਨੀ ਗਈ। ਪਰ ਇਸ ਮੋਰਚੇ ਨੇ ਧੰਦੇ ਦੀ ਰਾਜਨੀਤੀ ਵਿੱਚ ਉਲਝੀ ਸਿੱਖ ਕੌਮ ਦੇ ਮਨ ਵਿੱਚ ਇੱਕ ਚੀਸ ਭਰ ਦਿੱਤੀ ਹੈ। ਇਹ ਚੀਸ ਸਿਰਫ ਪਿੰਡਾਂ ਵਿੱਚ ਰਹਿਣ ਵਾਲੇ ਸਧਾਰਨ ਸਿੱਖਾਂ ਵਿੱਚ ਹੀ ਨਹੀ ਬਲਕਿ ਸਿੱਖ ਕੌਮ ਦੇ ਅਮੀਰ ਤੇ ਉਚ ਵਰਗ ਦੇ ਮਨ ਵਿੱਚ ਵੀ ਭਰੀ ਗਈ ਹੈ। ਇਹ ਚੀਸ ਸਿਰਫ ਅਕਾਲੀ ਜਾਂ ਪੰਥਕ ਰਾਜਨੀਤੀ ਨਾਲ ਜੁੜੇ ਸਿੱਖਾਂ ਵਿੱਚ ਹੀ ਨਹੀ ਬਲਕਿ ਭਾਜਪਾ ਵਿੱਚ ਬੈਠੇ ਸਿੱਖਾਂ ਨੇ ਵੀ ਮਹਿਸੂਸ ਕੀਤੀ ਹੈ। ਲੁਧਿਆਣੇ ਤੋਂ ਭਾਜਪਾ ਦੇ ਇੱਕ ਸੀਨੀਅਰ ਸਿੱਖ ਲੀਡਰ ਦਾ ਦੋ-ਤਿੰਨ ਵਾਰ ਭਾਈ ਗੁਰਬਖਸ਼ ਸਿੰਘ ਕੋਲ ਜਾਣਾਂ ਅਤੇ ਇਮਾਨਦਾਰੀ ਨਾਲ ਸਿੰਘਾਂ ਦੀ ਰਿਹਾਈ ਲਈ ਯਤਨ ਕਰਨਾ ਕਾਫੀ ਮਹੱਤਵਪੂਰਨ ਹੈ।

ਜਦੋਂ ਕੌਮਾਂ ਵਿੱਚ ਰਾਸ਼ਟਰਵਾਦ ਦੀ ਭਾਵਨਾ ਪੈਦਾ ਹੁੰਦੀ ਹੈ ਉਹ ਇੱਕ ਦਮ ਪੈਦਾ ਨਹੀ ਹੋ ਜਾਂਦੀ। ਉਹ ਜਲਵਾ ਜੋ ਕੌਮਾਂ ਨੂੰ ਅਜ਼ਾਦ ਕਰਵਾਉਣ ਦਾ ਸਬੱਬ ਬਣਦਾ ਹੈ ਉਹ ਦੋ ਮਹੀਨਿਆਂ ਵਿੱਚ ਪੈਦਾ ਨਹੀ ਹੁੰਦਾ। ਜਦੋਂ ਸੁਆਲ ਕੌਮੀ ਖੁਸ਼ੀਆਂ ਅਤੇ ਕੌਮੀ ਗਮਾਂ ਦਾ ਹੋਵੇ ਉਸ ਵੇਲੇ ਅਜਿਹੇ ਮੋਰਚੇ ਕਾਫੀ ਸਾਜ਼ਗਾਰ ਸਿੱਧ ਹੁੰਦੇ ਹਨ। ਸਾਂਝੀਆਂ ਕੌਮੀ ਯਾਦਾਂ, ਕੌਮੀ ਜਿੱਤਾਂ ਅਤੇ ਕੌਮੀ ਹਾਰਾਂ ਦਾ ਦਰਦ ਜਦੋਂ ਕੌਮ ਦੇ ਹਿਰਦੇ ਵਿੱਚ ਇਕੱਠਾ ਹੁੰਦਾ ਹੈ ਉਸ ਵੇਲੇ ਇਤਿਹਾਸ ਰਚੇ ਜਾਂਦੇ ਹਨ।

ਵਿਦੇਸ਼ੀ ਧਰਤੀਆਂ ਤੇ ਵਸਦੇ ਬੱਚੇ ਬੱਚੀਆਂ ਨੇ ਭਾਈ ਗੁਰਬਖਸ਼ ਸਿੰਘ ਅਤੇ ਬੰਦੀ ਸਿੰਘਾਂ ਦੇ ਹੱਕ ਵਿੱਚ ਜਿਵੇਂ ਗਾਣਿਆਂ ਅਤੇ ਕਵੀਸ਼ਰੀਆਂ ਰਾਹੀਂ ਅਵਾਜ਼ ਬੁਲੰਦ ਕੀਤੀ ਹੈ ਉਹ ਬਹੁਤ ਸਾਜ਼ਗਾਰ ਰੋਲ ਨਿਭਾ ਗਈ ਹੈ। ਪਿਛਲੇ ਦਿਨੀ ਮੈਨੂੰ ਕਿਸੇ ਸਮਾਜਕ ਸਮਾਰੋਹ ਵਿੱਚ ਜਾਣ ਦਾ ਮੌਕਾ ਮਿਲਿਆ ਉਥੇ ਸਿੱਖਾਂ ਦੇ ਕਾਫੀ ਅਮੀਰ ਘਰਾਣਿਆਂ ਨਾਲ ਸਬੰਧਿਤ ਸੱਜਣ ਆਏ ਹੋਏ ਸਨ। ਉਹ ਵੀ ਸਿੱਖਾਂ ਦੇ ਰਾਜਸੀ ਕੈਦੀਆਂ ਬਾਰੇ ਵਿਚਾਰ ਕਰ ਰਹੇ ਸਨ। ਆਮ ਤੌਰ ਤੇ ਸਿੱਖਾਂ ਦਾ ਅਮੀਰ ਤਬਕਾ ਅਜਿਹੇ ਝੰਜਟਾਂ ਵਿੱਚ ਨਹੀ ਪੈਂਦਾ ਪਰ ਪਹਿਲੀ ਵਾਰ ਮੈਂ ਉਨ੍ਹਾਂ ਸਿੱਖਾਂ ਨੂੰ ਆਪਣੀ ਕੌਮ ਦੇ ਅਸਹਿ ਦਰਦ ਨਾਲ ਇੱਕਮਿੱਕ ਹੋਏ ਦੇਖਿਆ। ਉਹ ਬਹੁਤ ਗੰਭੀਰਤਾ ਨਾਲ ਇਸ ਮਸਲੇ ਬਾਰੇ ਗੱਲ ਕਰ ਰਹੇ ਸਨ।

ਅਸੀਂ ਸਮਝਦੇ ਹਾਂ ਕਿ ਭਾਈ ਗੁਰਬਖਸ਼ ਸਿੰਘ ਦੇ ਮੋਰਚੇ ਦਾ ਇਹ ਸਭ ਤੋਂ ਵੱਡਾ ਯੋਗਦਾਨ ਹੈ ਕਿ ਉੁਨ੍ਹਾਂ ਨੇ ਪੂਰੀ ਸਿੱਖ ਕੌਮ ਨੂੰ ਇਹ ਦਰਸਾ ਦਿੱਤਾ ਹੈ ਕਿ ਸਾਡੇ ਸਿੱਖ ਕੈਦੀ ਹਾਲੇ ਵੀ ਕਨੂੰਨ ਦੀ ਉਲੰਘਣਾਂ ਕਰਕੇ ਜੇਲ਼੍ਹਾਂ ਵਿੱਚ ਡੱਕੇ ਹੋਏ ਹਨ।

ਇਸ ਜਾਗਰਤੀ ਨਾਲ ਹੁਣ ਅਗਲੇ ਕਦਮ ਪੁੱਟਣੇ ਸੌਖੇ ਹੋ ਸਕਦੇ ਹਨ।

ਚਾਲੂ ਕਿਸਮ ਦੇ ਰਾਜਨੀਤਿਕਾਂ ਅਤੇ ‘ਪੱਤਰਕਾਰਾਂ’ ਨੂੰ ਸਾਂਝੀ ਕੌਮੀ ਯਾਦ ਦਾ ਇਹ ਮੰਜਰ ਹਾਲੇ ਸਮਝ ਨਹੀ ਆਵੇਗਾ ਅਤੇ ਉਹ ਜੋਰ ਸ਼ੋਰ ਨਾਲ ਤਿੱਖੀਆਂ ਟਿੱਪਣੀਆਂ ਕਰਦੇ ਰਹਿਣਗੇ। ਵਾਹਿਗੁਰੂ ਜੀ ਉਨ੍ਹਾਂ ਨੂੰ ਸੁਮੱਤ ਬਖਸ਼ਣ।