ਭਾਰਤ ਦੇ ਮਸ਼ਹੂਰ ਅਰਥ ਸਾਸ਼ਤਰ ਦੇ ਪ੍ਰੋਫੈਸਰ ਵਜੋਂ ਅੰਮ੍ਰਿਤਿਆ ਸੇਨ ਜੋ ਕਿ ਨੋਬਲ ਪੁਰਸਕਾਰ ਨਾਲ ਵੀ ਸਨਮਾਨਤ ਹੋ ਚੁੱਕੇ ਹਨ, ਨੇ ਪਿੱਛੇ ਜਿਹੇ ਕਿਸੇ ਸੈਮੀਨਾਰ ਤੇ ਬੋਲਦਿਆਂ ਹੋਇਆ ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀ ਦੀ ਪ੍ਰਸੰਸਾ ਕਰਦਿਆਂ ਹੋਇਆਂ ਇਹ ਸ਼ਬਦ ਆਖੇ ਸਨ ਕਿ ਪ੍ਰਧਾਨ ਮੰਤਰੀ ਦੀ ਸਭ ਨਾਲੋਂ ਵੱਡੀ ਪ੍ਰਾਪਤੀ, ਜਿਸ ਰਾਹੀਂ ਇਹ ਭਾਰਤ ਦੀ ਹਕੂਮਤ ਸੰਭਾਲ ਸਕੇ ਹਨ, ਉਹ ਇਹ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਆਮ ਲੋਕਾਂ ਨੂੰ ਇੱਕ ਆਸ ਬੰਨਾਈ ਹੈ ਕਿ ਸਾਡੀ ਸਰਕਾਰ ਨੇ ਆਮ ਲੋਕਾਂ ਦੀਆਂ ਇਛਾਵਾਂ ਮੁਤਾਬਕ ਚੱਲ ਕੇ ਸਰਕਾਰ ਲਈ ਲੋਕਾਂ ਵਿੱਚ ਆਪਣਾਪਨ ਪੈਂਦਾ ਕੀਤਾ ਹੈ। ਜਿਸ ਨਾਲ ਇਹਨਾਂ ਨੇ ਬਹੁਤ ਵੱਡੇ ਪੱਧਰ ਤੇ ਆਮ ਲੋਕਾਂ ਦਾ ਧਿਆਨ ਆਪਣੇ ਵੱਲ ਖਿਚਿਆ ਹੈ। ਇਹ ਤਾਂ ਸਮਾਂ ਹੀ ਦੱਸੇਗਾ ਕਿ ਇਹ ਆਸ ਸਥਾਈ ਰੂਪ ਵਿੱਚ ਕਦੀ ਮੁਕੰਮਲ ਹੋ ਸਕੇਗੀ ਕਿ ਨਹੀਂ।

ਦੂਜੇ ਪਾਸੇ ਦਿਨ-ਪਰ-ਦਿਨ ਜਿਸ ਤਰ੍ਹਾਂ ਭਾਰਤੀ ਸਮਾਜ ਵਿੱਚ ਬਹੁ-ਗਿਣਤੀ ਹਿੰਦੂ ਸਮਾਜ ਨਾਲ ਸਬੰਧਤ ਕੁਝ ਹਿੱਸਿਆਂ ਵੱਲੋਂ ਵਾਰ-ਵਾਰ ਇਹ ਦਾਅਵਾ ਕਰਨਾ ਕਿ ੮੦੦ ਸਾਲਾਂ ਬਾਅਦ ਹੁਣ ਮੁਕੰਮਲ ਰੂਪ ਵਿੱਚ ਹੁਣ ਮੁੜ ਤੋਂ ਹਿੰਦੂ ਰਾਸ਼ਟਰ ਸਥਾਪਤ ਹੋਇਆ ਹੈ ਅਤੇ ਇਸ ਅਧੀਨ ਆਧੁਨਿਕ ਵਿਗਿਆਨ ਨੂੰ ਵੀ ਪੁਰਾਤਨ ਸਮਿਆਂ ਦੇ ਨਾਲ ਸਬੰਧਤ ਹਿੰਦੂ ਧਾਰਵਾਂ ਤੇ ਅਧਾਰਿਤ ਮਿਥਿਹਾਸ ਤੇ ਨਿਰਭਰ ਕਰਦੇ ਹੋਏ ਵਿਗਿਆਨ ਰਾਹੀਂ ਮੁਢੋਂ ਨਵੇਂ ਰੂਪ ਵਿੱਚ ਚੁਣੌਤੀ ਦੇਣੀ, ਇੱਕ ਅਜਿਹਾ ਪ੍ਰਭਾਵ ਦਰਸਾ ਰਿਹਾ ਹੈ ਜਿਸ ਦੀ ਵਿਆਖਿਆ ਕਰਦੇ ਹੋਏ ਇਸ ਸਾਲ ਦੇ ਸ਼ਾਂਤੀ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੈਲਾਸ਼ ਸਤਿਆਰਥੀ ਵੱਲੋਂ ਇੱਕ ਇੰਟਰਵਿਊ ਵਿੱਚ ਇਹ ਕਹਿਣਾ ਕਿ ਇਸ ਸਮੇਂ ਭਾਰਤੀ ਸਮਾਜ ਅੰਦਰ ਇੱਕ ਡਰ ਰੂਪੀ ਹਿੰਸਾ ਦਾ ਸਹਿਮ ਅਤੇ ਪ੍ਰਛਾਵਾਂ ਹੈ। ਜਿਸ ਅਧੀਨ ਅੱਜ ਹੀ ਇੱਕ ਮਸ਼ਹੂਰ ਤਾਮਿਲ ਲਿਖਾਰੀ ਨੇ ਜੋ ਕਿ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਇੱਕ ਲਿਖਾਰੀ ਵਜੋਂ ਅਹਿਮ ਸਥਾਨ ਰੱਖਦਾ ਹੈ ਵੱਲੋਂ ਜਨਤਕ ਤੌਰ ਤੇ ਕਹਿਣਾ ਕਿ ਅੱਜ ਡਰ ਤੇ ਸਹਿਮ ਅੱਗੇ ਝੁਕਦਿਆਂ ਮੇਰਾ ਅੰਦਰਲਾ ਲਿਖਾਰੀ ਦਮ ਤੋੜ ਗਿਆ ਹੈ। ਕਿਉਂ ਕਿ ਉਸ ਵੱਲੋਂ ਮੌਜੂਦਾ ਸਮੇਂ ਵਿੱਚ ਲਿਖੀ ਕਿਤਾਬ ਦਾ ਹਿੰਦੂ ਰਾਸ਼ਟਰ ਨਾਲ ਸਬੰਧਤ ਕੁਝ ਧਿਰਾਂ ਵੱਲੋਂ ਕੀਤੇ ਵਿਰੋਧ ਕਾਰਨ ਇਸ ਨਵ-ਲਿਖਤ ਪੁਸਤਕ ਨੂੰ ਵੱਜੋਂ ਬਜ਼ਾਰ ਵਿੱਚੋਂ ਵਾਪਸ ਲੈਣਾ ਪਿਆ ਹੈ। ਇਸੇ ਕਰਕੇ ਹਿੰਸਾ ਇੱਕਲੀ ਗੋਲੀ ਜਾਂ ਧਮਾਕਿਆ ਨਾਲ ਹੀ ਸਬੰਧਤ ਨਹੀਂ ਸਗੋਂ ਉਸਤੋਂ ਵੀ ਵੱਡੀ ਹਿੰਸਾ ਭਾਰਤੀ ਸਮਾਜ ਅੰਦਰ ਪੈਦਾ ਹੋ ਰਹੀ ਹੈ।

ਮੈਂ ਸਿਰਫ ਆਪਣੇ ਇਸ ਲੇਖ ਵਿੱਚ ਇਹ ਦੱਸਣਾ ਚਾਹੁੰਦਾ ਹਾਂ ਕਿ ਪੰਜਾਬ ਸੂਬਾ ਇੱਕ ਅਜਿਹਾ ਸੂਬਾ ਹੈ ਜਿਥੇ ਭਾਰਤ ਵਿੱਚ ਸਾਰਿਆਂ ਸੂਬਿਆਂ ਦੇ ਮੁਕਾਬਲੇ ਦਲਿਤ ਸਮਾਜ ਦੀ ਵਧੇਰੇ ਗਿਣਤੀ ਹੈ। ਲੰਮੇ ਅਰਸੇ ਤੋਂ ਦਲਿਤ ਸਮਾਜ ਭੂਮੀਹੀਣ ਹਨ ਅਤੇ ਪੰਜਾਬ ਦੇ ਹੋਰ ਵੱਡੀ ਗਿਣਤੀ ਵਿੱਚ ਛੋਟੇ ਕਿਸਾਨਾਂ ਵਾਂਗ ਆਪਣੀਆਂ ਛੋਟੀਆਂ-ਛੋਟੀਆਂ ਮੁਢਲੀਆਂ ਜਰੂਰਤਾਂ ਤੇ ਹੱਕਾਂ ਲਈ ਲਗਾਤਾਰ ਯਤਨਸ਼ੀਲ ਹਨ। ਇਹਨਾਂ ਨੂੰ ਪਿਛਲੇ ਇੱਕ ਸਾਲ ਤੋਂ ਕਾਫੀ ਸੰਘਰਸ਼ ਕਰਨਾ ਪੈ ਰਿਹਾ ਹੈ ਖਾਸ ਕਰਕੇ ਪਿੰਡਾਂ ਵਿੱਚ। ਇਸ ਭੂਮੀਹੀਣ ਸੰਘਰਸ਼ ਨੂੰ ਸ਼ਹੀਦ ਭਗਤ ਸਿੰਘ ਵਰਗੇ ਮੁਢਲੇ ਇਨਕਲਾਬੀ ਅਜਾਦੀ ਘੁਲਾਟੀਆਂ ਦੀ ਪ੍ਰੇਰਨਾ ਲੈ ਕੇ ਦਲਿਤ ਸਮਾਜ ਆਉਣ ਵਾਲੇ ਮਾਰਚ ਵਿੱਚ ਆਪਣੀਆਂ ਹੱਕੀ ਮੰਗਾਂ ਤੇ ਮੁਢਲੀਆਂ ਜਰੂਰਤਾਂ ਦੀ ਪੂਰਤੀ ਲਈ ਪੰਜਾਬ ਸਰਕਾਰ ਅੱਗੇ ਚੰਡੀਗੜ੍ਹ ਵਿੱਚ ਇੱਕਠੇ ਹੋਣ ਦਾ ਯਤਨ ਕਰ ਰਿਹਾ ਹੈ ਤਾਂ ਜੋ ਕਾਨੂੰਨ ਮੁਤਾਬਕ ਪੇਂਡੂ ਪੰਚਾਇਤੀ ਜਮੀਨਾਂ ਵਿਚੋਂ ਆਪਣੇ ਹੱਕ ਮੁਤਾਬਕ ਜਮੀਨ ਗ੍ਰਹਿਣ ਕਰਕੇ ਅਤੇ ਉਸਤੇ ਖੇਤੀ ਕਰਕੇ ਆਪਣੀਆਂ ਖਾਨਾਪੂਰਤੀ ਦੀਆਂ ਲੋੜਾਂ ਦੀ ਪੂਰਤੀ ਕਰ ਸਕੇ। ਜਿਸਦੀ ਪ੍ਰਾਪਤੀ ਲਈ ਪਿਛਲੇ ਕਈ ਸਾਲਾਂ ਤੋਂ ਦਲਿਤ ਸਮਾਜ ਆਪਣੇ-ਆਪਣੇ ਤੌਰ ਤੇ ਜਥੇਬੰਦਕ ਹੋ ਕੇ ਸੰਘਰਸ਼ ਕਰ ਰਿਹਾ ਹੈ ਅਤੇ ਇਸ ਸੰਘਰਸ਼ ਦੌਰਾਨ ਅਨੇਕਾਂ ਵਾਰ ਇਹਨਾਂ ਨੂੰ ਝੂਠੇ ਮੁਕੱਦਮਿਆਂ ਅਤੇ ਜੇਲ੍ਹਾਂ ਦਾ ਵੀ ਸਫਰ ਤਹਿ ਕਰਨਾ ਪਿਆ ਹੈ।

ਇਸ ਸੰਘਰਸ਼ ਨੂੰ ਆਪਣੀ ਕਲਾ ਅਤੇ ਹੁਨਰ ਦੇ ਰਾਹੀਂ ਰੰਗਣ ਲਈ ਇੱਕ ਸਮਾਜ ਪ੍ਰਤੀ ਚੇਤਨ ਸੂਝ ਰੱਖਣ ਵਾਲਾ ਨੌਜਵਾਨ ਸਿਮਰਜੀਤ ਜੋ ਕਿ ਚੰਡੀਗੜ੍ਹ ਦੇ ਆਰਟ ਕਾਲਜ ਦਾ ਪਹਿਲੇ ਸਾਲ ਦਾ ਵਿਦਿਆਰਥੀ ਹੈ ਕਲਾ ਵਿੱਚ ਰੰਗਣ ਦੀ ਕੋਸਿਸ਼ ਕਰ ਰਿਹਾ ਹੈ। ਸਿਮਰਜੀਤ ਪਿਛਲੇ ਕੁਝ ਸਮੇਂ ਤੋਂ ਇੱਕ ਅਜਿਹੀ ਸੰਸਥਾ ਨਾਲ ਜੁੜਿਆ ਹੋਇਆ ਹੈ ਜੋ ਦਲਿਤਾਂ ਅਤੇ ਭੂਮੀਹੀਣ ਕਿਸਾਨਾਂ ਨੂੰ ਮੁਢਲੀ ਜ਼ਿੰਦਗੀ ਦੀਆਂ ਲੋੜਾਂ ਅਤੇ ਹੱਕਾਂ ਨੂੰ ਮਹਿਫੂਜ ਕਰਨ ਬਾਰੇ ਯਤਨਸੀਲ ਜੱਥੇਬੰਦੀ ਜਿਸਦਾ ਨਾਮ ‘ਭੂਮੀਹੀਣਾਂ ਦੇ ਮੁਢਲੇ ਹੱਕ’ ਦੇ ਨਾਲ ਜੁੜਿਆ ਹੋਇਆ ਹੈ ਤਾਂ ਕਿ ਪੰਜਾਬ ਦੀਆਂ ਪੰਚਾਇਤੀ ਜ਼ਮੀਨਾਂ ਕਾਨੂੰਨ ਮੁਤਾਬਿਕ ਭੂਮੀਹੀਣ ਕਿਸਾਨਾਂ ਤੇ ਦਲਿਤਾਂ ਨੂੰ ਵਾਜਬ ਮੁੱਲ ਤੇ ਵਾਹੁਣ ਲਈ ਦਿੱਤੀਆਂ ਜਾ ਸਕਣ। ਭਾਰਤ ਵਿੱਚ ਅਤੇ ਇਸਦੇ ਸੂਬਿਆਂ ਵਿੱਚ ਸਹਿਮ ਦੇ ਮਾਹੌਲ ਦੇ ਬਾਵਜੂਦ ਸਿਮਰਜੀਤ ਹੁਣ ਤੱਕ ਆਪਣੀ ਸੰਸਥਾ ਦੇ ਯਤਨਾਂ ਰਾਹੀਂ ਲੁਧਿਆਣਾ ਅਤੇ ਸੰਗਰੂਰ ਜਿਲੇ ਦੇ ਕੁਝ ਪਿੰਡਾਂ ਵਿੱਚ ਲੋਕਾਂ ਨੂੰ ਚੇਤੰਨ ਕਰਨ ਲਈ ਸ਼ਹੀਦ ਭਗਤ ਸਿੰਘ ਅਤੇ ਹੋਰ ਕ੍ਰਾਂਤੀਕਾਰੀ ਖਿਆਲਾਂ ਨੂੰ ਖਾਲੀ ਕੰਧਾਂ ਤੇ ਲਿਖਕੇ ਕਲਾ ਰਾਹੀਂ ਵੱਡੇ-ਵੱਡੇ ਚਿੱਤਰ ਉਕਰ ਕੇ ਦਲਿਤ ਸਮਾਜ ਨੂੰ ਉਹਨਾਂ ਦੇ ਹੱਕਾਂ ਪ੍ਰਤੀ ਜਾਗ੍ਰਿਤ ਕਰਨ ਲਈ ਉਪਰਾਲਾ ਕਰ ਰਿਹਾ ਹੈ। ਇਹਨਾਂ ਯਤਨਾਂ ਦਾ ਪ੍ਰਭਾਵ ਦਲਿਤ ਸਮਾਜ ਨੂੰ ਚੇਤੰਨ ਕਰਨ ਵਿੱਚ ਸਹਾਈ ਹੁੰਦਿਆ ਵੇਖ ਕੇ ਸਿਮਰਜੀਤ ਨੂੰ ਹੋਰ ਪੰਜਾਬ ਦੇ ਵੱਖ-ਵੱਖ ਪਿੰਡਾਂ ਤੋਂ ਆਉਣ ਦੇ ਰੋਜ਼-ਦਿਨ ਹੁੰਗਾਰੇ ਦੇ ਸ਼ੰਦੇਸ਼ ਮਿਲ ਰਹੇ ਹਨ। ਇਸ ਮੁਹਿੰਮ ਦਾ ਮੁੱਖ ਮਕਸਦ ਦਬੇ-ਕੁਚਲੇ ਲੋਕਾਂ ਨੂੰ ਉਨਾਂ ਦੇ ਹੱਕਾਂ ਪ੍ਰਤੀ ਜਾਗ੍ਰਿਤ ਕਰਕੇ ਇੱਕ ਸਮਾਜਕ ਤੇ ਰਾਜਸੀ ਮੰਚ ਤੇ ਇੱਕਠਾ ਕਰਨਾ ਹੈ। ਜਿਸਦਾ ਸੁਪਨਾ ਕਦੇ ਸਹੀਦ ਭਗਤ ਸਿੰਘ ਹੋਰਾਂ ਨੇ ਉਲੀਕਿਆ ਸੀ।

ਸਿਮਰਜੀਤ ਵਰਗੇ ਨੌਜਵਾਨ ਭਾਵੇਂ ਅੱਜ ਪੰਜਾਬ ਵਿੱਚ ਵਿਰਲੇ ਹੀ ਹਨ ਜੋ ਪੰਜਾਬ ਦੇ ਪਿੰਡਾਂ ਦੀ ਤ੍ਰਾਸਦੀ ਅਤੇ ਖਾਸ ਕਰਕੇ ਭੂਮੀਹੀਣ ਕਿਸਾਨਾਂ ਤੇ ਦਲਿਤਾਂ ਦੀ ਬਿਖਰ ਰਹੀ ਜਿੰਦਗੀ ਪ੍ਰਤੀ ਸੁਚੇਤ ਹਨ। ਸਿਮਰਜੀਤ ਦਾ ਕਾਫਲਾ ਦਿਨ-ਪ੍ਰਤੀ ਦਿਨ ਆਪਣ ਮੰਜ਼ਿਲ ਨੂੰ ਸਰ ਕਰਨ ਵੱਲ ਵਧ ਤਾਂ ਜਰੂਰ ਰਿਹਾ ਹੈ ਪਰ ਕੀ ਇਹ ਕਾਫਲਾ ਆਪਣੇ ਨਿਸ਼ਾਨੇ ਦੀ ਪੂਰਤੀ ਜੱਥੇਬੰਦ ਹੋ ਕਿ ਪੰਜਾਬ ਸਰਕਾਰ ਤੋਂ ਕਰਵਾ ਸਕੇਗਾ ਕਿ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ। ਪਰ ਇਹ ਇੱਕ ਅਜਿਹੀ ਕੋਸ਼ਿਸ਼ ਹੈ ਜੋ ਸਿੱਖ ਕੌਮ ਨੂੰ ਵੀ ਇੱਕ ਅਜਿਹਾ ਸੰਦੇਸ਼ ਦੇ ਰਹੀ ਹੈ ਕਿ ਜਿੱਥੇ ਸਿੱਖ ਧਰਮ ਦੀ ਜੜ੍ਹ ਗੁਰੂ ਨਾਨਕ ਦੇਵ ਜੀ ਨੇ ਲਾਈ ਸੀ, ਉਹ ਵੀ ਅਜਿਹੇ ਉਦੇਸ਼ ਨੂੰ ਲੈ ਕੇ ਹੀ ਉਸ ਸਮੇਂ ਦੇ ਜੁਲਮ ਅੱਗੇ ਝੁਕੀ ਮਾਨਵਤਾ ਨੂੰ ਜਗਾਉਣ ਦਾ ਹੀ ਇੱਕ ਮੁਢਲਾ ਜਨਤਕ ਸੁਨੇਹਾ ਸੀ। ਇਸੇ ਤਰ੍ਹਾਂ ਇਸ ਵਕਤ ਸਿੱਖ ਕੌਮ ਵਿੱਚ ਵੀ ਆਪਣੀ ਹੋਂਦ ਨੂੰ ਬਚਾਉਣ ਲਈ ਉਸ ਭਾਰਤੀ ਸੰਵਿਧਾਨ ਤੋਂ ਆਪਣੇ-ਆਪਣੇ ਤਰੀਕੇ ਨਾਲ ਇਹ ਮੰਗ ਜੋਰ ਫੜ ਰਹੀ ਹੈ ਕਿ ਸਿੱਖ ਧਰਮ ਨੂੰ ਸੰਵਿਧਾਨ ਦੇ ਹੱਕ ਮੁਤਾਬਕ ਵੱਖਰੇ ਧਰਮ ਵਜੋਂ ਮਾਨਤਾ ਮਿਲੇ। ਇਸ ਉਦੇਸ਼ ਦੀ ਪੂਰਤੀ ਲਈ ਅਮਰੀਕਾ ਦੇ ਸਿੱਖਾਂ ਨੇ ਅਮਰੀਕਨ ਰਾਸ਼ਟਰਪਤੀ ਨੂੰ ਵੀ ਫਰਿਆਦ ਰਾਹੀਂ ਅਪੀਲ ਕੀਤੀ ਹੈ ਕਿ ਇਹ ਸਾਡਾ ਮੁਢਲਾ ਹੱਕ ਸਾਡੀ ਜਨਮ ਭੂਮੀ ਤੇ ਵੀ ਪ੍ਰਾਪਤ ਕਰਨ ਵਿੱਚ ਸਹਿਯੋਗ ਮਿਲ ਸਕੇ। ਇਸੇ ਤਰਾਂ ਇੱਕ ਉਪਰਾਲਾ ਇੱਕ ਸਿੱਖ ਧਰਮੀ ਵੱਲੋਂ ਵੀ ਸਿੱਖ ਕੌਮ ਨੂੰ ਸੁਚੇਤ ਕਰਨ ਲਈ ਕਿ ਕਨੂੰਨ ਮੁਤਾਬਕ ਜੇ ਭਾਰਤ ਦੇ ਦੂਜੇ ਸਜਾ ਭੁਗਤ ਰਹੇ ਕੈਦੀਆਂ ਨੂੰ ਰਾਹਤ ਮਿਲ ਸਕਦੀ ਹੈ ਤਾਂ ਸਿੱਖ ਧਰਮ ਨਾਲ ਸਬੰਧਤ ਸਿੱਖ ਕੈਦੀਆਂ ਨੂੰ ਵੀ ਕਨੂੰਨ ਦੀ ਬਰਾਬਰਤਾ ਮੁਤਾਬਕ ਉਹਨਾਂ ਦਾ ਹੱਕ ਮਿਲਣਾ ਚਾਹੀਦਾ ਹੈ। ਇਹਨਾਂ ਉਪਰਾਲਿਆਂ ਨੂੰ ਸਿੱਖ ਕੌਮ ਵੱਖ-ਵੱਖ ਤਰੀਕਿਆਂ ਨਾਲ ਉਠਾ ਕੇ ਉਦੇਸ਼ ਦੀ ਪੂਰਤੀ ਤੱਕ ਲੈ ਜਾ ਸਕੇਗੀ ਜਾਂ ਨਹੀਂ, ਇਸ ਬਾਰੇ ਸਿੱਖ ਕੌਮ ਨੂੰ ਅਜੇ ਇਹ ਆਸ ਨਹੀਂ ਬੱਝੀ ਜਿਸ ਤਰ੍ਹਾਂ ਕੇ ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀ ਬਾਰੇ ਨੋਬਲ ਪੁਰਸਕਾਰ ਜੇਤੂ ਅੰਮ੍ਰਿਤਾ ਸਨ ਦੇ ਕਹਿਣ ਮੁਤਾਬਕ ਦੱਸੀ ਗਈ ਹੈ, ਕਿ ਹੁਣ ਇਹ ਸਰਕਾਰ ਸਾਡੀਆਂ ਆਸਾਂ ਤੇ ਉਮੀਦਾਂ ਮੁਤਾਬਕ ਸਾਨੂੰ ਜੀਵਨ ਦੇ ਮੁਢਲੇ ਹੱਕ ਤੇ ਭੈ-ਰਹਿਤ ਜ਼ਿੰਦਗੀ ਜਿਉਣੀ ਮੁਹੱਈਆਂ ਕਰਵਾ ਸਕੇਗੀ।