ਬੇਸ਼ੱਕ ਦੇਖਣ ਅਤੇ ਸੁਣਨ ਨੂੰ ਇਹ ਗੱਲ ਅਜੀਬ ਲੱਗੇ ਪਰ ਰਾਜਸੀ ਇਸਲਾਮ (Islamism) ਅਤੇ ਰਾਜਸੀ ਹਿੰਦੂਵਾਦ (Political Hinduism) ਵਿਚਕਾਰ ਵਿਚਾਰਧਾਰਕ ਤੌਰ ਤੇ ਇੱਕਸਾਂਝ ਬਣਦੀ ਨਜ਼ਰ ਆ ਰਹੀ ਹੈ। ਭਾਰਤ ਵਿੱਚ ਰਾਜਸੀ ਹਿੰਦੂਵਾਦ ਦੀਆਂ ਪਹਿਰੇਦਾਰ ਸੰਸਥਾਵਾਂ ਰਾਜਸੀ ਇਸਲਾਮ ਨੂੰ ਆਪਣੇ ਸਭ ਤੋਂ ਵੱਡੇ ਦੁਸ਼ਮਣ ਦੇ ਤੌਰ ਤੇ ਦੇਖ ਰਹੀਆਂ ਹਨ। ਰਾਜਸੀ ਅਤੇ ਫੌਜੀ ਪੱਧਰ ਤੇ ਉਹ ਇਸ ਇਸਲਾਮਿਜ਼ਮ ਦੇ ਖਿਲਾਫ ਇੱਕ ਵਿਚਾਰਧਾਰਕ ਜੰਗ ਵੀ ਲੜ ਰਹੀਆਂ ਪ੍ਰਤੀਤ ਹੋ ਰਹੀਆਂ ਹਨ। ਦੇਸ਼ ਵਿੱਚ ਭਾਜਪਾ ਦੀ ਸਰਕਾਰ ਬਣਨ ਨਾਲ ਰਾਜਸੀ ਹਿੰਦੂਵਾਦੀਆਂ ਨੇ ਇਸਲਾਮੀ ਤਾਕਤਾਂ ਖਿਲਾਫ ਆਪਣੀ ਬਿਆਨਬਾਜ਼ੀ ਵਿੱਚ ਕਾਫੀ ਤੇਜੀ ਲੈ ਆਂਦੀ ਹੈ। ਬੇਸ਼ੱਕ ਦੇਖਣ ਨੂੰ ਇਹ ਦੋਵੇਂ ਤਾਕਤਾਂ ਇੱਕ ਦੂਜੇ ਦੇ ਖਿਲਾਫ ਖੜ੍ਹੀਆਂ ਹਨ ਪਰ ਜਦੋਂ ਵਿਚਾਰਧਾਰਾ ਦੀ ਗੱਲ ਆਉਂਦੀ ਹੈ ਤਾਂ ਉਸਦੇ ਡੂੰਘੇ ਅਧਿਐਨ ਨਾਲ ਇਨ੍ਹਾਂ ਦੋਵਾਂ ਦਰਮਿਆਨ ਇੱਕ ਸਾਂਝ ਬਣੀ ਨਜ਼ਰ ਪੈਂਦੀ ਹੈ।

ਅਮਰੀਕਾ ਦੇ ਸਭ ਤੋਂ ਵੱਡੇ ਸਟੇਟਸਮੈਨ ਹੈਨਰੀ ਕਸਿੰਗਰ ਦੀ ਇੱਕ ਬਹੁਤ ਹੀ ਖੋਜ ਭਰਪੂਰ ਪੁਸਤਕ ਅਗਲੇ ਦਿਨਾਂ ਦੌਰਾਨ ਛਪ ਕੇ ਬਜ਼ਾਰ ਵਿੱਚ ਆ ਰਹੀ ਹੈ। ‘World Order: Reflections on the Character of Nations and the Course of History’ ਨਾਅ ਦੀ ਕਿਤਾਬ ਅਗਲੇ ਦਿਨਾਂ ਦੌਰਾਨ ਆ ਰਹੀ ਹੈ। ਇਸ ਕਿਤਾਬ ਦੇ ਕੁਝ ਹਿੱਸੇ ੩੧ ਅਗਸਤ ੨੦੧੪ ਦੇ ਸੰਡੇ ਟਾਇਮਜ਼ ਵਿੱਚ ਛਪੇ ਹਨ। ਦੇਸ਼ਾਂ ਅਤੇ ਕੌਮਾਂ ਦੇ ਰਾਜਸੀ ਅਤੇ ਸਮਾਜਿਕ ਚਰਿੱਤਰ ਦਾ ਅਧਿਐਨ ਕਰਦਿਆਂ ਹੈਨਰੀ ਕਸਿੰਗਰ ਨੇ ਰਾਜਸੀ ਇਸਲਾਮ ਦੇ ਸੁਪਨਿਆਂ ਅਤੇ ਤਲਖ ਹਕੀਕਤਾਂ ਦਾ ਮੁਤਾਲਿਆ ਕੀਤਾ ਹੈ।

ਆਪਣੀ ਗੱਲ ਉਨ੍ਹਾਂ ੧੯੪੭ ਦੇ ਇੱਕ ਵਾਕਿਆ ਤੋਂ ਸ਼ੁਰੂ ਕੀਤੀ ਹੈ ਜਿੱਥੇ ਮਿਸਰ ਦਾ ਇੱਕ ਅਧਿਆਪਕ ਅਤੇ ਘੜੀਆਂ ਠੀਕ ਕਰਨ ਵਾਲਾ ਸੱਜਣ ਅਲ-ਬਾਨਾ ਮਿਸਰੀ ਰਾਜੇ ਦੇ ਨੇੜਲੇ ਸਹਿਯੋਗੀਆਂ ਨੂੰ ਸੰਬੋਧਨ ਕਰਦਾ ਹੋਇਆ ਆਖ ਰਿਹਾ ਹੈ ਕਿ ਪੱਛਮੀ ਦੁਨੀਆਂ ਦੇ ਫਲਸਫੇ ਦਾ ਸੂਰਜ ਹੁਣ ਡੁੱਬ ਚੁੱਕਾ ਹੈ। ਪੱਛਮੀ ਫਲਸਫਾ ਹੁਣ ਆਖਰੀ ਸਾਹਾਂ ਤੇ ਹੈ। ਉਸਦੀਆਂ ਸੰਸਥਾਵਾਂ ਅਤੇ ਇਨ੍ਹਾਂ ਸੰਸਥਾਵਾਂ ਨੂੰ ਅਗਵਾਈ ਦੇਣ ਵਾਲੀਆਂ ਕਦਰਾਂ ਕੀਮਤਾਂ (guiding principles) ਆਖਰੀ ਸਾਹ ਲੈ ਰਹੇ ਹਨ। ਪੱਛਮੀ ਜਗਤ ਦੀ ਪ੍ਰਸੰਗਿਕਤਾ ਅਤੇ ਸ਼ਕਤੀ ਟੁੱਟ ਰਹੀ ਹੈ। ਅਲ-ਬਾਨਾ ਉਸ ਵਕਤ ਇਹ ਐਲਾਨ ਕਰ ਰਿਹਾ ਸੀ ਕਿ, ਇਸਲਾਮ ਤੇ ਅਧਾਰਿਤ ਨਵਾਂ ਸੰਸਾਰ ਪ੍ਰਬੰਧ ਸਿਰਜਣ ਦਾ ਸਮਾਂ ਹੁਣ ਆ ਗਿਆ ਹੈ। ਉਹ ਇਹ ਵੀ ਆਖ ਰਿਹਾ ਸੀ ਕਿ ਇੱਕ ਸੱਚੇ ਮੁਸਲਮਾਨ ਦੀ ਵਫਾਦਾਰੀ ਉਸ ਸਿਸਟਮ ਨੂੰ ਸੰਸਾਰ ਭਰ ਵਿੱਚ ਫੈਲਾਉਣ ਨਾਲ ਹੋਵੇਗੀ।

ਅਲ-ਬਾਨਾ ਨੇ ਇਹ ਵੀ ਆਖਿਆ ਕਿ ਜਿਹੜੇ ਗੈਰ-ਮੁਸਲਿਮ ਸਾਡੇ ਰਾਹ ਦਾ ਰੋੜਾ ਨਹੀ ਬਣਨਗੇ ਅਤੇ ਸਾਡੀ ਵਿਚਾਰਧਾਰਾ ਨੂੰ ਇੱਜ਼ਤ ਦੇਣਗੇ ਉਨ੍ਹਾਂ ਦੀ ਰਾਖੀ ਕੀਤੀ ਜਾਵੇਗੀ।

੧੯੪੯ ਵਿੱਚ ਅਲ-ਬਾਨਾ ਨੂੰ ਕਤਲ ਕਰ ਦਿੱਤਾ ਗਿਆ।

ਉਸਦੀ ਤਰਜ਼ ਤੇ ਹੀ ੧੯੬੪ ਵਿੱਚ ਸਈਅਦ ਕੁਤਬ ਨੇ ਨਵਾਂ ਇਸਲਾਮੀ ਫਲਸਫਾ ਸਾਹਮਣੇ ਲਿਆਂਦਾ। ਕੁਤਬ ਨੇ ਆਪਣੇ ਸੁਪਨੇ ਅਲ-ਬਾਨਾ ਵਾਂਗ ਪ੍ਰਗਟ ਕਰਨ ਤੋਂ ਬਾਅਦ ਸਪਸ਼ਟ ਆਖਿਆ ਕਿ, ‘ਸਾਡੇ ਇਨ੍ਹਾਂ ਸੁਪਨਿਆਂ ਨੂੰ ਲਾਗੂ ਕਰਨ ਲਈ ਬਹੁਤ ਕਰੜੇ ਹਥਕੰਡੇ (extreme measures) ਅਪਨਾਉਂਣੇ ਪੈਣਗੇ।’

ਬੇਸ਼ੱਕ ਹੈਨਰੀ ਕਸਿੰਗਰ ਨੇ ਆਪਣੀ ਕਿਤਾਬ ਵਿੱਚ ਰਾਜਸੀ ਇਸਲਾਮ ਦੀ ਇਸ ਵਿਚਾਰਧਾਰਾ ਦਾ ਬਹੁਤ ਵਿਸਥਾਰ ਨਾਲ ਅਧਿਐਨ ਕੀਤਾ ਹੈ ਪਰ ਸਾਡੇ ਲਈ ਜਾਨਣ ਵਾਲੀ ਗੱਲ ਇਹ ਹੈ ਕਿ ਜੋ ਕੁਝ ੧੯੪੭ ਵਿੱਚ ਅਲ-ਬਾਨਾ ਕਹਿ ਰਿਹਾ ਸੀ ਜਾਂ ੧੯੬੪ ਵਿੱਚ ਸਈਅਦ ਕੁਤਬ ਕਹਿ ਰਿਹਾ ਸੀ ਉਹ ਕੁਝ ਹੀ ਰਾਜਸੀ ਹਿੰਦੂਵਾਦ ਦੇ ਅਜੋਕੇ ਪੈਰੋਕਾਰ ਕਹਿ ਰਹੇ ਹਨ।

ਅਸੀਂ ਇੱਥੇ ਇੱਕ ਗੱਲ ਸਪਸ਼ਟ ਕਰ ਦੇਈਏ ਕਿ ਅਸੀਂ ਵਾਰ ਵਾਰ ਰਾਜਸੀ ਇਸਲਾਮ ਅਤੇ ਰਾਜਸੀ ਹਿੰਦੂਵਾਦ ਸ਼ਬਦਾਂ ਦੀ ਵਰਤੋ ਕਰ ਰਹੇ ਹਾਂ। ਸੰਸਾਰ ਪੱਧਰ ਤੇ ਇਸ ਵੇਲੇ ਦਰਪੇਸ਼ ਚੁਣੌਤੀਆਂ ਬਾਰੇ ਜੋ ਅਕਾਦਮਿਕ ਵਿਚਾਰ-ਚਰਚਾ ਹੋ ਰਹੀ ਹੈ ਉਸ ਵਿੱਚ ਇਸਲਾਮ ਨੂੰ ਇੱਕ ਧਰਮ ਦੇ ਤੌਰ ਤੇ ਨੁਕਸਦਾਇਕ ਨਹੀ ਦੇਖਿਆ ਜਾ ਰਿਹਾ ਬਲਕਿ ਉਸਦੇ ਘਟੀਆ ਕਿਸਮ ਦੇ ਰਾਜਸੀਕਰਨ ਬਾਰੇ ਗੱਲ ਹੋ ਰਹੀ ਹੈ। ਅਸੀਂ ਵੀ ਇਨ੍ਹਾਂ ਦੋਵਾਂ ਵਰਤਾਰਿਆਂ ਨੂੰ ਉਨ੍ਹਾਂ ਦੇ ਰਾਜਨੀਤਿਕ ਚਰਿੱਤਰ ਦੀ ਨਜ਼ਰ ਨਾਲ ਹੀ ਦੇਖ ਰਹੇ ਹਾਂ।

ਅਲ ਬਾਨਾ ਅਤੇ ਸਈਅਦ ਕੁਤਬ ਦੀ ਵਿਆਖਿਆ, ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਉਸਦੀਆਂ ਹੋਰ ਸਹਿਯੋਗੀ ਜਥੇਬੰਦੀਆਂ ਵੱਲ਼ੋਂ ਰਾਜਸੀ ਹਿੰਦੂਵਾਦ ਦੇ ਸੰਦਰਭ ਵਿੱਚ ਆ ਰਹੀ ਹੈ। ਜਿਵੇਂ ਅਲ ਬਾਨਾ ਨੇ ਆਖਿਆ ਕਿ ਸਾਡੀ ਵਿਚਾਰਧਾਰਾ ਦਾ ਵਿਰੋਧ ਨਾ ਕਰਨ ਵਾਲਿਆਂ ਦੀ ਜਿੰਦਗੀ ਸੁਰੱਖਿਅਤ ਰਹਿ ਸਕੇਗੀ। ਬਿਲਕੁਲ ਉਸੇ ਤਰਜ਼ ਤੇ ਰਾਜਸੀ ਹਿੰਦੂਵਾਦ ਦੇ ਵਿਚਾਰਧਾਰਕਾਂ ਦੀ ਬੋਲੀ ਅਤੇ ਵਿਚਾਰਧਾਰਾ ਪ੍ਰਗਟ ਹੋ ਰਹੀ ਹੈ।Ḕਗਰ ਇਸ ਦੇਸ਼ ਮੇ ਰਹਿਨਾ ਹੋਗਾ- ਬੰਦੇ ਮਾਤਰਮ ਕਹਿਨਾ ਹੋਗਾḙ ਵਰਗੇ ਨਾਅਰੇ ਇਸ ਅਸਹਿਣਸ਼ੀਲ ਵਿਚਾਰਧਾਰਾ ਦਾ ਹੀ ਪ੍ਰਗਟਾਵਾ ਕਰ ਰਹੇ ਹਨ। ਸਿੱਖਾਂ,ਬੋਧੀਆਂ ਅਤੇ ਜੈਨੀਆਂ ਨੂੰ ਹਿੰਦੂ ਧਰਮ ਦਾ ਹਿੱਸਾ ਦੱਸਣਾਂ ਅਤੇ ਵਾਰ ਵਾਰ ਸਿੱਖਾਂ ਨੂੰ ਸਿੱਖੀ, ਗੁਰਬਾਣੀ ਅਤੇ ਸਿੱਖ ਇਤਿਹਾਸ ਦੀ ਵਿਆਖਿਆ ਕਰ ਕਰ ਕੇ ਸਮਝਾਉਣੀ ਇਹ ਸਾਰੀ ਇੱਕੋ ਲੜੀ ਵਿੱਚ ਪਰੋਈ ਹੋਈ ਹੈ।

ਸਈਅਦ ਕੁਤਬ ਨੇ ਸਪਸ਼ਟ ਆਖਿਆ ਹੈ ਕਿ ਵਿਚਾਰਧਾਰਾ ਨੂੰ ਅਮਲੀ ਜਾਮਾਂ ਪਹਿਨਾਉਣ ਲਈ ਕਰੜੇ ਹੱਥਕੰਡੇ ਅਪਨਾਉਣੇ ਪੈਣਗੇ। ਇਹੋ ਕੁਝ ਰਾਜਸੀ ਹਿੰਦੂਵਾਦ ਦੇ ਪੈਰੋਕਾਰ ਕਹਿ ਰਹੇ ਹਨ ਕਿ ਜੋ ਸਾਡੀ ਵਿਚਾਰਧਾਰਾ ਨੂੰ ਨਹੀ ਮੰਨਦੇ ਉਹ ਦੇਸ਼ ਛੱਡਕੇ ਚਲੇ ਜਾਣ।

ਦੋਵੇਂ ਸੰਸਾਰ ਦੀ ਬਹੁ-ਵਾਦੀ ਅਤੇ ਨਿਰਪੱਖ ਵਿਚਾਰਧਾਰਾ ਦੇ ਵਿਰੋਧ ਵਿੱਚ ਖੜ੍ਹੇ ਹਨ। ਜਮਹੂਰੀਅਤ ਦਾ ਮਤਲਬ ਉਨ੍ਹਾਂ ਲਈ ਆਪਣੇ ਧੜੇ ਦੀ ਚੌਧਰ ਤੱਕ ਸੀਮਤ ਹੈ। ਜੇ ਜਮਹੂਰੀਅਤ ਇਨ੍ਹਾਂ ਦੇ ਧੜੇ ਦੀ ਚੌਧਰ ਕਾਇਮ ਕਰਦੀ ਹੈ ਤਾਂ ਠੀਕ ਹੈ ਜੇ ਨਹੀ ਤਾਂ ਇਹ ਦੋਵੇਂ ਜਮਹੂਰੀ ਪ੍ਰਬੰਧ ਦੇ ਕੱਟੜ ਦੁਸ਼ਮਣ ਬਣਕੇ ਨਿੱਤਰਦੇ ਹਨ।

ਸੋ ਅਸੀਂ ਦੇਖ ਰਹੇ ਹਾਂ ਕਿ ਵਿਚਾਰਧਾਰਿਕ ਤੌਰ ਤੇ ਇੱਕ ਦੂਜੇ ਦੇ ਵਿਰੋਧ ਵਿੱਚ ਖੜ੍ਹੀਆਂ ਤਾਕਤਾਂ ਕਿਵੇਂ ਇੱਕ ਦੂਜੇ ਦੀਆਂ ਪੂਰਕ ਬਣੀਆਂ ਹੋਈਆਂ ਹਨ।