ਅਮਰੀਕੀ ਪਰਧਾਨ ਡਾਨਲਡ ਟਰੰਪ ਦੇ ਦੋ ਸਾਲਾਂ ਦੇ ਸ਼ਾਸ਼ਨ ਦਾ ਇਮਤਿਹਾਨ ਸਮਝੀਆਂ ਜਾਂਦੀਆਂ ਮੱਧਕਾਲੀ ਚੋਣਾਂ ਦੇ ਨਤੀਜੇ ਆ ਗਏ ਹਨ। ਜਿਸ ਵਿੱਚ ਡਾਨਲਡ ਟਰੰਪ ਦੀ ਪਾਰਟੀ ਰਿਪਬਲਿਕਨ ਨੂੰ ਕਈ ਥਾਂ ਹਾਰ ਦਾ ਸਾਹਮਣਾਂ ਕਰਨਾ ਪਿਆ ਹੈ। ਪਿਛਲੇ ਦਿਨੀ ਹੋਈਆਂ ਇਨ੍ਹਾਂ ਮੱਧਕਾਲੀ ਚੋਣਾਂ ਨੂੰ ਦੋਵਾਂ ਪ੍ਰਮੁੱਖ ਪਾਰਟੀਆਂ, ਡੈਮੋਕਰੇਟਸ ਅਤੇ ਰਿਪਬਲਿਕਨ ਨੇ ਪੂਰੇ ਜੀਅ ਜਾਨ ਨਾਲ ਲਰਿਅ। ਡੈਮੋਕਰੇਟਸ ਨੇ ਟਰੰਪ ਸ਼ਾਸ਼ਨ ਖਿਲਾਫ ਪੈਦਾ ਹੋਏ ਰੋਹ ਨੂੰ ਵੋਟਾਂ ਵਿਚ ਬਦਲਣ ਲਈ ਆਪਣੀ ਪਾਰਟੀ ਦੀਆਂ ਦੋ ਵੱਡੀਆਂ ਤੋਪਾਂ, ਸਾਬਕਾ ਪਰਧਾਨ ਬਿਲ ਕਲ਼ਿੰਟਨ ਅਤੇ ਬਾਰਕ ਓਬਾਮਾ ਨੂੰ ਚੋਣ ਮੁਹਿੰਮ ਵਿੱਚ ਉਤਾਰਿਆ ਗਿਆ ਸੀ। ਦੋਵਾਂ ਨੇ ਪਾਰਟੀ ਦੀ ਜਿੱਤ ਲਈ ਜੀਅ ਤੋੜ ਕੋਸ਼ਿਸ਼ ਕੀਤੀ। ਦੂਜੇ ਪਾਸੇ ਰਿਪਬਲਿਕਨ ਪਾਰਟੀ ਦੀ ਚੋਣ ਮੁਹਿੰਮ ਨੂੰ ਡਾਨਲਡ ਟਰੰਪ ਨੇ ਆਪ ਹੀ ਸੰਭਾਲਿਆ ਹੋਇਆ ਸੀ। ਉਹ ਆਪਣੇ ਦੋ ਸਾਲਾਂ ਦੇ ਰਾਜਕਾਲ ਦੌਰਾਨ ਹੋਈਆਂ ਪ੍ਰਾਪਤੀਆਂ ਨੂੰ ਲੈਕੇ ਲੋਕਾਂ ਵਿੱਚ ਗਏ।

ਚੋਣ ਨਤੀਜਿਆਂ ਨੇ ਅਮਰੀਕੀ ਸੰਸਦ ਅਤੇ ਸੈਨੇਟ ਦਾ ਦ੍ਰਿਸ਼ ਪੇਸ਼ ਕੀਤਾ ਹੈ ਉਹ ਇਸ ਤਰ੍ਹਾਂ ਹੈ। ਅਮਰੀਕਾ ਦੇ ਹੇਠਲੇ ਸਦਨ,ਹਾਉਸ ਆਫ ਰਿਪਰੀਜ਼ੈਂਟੇਟਿਵਜ਼ ਵਿੱਚ ਵਿਰੋਧੀ ਪਾਰਟੀ ਡੈਮੋਕਰੇਟਿਕ ਪਾਰਟੀ ਨੇ ਆਪਣਾਂ ਬਹੁਮਤ ਹਾਸਲ ਕਰ ਲਿਆ ਹੈ। ਡੈਮੋਕਰੇਟਿਕ ਪਾਰਟੀ ਨੂੰ ਇਸ ਸਦਨ ਵਿੱਚ ੨੨੬ ਸੀਟਾਂ ਪ੍ਰਾਪਤ ਹੋ ਗਈਆਂ ਹਨ ਜਦੋਂਕਿ ਰਿਪਬਲਿਕਨ ਪਾਰਟੀ ਦੀਆਂ ਸੀਟਾਂ ਘਟ ਕੇ ੧੯੯ ਰਹਿ ਗਈਆਂ ਹਨ। ਵਿਰੋਧੀ ਧਿਰ ਨੇ ਲਗਭਗ ੪੫ ਸੀਟਾਂ ਦਾ ਵਾਧਾ ਕਰ ਲਿਆ ਹੈ। ਇਸੇ ਤਰ੍ਹਾਂ ਅਮਰੀਕੀ ਸੈਨੇਟ ਵਿੱਚ ਵੀ ਡੈਮੋਕਰੇਟਿਕ ਪਾਰਟੀ ਸੱਤਾਧਾਰੀ ਰਿਪਬਲਿਕਨ ਦੇ ਲਗਭਗ ਬਰਾਬਰ ਆ ਗਈ ਹੈ। ਸ਼ੈਨੇਟ ਵਿੱਚ ਸੱਤਾਧਾਰੀ ਪਾਰਟੀ ਦੀਆਂ ਸੀਟਾਂ ੫੧ ਹਨ ਅਤੇ ਵਿਰੋਧੀ ਧਿਰ ਦੀਆਂ ੪੬। ਅਮਰੀਕਾ ਦੇ ਵੱਖ ਵੱਖ ਰਾਜਾਂ ਦੇ ਗਵਰਨਰਾਂ ਦੀ ਚੋਣ ਵਿੱਚ ਵੀ ਦੇਵੇਂ ਪਾਰਟੀਆਂ ਬਰਾਬਰ ਦੀ ਲੜਾਈ ਤੇ ਆ ਗਈਆਂ ਹਨ। ਰਿਪਬਲਿਕਨ ਨੂੰ ੨੬ ਰਾਜਾਂ ਦੀ ਗਵਰਨਰੀ ਮਿਲ ਗਈ ਹੈ ਜਦੋਕਿ ਡੈਮੋਕਰੇਟਸ ਨੂੰ ੨੩ ਰਾਜਾਂ ਦੀ।

ਇਸ ਤਰ੍ਹਾਂ ਦੇਖਿਆ ਜਾ ਸਕਦਾ ਹੈ ਅਮਰੀਕਾ ਦੀਆਂ ਦੋਵੇਂ ਪ੍ਰਮੁੱਖ ਪਾਰਟੀਆਂ ਇੱਕ ਤਰ੍ਹਾਂ ਨਾਲ ਬਰਾਬਰੀ ਤੇ ਆ ਖੜ੍ਹਆਿਂ ਹੋਈਆਂ ਹਨ। ਪਰ ਹੇਠਲੇ ਸਦਨ ਵਿੱਚ ਵਿਰੋਧੀ ਪਾਰਟੀ ਦੇ ਬਹੁਮਤ ਨੂੰ ਡਾਨਲਡ ਟਰੰਪ ਦੇ ਅਗਲੇ ਦੋ ਸਾਲਾਂ ਲਈ ਠੀਕ ਨਹੀ ਸਮਝਿਆ ਜਾ ਰਿਹਾ ਕਿਉਂਕਿ ਹੁਣ ਉਹ ਕੌਮੀ ਅਤੇ ਕੌਮਾਂਤਰੀ ਤੌਰ ਤੇ ਉਸ ਸ਼ਿੱਦਤ ਨਾਲ ਫੈਸਲੇ ਨਹੀ ਲੈ ਸਕਣਗੇ ਜਿਸ ਸ਼ਿੱਦਤ ਨਾਲ ਹੁਣ ਤੱਕ ਲ਼ੈਂਦੇ ਆਏ ਹਨ। ਕੌਮਾਂਤਰੀ ਤੌਰ ਤੇ ਉਨ੍ਹਾਂ ਨੇ ਪਹਿਲਾਂ ਜਪਾਨ ਨਾਲ ਪੈਨ-ਅਮਰੀਕਨ ਸੰਧੀ ਤੋੜ ਦਿੱਤੀ, ਫਿਰ ਇਰਾਨ ਨਾਲ ਹੋਈ ਪ੍ਰਮਾਣੂੰ ਹਥਿਆਰਾਂ ਦੀ ਸੰਧੀ ਤੋੜ ਦਿੱਤੀ, ਹੁਣ ਰੂਸ ਨਾਲ ਪ੍ਰਮਾਣੂੰ ਹਥਿਆਰਾਂ ਦੀ ਜਿੰਮੇਵਾਰੀ ਨਾਲ ਵਰਤੋਂ ਦੀ ਸੰਧੀ ਵੀ ਤੋੜ ਦਿੱਤੀ ਹੈ। ਵਪਾਰਕ ਤੌਰ ਤੇ ਡਾਨਲਡ ਟਰੰਪ ਨੇ ਜਿਵੇਂ ਚੀਨ ਅਤੇ ਹੋਰ ਵਪਾਰਕ ਭਾਈਵਾਲਾਂ ਦੇ ਖਿਲਾਫ ਵੱਡੀ ਵਪਾਰਕ ਜੰਗ ਵਿੱਢ ਰੱਖੀ ਹੈ ਉਸਨੇ ਕਿਤੇ ਨਾ ਕਿਤੇ ਦੇਸ਼ ਦੇ ਵਪਾਰੀਆਂ ਵਿੱਚ ਅਤੇ ਵਪਾਰਕ ਅਦਾਰਿਆਂ ਵਿੱਚ ਫਿਕਰਮੰਦੀ ਅਤੇ ਅਨਿਸ਼ਚਿਤਤਾ ਪੈਦਾ ਕਰ ਦਿੱਤੀ ਹੋਈ ਸੀ।

ਜਿਵੇਂ ਹੀ ਪਿਛਲੇ ਦਿਨੀ ਹੋਈਆਂ ਚੋਣਾਂ ਦੇ ਨਤੀਜੇ ਵਿਰੋਧੀ ਪਾਰਟੀ ਡੈਮੋਕਰੇਟਸ ਦੇ ਹੱਕ ਵਿੱਚ ਜਾਂਦੇ ਹੋਏ ਪ੍ਰਤੀਤ ਹੋਏ ਤਿਵੇਂ ਹੀ ਨਿਊਯਾਰਕ ਦੇ ਸਟਾਕ ਐਕਸਚੇਂਜ ਵਿੱਚ ਵਪਾਰਕ ਤੇਜ਼ੀ ਅਰੰਭ ਹੋ ਗਈ। ਕਿਉਂਕਿ ਵਪਾਰਕ ਅਦਾਰੇ ਡਰ ਰਹੇ ਸਨ ਕਿ ਜੇ ਡਾਨਲਡ ਟਰੰਪ ਦੀ ਪਾਰਟੀ ਬਹੁਮਤ ਲੈ ਗਈ ਤਾਂ ਉਨ੍ਹਾਂ ਨੂੰ ਟਰੰਪ ਦੀਆਂ ਸਖਤੀਆਂ ਦਾ ਸਾਹਮਣਾਂ ਕਰਨਾ ਪੈ ਸਕਦਾ ਹੈ ਅਤੇ ਕੌਮਾਂਤਰੀ ਵਪਾਰਕ ਮੈਦਾਨ ਵਿੱਚ ਉਨ੍ਹਾਂ ਦੀਆਂ ਉਡਾਰੀਆਂ ਨੂੰ ਰੋਕ ਲ਼ੱਗ ਸਕਦੀ ਹੈ। ਪਰ ਡੈਮੋਕਰੇਟਸ ਦੀ ਜਿੱਤ ਨੇ ਵਪਾਰੀਆਂ ਵਿੱਚ ਹੌਂਸਲਾ ਭਰ ਦਿੱਤਾ ਹੈ ਕਿ ਹੁਣ ਟਰੰਪ ਆਪਣੇ ਤੌਰ ਤੇ ਸਖਤ ਫੈਸਲੇ ਨਹੀ ਲੈ ਸਕਣਗੇ ਅਤੇ ਵਿਰੋਧੀ ਧਿਰ ਦੇ ਮੈਂਬਰ ਉਨ੍ਹਾਂ ਦ ਫੈਸਲਿਆਂ ਤੇ ਜਲਦੀ ਮੋਹਰ ਨਹੀ ਲਾਉਣਗੇ।

ਪਿਛਲੇ ਦੋ ਸਾਲਾਂ ਦਾ ਡਾਨਲਡ ਟਰੰਪ ਦਾ ਸ਼ਾਸ਼ਨ ਕਾਫੀ ਵਿਵਾਦਾਂ ਭਰਿਆ ਰਿਹਾ ਹੈ। ਉਨ੍ਹਾਂ ਨੇ ਜਿਹੜੇ ਅਫਸਰ ਆਪਣੀ ਟੀਮ ਲਈ ਚੁਣੇ ਸਨ ਉਨ੍ਹਾਂ ਵਿੱਚੋਂ ਕਈ ਆਪ ਹੀ ਸਾਥ ਛੱਡ ਗਏ ਅਤੇ ਐਫ.ਬੀ.ਆਈ. ਅਤੇ ਸੀ.ਆਈ.ਏ. ਦੇ ਮੁਖੀਆਂ ਤੋਂ ਲੈਕੇ ਦੇਸ਼ ਦੇ ਵਿਦੇਸ਼ ਸਕੱਤਰ ਭਾਵ ਸੈਕਟਰੀ ਆਫ ਸਟੇਟ ਦੀ ਵੀ ਥੋੜੇ ਚਿਰ ਬਾਅਦ ਛੁੱਟੀ ਕਰ ਦਿਤੀ ਗਈ। ਡਾਨਲਡ ਟਰੰਪ ਨੂੰ ਪਿਛਲੇ ਦੋ ਸਾਲਾਂ ਦੌਰਾਨ ਬਹੁਤ ਤੇਜੀ ਨਾਲ ਆਪਣੇ ਮੰਤਰੀਆਂ ਦੀ ਤਬਦੀਲੀ ਕਰਨੀ ਪਈ ਹੈ। ਹੁਣੇ ਜਿਹੇ ਜਿਸ ਸ਼ਖਸ਼ ਨੂੰ ਸੁਪਰੀਮ ਕੋਰਟ ਦਾ ਜੱਜ ਲਾਇਆ ਗਿਆ ਹੈ ਉਸਦੇ ਖਿਲਾਫ ਕਈ ਔਰਤਾਂ ਨੇ ਜਿਸਮਾਨੀ ਸ਼ੋਸ਼ਨ ਦੇ ਇਲਜ਼ਾਮ ਲਗਾਏ ਹਨ।

ਪਰ ਇਨ੍ਹਾਂ ਸਾਰੇ ਝੱਖੜਾਂ ਦੇ ਬਾਵਜੂਦ ਡਾਨਲਡ ਟਰੰਪ ਆਪਣੀ ਸਰਕਾਰ ਦੀ ਬੇੜੀ ਨੂੰ ਆਪਣੇ ਹੀ ਅੰਦਾਜ਼ ਵਿੱਚ ਅੱਗੇ ਲੈ ਕੇ ਜਾ ਰਹੇ ਹਨ। ਹੁਣ ਤਾਂ ਉਨਾਂ ਦੋ ਸਾਲਾਂ ਬਾਅਦ ਹੋਣ ਵਾਲੀ ਚੋਣ ਵਿੱਚ ਮੁੜ ਦੇਸ਼ ਦੇ ਪਰਧਾਨ ਵੱਜੋਂ ਹੱਥ ਅਜ਼ਮਾਉਣ ਦਾ ਵੀ ਐਲਾਨ ਕਰ ਦਿੱਤਾ ਹੈ। ਦੇਖਦੇ ਹਾਂ ਡਾਨਲਡ ਟਰੰਪ ਦੇਸ਼ ਨੂੰ ਕੋਈ ਨਵੀਂ ਦਿਸ਼ਾ ਦੇ ਸਕਣਗੇ ਜਾਂ ਇਸ ਤਰ੍ਹਾਂ ਦਾ ਰਾਜਸੀ ਘੜਮੱਸ ਹੀ ਪਾਉਣਗੇ।