ਦਸੰਬਰ ਦਾ ਮਹੀਨਾ ਸਿੱਖ ਇਤਿਹਾਸ ਦਾ ਬਹੁਤ ਹੀ ਦੁਖਦਾਈ ਅਤੇ ਸੋਗਮਈ ਮਹੀਨਾ ਮੰਨਿਆ ਜਾਂਦਾ ਹੈ। ਇਸ ਮਹੀਨੇ ਦੌਰਾਨ ਹੀ ਬਹੁਤ ਸਾਲ ਪਹਿਲਾਂ ਨੀਲੇ ਵਾਲੇ ਅਤੇ ਬਾਜਾਂ ਵਾਲੇ ਗੁਰੂ ਜੀ ਦਾ ਲਗਭਗ ਸਮੁੱਚਾ ਪਰਿਵਾਰ ਸਿੱਖ ਕੌਮ ਦੀ ਹੋਣੀ ਅਤੇ ਭਵਿੱਖੀ ਜਿੰਦਗੀ ਨੂੰ ਰੁਸ਼ਨਾਉਣ ਲਈ ਸ਼ਹਾਦਤ ਦਾ ਜਾਮ ਪੀ ਗਿਆ ਸੀ। ਗੁਰੂ ਸਾਹਿਬ ਜੀ ਦੇ ਚਾਰੇ ਸਾਹਿਬਜ਼ਾਦੇ, ਮਾਤਾ ਗੁਜਰੀ ਜੀ ਅਤੇ ਪ੍ਰਾਣਾਂ ਤੋਂ ਪਿਆਰੇ ਅਨੇਕਾਂ ਸਿੰਘ, ਗੁਰੂ ਪੰਥ ਲਈ ਆਪਣੀਆਂ ਜਿੰਦੜੀਆਂ ਵਾਰ ਗਏ ਸਨ। ਗੁਰੂ ਸਾਹਿਬ ਆਪ ਕੜਕਦੀ ਸਰਦੀ ਵਿੱਚ ਆਪਣੇ ਜਿਗਰ ਦੇ ਟੋਟਿਆਂ ਅਤੇ ਪ੍ਰਾਣਾਂ ਤੋਂ ਪਿਆਰੇ ਸਿੰਘਾਂ ਨੂੰ ਕੁਰਬਾਨ ਕਰਕੇ ਮਾਛੀਵਾੜੇ ਦੇ ਜੰਗਲਾਂ ਵਿੱਚ ਆ ਬਿਰਾਜੇ ਸਨ।

ਸਚਮੁੱਚ ਇਸ ਮਹੀਨੇ ਦੌਰਾਨ ਦੁਨੀਆਂ ਦੇ ਇਤਿਹਾਸ ਵਿੱਚ ਬਹੁਤ ਹੀ ਮਾਸੂਮ ਜਿੰਦਾਂ ਦੀ ਕਠਿਨ ਪ੍ਰੀਖਿਆ ਲਈ ਗਈ ਅਤੇ ਉਨ੍ਹਾਂ ਦੇ ਸਿਦਕ ਨੂੰ ਡੋਲਦਾ ਨਾ ਦੇਖ਼ ਕੇ ਅੰਤ ਵਿੱਚ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਇਨ੍ਹਾਂ ਦਿਨਾਂ ਦੌਰਾਨ ਸ਼ਰਧਾਵਾਨ ਸਿੱਖ ਆਪਣੇ ਗੁਰੂ ਅਤੇ ਸ਼ਹੀਦਾਂ ਦੀ ਯਾਦ ਵਿੱਚ ਗਮਗੀਨ ਅਵਸਥਾ ਵਿੱਚ ਆਪਣਾਂ ਜੀਵਨ ਬਤੀਤ ਕਰਦੇ ਹਨ। ਸ਼ਰਧਾਵਾਨ ਸਿੱਖ ਆਪਣੇ ਗੁਰੂ ਦੇ ਪਰਿਵਾਰ ਅਤੇ ਪੰਥ ਉ%ਤੇ ਪਈਆਂ ਭੀੜਾਂ ਦੇ ਉਸ ਇਤਿਹਾਸ ਨੂੰ ਆਪਣੇ ਪਿੰਡੇ ਤੇ ਮਹਿਸੂਸ ਕਰਨ ਦਾ ਯਤਨ ਕਰਦੇ ਹਨ। ਬਹੁਤ ਸਾਰੇ ਘਰਾਂ ਵਿੱਚ ਇਨ੍ਹਾਂ ਦਿਨਾਂ ਦੌਰਾਨ ਅੱਗ ਵੀ ਨਹੀ ਬਲਦੀ।

ਪਰ ਦੂਜੇ ਪਾਸੇ ਸਾਡੀ ਕੌਮ ਦੇ ਸਿਆਸਤਦਾਨ (ਮਾਲਕ) ਹਨ ਕਿ ਉਨ੍ਹਾਂ ਨੂੰ ਇਸ ਮਹਾਨ ਸ਼ਹੀਦੀ ਸਾਕੇ ਦਾ ਜਰਾ ਜਿੰਨਾ ਵੀ ਸੇਕ ਲੱਗਿਆ ਨਜ਼ਰ ਨਹੀ ਆਉਂਦਾ। ਉਨ੍ਹਾਂ ਦੇ ਮਨ ਅਤੇ ਤਨ ਵਿੱਚ ਗੁਰੂ ਸਾਹਿਬ ਦੇ ਪਰਿਵਾਰ ਦੀ ਮਹਾਨ ਸ਼ਹਾਦਤ ਦਾ ਇੱਕ ਕਿਣਕਾ ਮਾਤਰ ਵੀ ਨਜ਼ਰ ਨਹੀ ਆੁਉਂਦਾ। ਚਾਹੀਦਾ ਤਾਂ ਇਹ ਸੀ ਕਿ ਮਨੁੱਖੀ ਇਤਿਹਾਸ ਦੇ ਇਨ੍ਹਾਂ ਗਮਗੀਨ ਦਿਨਾਂ ਨੂੰ ਸਹਿਜ ਅਤੇ ਦਰਦ ਦੇ ਸੁਮੇਲ ਨਾਲ ਯਾਦ ਕੀਤਾ ਜਾਂਦਾ ਪਰ ਸਾਡੇ ਸਿਆਸਤਦਾਨਾਂ ਅਤੇ ਗੁਰੂ ਘਰਾਂ ਦੇ ਪ੍ਰਬੰਧ ਸੰਭਾਲਣ ਵਾਲੀ ਸੰਸਥਾ ਨੇ ਇਨ੍ਹਾਂ ਇਤਿਹਾਸਕ ਦਿਨਾਂ ਨੂੰ ਮੇਲੇ ਵਿੱਚ ਬਦਲ ਦਿੱਤਾ ਹੈ। ਸਾਡੇ ਸਿਆਸਤਦਾਨ ਉਸ ਥਾਂ ਤੇ ਪੂਰੀ ਹੈਂਕੜ ਅਤੇ ਤਾਕਤ ਨਾਲ ਦਨਦਨਾਉਂਦੇ ਆਉਂਦੇ ਹਨ ਅਤੇ ਆਪਣੀ ਜਹਿਰੀਲੀ ਭਾਸ਼ਾ ਨਾਲ ਆਪਣੇ ਹੀ ਗੁਰਸਿੱਖ ਭਰਾਵਾਂ ਦਾ ਕਤਲ ਕਰਕੇ ਚਲੇ ਜਾਂਦੇ ਹਨ। ਉਹ ਪੰਥ ਦੇ ਮਾਲਕਾਂ ਵਾਂਗ ਆਉਂਦੇ ਹਨ, ਜਹਿਰ ਉਗਲਦੇ ਹਨ ਅਤੇ ਗੁਰੂ ਸਾਹਿਬ ਦੀ ਸੰਗਤ ਦੀਆਂ ਮਾਸੂਮ ਭਾਵਨਾਵਾਂ ਨੂੰ ਦਰੜਕੇ ਚਲੇ ਜਾਂਦੇ ਹਨ। ਕੋਈ ਸਹਿਜ ਨਹੀ, ਕੋਈ ਗਮ ਨਹੀ, ਕੋਈ ਉਦਾਸੀ ਨਹੀ ਬਲਕਿ ਪੂਰੀ ਤਾਨਾਸ਼ਾਹੀ ਹੁੰਦੀ ਹੈ, ਵਜੀਦ ਖਾਨ ਵਰਗੀ ਸਾਡੇ ਸਿਆਸਤਦਾਨਾਂ ਵਿੱਚ। ਕਿਸੇ ਦਾਨਾਈ, ਕਿਸੇ ਤਹੱਮਲ ਜਾਂ ਸਾਦਗੀ ਦਾ ਕੋਈ ਵੀ ਕਿਣਕਾ ਸਿੱਖ ਪੰਥ ਦੇ ਸਿਆਸਤਦਾਨਾਂ ਵਿੱਚ ਨਹੀ ਹੁੰਦਾ। ਬਲਕਿ ਉਹ ਇਸ ਤਰ੍ਹਾਂ ਵਿਚਰਦੇ ਹਨ ਜਿਵੇਂ ਕਬੱਡੀ ਦਾ ਮੈਚ ਦੇਖ ਰਹੇ ਹੋਣ। ਸਿੱਖ ਇਤਿਹਾਸ ਦੇ ਇਨ੍ਹਾਂ ਖੂਨੀ ਸਾਕਿਆਂ ਨੇ ਕੌਮ ਨੂੰ ਕਿਸ ਤਰ੍ਹਾਂ ਇੱਕਜੁੱਟ ਰੱਖਿਆ ਹੋਇਆ ਹੈ, ਸਿੱਖ ਕੌਮ ਦੇ ਇਤਹਾਸ ਅਤੇ ਵਿਚਾਰਧਾਰਾ ਵਿੱਚ ਇਨ੍ਹਾਂ ਸਾਕਿਆਂ ਦਾ ਕੀ ਮਹੱਤਵ ਹੈ, ਇਹ ਕਿਸ ਤਰ੍ਹਾਂ ਸਾਨੂੰ ਹੌਰ ਕੌਮਾਂ ਨਾਲ਼ੋਂ ਵੱਖਰੀ ਪਹਿਚਾਣ ਦੇਂਦੇ ਹਨ। ਸ਼ਾਡੀ ਵੱਖਰੀ ਪਹਿਚਾਣ ਅਤੇ ਕੌਮੀ ਸਰੂਪ ਲਈ ਇਹ ਸਾਕੇ ਕਿੰਨੇ ਮਹੱਤਵਪੂਰਨ ਹਨ। ਇਸ ਬਾਰੇ ਇੱਕ ਸ਼ਬਦ ਵੀ ਸਾਡੇ ਸਿਆਸਤਦਾਨਾਂ ਦੇ ਮੂੰਹ ਵਿੱਚੋਂ ਨਹੀ ਨਿਕਲਦਾ। ਉਹ ਤਾਂ ਇਸ ਪਵਿੱਤਰ ਦਿਹਾੜੇ ਨੂੰ ਵੀ ਉਨ੍ਹਾਂ ਲੋਕਾਂ ਖਿਲਾਫ ਜਹਿਰ ਉਗਲਣ ਲਈ ਵਰਤਦੇ ਹਨ ਜੋ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸਤਿਕਾਰ ਦੀ ਰਾਖੀ ਲਈ ਪੁਲਿਸ ਦੀਆਂ ਗੋਲੀਆਂ ਨਾਲ ਜਾਨਾਂ ਨਿਛਾਵਰ ਕਰ ਗਏ ਅਤੇ ਸਾਹਿਬਜ਼ਾਦਿਆਂ ਵੱਲ਼ੋਂ ਪਾਏ ਪੂਰਨਿਆਂ ਤੇ ਚਲਦੇ ਜਿਨ੍ਹਾਂ ਆਪਣੇ ਸਿਦਕ ਨੂੰ ਡੋਲਣ ਨਾ ਦਿੱਤਾ ਅਤੇ ਮੌਤ ਨੂੰ ਕਬੂਲ ਕਰ ਲਿਆ। ਸਾਡੇ ਸਿਆਸਤਦਾਨ ਤਾਂ ਅਜਿਹੀਆਂ ਰੂਹਾਂ ਦੇ ਖਿਲਾਫ ਹੀ ਆਪਣੀ ਜਹਿਰ ਉਗਲ ਕੇ ਚਲਦੇ ਬਣੇ ਜੋ ਸਾਹਿਬਜ਼ਾਦਿਆਂ ਦੀਆਂ ਪੈੜਾਂ ਤੇ ਚਲਦੇ ਹੋਏ ਆਪਣੇ ਗੁਰੂ ਦੀ ਅਜ਼ਮਤ ਨੂੰ ਬਚਾਉਣ ਦੇ ਯਤਨ ਕਰ ਰਹੇ ਹਨ।

ਜੋ ਸਿੱਖ ਪੰਥ ਦੀਆਂ ਧਾਰਮਕ ਸੰਸਥਾਵਾਂ ਨੂੰ ਕਮੀਨੀ ਰਾਜਨੀਤੀ ਦੀ ਜਕੜ ਵਿੱਚੋਂ ਅਜ਼ਾਦ ਕਰਵਾਉਣ ਲਈ ਯਤਨਸ਼ੀਲ ਹਨ।

ਏਨੇ ਦੁਖਦਾਈ ਮੌਕਿਆਂ ਤੇ ਸਿੱਖ ਕੌਮ ਦੇ ਸਿਆਸਤਦਾਨਾਂ ਦੀ ਏਨੀ ਬੇਅਦਬੀ ਭਰੀ ਭਾਸ਼ਾ ਅਤੇ ਸੱਭਿਆਚਾਰ ਗੁਰੂ ਸਾਹਿਬ ਦੀਆਂ ਸਿਖਿਆਵਾਂ ਨਾਲ ਮੇਲ ਨਹੀ ਖਾਂਦਾ। ਸਿੱਖ ਪੰਥ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਕਲਚਰ ਨੂੰ ਪੰਥ ਦੇ ਵਿਹੜੇ ਵਿੱਚੋਂ ਖਤਮ ਕਰਨ ਲਈ ਆਪਣੇ ਆਪ ਨੂੰ ਗੁਰੂ ਸਾਹਿਬ ਦੀ ਸਿਖਿਆ ਨਾਲ ਜੋੜਨ ਅਤੇ ਅਜਿਹੇ ਦੁਖਦਾਈ ਮੌਕਿਆਂ ਤੇ ਪੀਪਨੀਆਂ ਬਜੁਉਣ ਵਾਲੇ ਅਤੇ ਦਸਤਾਰਾਂ ਲਾਹੁਣ ਵਾਲੇ ਸਿਆਸਤਦਾਨਾਂ ਦਾ ਖਹਿੜਾ ਛੱਡਣ।