ਜੂਨ 1984 ਦਾ ਘੱਲੂਘਾਰਾ ਹੁਣ ਕਿਸੇ ਵਿਆਖਿਆ ਦਾ ਮੁਥਾਜ ਨਹੀ ਰਹਿ ਗਿਆ। ਇਹ ਕੋਈ ਸਾਲਾਨਾ ਦੰਦਕਥਾਵਾਂ ਵਾਲੀ ਬਾਤ ਨਹੀ ਰਹੀ ਬਲਕਿ ਇਹ ਤਾਂ ਇਤਿਹਾਸ ਨੂੰ ਮਹਿਸੂਸ ਕਰਨ ਵਾਲਾ ਕਾਂਡ ਬਣ ਗਿਆ ਹੈੈ। ਇਤਿਹਾਸ ਦੀਆਂ ਬਹੁਤ ਸਾਰੀਆਂ ਘਟਨਾਵਾਂ ਏਨੀਆਂ ਬੁਲੰਦ ਹੁੰਦੀਆਂ ਹਨ ਕਿ ਉਹ ਅਕਸਰ ਵਿਆਖਿਆਵਾਂ ਦੇ ਬੰਧਨ ਵਿੱਚੋਂ ਬਾਹਰ ਨਿਕਲ ਜਾਂਦੀਆਂ ਹਨ। ਸ਼ਬਦ ਉਨ੍ਹਾਂ ਦੇ ਹਾਣ ਦੇ ਨਹੀ ਰਹਿੰਦੇ। ਅਜਿਹੀਆਂ ਘਟਨਾਵਾਂ ਬਾਰੇ ਕੋਈ ਜਿੰਨਾ ਮਰਜੀ ਲਿਖ-ਬੋਲ ਲਵੇ ਪਰ ਉਹ ਘਟਨਾਵਾਂ ਜਾਂ ਇਤਿਹਾਸਕ ਵਰਤਾਰੇ ਹੁੰਦੇ ਹੀ ਏਨੇ ਮੂੰਹਜੋਰ ਹਨ ਕਿ ਉਨ੍ਹਾਂ ਨੂੰ ਸ਼ਬਦਾਂ ਵਿੱਚ ਕੈਦ ਕੀਤਾ ਹੀ ਨਹੀ ਜਾ ਸਕਦਾ।

ਜਦੋਂ ਬਾਬਾ ਗੁਰੂ ਨਾਨਕ ਸਾਹਿਬ ਜੀ ਵੇਈਂ ਨਦੀ ਵਿੱਚੋਂ ਬਾਹਰ ਆਏ ਹੋਣਗੇ, ਉਸ ਵੇਲੇ ਕਿਹੋ ਜਿਹੀ ਸੁੰਨ ਪਸਰੀ ਹੋਵੇਗੀ। ਬਾਬਾ ਜੀ ਦੀ ਚੁੱਪ ਉਸ ਵੇਲੇ ਕਿਵੇਂ ਗਰਜ ਰਹੀ ਹੋਵੇਗੀ ਇਹ ਘਟਨਾ ਸ਼ਬਦਾਂ ਦੀ ਮੁਥਾਜ ਨਹੀ ਹੈੈ। ਜਦੋਂ ਪਹਿਲੀ ਵਾਰ ਕਿਸੇ ਨੇ ਜਨੇਊ ਪਾਉਣ ਤੋਂ ਇਨਕਾਰ ਕੀਤਾ ਹੋਵੇਗਾ ਉਸ ਵੇਲੇ ਕੀ ਹਾਲਾਤ ਹੋਣਗੇ।1699 ਦੀ ਵਿਸਾਖੀ ਨੂੰ ਜਦੋਂ ਗੁਰੂ ਪਾਤਸ਼ਾਹ ਨੰਗੀ ਤਲਵਾਰ ਲੈਕੇ ਸੀਸ ਮੰਗਣ ਆਏ ਹੋਣਗੇ ਉਹ ਦ੍ਰਿਸ਼ ਕਿਹੋ ਜਿਹਾ ਹੋਵੇਗਾ ਅਤੇ ਜਦੋਂ ਚਮਕੌਰ ਸਾਹਿਬ ਦੀ ਗੜ੍ਹੀ ਵਿੱਚੋਂ ਆਪਣੇ ਪਿਆਰੇ ਸਿੱਖਾਂ ਅਤੇ ਦੋ ਪੁੱਤਰਾਂ ਦੀਆਂ ਲਾਸ਼ਾਂ ਉੱਤੋਂ ਲੰਘ ਕੇ ਮੇਰੇ ਚੋਜੀ ਪ੍ਰੀਤਮ ਅੱਗੇ ਵਧੇ ਹੋਣਗੇ, ਉਸ ਵਰਤਾਰੇ ਨੂੰ ਦੁਨੀਆਂ ਦੇ ਕੋਈ ਸ਼ਬਦ ਕੈਦ ਨਹੀ ਕਰ ਸਕਦੇ। ਇਨ੍ਹਾਂ ਇਤਿਹਾਸਕ ਘਟਨਾਵਾਂ ਦੀ ਕੋਈ ਵਿਆਖਿਆ ਨਹੀ ਹੋ ਸਕਦੀ ਸਿਰਫ ਇਨ੍ਹਾਂ ਨੂੰ ਮਹਿਸੂਸ ਹੀ ਕੀਤਾ ਜਾ ਸਕਦਾ ਹੈੈ। ਗੁਰੂ ਦੇ ਸੱਚੇ ਸਿੱਖ ਇਨ੍ਹਾਂ ਨੂੰ ਮਹਿਸੂਸ ਹੀ ਕਰ ਸਕਦੇ ਹਨ।

ਬਿਲਕੁਲ ਇਸੇ ਤਰ੍ਹਾਂ ਜੂਨ 1984 ਦਾ ਸਾਕਾ ਆਪਣੀ ਇਤਿਹਾਸਕ ਮਹੱਤਤਾ ਕਾਰਨ ਸ਼ਬਦਾਂ ਦੇ ਬੰਧਨਾ ਤੋਂ ਪਾਰ ਹੋ ਗਿਆ ਹੈੈ। ਬੇਸ਼ਕ ਅਸੀਂ ਹਰ ਸਾਲ ਇਸ ਸਾਕੇ ਬਾਰੇ ਆਪਣੀ ਬੌਣੀ ਮੱਤ ਬੁੱਧੀ ਅਨੁਸਾਰ ਕੁਝ ਬੋਲਣ-ਲਿਖਣ ਦਾ ਯਤਨ ਕਰਦੇ ਹਾਂ ਪਰ ਇਹ ਇਤਿਹਾਸਕ ਘਟਨਾ ਏਨੀ ਬੁਲੰਦ ਬਣ ਗਈ ਹੈ ਕਿ ਸ਼ਬਦਾਂ ਦੀ ਵਿਆਖਿਆ ਦੀ ਪਕੜ ਵਿੱਚ ਨਹੀ ਆ ਸਕਦੀ। ਇਸ ਨੂੰ ਸਿਰਫ ਮਹਿਸੂਸ ਹੀ ਕੀਤਾ ਜਾ ਸਕਦਾ ਹੈੈ।

ਮਹਿਸੂਸ ਕਰੋ ਜਦੋਂ ਦੁਸ਼ਮਣ ਵੱਲੋਂ ਪਹਿਲੀ ਗੋਲੀ ਚੱਲੀ ਹੋਵੇਗੀ, ਜਦੋਂ ਪਹਿਲਾ ਗੋਲਾ ਦਰਬਾਰ ਸਾਹਿਬ ਦੀ ਜੂਹ ਵਿੱਚ ਡਿੱਗਿਆ ਹੋਵੇਗਾ ਉਸ ਵੇਲੇ ਚੋਜੀ ਪ੍ਰੀਤਮ ਦੇ ਗੁਰਸਿੱਖਾਂ ਦੀ ਮਨ-ਅਵਸਥਾ ਕੀ ਰਹੀ ਹੋਵੇਗੀ? ਚਮਕੌਰ ਸਾਹਿਬ ਦੀ ਗੜ੍ਹੀ ਵਿੱਚ ਜੂਝ ਮਰਨ ਦਾ ਚਾਅ ਕਿਸ ਸਿਖਰ ਤੇ ਹੋਵੇਗਾ। ਉਸ ਵੇਲੇ ਮੋਰਚਿਆਂ ਵਿੱਚ ਕਿਸ ਤਰ੍ਹਾਂ ਦੀਆਂ ਸ਼ਹੀਦੀ ਵਾਰਾਂ ਗਾਈਆਂ ਜਾ ਰਹੀਆਂ ਹੋਣਗੀਆਂ। ਜਦੋਂ ਜੰਗ ਸਿਖਰਾਂ ਤੇ ਸੀ ਅਤੇ ਸਿੰਘ ਸੂਰਮੇ ਦੁਸ਼ਮਣ ਦੇ ਹਰ ਵਾਰ ਦਾ ਮੂੰਹ ਮੋੜ ਰਹੇ ਸਨ, ਉਸ ਵੇਲੇ ਕੀ ਮਹੌਲ ਰਿਹਾ ਹੋਵੇਗਾ। ਜਦੋਂ ਸੰਤ ਜੀ ਅਤੇ ਜਨਰਲ ਸੁਬੇਗ ਸਿੰਘ ਜੀ ਆਪ ਹਰ ਮੋਰਚੇ ਤੇ ਜਾਕੇ ਸਿੰਘਾਂ ਦੇ ਹੌਸਲੇ ਵਧਾ ਰਹੇ ਹੋਣਗੇ, ਉਸ ਵੇਲੇ ਦੇ ਇਤਿਹਾਸਕ ਪਲਾਂ ਨੂੰ ਕਿਹੜੇ ਸ਼ਬਦ ਕੈਦ ਕਰ ਸਕਦੇ ਹਨ?

ਅਤੇ ਅੰਤ ਜਦੋਂ ਸੰਤ ਬਾਬਾ ਜੀ ਦੀ ਅਗਵਾਈ ਹੇਠ 35 ਸਿੰਘਾਂ ਦਾ ਜਥਾ ਸ਼ਹੀਦੀ ਗਾਨੇ ਬੰਨ੍ਹ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਪ੍ਰਗਟ ਹੋਇਆ ਹੋਵੇਗਾ ਉਸ ਵੇਲੇ ਦੇ ਇਤਿਹਾਸ ਨੂੰ ਬਿਆਨ ਕਰਨ ਵੇਲੇ ਸ਼ਬਦਾਂ ਦੀ ਤਾਕਤ ਵੀ ਮੁੱਕ ਗਈ ਹੋਵੇਗੀ।

1984 ਦੇ ਇਨ੍ਹਾਂ ਇਤਿਹਾਸਕ ਪਲਾਂ ਨੂੰ ਕੌਮ ਹੁਣ ਮਹਿਸੂਸ ਕਰਨਾ ਸ਼ੁਰੂ ਕਰ ਦੇਵੇ। ਜੋ ਕੁਝ ਹੋਇਆ ਉਸਦੀ ਸ਼ਬਦੀ ਵਿਆਖਿਆ ਦੀ ਸ਼ਾਇਦ ਹੁਣ ਲੋੜ ਨਹੀ ਰਹੀ।
ਅਫਜ਼ਲ ਅਹਿਸਨ ਰੰਧਾਵਾ ਨੇ ਇਤਿਹਾਸ ਦੇ ਉਨ੍ਹਾਂ ਪਲਾਂ ਨੂੰ ਇੱਕ ਹਫਤੇ ਬਾਅਦ ਹੀ ਮਹਿਸੂਸ ਕਰ ਲਿਆ ਸੀ ਉਨ੍ਹਾਂ ਲਿਖਿਆ-

ਮੇਰੀਆਂ ਗੁੱਥੀਆਂ ਟੈਂਕਾਂ ਮੀਢੀਆਂ ਮੇਰੀ ਲੂਹੀ ਬੰਬਾਂ ਗੁੱਤ
ਮੇਰੇ ਕੁੱਛੜ ਅੰਨ੍ਹੀਆਂ ਗੋਲੀਆਂ ਲੂਹ ਸੁੱਟੇ ਮੇਰੇ ਪੁੱਤ
ਮੇਰੇ ਬੁਰਜ ਮੁਨਾਰੇ ਢਾਹ ਦਿੱਤੇ ਢਾਹ ਦਿੱਤਾ ਤਖਤ ਅਕਾਲ
ਮੇਰੇ ਸੋਨੇ ਰੰਗੇ ਰੰਗ ਅੱਜ ਮੇਰੇ ਲਹੂ ਨਾਲ ਲਾਲੋ ਲਾਲ
ਮੇਰਾ ਸ਼ੇਰ ਬਹਾਦਰ ਸੂਰਮਾ ਜਰਨੈਲਾਂ ਦਾ ਜਰਨੈਲ
ਉਸ ਮੌਤ ਵਿਆਹੀ ਹੱਸ ਕੇ ਉਹਦੇ ਦਿਲ ਤੇ ਰਤਾ ਨਾ ਮੈਲ

ਇਤਿਹਾਸ ਦੇ ਉਨ੍ਹਾਂ ਕਰੁਣਾਂਮਈ ਦਿਨਾਂ ਨੂੰ ਮਹਿਸੂਸ ਕਰਨ ਤੋਂ ਬਾਅਦ ਅਫਜ਼ਲ ਅਹਿਸਨ ਰੰਧਾਵਾਂ ਨੇ ਸਿੱਖ ਕੌਮ ਨੂੰ ਇਹ ਯਾਦ ਕਰਵਾਇਆ ਸੀ ਕਿ 1984 ਦੇ ਇਨ੍ਹਾਂ ਜ਼ਖਮਾਂ ਨੂੰ ਸੂਰਜ ਬਣਾਏ ਬਿਨਾ ਨਹੀ ਸਰਨਾ। ਆਪਣੀ ਇਤਿਹਾਸਕ ਕਵਿਤਾ ਦੇ ਅੰਤ ਵਿੱਚ ਉਨ੍ਹਾਂ ਜੋ ਸੁਨੇਹਾ ਦਿੱਤਾ ਉਹ ਸਮੁੱਚੀ ਸਿੱਖ ਕੌਮ ਨੂੰ ਨੂੰ ਹਮੇਸ਼ਾ ਯਾਦ ਰੱਖਣ ਦੀ ਲੋੜ ਹੈੈ-

ਸੁਣ ਰਾਹੀਆ ਰਾਹੇ ਜਾਂਦਿਆ ਤੂੰ ਲਿਖ ਰੱਖੀਂ ਇਹ ਬਾਤ
ਮੇਰਾ ਡੁੱਬਿਆ ਸੂਰਜ ਚੜ੍ਹੇਗਾ ਓੜਕ ਮੁੱਕੇਗੀ ਇਹ ਰਾਤ।

ਇਹ ਰਾਤ ਜਰੂਰ ਮੁੱਕੇਗੀ। ਇਤਿਹਾਸ ਦੀਆਂ ਲੰਬੀਆਂ ਅਤੇ ਕਾਲੀਆਂ ਰਾਤਾਂ ਹਮੇਸ਼ਾ ਮੁੱਕਦੀਆਂ ਆਈਆਂ ਹਨ। ਚਮਕੌਰ ਸਾਹਿਬ ਦੀ ਗੜ੍ਹੀ ਵਾਲੀ ਰਾਤ ਵੀ ਆਖਰ ਮੁੱਕ ਗਈ ਸੀ,ਸਰਹੰਦ ਵਾਲੀ ਕਾਲੀ ਰਾਤ ਵੀ ਮੁੱਕ ਗਈ ਸੀ। ਇਨ੍ਹਾਂ ਰਾਤਾਂ ਤੋਂ ਬਾਅਦ ਖਾਲਸਾ ਰਾਜ ਦਾ ਸੁਨਹਿਰਾ ਸੂਰਜ ਚੜ੍ਹਿਆ ਸੀ।

ਜੂਨ 1984 ਦੀ ਕਾਲੀ ਰਾਤ ਵੀ ਜਰੂਰ ਮੁੱਕੇਗੀ ਅਤੇ ਗੁਰੂ ਸਾਹਿਬ ਕੌਮ ਨੂੰ ਆਪਣੀਆਂ ਬਖਸ਼ਿਸ਼ਾਂ ਨਾਲ ਨਿਹਾਲ ਕਰਨਗੇ।