ਅੱਜ ਪੰਜਾਬ ਅੰਦਰ ਇੱਕ ਅਜਿਹਾ ਰੁਝਾਨ ਜੋ ਪੰਜਾਬ ਦੀ ਨੌਜਵਾਨੀ ਦੀ ਮਾਨਸਿਕਤਾ ਤੇ ਛਾ ਗਿਆ ਹੈ ਕਿ ਕਿਸੇ ਤਰਾਂ ਵੀ ਆਈਲੈਟਸ (IELTS) ਜੋ ਅੰਗਰੇਜ਼ੀ ਯੋਗਤਾ ਦਾ ਪੱਛਮੀ ਮੁਲਕਾਂ ਵੱਲੋਂ ਬਣਾਇਆ ਗਿਆ ਟੈਸਟ ਹੈ, ਨੂੰ ਪਾਸ ਕਰਨਾ ਹੈ ਤੇ ਇਸ ਵਿੱਚ ਚੰਗਾ ਬੈਂਡ ਹਾਸਲ ਕਰਕੇ ਅੱਜ ਦੇ ਪੰਜਾਬ ਦੀ ਜਵਾਨੀ ਹਰ-ਹੀਲੇ ਵਿਦੇਸ਼ਾਂ ਵਿੱਚ ਜਾਣ ਦੀ ਚਾਹਵਾਨ ਹੈ। ਕਹਿੰਦੇ ਹਨ ਕਿ ਕਿਸੇ ਵੀ ਪੀੜੀ ਜਾਂ ਲੋਕਾਂ ਨੂੰ ਦਿਸ਼ਾ ਦੇਣ ਵਿੱਚ ਸਿਆਸੀ ਸ਼ਕਤੀ ਦੀ ਅਹਿਮ ਭੂਮਿਕਾ ਹੁੰਦੀ ਹੈ। ਪਰ ੧੯੮੪ ਦੇ ਦੁਖਾਂਤ ਦੇ ਦੌਰਾਨ ਤੇ ਉਸਤੋਂ ਬਾਅਦ ਪੰਜਾਬ ਦੀ ਸਿਆਸੀ ਸ਼ਕਤੀ ਨੀਤੀਆਂ ਪ੍ਰਤੀ ਵਿਉਂਤਬੰਦੀ ਕਰਨ ਦੀ ਥਾਂ ਵੋਟ ਦੀ ਰਾਜਨੀਤੀ ਵਿੱਚ ਅਜਿਹੀ ਉਲਝੀ ਹੈ ਕਿ ਗੁਰੂਆਂ, ਪੀਰਾਂ ਦੀ ਇਸ ਧਰਤੀ ਨਾਲੋਂ ਪੰਜਾਬ ਦੇ ਲੋਕਾਂ ਦਾ ਮੋਹ ਖਤਮ ਹੁੰਦਾ ਜਾ ਰਿਹਾ ਹੈ। ਖਾਸ ਕਰਕੇ ਸਿੱਖ ਪਰਿਵਾਰਾਂ ਤੇ ਕਿਸਾਨੀ ਦੇ ਆਰਥਿਕ ਸੰਕਟ ਕਾਰਨ ਲੋਕੀ ਹਰ-ਹੀਲੇ ਆਪਣੀ ਹੱਦ ਤੋਂ ਵੱਧ ਵਸੀਲਿਆਂ ਨੂੰ ਇੱਕਤਰ ਕਰਨ ਲਈ ਪੱਛਮੀ ਮੁਲਕਾਂ ਦੇ ਪ੍ਰਭਾਵ ਵਿੱਚ ਅਜਿਹੇ ਉਲਝੇ ਕਿ ਪੰਜਾਬ ਇੱਕ ਤਰਾਂ ਨਾਲ ਖਾਲੀ ਹੁੰਦਾ ਜਾ ਰਿਹਾ ਹੈ। ਜਿਸਦੀ ਆਬੋ-ਹਵਾ ਤੇ ਵਾਤਾਵਰਣ ਪ੍ਰਤੀ ਸਵਾਲ ਤਾਂ ਖੜੇ ਹੀ ਹਨ ਤੇ ਨਾਲ-ਨਾਲ ਹੀ ਜਲ-ਸੰਕਟ ਵੀ ਹੈ ਜੋ ਇਸ ਨੂੰ ਮਾਰੂਥਲ ਵੱਲ ਲੈ ਜਾ ਰਿਹਾ ਹੈ। ਅੱਜ ਦਾ ਪੰਜਾਬ ਅਜਿਹੇ ਤਿਉਹਾਰਾਂ ਤੇ ਰੀਤੀ-ਰਿਵਾਜਾਂ ਵੱਲ ਵਹਿ ਰਿਹਾ ਹੈ ਜਿਨਾਂ ਨੂੰ ਅੱਜ ਤੱਕ ਸੁਣਿਆ ਵੀ ਨਹੀਂ ਸੀ। ਕਿਉਂਕਿ ਪੰਜਾਬ ਤੋਂ ਬਾਹਰਲੀ ਵਸੋਂ ਦੀ ਇਥੇ ਬਹੁਤਾਤ ਹੋ ਰਹੀ ਹੈ ਤੇ ਪੰਜਾਬ ਦੇ ਵਸਨੀਕ ਇਸ ਧਰਤੀ ਨਾਲੋਂ ਮੋਹ-ਤੋੜ ਕੇ ਆਈਲੈਟਸ ਵਰਗੇ ਪੇਪਰ ਪਾਸ ਕਰਕੇ ਪੱਛਮੀ ਧਰਤੀ ਤੇ ਜਾਣ ਲਈ ਹਰ-ਹੀਲਾ ਤਿਆਰ ਕਰ ਰਹੇ ਹਨ। ਅੱਜ ਪੰਜਾਬ ਦੇ ਚੱਪੇ-ਚੱਪੇ ਤੇ ਖੁੱਲੇ ਕਾਲਜ਼ ਤੇ ਹੋਰ ਯੋਗਤਾ ਕੇਂਦਰ ਸੁੰਨੀਆਂ ਰਾਹਾਂ ਦੇ ਮੰਜ਼ਰ ਬਣਦੇ ਦਿਖਾਈ ਦੇ ਰਹੇ ਹਨ। ਇਸ ਆਈਲੈਂਟਸ ਦਾ ਵੱਡਾ ਪ੍ਰਭਾਵ ਇਸ ਸਾਲ ਵਧੇਰੇ ਪ੍ਰਤੱਖ ਰੂਪ ਵਿੱਚ ਸਾਹਮਣੇ ਆਇਆ ਹੈ ਜਦੋਂ ਕੁਝ ਅੰਕੜਿਆਂ ਮੁਤਾਬਕ ਡੇਢ ਲੱਖ ਦੇ ਕਰੀਬ ਬੱਚਾ ਗਰੇਜੂਏਸ਼ਨ ਦੀ ਪੜਾਈ ਕਰਨ ਲਈ ਆਈਲੈਟਰਸ ਦੀ ਪ੍ਰਕਿਰਿਆ ਰਾਹੀਂ ਪੱਛਮੀ ਮੁਲਕਾਂ ਵੱਲ ਚਲਾ ਗਿਆ। ਇਹ ਰੁਝਾਨ ਵਧੇਰੇ ਮੱਧ ਵਰਗੀ ਤੇ ਖਾਸ ਕਰਕੇ ਪੇਂਡੂ ਇਲਾਕਿਆਂ ਵਿੱਚ ਵੇਖਣ ਨੂੰ ਮਿਲਿਆ ਹੈ। ਇਸ ਵਰਤਾਰੇ ਨੂੰ ਸਫਲ ਕਰਨ ਲਈ ਪੰਜਾਬ ਦੇ ਅਰਥਚਾਰੇ ਤੇ ਵੀ ਪ੍ਰਭਾਵ ਪਿਆ ਹੈ। ਅੰਕੜਿਆ ਮੁਤਾਬਕ ਸਾਲਾਨਾ ੨੭ ਹਜ਼ਾਰ ਕਰੋੜ ਦੇ ਖਰਚੇ ਦਾ ਅਨੁਮਾਨ ਹੈ ਜੋ ਬੱਚਿਆਂ ਦੇ ਮਾਪਿਆ ਨੇ ਜ਼ਮੀਨਾਂ ਵੇਚ ਕੇ ਜਾਂ ਹੋਰ ਸਾਧਨਾਂ ਰਾਹੀਂ ਆਮਦਨ ਹਾਸਲ ਕਰਕੇ ਆਪਣੇ ਬੱਚਿਆਂ ਦੀ ਪੜਾਈ ਲਈ ਉਪਲਬਧ ਕਰਨਾ ਹੈ। ਪੱਛਮੀ ਮੁਲਕਾਂ ਨੇ ਆਪਣੇ ਅਰਥਚਾਰੇ ਨੂੰ ਮੁੱਖ ਰੱਖ ਕੇ ਇਸ ਆਈਲੈਟਸ ਦੇ ਵਰਤਾਰੇ ਨੂੰ ਹੋਰ ਨਰਮ ਤੇ ਸੁਖਾਲਾ ਕਰਕੇ ਇਸ ਪ੍ਰਵਿਰਤੀ ਨੂੰ ਵਧੇਰੇ ਹੱਲਾਸ਼ੇਰੀ ਦਿੱਤੀ ਹੈ। ਇਹ ਪ੍ਰਕਿਰਿਆ ਪੰਜਾਬ ਦੇ ਭਵਿੱਖ ਵਿੱਚ ਮੁੱਖ ਰੂਪ ਵਿੱਚ ਸਾਹਮਣੇ ਆਈ ਹੈ। ਕਿਉਂਕਿ ਰਾਜਨੀਤਿਕ ਪਾਰਟੀਆਂ ਭਾਵੇਂ ਸੱਤਾ ਵਿੱਚ ਆਉਣ ਸਮੇਂ ਘਰ-ਘਰ ਰੋਜ਼ਗਾਰ ਦੇਣ ਦੇ ਦਾਅਵੇ ਤੇ ਵਾਅਦੇ ਤਾਂ ਕਰਦੀਆਂ ਹਨ ਪਰ ਪੰਜਾਬ ਦੀ ਨੌਜਵਾਨੀ ਬੇਰੁਜ਼ਗਾਰੀ ਦੇ ਦਰ ਤੇ ਖੜੀ ਹੈ ਜਿਥੇ ਉਹ ਆਪਣੀ ਪੜਾਈ ਤੇ ਕੀਤੇ ਖਰਚ ਨੂੰ ਵਾਪਸ ਕਮਾਉਣ ਤੋਂ ਵੀ ਅਸਮਰਥ ਹੈ। ਅਸਲ ਸਚਾਈ ਇਹ ਹੈ ਕਿ ਪੰਜਾਬ ਵਿੱਚ ਰੋਜਗਾਰ ਦੇ ਮੌਕੇ ਪੈਦਾ ਹੋਣ ਦੀ ਸੰਭਾਵਨਾ ਹੀ ਇੱਕ ਤਰਾਂ ਖਤਮ ਹੋ ਚੁੱਕੀ ਹੈ। ਭਾਵੇਂ ਨਵੀਆਂ ਯੋਜਨਾਵਾਂ ਰਾਹੀਂ ਸਨਅਤਾਂ ਲਾਉਣੀਆਂ ਤੇ ਵੱਡੇ ਕਾਰੋਬਾਰੀਆਂ ਨਾਲ ਹੋਰ ਸਮਝੌਤੇ ਸਰਕਾਰਾਂ ਵੱਲੋਂ ਕੀਤੇ ਜਾਂਦੇ ਹਨ ਪਰ ਅਮਲੀ ਜ਼ਾਮਾਂ ਨਹੀਂ ਪਹਿਨਾਇਆ ਜਾਂਦਾ ਜਿਸ ਕਾਰਨ ਪੰਜਾਬ ਦੀ ਰੋਜ਼ਗਾਰ ਅਵਸਥਾ ਵਿੱਚ ਅਜਿਹੀ ਤਬਦੀਲੀ ਆ ਸਕੇ ਜਿਸ ਰਾਹੀਂ ਪੰਜਾਬ ਦੇ ਵਸਨੀਕ ਪੰਜਾਬ ਵਿੱਚ ਰਹਿਣ ਨੂੰ ਹੀ ਤਰਜ਼ੀਹ ਦੇਣ ਅਤੇ ਪੱਛਮੀ ਮੁਲਕਾਂ ਦੇ ਅਰਥ ਚਾਰਿਆਂ ਨੂੰ ਭਰਨ ਦੀ ਥਾਂ ਹਰ ਕੋਈ ਆਪਣੇ ਹੀ ਸੂਬੇ ਨੂੰ ਖੁਸ਼ਹਾਲ ਬਣਾਉਣ ਦਾ ਯਤਨ ਕਰੇ। ਇਸ ਸਭ ਕੁਝ ਦੀ ਤਬਦੀਲੀ ਲਈ ਪੰਜਾਬ ਦੀ ਸਿਆਸਤ ਵਿੱਚ ਬਦਲਾਅ ਲਿਆ ਕੇ ਲੋਕਾਂ ਦੇ ਹੱਕਾਂ ਦੀ ਰਾਜਸੱਤਾ ਕਾਇਮ ਕਰਨੀ ਚਾਹੀਦੀ ਹੈ ਤਾਂ ਜੋ ਪੰਜਾਬ ਦੀ ਜਵਾਨੀ ਆਪਣੇ ਆਸ਼ੇ ਅਨੁਸਾਰ ਆਪਣੇ ਭਵਿੱਖ ਦੀ ਆਪ ਮਾਲਕ ਹੋਵੇ। ਨਾ ਕਿ ਇਥੋਂ ਗੁਲਾਮੀ ਛੱਡ ਪੱਛਮੀ ਮੁਲਕਾਂ ਦੀ ਆਰਥਿਕ ਗੁਲਾਮੀ ਦਾ ਸ਼ਿਕਾਰ ਹੋ ਜਾਵੇ।