ਭਾਰਤੀ ਜਨਤਾ ਪਾਰਟੀ ਨਾਲੋਂ ਚੋਣ ਸਮਝੌਤਾ ਟੁੱਟਣ ਤੋਂ ਬਾਅਦ ਪੰਜਾਬ ਵਿੱਚ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਨਾਲ ਨਵਾਂ ਗੱਠਜੋੜ ਕਰ ਲਿਆ ਹੈੈ। ਇਸ ਸਮਝੌਤੇ ਤਹਿਤ ਬਹੁਜਨ ਸਮਾਜ ਪਾਰਟੀ ਲਈ 20 ਵਿਧਾਨ ਸਭਾ ਦੀਆਂ ਸੀਟਾਂ ਛੱਡੀਆਂ ਗਈਆਂ ਹਨ। ਅਕਾਲੀ ਦਲ ਦੇ ਸਰਪਰਸਤ ਪਰਕਾਸ਼ ਸਿੰਘ ਬਾਦਲ ਨੇ ਪਿਛਲੇ ਦਿਨੀ ਬਸਪਾ ਮੁਖੀ ਬੀਬੀ ਮਾਇਆਵਤੀ ਨਾਲ ਗੱਲ ਕਰਕੇ ਇਸ ਸਮਝੌਤੇ ਨੂੰ ਸਿਰੇ ਚਾੜ੍ਹਿਆ।
ਜੇ ਸਿਧਾਂਤਕ ਤੌਰ ਤੇ ਦੇਖਿਆ ਜਾਵੇ ਤਾਂ ਸਿੱਖ ਪੰਥ ਦਾ ਅਸਲ ਗੱਠਜੋੜ ਬਹੁਜਨ ਸਮਾਜ ਪਾਰਟੀ ਨਾਲ ਹੀ ਬਣਦਾ ਹੈੈ। ਇਸ ਨੂੰ ਸਿਰਫ ਚੋਣ ਨਜ਼ਰੀਏ ਤੋਂ ਹੀ ਨਾ ਦੇਖਿਆ ਜਾਵੇ ਬਲਕਿ ਗੁਰਬਾਣੀ ਵਿੱਚ ਦਰਜ ਸਿਧਾਂਤ ਅਨੁਸਾਰ ਗੁਰੂ ਸਾਹਿਬ ਨੇ ਸਿੱਖਾਂ ਨੂੰ ਨੀਚ ਸਮਝੇ ਜਾਂਦੇ ਲੋਕਾਂ ਨਾਲ ਮੋਢਾ ਲਾਉਣ ਦੀ ਨਸੀਹਤ ਦਿੱਤੀ ਹੈੈ। ਗੁਰਬਾਣੀ ਵਿੱਚ ਥਾਂ ਥਾਂ ਤੇ ਸਿੱਖ ਨੂੰ ਇਹ ਸੰਦੇਸ਼ ਦ੍ਰਿੜ ਕਰਵਾਇਆ ਗਿਆ ਹੈ ਕਿ ਉਸਨੇ ਹਮੇਸ਼ਾ ਸਮਾਜ ਦੇ ਨੀਵੇਂ ਵਰਗਾਂ ਅਤੇ ਹਾਕਮਾਂ ਦਾ ਜੁਲਮ ਸਹਿ ਰਹੇ ਲੋਕਾਂ ਨਾਲ ਹੀ ਖੜ੍ਹਨਾ ਹੈੈ। ਇਸ ਸੰਦਰਭ ਵਿੱਚ ਅਕਾਲੀ ਦਲ ਦਾ ਇਹ ਗੱਠਜੋੜ ਸਹੀ ਦਿਸ਼ਾ ਵੱਲ ਪੁੱਟਿਆ ਗਿਆ ਕਦਮ ਹੈੈ। ਅਸੀਂ ਪਹਿਲੇ ਦਿਨ ਤੋਂ ਹੀ ਇਹ ਵਕਾਲਤ ਕਰਦੇ ਆ ਰਹੇ ਹਾਂ ਕਿ ਭਾਜਪਾ ਨਾਲ ਸਿੱਖਾਂ ਦਾ ਸਮਝੌਤਾ ਗੁਰਬਾਣੀ ਵਿੱਚ ਦਰਸਾਏ ਸੰਦੇਸ਼ ਦੀ ਉਲੰਘਣਾਂ ਕਰਦਾ ਹੈ ਕਿਉਂਕਿ ਗੁਰੂ ਸਾਹਿਬ ਨੇ ਆਖਿਆ ਹੈ ਕਿ ਸਾਡੀ ਵੱਡਿਆਂ ਨਾਲ ਕੋਈ ਰੀਸ ਨਹੀ ਹੈ। ਭਾਵ ਆਪਣੇ ਆਪ ਨੂੰ ਹਾਕਮ ਸਮਝਣ ਵਾਲੇ ਨਫਰਤ ਭਰਪੂਰ ਲੋਕਾਂ ਨਾਲ ਸਿੱਖ ਦੀ ਕੋਈ ਸਾਂਝ ਨਹੀ ਬਣਦੀ।
ਬਿਨਾ ਸ਼ੱਕ ਅਕਾਲੀ ਦਲ ਦਾ ਬਸਪਾ ਨਾਲ ਸਮਝੌਤਾ ਸਵਾਗਤਯੋਗ ਹੈ ਪਰ ਪਾਰਟੀ ਦੇ ਮੁਖੀ ਪਰਕਾਸ਼ ਸਿੰਘ ਬਾਦਲ ਨੂੰ ਇਸ ਦੇ ਨਾਲ ਹੀ ਪੰਜਾਬ ਅਤੇ ਸਿੱਖ ਪੰਥ ਤੋਂ ਮੁਆਫੀ ਮੰਗਣੀ ਚਾਹੀਦੀ ਹੈ ਕਿ ਉਸਨੇ ਗੁਰੂ ਸਾਹਿਬ ਦੇ ਸੰਦੇਸ਼ ਤੋਂ ਉਲਟ ਜਾਕੇ ਭਾਜਪਾ ਵਰਗੀ ਉਸ ਪਾਰਟੀ ਨਾਲ ਲੰਬੇ ਸਮੇਂ ਤੱਕ ਗੱਠਜੋੜ ਰੱਖਿਆ ਜੋ ਕਿਰਤੀ ਲੋਕਾਂ ਦੇ ਜੀਵਨ ਨੂੰ ਮੰਦਾ ਕਰਨ ਵਾਲੀ ਨੀਤੀ ਰੱਖਦੀ ਹੈੈ। ਕਿਸੇ ਵੀ ਇਮਾਨਦਾਰ ਆਗੂ ਨੂੰ ਅਤੀਤ ਵਿੱਚ ਹੋਈਆਂ ਗਲਤੀਆਂ ਤੋਂ ਭੱਜਣਾਂ ਨਹੀ ਚਾਹੀਦਾ ਅਤੇ ਵੱਡੇ ਦਿਲ ਨਾਲ ਇਨ੍ਹਾਂ ਨੂੰ ਕਬੂਲ ਕਰਕੇ ਕੋਲਾਂ ਦੀ ਕਚਹਿਰੀ ਵਿੱਚ ਆਉਣਾਂ ਚਾਹੀਦਾ ਹੈੈ।
ਹੁਣ ਜੇ ਇਸ ਗੱਠਜੋੜ ਨੂੰ ਚੋਣ ਰਾਜਨੀਤੀ ਦੇ ਨਜ਼ਰੀਏ ਤੋਂ ਦੇਖੀਏ ਤਾਂ ਸਮਝ ਆਉਂਦਾ ਹੈ ਕਿ ਅਕਾਲੀ ਦਲ ਹਾਲੇ ਵੀ ਉਸ ਸਥਿਤੀ ਵਿੱਚ ਨਹੀ ਪਹੁੰਚਿਆ ਕਿ ਉਹ ਪੰਜਾਬ ਵਿੱਚ ਆਪਣੀ ਸਰਕਾਰ ਬਣਾ ਲਵੇ।
ਪੰਜਾਬ ਵਿੱਚ ਦਲਿਤ ਵੋਟ 31ਫੀਸਦੀ ਮੰਨੀ ਜਾਂਦੀ ਹੈੈ। ਪਰ ਪਾਰਟੀ ਸੰਗਠਨ ਵਿੱਚ ਆਈਆਂ ਬਹੁਤ ਸਾਰੀਆਂ ਕਮਜ਼ੋਰੀਆਂ ਕਾਰਨ ਜਾਂ ਪਾਰਟੀ ਦੀ ਸਿਧਾਂਤਕ ਪਹੰਚ ਸਪਸ਼ਟ ਨਾ ਹੋਣ ਕਾਰਨ ਬਹੁਜਨ ਸਮਾਜ ਪਾਰਟੀ ਕੋਲ ਇਸ 31ਫੀਸਦੀ ਵੋਟ ਵਿੱਚੋਂ ਬਹਤ ਘੱਟ ਹਿੱਸਾ ਹੈ। 2017 ਦੀਆਂ ਚੋਣਾਂ ਵਿੱਚ ਪਈਆਂ ਵੋਟਾਂ ਦੇ ਨਤੀਜੇ ਦੱਸਦੇ ਹਨ ਕਿ ਕਿਸੇ ਵੀ ਹਲਕੇ ਵਿੱਚ ਬਸਪਾ ਨੂੰ 8 ਹਜਾਰ ਤੋਂ ਵੱਧ ਵੋਟ ਨਹੀ ਪਈ। ਕਿਤੇ 1 ਹਜਾਰ ਕਿਤੇ 2 ਹਜਾਰ ਕਿਤੇ 5 ਹਜਾਰ। ਕਈ ਥਾਵਾਂ ਤੇ ਇੱਕ ਹਜਾਰ ਤੋਂ ਵੀ ਘੱਟ। ਇਸ ਨਜ਼ਰੀਏ ਤੋਂ ਬਸਪਾ ਦਾ ਦਲਿਤ ਵੋਟ ਤੇ ਉਹ ਕਬਜਾ ਨਹੀ ਹੈ ਜੋ ਵੱਡੀਆਂ ਚੁਣੌਤੀਆਂ ਦੇ ਬਾਵਜੂਦ ਅਕਾਲੀ ਦਲ ਦਾ ਸਿੱਖ ਵੋਟ ਤੇ ਹੈੈੈ। ਇਸ ਵਿੱਚ ਕੋਈ ਸ਼ੱਕ ਨਹੀ ਕਿ ਪੰਜਾਬ ਨਾਲ ਵੱਡੀ ਪੱਧਰ ਤੇ ਧ੍ਰੋਹ ਕਮਾਉਣ ਅਤੇ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਕਾਰਨ ਸਿੱਖਾਂ ਦਾ ਇੱਕ ਹਿੱਸਾ ਅਕਾਲੀ ਦਲ ਤੋਂ ਮੂੰਹ ਮੋੜ ਗਿਆ ਹੈ ਪਰ ਐਨੇ ਕੁਝ ਦੇ ਬਾਵਜੂਦ ਅਕਾਲੀ ਦਲ ਦੀ ਵੋਟ ਹਾਲੇ ਵੀ ਬਹੁਤ ਮਜਬੂਤ ਹੈੈ। ਖਡੂਰ ਸਾਹਿਬ ਵਰਗੇ ਪੰਥਕ ਹਲਕੇ ਤੋਂ ਬੀਬੀ ਜਗੀਰ ਕੌਰ ਨੂੰ ਜੇ ਸਾਢੇ 3 ਲੱਖ ਤੋ ਵੱਧ ਵੋਟ ਪੈ ਜਾਂਦੀ ਹੈ ਤਾਂ ਸਮਝਿਆ ਜਾ ਸਕਦਾ ਹੈ ਕਿ ਅਕਾਲੀ ਦਲ ਦੀ ਪੱਕੀ ਵੋਟ ਹਾਲੇ ਵੀ ਪਾਰਟੀ ਦੇ ਨਾਲ ਖੜ੍ਹੀ ਹੈੈ।
ਹੁਣ ਬਸਪਾ ਨਾਲ ਸਮਝੌਤੇ ਕਾਰਨ ਭਾਜਪਾ ਦੀ ਕੱਟੜ ਹਿੰਦੂ ਵੋਟ ਅਕਾਲੀ ਦਲ ਤੋਂ ਖਿਸਕਣੀ ਹੈੈ। ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਬਹੁਤ ਜਿਆਦਾ ਹਿੰਦੂ ਵੋਟ ਸੀ ਜੋ ਭਾਜਪਾ ਨਾਲ ਸਮਝੌਤੇ ਕਾਰਨ ਅਕਾਲੀ ਦਲ ਨੂੰ ਭੁਗਤਦੀ ਸੀ। ਉਹ ਹਿੰਦੂ ਵੋਟ ਕਿੰਨੀ ਘਟਦੀ ਹੈ ਅਤੇ ਬਸਪਾ ਦੀ ਵੋਟ ਕਿੰਨੀ ਵਧਦੀ ਹੈ ਇਸ ਅੰਕੜੇ ਵਿੱਚ ਕਾਫੀ ਜਿਆਦਾ ਫਰਕ ਹੈੈ।
ਪਿਛਲੀ ਵਾਰ 2017 ਦੀਆਂ ਚੋਣਾਂ ਵਿੱਚ ਅਕਾਲੀ ਦਲ ਭਾਜਪਾ ਨਾਲ ਗੱਠਜੋੜ ਦੇ ਬਾਵਜੂਦ 15 ਸੀਟਾਂ ਹੀ ਲਿਜਾ ਸਕਿਆ ਸੀ। ਹੁਣ ਜੇ ਬਸਪਾ ਨਾਲ ਗੱਠਜੋੜ ਤੋਂ ਬਾਅਦ ਉਸਦੀਆਂ ਵੋਟਾਂ ਵਿੱਚ ਵਾਧਾ ਵੀ ਹੁੰਦਾ ਹੈ ਤਾਂ ਦੇਖਣ ਵਾਲੀ ਗੱਲ ਹੋਵੇਗੀ ਕਿ ਕੀ ਉਹ ਵਾਧਾ ਸੀਟਾਂ ਜਿੱਤਣ ਵਿੱਚ ਸਹਾਈ ਹੋਵੇਗਾ ਜਾਂ ਨਹੀ।ਵੋਟਾਂ ਦਾ ਵਧਣਾਂ ਜੇ ਸੀਟਾਂ ਵਿੱਚ ਨਹੀ ਪਲਟਦਾ । ਖਾਸ ਕਰਕੇ ਉਸ ਵੇਲੇ ਜਦੋਂ ਭਾਜਪਾ ਦੀ ਹਮਾਇਤੀ ਵੋਟ ਵੱਡੀ ਪੱਧਰ ਤੇ ਅਕਾਲੀ ਦਲ ਨਾਲੋਂ ਟੁੱਟ ਜਾਣੀ ਹੈ ਤਾਂ ਵੋਟ ਰਾਜਨੀਤੀ ਦੇ ਪੱਖ ਤੋਂ ਇਹ ਗੱਠਜੋੜ ਅਕਾਲੀ ਦਲ ਲਈ ਬਹੁਤਾ ਲਾਹੇਵੰਦਾ ਨਹੀ ਰਹੇਗਾ।