ਇਸ ਵਾਰ ਸਿੱਖ ਕੌਮ ਨੇ ਸਾਕਾ ਦਰਬਾਰ ਸਾਹਿਬ ਦੀ ੩੨ਵੀਂ ਵਰੇਗੰਢ ਦੇ ਅਰਦਾਸ ਸਮਾਗਮ ਬਾਰੇ ਜੋ ਟਿੱਪਣੀਆਂ ਅਲੱਗ-ਅਲੱਗ ਅਖਬਾਰਾਂ ਤੇ ਹੋਰ ਮੀਡੀਆਂ ਵਿੱਚ ਆਈਆਂ ਹਨ ਉਹਨਾਂ ਮੁਤਾਬਕ ਇਸ ਸਾਲ ਦੀ ਵਰੇਗੰਢ ਅਮਨ ਅਮਾਨ ਨਾਲ ਮੁਕੰਮਲ ਹੋਈ ਹੈ ਤੇ ਮੁੱਖ ਰੂਪ ਵਿੱਚ ਜੋ ਟਿੱਪਣੀ ਸਾਹਮਣੇ ਆਈ ਹੈ ਉਹ ਇੱਕ ਨਾਅਰੇ ਦੇ ਰੂਪ ਵਿੱਚ ਹੈ ਕਿ “ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ” ਪਰ “ਜਥੇਦਾਰ ਅਕਾਲ ਤਖਤ ਸਾਹਿਬ ਗੁਲਾਮ ਹੈ।” ਪਰ ਨਾਲ ਹੀ ਇਹ ਟਿੱਪਣੀ ਵੀ ਆਈ ਹੈ ਕਿ ਇਸ ਵਾਰ ਦਾ ਘੱਲੂਘਾਰਾ ਸਮਾਗਮ ਪੰਥਕ ਖਾਲਿਸਤਾਨ ਪੱਖੀ ਧਿਰ ਜਿਸਦੀ ਅਗਵਾਈ ਸ੍ਰ: ਸਿਮਰਨਜੀਤ ਸਿੰਘ ਮਾਨ ਕਰਦੇ ਹਨ ਤੇ ਦੂਜੇ ਪਾਸੇ ਪੰਜਾਬ ਸਰਕਾਰ ਚਲਾ ਰਹੀ ਸ਼੍ਰੋਮਣੀ ਅਕਾਲੀ ਦਲ ਤੇ ਐਸ.ਜੀ.ਪੀ.ਸੀ. ਦਰਮਿਆਨ ਇੱਕ ਤਰਾਂ ਨਾਲ ਦੋਸਤਾਨਾ ਮੈਚ ਸੀ। ਇਸੇ ਤਰਾਂ ਤੀਜੀ ਵੱਡੀ ਟਿੱਪਣੀ ਜੋ ਮਹਿਤਾ ਚੌਕ ਤੋਂ ਆਈ ਹੈ ਜਿਥੇ ਬਾਬਾ ਹਰਨਾਮ ਸਿੰਘ ਧੁੰਮਾ ਵੱਲੋਂ ਸ਼ਹੀਦੀ ਸਮਾਗਮ ਕਰਵਾਇਆ ਗਿਆ ਹੈ, ਬਾਰੇ ਇਹ ਹੈ ਕਿ ਉਹਨਾਂ ਵੱਲੋਂ ਰੱਖੀ ਮੰਗ ਕਿ ਭਾਰਤ ਸਰਕਾਰ ਸਾਡੇ ਸ਼ਹੀਦ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਾ ਦੇ ਤੀਰ ਤੇ ਕਿਰਪਾਨ ਵਾਪਿਸ ਕਰੇ ਤਾਂ ਜੋ ਬਾਬਾ ਧੁੰਮਾਂ ਵੱਲੋਂ ਇਹ ਦਰਸਾਇਆ ਜਾ ਸਕੇ ਕਿ ਸੰਤ ਭਿੰਡਰਾਂਵਾਲਾ ਸਿਰਫ ਇਹਨਾਂ ਦੀ ਹੀ ਟਕਸਾਲ ਦੇ ਸ਼ਹੀਦ ਸਨ ਨਾ ਕਿ ਸਮੁੱਚੀ ਸਿੱਖ ਕੌਮ ਦੇ ।

ਸਾਕਾ ਦਰਬਾਰ ਸਾਹਿਬ ਦੇ ਸਮਾਗਮ ਮੌਕੇ ਇਸ ਵਾਰ ਜੋ ਵੱਡੀ ਗੱਲ ਹੋਈ ਹੈ ਉਹ ਇਹ ਹੈ ਕਿ ਇਸ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਵੱਡੀ ਗਿਣਤੀ ਵਿੱਚ ਸੰਗਤਾਂ ਵਿੱਚ ਹਾਜ਼ਰ ਸਨ। ਇਸ ਤੋਂ ਵੀ ਵੱਡੀ ਗੱਲ ਪੰਥਕ ਧਿਰਾਂ ਜੋ ਕਿ ਆਪਣੇ ਆਪ ਨੂੰ ਖਾਲਿਸਤਾਨ ਪੱਖੀ ਅਖਵਾਉਦੀਆਂ ਹਨ, ਦੇ ਸਿਰਫ ਪ੍ਰਮੁੱਖ ਲੀਡਰ ਹੀ ਆਪਣੀ ਹਾਜ਼ਰੀ ਲਵਾਉਣ ਲਈ ਬਹੁਤ ਥੋੜੀ ਗਿਣਤੀ ਵਿੱਚ ਸੰਗਤ ਵਿੱਚ ਹਾਜ਼ਰ ਸਨ। ਸਾਕਾ ਦਰਬਾਰ ਸਾਹਿਬ ਜੋ ਕਿ ਭਾਰਤੀ ਫੌਜ ਵੱਲੋਂ ਜੂਨ ਚੁਰਾਸੀ ਵਿੱਚ ਕੀਤੇ ਹਮਲੇ ਨਾਲ ਸਬੰਧਤ ਹੈ, ਦੇ ਸਮਾਗਮ ਮੋਕੇ ਵੱਡੀ ਗਿਣਤੀ ਵਿੱਚ ਸੁਰਖਿਆ ਏਜੰਸੀਆਂ ਦੇ ਕਰਮਚਾਰੀਆਂ ਦੀ ਸ਼ਾਮੂਲੀਅਤ ਹੇਠਾਂ ਮੁਕੰਮਲ ਹੋਇਆ ਹੈ ਜੋ ਕਿ ਸਮਾਗਮ ਵਾਲੀ ਜਗਾ ਤੇ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਪ੍ਰਤੱਖ ਰੂਪ ਵਿੱਚ ਸਿਵਲ ਕੱਪੜਿਆਂ ਵਿੱਚ ਦਿਖਾਈ ਦੇ ਰਹੇ ਸਨ। ਇਸ ਵਾਰੀ ਸਮੂਹ ਦਰਬਾਰ ਸਾਹਿਬ ਕੰਪਲੈਕਸ ਨੂੰ ਇੱਕ ਫੌਜੀ ਮੋਰਚਾਬੰਦੀ ਦੀ ਤਰਾਂ ਘੇਰਿਆਂ ਹੋਇਆ ਸੀ ਅਤੇ ਤਿੰਨ ਫੁੱਟੀ ਕਿਰਪਾਨ ਤੇ ਵੀ ਅੰਦਰ ਲੈ ਜਾਣ ਲਈ ਸਖਤ ਮਨਾਹੀ ਸੀ ਤੇ ਹਰ ਇੱਕ ਕੇਸਰੀ ਦਸਤਾਰ ਤੇ ਦੁਮਾਲੇ ਵਾਲੇ ਸਿੰਘਾਂ ਦੀ ਖਾਸ ਛਾਣ ਬੀਣ ਹੋ ਰਹੀ ਸੀ। ਕਾਫੀ ਹੱਦ ਤੱਕ ਸੁਰਖਿਆ ਏਜੰਸੀਆਂ ਵੱਲੋਂ ਇਹੀ ਕੋਸ਼ਿਸ ਸੀ ਕਿ ਇਹਨਾਂ ਨੂੰ ਬਾਹਰ ਹੀ ਡੱਕ ਦਿੱਤਾ ਜਾਵੇ ਤੇ ਕਈਆਂ ਨੂੰ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੀ ਟੀ.ਸ਼ਰਟ ਵੰਡਣ ਕਰਕੇ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ। ਇਸੇ ਤਰਾਂ ਸਿੱਖ ਬੀਬੀਆਂ ਨਾਲ ਵੀ ਸੁਰਖਿਆ ਏਜੰਸੀਆਂ ਨੇ ਅਜਿਹਾ ਹੀ ਸਲੂਕ ਕੀਤਾ। ਸਮਾਗਮ ਦੌਰਾਨ ਸਦਾ ਵਾਂਗ ਕਿਸੇ ਤਰਾਂ ਵੀ ਸਿੱਖ ਕੌਮ ਨੂੰ ਉਸਦੇ ਭਵਿੱਖ ਬਾਰੇ ਜਾਂ ਕਿਸੇ ਤਰਾਂ ਦੀ ਰਣਨੀਤੀ ਬਾਰੇ ਚਰਚਾ ਨਹੀਂ ਕੀਤੀ ਗਈ। ਸਦਾ ਵਾਂਗ ਇਹ ਪ੍ਰੋਗਰਾਮ ਖਾਲਿਸਤਾਨ ਪੱਖੀ ਨਾਅਰਿਆ ਤੇ ਧੱਕਾਂ ਮੁੱਕੀ ਨਾਲ ਸਮਾਗਮਾਂ ਨੂੰ ਨੇਪਰੇ ਚਾੜਿਆ ਗਿਆ। ਪਰ ਇਸ ਵਾਰੀ ਇਹ ਚੰਗਾ ਹੈ ਕਿ ਧੱਕਾ ਮੁੱਕੀ ਨਾਲ ਹੀ ਸਮਾਗਮ ਹੋ ਖਤਮ ਗਿਆ ਤੇ ਕਿਸੇ ਸਿੱਖ ਦੀ ਦਸਤਾਰ ਉਛਾਲਣ ਦੀ ਨੌਬਤ ਨਹੀਂ ਆਈ।

ਸਾਕਾ ਦਰਬਾਰ ਸਾਹਿਬ ਦੇ ਬੱਤੀ ਵਰਿਆ ਬਾਅਦ ਵੀ ਸ਼੍ਰੋਮਣੀ ਅਕਾਲੀ ਦਲ ਮੁੱਖ ਰੂਫ ਵਿੱਚ ਇਸ ਸਾਕੇ ਦੀ ਪੀੜਾ ਨੂੰ ਚੋਣਾਂ ਵਿੱਚ ਨਿਜ ਦੀ ਸੱਤਾ ਦੀ ਪ੍ਰਾਪਤੀ ਲਈ ਬੱਤੀ ਵਰਿਆਂ ਤੋਂ ਨਿਚੋੜਦਾ ਆਇਆ ਹੈ ਤੇ ਕਦੇ ਵੀ ਦਰਬਾਰ ਸਾਹਿਬ ਸਾਕੇ ਨਾਲ ਜੁੜੇ ਵਿਸ਼ੇ ਤੇ ਇਸ ਦੌਰਾਨ ਹੋਇਆ ਸਿੱਖ ਕੌਮ ਦਾ ਘਾਣ ਉਸਦੀ ਵਿਰਾਸਤ ਦੀ ਲੁੱਟ ਬਾਰੇ ਕਦੇ ਗੰਭੀਰਤਾ ਨਹੀਂ ਦਿਖਾਈ ਗਈ। ਇਸੇ ਤਰਾਂ ਜੇ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਜਿਸਦੀ ਅਗਵਾਈ ਉਸ ਦਲ ਦੀ ਹੋਂਦ ਵੇਲੇ ਤੋਂ ਸ੍ਰ.ਸਿਮਰਨਜੀਤ ਸਿੰਘ ਮਾਨ ਕਰ ਰਹੇ ਹਨ ਤੇ ਆਪਣੇ ਆਪ ਨੂੰ ਸਿੱਖ ਕੌਮ ਦੇ ਭਵਿੱਖ ਸਿਰਜਣ ਦਾ ਮੁੱਖ ਉਤਰਧਿਕਾਰੀ ਜਾਂ ਸਰੋਤ ਮੰਨ ਰਹੇ ਹਨ, ਦੀ ਵੀ ਭੂਮਿਕਾਂ ਇਸ ਸਾਕਾ ਸਮਾਗਮਾਂ ਵਿੱਚ ਸਿਵਾਏ ਹੁੱਲੜਬਾਜੀ, ਫੋਕੀ ਨਾਅਰੇਬਾਜੀ ਤੇ ਦਿਸ਼ਾ ਨਿਰਦੇਸ਼ ਤੋਂ ਵਿਹੂਣੇ ਕਾਰਜਾਂ ਤੱਕ ਹੀ ਸੀਮਤ ਰਹੀ ਹੈ। ਇਹ ਸਿੱਖ ਕੌਮ ਦੀ ਤ੍ਰਾਸਦੀ ਹੈ ਕਿ ਐਨੇ ਵੱਡੇ ਤੀਜੇ ਘੱਲੂਘਾਰੇ ਵਜੋਂ ਜਾਣੇ ਜਾਂਦੇ ਇਸ ਸਾਕੇ ਨੂੰ ਸਮਰਪਿਤ ਹੋਣ ਲਈ ਦੁਨੀਆਂ ਭਰ ਦੀ ਸਿੱਖ ਕੌਮ ਕਿਸੇ ਵਿਧੀ ਵਿਧਾਨ ਜਾਂ ਵਿਉਂਤ ਨੂੰ ਅਪਣਾ ਕੇ ਇਕੱਤਰਤਾ ਦੇ ਰੂਪ ਵਿੱਚ ਇਨਾਂ ਸਮਾਗਮਾਂ ਨੂੰ ਮਨਾਉਣ ਵਿੱਚ ਅਸਫਲ ਰਹੀ ਹੈ ਤਾਂ ਹੀ ਤਾਂ ਅੱਜ ਵੀ ਸਿੱਖ ਕੌਮ ਨਾਲ ਦਰਦ ਰੱਖਣ ਵਾਲੇ ਪ੍ਰੇਮੀਆਂ ਦਾ ਹੌਲੀ-ਹੌਲੀ ਮੋਹ ਭੰਗ ਹੋ ਚੁਕਿਆ ਹੈ ਤੇ ਇਸ ਵੱਡੇ ਤ੍ਰਾਸਦੀ ਭਰੇ ਤੀਜੇ ਘੱਲੂਘਾਰਾ ਸਾਕੇ ਨੂੰ ਇੱਕ ਦਿਸ਼ਾਂ ਨਿਰਦੇਸ਼ ਵਿਹੂਣਾ ਸਮਾਗਮ ਬਣਾ ਕੇ ਰੱਖ ਦਿੱਤਾ ਹੈ।