ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਵਿੱਚ ਬਗਾਵਤ ਹੋ ਗਈ ਹੈ। ਦਿੱਲੀ ਤੋਂ ਆਏ ਹੁਕਮਾਂ ਤਹਿਤ ਪੰਜਾਬ ਇਕਾਈ ਦੇ ਇੱਕ ਉ%ਘੇ ਆਗੂ ਸੁਖਪਾਲ ਸਿੰਘ ਖਹਿਰਾ ਨੂੰ, ਵਿਰੋਧੀ ਧਿਰ ਦੇ ਆਗੂ ਵੱਜੋਂ ਹਟਾ ਦਿੱਤਾ ਗਿਆ ਹੈ। ਹੁਣ ਤੱਕ ਦਿੱਲੀ ਵਾਲਿਆਂ ਦੇ ਹਰ ਹੁਕਮ ਤੇ ਫੁੱਲ ਚੜ੍ਹਾਉਂਦੇ ਆ ਰਹੇ ਪੰਜਾਬ ਦੇ ਆਗੂਆਂ ਨੇ ਇਸ ਹੁਕਮ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਸੁਖਪਾਲ ਸਿੰਘ ਖਹਿਰਾ ਦੇ ਹੱਕ ਵਿੱਚ ਪਾਰਟੀ ਦੇ ੮ ਵਿਧਾਇਕ ਅਤੇ ਹੋਰ ਬਹੁਤ ਸਾਰੇ ਆਗੂ ਆ ਗਏ ਹਨ।ਇਨ੍ਹਾਂ ਨੇ ਦਿੱਲੀ ਦੀ ਤਾਨਾਸ਼ਾਹੀ ਦੇ ਖਿਲਾਫ ਝੰਡਾ ਚੁੱਕ ਲਿਆ ਹੈ।
ਪਾਰਟੀ ਦੇ ਵਿੱਚ ਬਹੁਤ ਦੇਰ ਤੋਂ ਸੁਲਘ ਰਹੀ ਅੱਗ ਹੁਣ ਬਾਹਰ ਆ ਗਈ ਹੈ ਅਤੇ ਲੜਾਈ ਦੀ ਇੱਕ ਸਪਸ਼ਟ ਲਕੀਰ ਖਿੱਚੀ ਗਈ ਹੈ। ਇੱਕ ਪਾਸੇ ਘਟੀਆ ਕਿਸਮ ਦੇ ਕਾਮਰੇਡ ਅਤੇ ਦਿੱਲੀ ਵਾਲਿਆਂ ਦੇ ਭਗਤ ਹਨ ਅਤੇ ਦੂਜੇ ਪਾਸੇ ਜਿਹੜੇ ਪੰਜਾਬ ਦੀ ਇਕਾਈ ਨੂੰ ਖੁਦਮੁਖਤਿਆਰ ਬਣਾਕੇ ਇਸ ਨੂੰ ਸਿੱਖਾਂ ਦੇ ਦੁਲ ਦਰਦ ਨਾਲ ਜੋੜਨਾ ਚਾਹੁੰਦੇ ਹਨ। ਖਾਸ ਕਰਕੇ ਪੰਜਾਬ ਦੇ ਪਾਣੀਆਂ, ਪੰਜਾਬ ਦੇ ਕੁਦਰਤੀ ਸਾਧਨਾਂ ਅਤੇ ਪੰਜਾਬ ਦੇ ਸੱਭਿਆਚਾਰ ਨੂੰ ਬਚਾਉਣ ਲਈ ਦਰਦ ਰੱਖਦੇ ਹਨ।

ਬੇਸ਼ੱਕ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਵਿੱਚ ਇਹ ਬਗਾਵਤ ਕਾਫੀ ਪਛੜ ਕੇ ਹੋਈ ਹੈ ਪਰ ਇਹ ਹੋਣੀ ਨਿਸਚਿਤ ਹੀ ਸੀ। ਇਸ ਤੋਂ ਪਹਿਲਾਂ ਜਿਨ੍ਹਾਂ ਆਗੂਆਂ ਨੂੰ ਦਿੱਲੀ ਵਾਲਿਆਂ ਨੇ ਝਟਕਾਇਆ ਉਹ ਸਿਰ ਸੁਟ ਕੇ ਬੀਬੇ ਬਣਕੇ ਦਿਨ ਕਟੀ ਕਰਨ ਲੱਗ ਪਏ। ਪਰ ਸੁਖਪਾਲ ਸਿੰਘ ਖਹਿਰਾ ਨੇ ਆਪਣੀ ਬਰਖਾਸਤਗੀ ਨੂੰ ਇੱਕ ਮੁੱਦਾ ਬਣਾਕੇ ਪੰਜਾਬ ਦੇ ਵਰਕਰਾਂ ਨੂੰ ਲਾਮਬੰਦ ਕਰ ਲਿਆ ਹੈ। ਦਿੱਲੀ ਵਾਲਿਆਂ ਦੀ ਤਾਜਦਾਰੀ ਤੋਂ ਨਿਜਾਤ ਪਾਉਣ ਲਈ ਹੁਣ, ਆਮ ਆਦਮੀ ਪਾਰਟੀ ਦੇ ਪਹਿਲਾਂ ਨਕਾਰੇ ਹੋਏ ਆਗੂ ਵੀ ਇੱਕਜੁੱਟ ਹੋਣ ਲੱਗੇ ਹਨ। ਡਾਕਟਰ ਧਰਮਵੀਰ ਗਾਂਧੀ ਅਤੇ ਗੁਰਪਰੀਤ ਸਿੰਘ (ਘੁੱਗੀ) ਨੇ ਵੀ ਨਵੇਂ ਸਿਰੇ ਤੋਂ ਸਰਗਰਮੀ ਅਰੰਭ ਦਿੱਤੀ ਹੈ।

ਪੰਜਾਬ ਨੂੰ ਬਹੁਤ ਦੇਰ ਤੋਂ ਕਿਸੇ ਅਜਿਹੇ ਬਦਲ ਦੀ ਉਡੀਕ ਹੈ ਜੋ ਪੰਜਾਬ ਦਾ ਹੋਵੇ। ਪੰਜਾਬ ਦੇ ਇਤਿਹਾਸ ਨਾਲ ਜੁੜਿਆ ਹੋਇਆ ਹੋਵੇ। ਪੰਜਾਬ ਅਤੇ ਖਾਸ ਕਰਕੇ ਸਿੱਖਾਂ ਦੀਆਂ ਜਿੱਤਾਂ ਦਾ ਗੌਰਵ ਅਤੇ ਹਾਰਾਂ ਦਾ ਦਰਦ ਜਿਸਦੇ ਜਿਹਨ ਵਿੱਚ ਹੋਵੇ, ਪੰਜਾਬ ਅਜਿਹੇ ਸਿਆਸੀ ਬਦਲ ਦੀ ਭਾਲ ਕਰ ਰਿਹਾ ਹੈ। ਸ਼ਾਇਦ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠ ਜਾਂ ਕਿਸੇ ਹੋਰ ਦੀ ਅਗਵਾਈ ਹੇਠ ਇਸ ਸੰਕਟ ਤੋਂ ਕੋਈ ਨਵਾਂ ਬਦਲ ਮਿਲ ਜਾਵੇ।

ਜੇ ਸਥਿਤੀ ਨੂੰ ਦੂਜੇ ਪਾਸਿਓਂ ਦੇਖਿਆ ਜਾਵੇ ਤਾਂ ਭਾਰਤੀ ਨੀਤੀਘਾੜੇ ਵੀ ਪੰਜਾਬ ਬਾਰੇ ਇੱਕ ਨਵੀਂ ਪਹੁੰਚ ਲੈ ਕੇ ਚੱਲ ਰਹੇ ਹਨ। ਪਰਕਾਸ਼ ਸਿੰਘ ਬਾਦਲ ਤੋਂ ਬਾਅਦ ਭਾਰਤੀ ਨੀਤੀਘਾੜੇ ਪੰਜਾਬ ਲਈ ਕਿਸੇ ਨਵੇਂ ਆਗੂ ਦੀ ਭਾਲ ਵਿੱਚ ਹਨ। ਭਾਵੇਂ ਉਹ ਕਾਂਗਰਸੀ ਹੋਵੇ, ਅਕਾਲੀ ਹੋਵੇ ਜਾਂ ‘ਆਪ’ ਵੱਲੋਂ ਹੋਵੇ। ਭਾਰਤੀ ਨੀਤੀਘਾੜਿਆਂ ਨੂੰ ਕਿਸੇ ਅਜਿਹੇ ਆਗੂ ਦੀ ਲੋੜ ਹੈ ਜੋ ਪਰਕਾਸ਼ ਸਿੰਘ ਬਾਦਲ ਵਾਂਗ ਖੇਖਣ ਤਾਂ ਪੰਥ ਅਤੇ ਪੰਜਾਬ ਦੇ ਕਰੇ ਪਰ ਅਮਲੀ ਤੌਰ ਤੇ ਦਿੱਲੀ ਦੇ ਇਸ਼ਾਰਿਆਂ ਤੇ ਨੱਚਣ ਵਾਲਾ ਹੋਵੇ। ਪੰਜਾਬ ਦੀ ਪਿੱਠ ਵਿੱਚ ਵਾਰ ਵਾਰ ਛੁਰਾ ਮਾਰਨ ਵਾਲੇ ਕਿਸੇ ਅਜਿਹੇ ਆਗੂ ਦੀ ਭਾਲ ਵਿੱਚ ਹਨ ਭਾਰਤੀ ਨੀਤੀਘਾੜੇ। ਸੁਖਬੀਰ ਸਿੰਘ ਬਾਦਲ ਉਸ ਢਾਂਚੇ ਵਿੱਚ ਫਿੱਟ ਨਹੀ ਬਹਿੰਦੇ। ਉਹ ਸੁਭਾਅ ਪੱਖੋਂ ਕੁਝ ਹਮਲਾਵਰ, ਬੋਲ-ਭੜੱਕ ਅਤੇ ਧੱਕੜ ਹਨ। ਭਾਰਤੀ ਨੀਤਘਾੜਿਆਂ ਨੂੰ ਧੱਕੜ ਆਗੂ ਨਹੀ ਚਾਹੀਦਾ। ਸੀਲ ਪਸ਼ੂ ਚਾਹੀਦਾ ਹੈ ਜੋ ਕਦੇ ਵੀ ਪਸਮਾਇਆ ਜਾ ਸਕੇ। ਅਕਾਲੀ ਦਲ ਵਿੱਚ ਜਿਹੜੇ ਅਜਿਹੀ ਕਿਸਮ ਦੇ ਆਗੂ ਹੈਨ ਉਨ੍ਹਾਂ ਦੇ ਹਾਲੇ ਬਾਦਲ ਪਰਿਵਾਰ ਪੈਰ ਨਹੀ ਲੱਗਣ ਦੇ ਰਿਹਾ।

ਸੋ ਆਮ ਆਦਮੀ ਪਾਰਟੀ ਦੀ ਇਸ ਨਵੀਂ ਬਗਾਵਤ ਨੂੰ ਕੁਝ ਅਜਿਹੇ ਦ੍ਰਿਸ਼ ਵੱਜੋਂ ਵੀ ਦੇਖਿਆ ਜਾ ਸਕਦਾ ਹੈ। ਹੋ ਸਕਦਾ ਹੈ ਭਾਰਤੀ ਨੀਤੀਘਾੜੇ ਆਪਣਾਂ ਨਿਸ਼ਾਨਾ ਸਰ ਕਰਨ ਲਈ ਕਿਸੇ ਨਵੀਂ ਸਿਆਸੀ ਕਸਰਤ ਨੂੰ ਅਜਮਾ ਰਹੇ ਹੋਣ। ਕਿਉਂਕਿ ਪੰਜਾਬੀਆਂ ਨੂੰ ਦਿੱਲੀ ਤੋਂ ਹੁਕਮ ਚਲਾਉਣ ਵਾਲੇ ਮਨਜੂਰ ਨਹੀ ਹਨ। ਸੋ ਪੰਜਾਬ ਵਿੱਚੋਂ ਕਿਸੇ ਅਜਿਹੇ ਆਗੂ ਨੂੰ ਸ਼ਿੰਗਾਰਨਾ ਭਾਰਤੀ ਨੀਤੀਘਾੜਿਆਂ ਦੀ ਲੋੜ ਬਣ ਗਈ ਹੈ ਜੋ ਪਰਕਾਸ਼ ਸਿੰਘ ਬਾਦਲ ਦਾ ਬਦਲ ਬਣ ਸਕੇ। ਪਰ ਉਹ ਪਰਕਾਸ਼ ਸਿੰਘ ਬਾਦਲ ਵਾਂਗ ਹੀ ‘ਮਿੱਠਬੋਲੜਾ’ ਅਤੇ ‘ਸਹਿਜ’ ਹੋਣਾਂ ਚਾਹੀਦਾ ਹੈ ਘੱਟੋ ਘੱਟ ਅਜਿਹਾ ਡਰਾਮਾ ਕਰਨ ਦਾ ਮਾਹਰ ਹੋਣਾਂ ਚਾਹੀਦਾ ਹੈ।

ਦੇਖਦੇ ਹਾਂ ਊਠ ਕਿਸ ਕਰਵਟ ਬੈਠਦਾ ਹੈ।