ਸਿੱਖਾਂ ਦੇ ਪਵਿੱਤਰ ਅਸਥਾਨ ਦਰਬਾਰ ਸਾਹਿਬ ਉੱਪਰ ਜੂਨ ੧੯੮੪ ਵਿਚ ਹੋਏ ਫੌਜੀ ਹਮਲੇ ਦੇ ਸੈਂਤੀ ਵਰ੍ਹੇ ਬੀਤਣ ਤੋਂ ਬਾਅਦ ਵੀ ਸਿੱਖਾਂ ਦੀ ਨਿਰਉਤਸ਼ਾਹਿਤ ਅਤੇ ਕੁਮਲਾਈ ਮਾਨਸਿਕਤਾ ਨੂੰ ਘੋਰ ਨਿਰਾਸ਼ਾ ’ਚੋਂ ਬਾਹਰ ਕੱਢਣ ਲਈ ਦਿਲਾਸੇ ਦੀ ਲੋੜ ਹੈ।ਕੀ ਇਹ ਨਿਰਾਸ਼ਾ ਦੀ ਭਾਵਨਾ ਉਨ੍ਹਾਂ ਨੂੰ ਕੋਈ ਦਿਲਾਸਾ ਦੇ ਸਕਦੀ ਹੈ?ਦਰਬਾਰ ਸਾਹਿਬ ਉੱਪਰ ਫੌਜੀ ਹਮਲਾ ਕੇਂਦਰ ਅਤੇ ਸੂਬੇ ਦੀਆਂ ਰਾਜਨੀਤਿਕ ਪਾਰਟੀਆਂ ਜਿਵੇਂ ਕਾਂਗਰਸ ਅਤੇ ਅਕਾਲੀ ਦਲ ਦੀਆਂ ਰਾਜਨੀਤਿਕ ਚਾਲਬਾਜ਼ੀਆਂ ਦਾ ਨਤੀਜਾ ਸੀ।ਇਹਨਾਂ ਪਾਰਟੀਆਂ ਨੇ ਆਪਣੇ ਰਾਜਨੀਤਿਕ ਹਿੱਤਾਂ ਅਤੇ ਗਲਤ ਮਨਸੂਬਿਆਂ ਦੀ ਪੂਰਤੀ ਲਈ ਕਾਲਪਨਿਕ ਸਿਧਾਤਾਂ ਵਾਲੀਆਂ ਕਪਟੀ ਚਾਲਾਂ ਦਾ ਸਹਾਰਾ ਲਿਆ ਜਿਹਨਾਂ ਦਾ ਅਸਲੀਅਤ ਦਾ ਕੋਈ ਲੈਣਾ ਦੇਣਾ ਨਹੀਂ ਸੀ।ਮੌਜੂਦਾ ਸਥਿਤੀ ਵਿਚ ਇਸ ਨਿਰਾਸ਼ਾ ਤੋਂ ਦਿਲਾਸਾ ਵੱਲ ਮੁੜਨਾ ਵੀ ਇਕ ਭਰਮ ਹੀ ਜਾਪਦਾ ਹੈ ਕਿਉਂਕਿ ਸਿੱਖ ਰਾਜਨੀਤਿਕ ਪਾਰਟੀ ਅਕਾਲੀ ਦਲ ਅਤੇ ਸਿੱਖ ਜੱਥੇਦਾਰ ਅਜੇ ਵੀ ਸੌੜੇ ਨਜ਼ਰੀਏ ਵਾਲੀ ਅਤੇ ਅਸਲੀਅਤ ਤੋਂ ਕੋਹਾਂ ਦੂਰ ਸਿਆਸਤ ਰਾਹੀ ਸਿੱਖਾਂ ਦੀਆਂ ਭਾਵਨਾਵਾਂ ਅਤੇ ਉਨ੍ਹਾਂ ਦੇ ਮਨਾਂ ਨਾਲ ਖੇਡ ਰਹੇ ਹਨ।ਰਾਜਨੀਤਿਕ ਮਨੋਰਥਾਂ ਦੀ ਪੂਰਤੀ ਲਈ ਦੁਖਦਾਈ ਯਾਦਾਂ ਅਤੇ ਜ਼ਖਮਾਂ ਦਾ ਜਨਤਕ ਪ੍ਰਵਚਨ (ਡਿਸਕੋਰਸ) ਵੀ ਇਸ ਨਿਰਾਸ਼ਾ ਦੇ ਆਲਮ ਵਿਚ ਵਾਧਾ ਕਰਦਾ ਹੈ ਅਤੇ ਸਿੱਖਾਂ ਨੂੰ ਕੋਈ ਦਿਲਾਸਾ ਜਾਂ ਰਾਹਤ ਨਹੀਂ ਪਹੁੰਚਾਉਂਦਾ।ਇਸ ਨਿਰਾਸ਼ਾਵਾਦ ਤੋਂ ਰਾਹਤ ਉਮੀਦ ਦੀ ਸੰਭਾਵਨਾ ਨੂੰ ਪੱਕਿਆਂ ਕਰ ਕੇ ਹੀ ਦੁਆਈ ਜਾ ਸਕਦੀ ਹੈ।ਇਸ ਦੇ ਨਾਲ ਹੀ ਪਰੰਪਰਾਗਤ ਤਰੀਕਿਆਂ ਨੂੰ ਛੱਡ ਕੇ ਰਾਜਨੀਤਿਕ ਵਿਵੇਕ ਪ੍ਰਤੀ ਸਮੂਹਿਕ ਰੂਪ ਵਿਚ ਆਸ਼ਾਵਾਦੀ ਹੋਣ ਦੀ ਲੋੜ ਹੈ।ਇਹ ਦੇਖਣ ਦੇ ਨਵੇਂ ਢੰਗ ਅਪਣਾ ਕੇ ਅਤੇ ਮੌਜੂਦਾ ਪਾਰਟੀਆਂ ਦੀਆਂ ਰਾਜਨੀਤਿਕ ਚਾਲਬਾਜ਼ੀਆਂ, ਜਿਹਨਾਂ ਦਾ ਸਿੱਖਾਂ ਦੀਆਂ ਰਾਜਨੀਤਿਕ ਅਭਿਲਾਸ਼ਾਵਾਂ ਨਾਲ ਕੋਈ ਸਰੋਕਾਰ ਨਹੀਂ ਹੈ, ਤੋਂ ਪਾਰ ਦੇਖ ਕੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ।ਉਤੇਜਿਤ ਮਨਾਂ ਨੂੰ ਰਾਹਤ ਪਹੁੰਚਾਉਣ ਲਈ ਮੂਲ ਰੂਪ ਵਿਚ ਸੰਵੇਦਨਾ ਵਿਕਸਿਤ ਕਰਨ ਅਤੇ ਵੱਖ-ਵੱਖ ਮੌਜੂਦ ਰਸਤਿਆਂ ਲਈ ਖੁੱਲਦਿਲੀ ਦਾ ਨਜ਼ਰੀਆ ਅਪਣਾਉਣ ਦੀ ਲੋੜ ਹੈ।

ਸਿੱਖਾਂ ਦੀ ਨਿਰਉਤਸ਼ਾਹਿਤ ਮਾਨਸਿਕਤਾ ਅਤੇ ਉਨ੍ਹਾਂ ਦੀਆਂ ਅਭਿਲਾਸ਼ਾਵਾਂ ਨੂੰ ਅਜੇ ਤੱਕ ਵੀ ਸਵੀਕਾਰਿਆ ਨਹੀਂ ਗਿਆ ਹੈ ਕਿਉਂ ਕਿ ਸਿੱਖ ਪਛਾਣ ਨੂੰ ਅੱਜ ਤੱਕ ਵੀ ਭਾਰਤੀ ਰਾਜ ਦੇ ਵਿਚਾਰਕਾਂ ਦੁਆਰਾ ਕੋਈ ਜਗ੍ਹਾ ਨਹੀਂ ਦਿੱਤੀ ਗਈ ਅਤੇ ਉਨ੍ਹਾਂ ਦੇ ਭਾਵਨਾਤਮਕ ਬਿਰਤਾਂਤ ਨੂੰ ਸਮਝਿਆ ਨਹੀਂ ਗਿਆ ਹੈ।ਦਰਬਾਰ ਸਾਹਿਬ ਉੱਪਰ ਫੌਜ ਦੁਆਰਾ ਕੀਤਾ ਗਿਆ ਹਮਲਾ ਭਾਰਤੀ ਰਾਜ ਦੀ ਤਾਨਾਸ਼ਾਹੀ ਦਾ ਇਜ਼ਹਾਰ ਸੀ ਜੋ ਕਿ ਨਿਰਦਈ ਰਾਜ ਦੀ ਕਰੂਰਤਾ ਦਾ ਚਿੰਨ੍ਹ ਸੀ।ਇਸ ਨਿਰਦਈ ਰਾਜ ਨੇ ਬਹੁਤ ਹੀ ਕਰੂਰ ਤਰੀਕੇ ਨਾਲ ਝੁੂਠ ਬੋਲਿਆ।ਇਸ ਨਿਰਦਈ ਰਾਜ ਕੋਲ ਉਸ ਮੀਡੀਆ ਦਾ ਸਮਰਥਨ ਸੀ ਜੋ ਕਿ ਪੀੜਾ ਅਤੇ ਦੁੱਖ ਦਾ ਤਮਾਸ਼ਾ ਬਣਾਉਣ ਵਿਚ ਰੁੱਝਿਆ ਹੋਇਆ ਸੀ।ਇਸ ਨੇ ਸਥਿਤੀ ਅਤੇ ਘਟਨਾਵਾਂ ਨੂੰ ਢਾਂਚਾਗਤ ਤਰੀਕੇ ਨਾਲ ਸਮਝਣ ਦੀ ਸੰਭਾਵਨਾ ਨੂੰ ਖਤਮ ਕਰ ਦਿੱਤਾ।ਇਹਨਾਂ ਸਾਰੀਆਂ ਘਟਨਾਵਾਂ ਨੇ ਸਿੱਖਾਂ ਨੂੰ ਰਾਜ ਦੀ ਕਰੂਰ ਨਿਰੰਕੁਸ਼ਤਾ ਦਾ ਸ਼ਿਕਾਰ ਬਣਾਇਆ।ਆਮ ਸਿੱਖਾਂ ਅਤੇ ਨੌਜਵਾਨ ਮਨਾਂ ਦੇ ਦੁੱਖ ਨੂੰ ਨਜ਼ਰਅੰਦਾਜ਼ ਕੀਤਾ ਗਿਆ ਜਿਨ੍ਹਾਂ ਨੇ ਸਮਾਜਿਕ-ਰਾਜਨੀਤਿਕ ਸਮਰੂਪਤਾ ਦੀ ਚੁਣੌਤੀ ਦਾ ਸਾਹਮਣਾ ਅਤੇ ਵਿਰੋਧ ਕੀਤਾ।

ਬਸਤੀਵਾਦੀ ਹਕੂਮਤ ਦਾ ਸੂਰਜ ਅਸਤ ਹੋਣ ਤੋਂ ਬਾਅਦ ਅਜ਼ਾਦ ਭਾਰਤ ਦੀ ਨਵੀਂ ਸਰਕਾਰ ਨੇ ਸਾਮਰਾਜੀ ਹਕੂਮਤ ਦੇ ਨਿਹਾਇਤ ਕੇਂਦਰੀਕਰਨ ਦੀ ਨੀਤੀ ਨੂੰ ਹੀ ਅਪਣਾਇਆ।ਇਸ ਤਰਾਂ ਦੇ ਨਜ਼ਰੀਏ ਨੇ ਸਰਕਾਰ ਦੇ ਵੱਖ-ਵੱਖ ਭਾਗਾਂ ਵਿਚ ਸੱਤਾ ਦੇ ਵਿਕੇਂਦਰੀਕਰਨ ਲਈ ਕੋਈ ਜਗ੍ਹਾ ਨਹੀਂ ਛੱਡੀ, ਸਗੋਂ ਇਸ ਨੇ ਸਰਪ੍ਰਸਤੀ ਦੇਣ ਵਾਲਾ ਨਜ਼ਰੀਆ ਹੀ ਅਪਣਾਈ ਰੱਖਿਆ।ਰਾਸ਼ਟਰਵਾਦ ਉੱਪਰ ਅਧਾਰਿਤ ਸੱਤਾ ਦੇ ਕੇਂਦਰੀਕਰਨ ਨੇ ਹਾਸ਼ੀਆਗ੍ਰਸਤ ਭਾਈਚਾਰਿਆਂ/ਸਮੁਦਾਇਆਂ ਜਿਵੇਂ ਸਿੱਖਾਂ ਲਈ ਬਹੁਤ ਘੱਟ ਸੰਭਾਵਨਾ ਛੱਡੀ ਜਿਸ ਨੇ ਉਨ੍ਹਾਂ ਵਿਚ ਬੇਗਾਨਗੀ ਦੀ ਭਾਵਨਾ ਨੂੰ ਜਨਮ ਦਿੱਤਾ।ਇਸ ਤਰਾਂ ਦੀ ਬੇਗਾਨਗੀ ਦੀ ਭਾਵਨਾ ਅਤੇ ਘੁਟਣ ਨੂੰ ਸਿੱਖ ਰਾਜਨੀਤਿਕ ਪਾਰਟੀ ਅਕਾਲੀ ਦਲ ਨੇ ਆਪਣੀ ਰਾਜਨੀਤਿਕ ਕੂਟਨੀਤੀ ਨਾਲ ਹੋਰ ਹਵਾ ਦਿੱਤੀ।ਇਸ ਨੇ ਸਿੱਖ ਮਸਲਿਆਂ ਨੂੰ ਲੈ ਕੇ ਢਾਂਚਾਗਤ ਸਮੱਸਿਆਵਾਂ ਪੈਦਾ ਕੀਤੀਆਂ ਅਤੇ ਸਿੱਖਾਂ ਵਿਚ ਹਿੰਦੂਵਾਦੀ ਰਾਸ਼ਟਰ ਨਾਲ ਜੁੜਨ ਨੂੰ ਲੈ ਕੇ ਪਛਤਾਵੇ ਦੀ ਭਾਵਨਾ ਪੈਦਾ ਹੋ ਗਈ।ਇਸ ਦੇ ਨਾਲ ਹੀ ਉਨ੍ਹਾਂ ਦੀ ਗਰਿਮਾ ਅਤੇ ਸਵੈ-ਮਾਣ ਨੂੰ ਲੈ ਕੇ ਸਵਾਲ ਪੈਦਾ ਹੋਣੇ ਸ਼ੁਰੂ ਹੋ ਗਏ।

ਸਿੱਖਾਂ ਦੇ ਹਿੱਤਾਂ ਦੀ ਰਾਖੀ ਕਰਨ ਦਾ ਢਿੰਢੋਰਾ ਪਿੱਟਣ ਵਾਲੇ ਅਕਾਲੀ ਦਲ ਨੇ ਲਗਾਤਾਰ ਕੇਂਦਰ ਵਿਚ ਸ਼ਾਸਿਤ ਕਾਂਗਰਸ ਸਰਕਾਰ ਨਾਲ ਟਕਰਾਅ ਨੂੰ ਹੋਰ ਵਧਾਇਆ ਜਿਸ ਨੇ ਸਰਕਾਰ ਦੀ ਨਿਰੰਕੁਸ਼ਤਾ ਅਤੇ ਸਿੱਖਾਂ ਦੇ ਮਸਲਿਆਂ ਨੂੰ ਲੈ ਕੇ ਕੋਈ ਸਰੋਕਾਰ ਦੀ ਘਾਟ ਨੂੰ ਉਜਾਗਰ ਕੀਤਾ।ਆਪਣੀਆਂ ਕੂਟਨੀਤਿਕ ਚਾਲਾਂ ਕਰਕੇ ਅਕਾਲੀ ਦਲ ਵਿਚ ਨਾ ਤਾਂ ਸਿੱਖਾਂ ਦੀਆਂ ਰਾਜਨੀਤਿਕ ਅਭਿਲਾਸ਼ਾਵਾਂ ਨੂੰ ਲੈ ਕੇ ਕੋਈ ਪ੍ਰਤੀਬੱਧਤਾ ਸੀ ਅਤੇ ਨਾ ਹੀ ਕੋਈ ਸੰਕਲਪ, ਸਗੋਂ ਇਹ ਰਾਜਨੀਤਿਕ ਅਸਲੀਅਤ ਤੋਂ ਦੂਰ ਸੀ।ਇਸ ਤਰਾਂ ਦੀਆਂ ਚਾਲਾਂ ਅਤੇ ਨੀਤੀਆਂ ਨੇ ਸਿੱਖ ਬਹੁਗਿਣਤੀ ਵਾਲੀ ਧਾਰਮਿਕ ਪ੍ਰਭੂਸੱਤਾ ਅਤੇ ਭਾਰਤੀ ਰਾਜ ਨਾਲ ਸਿੱਧੇ ਟਕਰਾਓ ਦੀ ਸਥਿਤੀ ਨੂੰ ਪੈਦਾ ਕੀਤਾ।ਸਿੱਖ ਵਿਦਰੋੋਹ ਦੇ ਨਾਲ-ਨਾਲ ਧਾਰਮਿਕ ਰੰਗਤ ਵਾਲੇ ਰਾਜਨੀਤਿਕ ਮਾਹੌਲ ਨੇ ਸੰਤ ਜਰਨੈਲ਼ ਸਿੰਘ ਭਿੰਡਰਾਂਵਾਲੇ ਨੂੰ ਸਿੱਖਾਂ ਦੇ ਹਿੱਤਾਂ ਦੇ ਰਾਖੇ ਵਜੋਂ ਕੇਂਦਰ ਵਿਚ ਲਿਆਂਦਾ।ਰਾਜਨੀਤਿਕ ਸਰੂਪ ਵਾਲਾ ਵਿਦਰੋਹ ਉਨ੍ਹਾਂ ਲੋਕਤੰਤਰੀ ਸ਼ਾਸਨਾਂ ਵਿਚ ਪੈਦਾ ਹੁੰਦਾ ਹੈ ਜੋ ਲੋਕਾਂ ਦੀਆਂ ਉਮੀਦਾਂ ਨੂੰ ਤਾਂ ਜਗਾ ਦਿੰਦੀਆਂ ਹਨ, ਪਰ ਉਨ੍ਹਾਂ ਦੀਆਂ ਉਮੀਦਾਂ ਉੱਪਰ ਖਰਾ ਉਤਰਨ ਲਈ ਉਸ ਤਰਾਂ ਦੀਆਂ ਜਨਤਕ ਸੰਸਥਾਵਾਂ ਨਹੀਂ ਬਣਾ ਪਾਉਂਦੀਆਂ।

੧੯੪੭ ਵਿਚ ਭਾਰਤ ਦੀ ਅਜ਼ਾਦੀ ਤੋਂ ਪਹਿਲਾਂ ਭਾਰਤੀ ਹਕੂਮਤ ਦੁਆਰਾ ਸਿੱਖਾਂ ਨੂੰ ਖੁਦ-ਮੁਖ਼ਤਿਆਰ ਖਿੱਤਾ ਦੇਣ ਦਾ ਭਰੋਸਾ ਦੁਆਇਆ ਗਿਆ ਸੀ, ਪਰ ਅਜ਼ਾਦੀ ਤੋਂ ਬਾਅਦ ਉਨ੍ਹਾਂ ਨੇ ਹਰ ਤਰਾਂ ਦੇ ਵਾਅਦੇ ਨੂੂੰ ਭੁਲਾ ਦਿੱਤਾ।ਇਸ ਨੇ ਸਿੱਖਾਂ ਵਿਚ ਬੇਭਰੋਸਗੀ ਦੀ ਭਾਵਨਾ ਪੈਦਾ ਕੀਤੀ ਅਤੇ ਸੰਵਿਧਾਨਿਕ ਪੈਨਲ ਦੇ ਦੋ ਮਹੱਤਵਪੂਰਨ ਮੈਂਬਰਾਂ ਨੇ ਭਾਰਤੀ ਸੰਵਿਧਾਨ ਦੇ ਖਰੜੇ ਉੱਪਰ ਹਸਤਾਖਰ ਕਰਨ ਤੋਂ ਇਨਕਾਰ ਕਰ ਦਿੱਤਾ।ਸਿੱਖ ਰਾਸ਼ਟਰ ਅਤੇ ਪਛਾਣ ਦੇ ਭਵਿੱਖ ਨਾਲ ਸੰਬੰਧਿਤ ਇਹਨਾਂ ਮਸਲਿਆਂ ਨੂੰ ਸਿੱਖ ਰਾਜਨੀਤਿਕ ਪਾਰਟੀ ਅਕਾਲੀ ਦਲ ਨੇ ਸਮੇਂ-ਸਮੇਂ ਤੇ ਆਪਣੇ ਹਿੱਤਾਂ ਦੀ ਪੂਰਤੀ ਲਈ ਵਰਤਿਆ।ਅਕਾਲੀ ਦਲ ਦੀ ਲੀਡਰਸ਼ਿਪ ਵਿਚ ਇੰਨੀ ‘ਸੂਝ-ਬੂਝ’ ਸੀ ਕਿ ਉਨ੍ਹਾਂ ਨੇ ਕਦੇ ਵੀ ਭਾਰਤੀ ਸੱਤਾ ਨਾਲ ਸਿੱਧੀ ਟੱਕਰ ਨਹੀਂ ਲਈ ਅਤੇ ਜੋ ਵੀ ਰਾਜਨੀਤਿਕ ਸੰਘਰਸ਼ ਉਨ੍ਹਾਂ ਨੇ ਸ਼ੁਰੂ ਕੀਤਾ, ਉਸ ਨੂੰ ਵਿਚਕਾਰ ਹੀ ਛੱਡ ਦਿੱਤਾ।ਇਸ ਦੀ ਬਜਾਇ ਉਨ੍ਹਾਂ ਨੇ ਪੰਜਾਬ ਦੀ ਸੱਤਾ ਉੱਪਰ ਕਾਬਜ਼ ਹੋਣ ਦੇ ਆਪਣੇ ਹਿੱਤਾਂ ਨੂੰ ਪਹਿਲ ਦਿੱਤੀ।ਇਸ ਤਰਾਂ ਦੀਆਂ ਕੂਟਨੀਤਿਕ ਅਤੇ ਅਸਲੀਅਤ ਤੋਂ ਸੱਖਣੀ ਰਾਜਨੀਤੀ ਨੇ ੧੯੮੦ਵਿਆਂ ਵਿਚ ਮੁੱਖ ਰਾਜਨੀਤਿਕ ਸੰਘਰਸ਼ ਨੂੰ ਜਨਮ ਦਿੱਤਾ।ਇਸ ਦੀ ਸ਼ੁਰੂਆਤ ਅੰਮ੍ਰਿਤਸਰ ਵਿਚ ਸਿੱਖ ਸ਼ਰਧਾਲੂਆਂ ਦੀ ਇਕ ਸੰਪ੍ਰਦਾਇ ਦੇ ਮੁਖੀ ਨਾਲ ਖੂਨੀ ਟਕਰਾਓ ਵਿਚੋਂ ਹੋਈ ਜਿਸ ਦਾ ਨਤੀਜਾ ਬਹੁਤ ਸਾਰੀਆਂ ਮੌਤਾਂ ਦੇ ਰੂਪ ਵਿਚ ਨਿਕਲਿਆ।ਅਕਾਲੀ ਦਲ ਦੇ ਰਾਜਨੀਤਿਕ ਸੰਘਰਸ਼ ਨੂੰ ਪ੍ਰਮੁੱਖਤਾ ਦੇਣ ਲਈ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਕੇਂਦਰ ਵਿਚ ਲਿਆਂਦਾ ਗਿਆ ਅਤੇ ਉਸ ਨੂੰ ਦਰਬਾਰ ਸਾਹਿਬ ਵਿਚ ਟਿਕਾਣਾ ਬਣਾਉਣ ਲਈ ਰਾਜ਼ੀ ਕੀਤਾ ਗਿਆ।

ਸੰਤ ਜਰਨੈਲ਼ ਸਿੰਘ ਭਿੰਡਰਾਂਵਾਲਾ ਧਾਰਮਿਕ ਝੁਕਾਅ ਵਾਲਾ ਇਕ ਸ਼ਰਧਾਲੂ ਸਿੱਖ ਸੀ ਜੋ ਕਿ ਇਕ ਸਨਮਾਨਿਤ ਇਤਿਹਾਸਿਕ ਪ੍ਰਚਾਰਕ ਸੰਸਥਾ ਦਾ ਪ੍ਰਮੁੱਖ ਸੀ। ਅਕਾਲੀ ਦਲ ਦੇ ਰਾਜਨੀਤਿਕ ਸੰਘਰਸ਼ ਵਿਚ ਭਿੰਡਰਾਂਵਾਲੇ ਦੇ ਉਦੈ ਨਾਲ ਇਹ ਸੰਘਰਸ਼ ਪੰਜਾਬੀ ਸੂਬੇ ਦੀ ਪ੍ਰਾਪਤੀ ਦਾ ਮਹਿਜ਼ ਸਿੱਖ ਰਾਜਨੀਤਿਕ ਸੰਘਰਸ਼ ਬਣ ਕੇ ਰਹਿ ਗਿਆ।ਅਜ਼ਾਦੀ ਤੋਂ ਪਹਿਲਾਂ ਤੋਂ ਹੀ ਚੱਲ ਰਹੇ ਖੁਸਮੁਖ਼ਤਿਆਰੀ ਦੇ ਮਸਲੇ ਨੇ ਕੇਂਦਰੀ ਥਾਂ ਲੈ ਲਈ।ਸੰਤ ਭਿੰਡਰਾਂਵਾਲਾ ਅਸਲ ਵਿਚ ਧਾਰਮਿਕ ਪ੍ਰਚਾਰਕ ਅਤੇ ਮਜਬੂਤ ਬੁਲਾਰਾ ਸੀ, ਪਰ ਉਸ ਵਿਚ ਰਾਜਨੀਤਿਕ ਸਮਝ ਅਤੇ ਰਾਜਨੀਤੀ ਨੂੰ ਪਰਖਣ ਦੀ ਗਹਿਰਾਈ ਨਹੀਂ ਸੀ।ਸਿੱਖਾਂ ਨਾਲ ਸੰਬੰਧਿਤ ਰਾਜਨੀਤਿਕ ਹਿੰਸਾ ਦਾ ਉਦੈ ਸੰਪ੍ਰਦਾਇ ਨਾਲ ਟਕਰਾਓ ਤੋਂ ਸ਼ੁਰੂ ਹੋਇਆ ਅਤੇ ੧੯੮੦ਵਿਆਂ ਵਿਚ ਰਾਜਨੀਤਿਕ ਸੰਘਰਸ਼ ਦੀ ਸ਼ੁਰੂਆਤ ਤੋਂ ਬਾਅਦ ਵੀ ਇਹ ਚੱਲਦਾ ਰਿਹਾ।ਭਾਰਤ ਅਤੇ ਪੰਜਾਬ ਦੀ ਰਾਜਨੀਤੀ ਵਿਚ ਸਵਾਰਥੀ ਹਿੱਤਾਂ ਦੀ ਪੂਰਤੀ ਵਾਲੀਆਂ ਪਾਰਟੀਆਂ ਦਾ ਬੋਲਬਾਲਾ ਰਿਹਾ ਹੈ ਜਿਨ੍ਹਾਂ ਨੇ ਨੇਕ, ਸਵਾਰਥ-ਰਹਿਤ ਅਤੇ ਆਦਰਸ਼ਵਾਦੀ ਰਾਜਨੀਤੀ ਨੂੰ ਜਗ੍ਹਾ ਨਹੀਂ ਦਿੱਤੀ।

ਰਾਜਨੀਤੀ ਹੱਲ ਵੱਲ ਸੇਧਿਤ ਪ੍ਰੀਕਿਰਿਆ ਅਤੇ ਸੱਤਾ ਦਾ ਅਜਿਹਾ ਪ੍ਰਯੋਗ ਹੈ ਜੋ ਕਿ ਆਸ਼ਾਵਾਦੀ ਨਜ਼ਰੀਏ ਲਈ ਰਾਹ ਬਣਾਵੇ।ਰਾਜਨੀਤਿਕ ਵਿਵੇਕ ਅਤੇ ਲੀਡਰਸ਼ਿਪ ਦੀ ਸਮਝਦਾਰੀ ਨਿਰੰਤਰ ਇਸ ਤਰਾਂ ਦਾ ਰਾਹ ਮੋਕਲਾ ਕਰਨ ਵਿਚ ਸਹਾਈ ਹੋ ਸਕਦੇ ਹਨ।ਪਰ ਸਿੱਖ ਅਕਾਲੀ ਦਲ ਦੀ ਲੀਡਰਸ਼ਿਪ ਭਾਰਤ ਦੀ ਅਜ਼ਾਦੀ ਤੋਂ ਲੈ ਕੇ ਹੀ ਕੂਟਨੀਤਿਕ ਚਾਲਬਾਜ਼ੀਆਂ ਵਿਚ ਮਸ਼ਗੂਲ ਰਹੀ ਹੈ ਜਿਸ ਨੇ ਹਰ ਰਾਜਨੀਤਿਕ ਸੰਘਰਸ਼ ਵਿਚ ਧਾਰਮਿਕ ਭਾਵਨਾਵਾਂ ਨੂੰ ਵਰਤਿਆ।੧੯੮੦ ਦੇ ਰਾਜਨੀਤਿਕ ਸੰਘਰਸ਼ ਵਿਚ ਧਾਰਮਿਕ ਮੰਸ਼ਾ ਦੇ ਦਖਲ ਨੇ ਇਸ ਨੂੰ ਇਕ ਨਵੀ ਦਿਸ਼ਾ ਦੇ ਦਿੱਤੀ।ਧਾਰਮਿਕ ਰੰਗਤ ਦੀ ਬਹੁਤਾਤ ਨੇ ਇਸ ਵਿਚ ਧਾਰਮਿਕ ਬਿਰਤੀ ਨੂੰ ਭਾਰੂ ਕਰ ਦਿੱਤਾ।ਰਾਜਨੀਤਿਕ ਸੰਘਰਸ਼ ਵਿਚ ਧਾਰਮਿਕ ਬਿਰਤੀ ਦਾ ਪ੍ਰਵੇਸ਼ ਤਾਂ ਜਿਆਦਾ ਬਿਹਤਰ ਸਮਝ ਵਿਕਸਿਤ ਕਰਨ ਅਤੇ ਸੰਘਰਸ਼ ਨੂੰ ਗਹਿਰਾਈ ਪ੍ਰਦਾਨ ਕਰਨ ਦੇ ਵਿਸ਼ਵਾਸ ਨਾਲ ਹੋਇਆ ਕਿਉਂਕਿ ਪ੍ਰੰਪਰਾਗਤ ਰਾਜਨੀਤੀ ਆਪਣੀ ਚਮਕ ਗੁਆ ਰਹੀ ਸੀ। ਇਸ ਸਮੇਂ ਰਾਜਨੀਤੀ ਵਿਚ ਧਾਰਮਿਕ ਬਿਰਤੀ ਦਾ ਦਖਲ ਡਗਮਗਾ ਰਹੇ ਸਿੱਖ ਸੰਘਰਸ਼ ਨੂੰ ਇਕ ਨਵੀਂ ਮਜਬੂਤੀ ਦੇ ਰਿਹਾ ਸੀ ਜਿਸ ਵਿਚ ਅਸਲ ਵਿਚ ਢਾਂਚਾਗਤ ਅਧਾਰ ਦੀ ਘਾਟ ਸੀ।ਸਰਕਾਰ ਦਾ ਸਿੱਖਾਂ ਪ੍ਰਤੀ ਰੱਵਈਆ ਬਹੁਤ ਅੜੀਅਲ ਸੀ ਅਤੇ ਸਿੱਖ ਸੰਘਰਸ਼ ਵਿਚ ਸੱਤਾ ਦੀ ਸਮਝ ਦੀ ਘਾਟ ਹੋਣ ਕਰਕੇ ਹੌਲੀ-ਹੌਲੀ ਇਸ ਨੇ ਧਾਰਮਿਕ ਬਿਰਤੀ ਵਾਲਾ ਰਾਹ ਫੜ੍ਹ ਲਿਆ। ਕਿਸੇ ਵੀ ਰਾਜਨੀਤਿਕ ਸੰਘਰਸ਼ ਦਾ ਢਾਂਚਾਗਤ ਅਧਾਰ ਰਾਜਨੀਤਿਕ ਸਿਧਾਂਤਾਂ, ਸੰਕਲਪਾਂ ਅਤੇ ਵਿਚਾਰਾਂ ਦੀ ਸਮਝ ਉੱਪਰ ਨਿਰਭਰ ਕਰਦਾ ਹੈ ਜਿਸ ਨੂੰ ਸਮੇਂ ਦੀਆਂ ਸੱਭਿਆਚਾਰਕ, ਬੌਧਿਕ ਅਤੇ ਰਾਜਨੀਤਿਕ ਧਾਰਾਵਾਂ ਇਕ ਦਿਸ਼ਾ ਪ੍ਰਦਾਨ ਕਰਦੀਆਂ ਹਨ।ਅਕਾਲੀ ਦਲ ਦੇ ਰਾਜਨੀਤਿਕ ਸੰਕਲਪਾਂ ਵਿਚੋਂ ਇਹ ਪੱਖ ਹਮੇਸ਼ਾ ਹੀ ਮਨਫ਼ੀ ਰਹੇ ਹਨ।

ਧਰਮ ਅਤੇ ਰਾਜਨੀਤੀ ਦੇ ਖੁੱਲਮ-ਖੁੱਲੇ ਗਠਬੰਧਨ ਕਰਕੇ ਰਾਜਨੀਤਿਕ ਸੰਘਰਸ਼ ਨੇ ਸਿੱਖ ਰਾਸ਼ਟਰਵਾਦ ਦੇ ਸੰਘਰਸ਼ ਦਾ ਰੂਪ ਲੈ ਲਿਆ ਜਿਸ ਵਿਚ ਧਾਰਮਿਕ ਬਿਰਤੀ ਵਾਲੀ ਰਾਜਨੀਤੀ ਦੀ ਬਹੁਤਾਤ ਸੀ।ਨਾ-ਉਮੀਦੀ ਅਤੇ ਨਿਰਾਸ਼ਾ ਦੇ ਆਲਮ ਨੇ ਇਸ ਵਿਚ ਵਾਧਾ ਕੀਤਾ ਜਦੋਂ ਕਿ ਭਾਰਤੀ ਸਰਕਾਰ ਆਪਣੇ ਰਾਜਨੀਤਿਕ ਜੋੜ-ਤੋੜ ਵਿਚ ਮਸ਼ਗੂਲ਼ ਸੀ।ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੇ ਉਦੈ ਲਈ ਸਟੇਜ ਤਿਆਰ ਕੀਤੀ ਗਈ ਜਿਸ ਨੇ ਭਾਰਤੀ ਸੱਤਾ ਨੂੰ ਖੱੁਲਮ-ਖੁੱਲੀ ਚੁਣੌਤੀ ਦਿੱਤੀ।ਉਸ ਨੇ ਸਿੱਖਾਂ ਅਤੇ ਖ਼ਾਸ ਕਰਕੇ ਸਿੱਖ ਨੌਜਵਾਨਾਂ ਨੂੰ ਆਪਣੇ ਵੱਲ ਆਕਰਿਸ਼ਤ ਕੀਤਾ ਜਿਸ ਨੇ ਚੱਲ ਰਹੇ ਸਿੱਖ ਸੰਘਰਸ਼ ਨੂੰ ਇਕ ਨਵਾਂ ਮੋੜਾ ਦਿੱਤਾ।ਪੰਜਾਬ ਦੀਆਂ ਸੰਘੀ ਢਾਂਚੇ ਨਾਲ ਸੰਬੰਧਿਤ ਮੰਗਾਂ ਨੂੰ ਸਿੱਖ ਅਭਿਲਾਸ਼ਾਵਾਂ ਦਾ ਰੂਪ ਦੇ ਦਿੱਤਾ ਗਿਆ।ਰਾਜਨੀਤਿਕ ਹਿੰਸਾ ਦਾ ਇਕ ਚੱਕਰ ਚੱਲਿਆ ਜਿਸ ਨੂੰ ਦੱਬੂ ਮੀਡੀਆ ਨੇ ਸੰਪ੍ਰਦਾਇਕ ਮੁੱਦਿਆਂ ਨੂੰ ਹਵਾ ਦੇਣ ਲਈ ਵਰਤਿਆ।ਸਰਕਾਰ ਦੇ ਵਿਚਾਰਧਾਰਕਾਂ ਨੇ ਪੰਜਾਬ ਵਿਚ ਵਾਪਰ ਰਹੀਆਂ ਘਟਨਾਵਾਂ ਅਤੇ ਸਿੱਖ ਸੰਘਰਸ਼ ਤੋਂ ਦੂਰੀ ਬਣਾਈ ਰੱਖੀ। ਸੰਤ ਭਿੰਡਰਾਂਵਾਲੇ ਨਾਲ ਸ਼ੁਰੂਆਤੀ ਇਕਜੁੱਟਤਾ ਤੋਂ ਬਾਅਦ ਅਕਾਲੀ ਦਲ ਦੀ ਲੀਡਰਸ਼ਿਪ ਉਸ ਪ੍ਰਤੀ ਸੰਦੇਹ ਨਾਲ ਭਰ ਗਈ ਅਤੇ ਇਸ ਵਿਚੋਂ ਬਾਹਰ ਆਉਣ ਲਈ ਉਸ ਨੇ ਭਾਰਤੀ ਸਰਕਾਰ ਨਾਲ ਸਮਝੌਤੇ ਦਾ ਪਿਛਲਾ ਦਰਵਾਜਾ ਖੋਲ ਲਿਆ।ਅਤੀਤ ਦੀ ਗੁਆਚੀ ਸ਼ਾਨ ਨੂੰ ਮੁੜ ਪ੍ਰਾਪਤ ਕਰਨ ਦੀ ਇੱਛਾ ਰੱਖਣ ਵਾਲੇ ਸਿੱਖਾਂ ਨੇ ਇਹ ਕਦੇ ਵੀ ਅਹਿਸਾਸ ਨਹੀਂ ਕੀਤਾ ਕਿ ਦੂਰਦਰਸ਼ੀ ਰਾਜਨੀਤਿਕ ਸੰਘਰਸ਼ ਨੂੰ ਕਾਮਯਾਬ ਕਰਨ ਲਈ ਸਮਝਦਾਰੀ ਨਾਲ ਚੁੱਕੇ ਗਏ ਕਦਮ ਕਿੰਨੇ ਜਰੂਰੀ ਹੁੰਦੇ ਹਨ।

ਭਾਰਤੀ ਸਰਕਾਰ ਆਪਣੀਆਂ ਹੀ ਧਾਰਨਾਵਾਂ ਵਿਚ ਕੈਦ ਰਹੀ ਅਤੇ ਇਸ ਨੇ ਸਿੱਖਾਂ ਨੂੰ ਵਿਅਕਤੀ ਤੋਂ ਵੀ ਘੱਟ ਕਰਕੇ ਜਾਣਿਆ, ਜਿਵੇਂ ਕਿ ਕਵੀ ਗੋਇਤੇ ਕਹਿੰਦਾ ਹੈ, “ਇਕ ਵਿਅਕਤੀ ਨਾਲ ਉਸ ਤਰਾਂ ਦਾ ਵਿਵਹਾਰ ਕਰਨਾ ਜਿਸ ਤਰਾਂ ਦਾ ਉਹ ਹੈ, ਉਸ ਨੂੰ ਹੀਣ ਕਰਕੇ ਜਾਣਨਾ ਹੈ।ਇਕ ਵਿਅਕਤੀ ਨੂੰ ਜਿਸ ਤਰਾਂ ਦਾ ਉਹ ਹੋ ਸਕਦਾ ਹੈ ਕਰਕੇ ਮੰਨਣਾ ਅਸਲ ਵਿਚ ਉਸ ਦੀ ਸ਼ੋਭਾ ਨੂੰ ਵਧਾਉਣਾ ਹੈ।” ਰਾਜਨੀਤਿਕ ਨੇਤਾ ਵਿਅਕਤੀ ਜਿਸ ਤਰਾਂ ਦਾ ਹੈ, ਉਸੇ ਰੂਪ ਵਿਚ ਹੀ ਜਾਣਨਾ ਚਾਹੁੰਦੇ ਹਨ ਅਤੇ ਉਸ ਦੀਆਂ ਸੰਭਾਵਨਾਵਾਂ ਅਤੇ ਉਸ ਦੇ ਕੱਦ ਨੂੰ ਹਮੇਸ਼ਾ ਹੀ ਨਿਗੂਣਾ ਕਰਕੇ ਜਾਣਦੇ ਹਨ।ਪੰਜਾਬ ਵਿਚ ਇਕ ਰਾਜਨੀਤਿਕ ਤੂਫਾਨ ਖੜ੍ਹਾ ਕੀਤਾ ਗਿਆ ਜਿਸ ਨੂੰ ਇਸ ਢੰਗ ਨਾਲ ਪੇਸ਼ ਕੀਤਾ ਗਿਆ ਕਿ ਇੱਥੇ ਸਭ ਕੁਝ ਗਲਤ ਦਿਸ਼ਾ ਵਿਚ ਹੀ ਜਾਵੇਗਾ।ਦਰਬਾਰ ਸਾਹਿਬ ਨੂੰ ਭਿੰਡਰਾਵਲੇ ਦਾ ਪ੍ਰਤੀਕ ਅਤੇ ਸਾਕਾਰ ਰੂਪ ਹੀ ਬਣਾ ਦਿੱਤਾ ਗਿਆ ਜੋ ਕਿ ਭਾਰਤੀ ਦੀ ਪ੍ਰਭੂਸੱਤਾ ਅਤੇ ਰਾਸ਼ਟਰੀ ਇਕਜੁੱਟਤਾ ਲਈ ਖਤਰਾ ਸੀ।ਨਾਗਰਿਕ ਸਮਾਜ ਦੇ ਕੁਝ ਬਾਸ਼ਿੰਦੇ ਜੋ ਕਿ ਮਾਨਵਵਾਦੀ ਅਤੇ ਇਮਾਨਦਾਰ ਸਮਝੇ ਜਾਂਦੇ ਸਨ, ਉਨ੍ਹਾਂ ਨੇ ਇਸ ਗੱਲ ਉੱਪਰ ਜੋਰ ਦਿੱਤਾ ਕਿ ਸਿੱਖ ਰਾਜਨੀਤਿਕ ਸੰਘਰਸ਼ ਸੰਘੀ ਢਾਂਚੇ ਨੂੰ ਲਾਗੂ ਨਾ ਕਰਨ ਕਰਕੇ ਪੈਦਾ ਹੋਈ ਰਾਜਨੀਤਿਕ ਸਮੱਸਿਆ ਦਾ ਨਤੀਜਾ ਸੀ। ਸੱਤਾ ਦੇ ਕੇਂਦਰੀਕਰਨ ਨੇ ਸਿੱਖਾਂ ਵਿਚ ਅਸੁਰੱਖਿਆ ਦੀ ਭਾਵਨਾ ਪੈਦਾ ਕਰ ਦਿੱਤੀ ਸੀ।ਭਾਰਤੀ ਸਰਕਾਰ ਦਾ ਸਵੈ ਉੱਪਰ ਕੇਂਦਰਿਤ ਅਤੇ ਧੋਖੇਬਾਜ਼ੀ ਵਾਲਾ ਰਵੱਈਆ ਨਾਗਰਿਕ ਸਮਾਜ ਦੀਆਂ ਜਾਇਜ਼ ਮੰਗਾਂ ਉੱਪਰ ਭਾਰੂ ਪਿਆ।ਇਸ ਸਮੇਂ ਹੀ ਭਾਰਤੀ ਸੱਤਾ ਨਾਲ ਕਦਮ ਮਿਲਾਉਂਦੇ ਹੋਏ ਅਕਾਲੀ ਦਲ ਨੇ ਦਰਬਾਰ ਸਾਿਹਬ ਉੱਪਰ ਹਮਲੇ ਲਈ ਰਾਹ ਤਿਆਰ ਕਰਵਾਇਆ ਜਿਸ ਦਾ ਨਤੀਜਾ ਅਕਾਲ ਤਖਤ ਸਾਹਿਬ ਦੀ ਤਬਾਹੀ, ਦਰਬਾਰ ਸਾਹਿਬ ਦੇ ਅੰਦਰ ਹੋਰ ਇਮਾਰਤਾਂ ਦੇ ਨੁਕਸਾਨ ਅਤੇ ਹਜਾਰਾਂ ਹੀ ਮੌਤਾਂ ਦੇ ਰੂਪ ਵਿਚ ਨਿਕਲਿਆ।ਉਸ ਸਮੇਂ ਹੋਏ ਨੁਕਸਾਨ ਦਾ ਸਹੀ ਅੰਦਾਜ਼ਾ ਅਜੇ ਤੱਕ ਵੀ ਨਹੀਂ ਲਗਾਇਆ ਜਾ ਸਕਿਆ ਅਤੇ ਫੌਜ ਦੁਆਰਾ ਆਪਣੇ ਕਬਜ਼ੇ ਵਿਚ ਲੈ ਲਏ ਗਏ ਦੁਰਲੱਭ ਇਤਿਹਾਸਿਕ ਦਸਤਾਵੇਜਾਂ ਦਾ ਹਾਲੇ ਵੀ ਪਤਾ ਨਹੀ ਲਗਾਇਆ ਜਾ ਸਕਿਆ।ਇਸ ਸਥਿਤੀ ਨੂੰ ਗੁਰਬਾਣੀ ਦੀਆਂ ਇਹਨਾਂ ਸਤਰਾਂ ਰਾਹੀ ਪ੍ਰਗਟਾਇਆ ਜਾ ਸਕਦਾ ਹੈ:

ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰ ਉਡਰਿਆ॥
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਰ ਚੜਿਆ॥
ਹਉ ਭਾਲਿ ਵਿਕੁੰਨੀ ਹੋਈ॥
ਆਧੇਰੈ ਰਾਹੁ ਨ ਕੋਈ॥
ਵਿਚਿ ਹਉਮੈ ਕਰਿ ਦੁਖੁ ਰੋਈ॥
ਕਹੁ ਨਾਨਕ ਕਿਨਿ ਬਿਧਿ ਗਤਿ ਹੋਈ॥(ਪੰਨਾ ੧੪੫)

ਦਰਬਾਰ ਸਾਹਿਬ ਉੱਪਰ ਹੋਏ ਫੌਜੀ ਹਮਲੇ ਦਾ ਉਦੇਸ਼ ਕਿਸੇ ਇਕ ਸਿੱਖ ਧਾਰਮਿਕ ਸਖ਼ਸ਼ੀਅਤ ਜਾਂ ਰਾਜਨੀਤਿਕ ਅੰਦੋਲਨ ਦਾ ਖਾਤਮਾ ਕਰਨਾ ਨਹੀਂ ਸੀ, ਬਲਕਿ ਸਿੱਖਾਂ ਦੀ ਭਾਵਨਾ ਅਤੇ ਉਨ੍ਹਾਂ ਦੇ ਸੱਭਿਆਚਾਰ ਨੂੰ ਡੂੰਘਾ ਜ਼ਖਮ ਦੇਣਾ ਅਤੇ ਉਸ ਉੱਪਰ ਹਮਲਾ ਕਰਨਾ ਸੀ।ਇਸ ਦਾ ਉਦੇਸ਼ ਸਿੱਖਾਂ ਦੇ ਇਤਿਹਾਸਿਕ ਅਤੇ ਧਾਰਮਿਕ ਸਥਾਨਾਂ ਨੂੰ ਤਬਾਹ ਕਰਨਾ ਸੀ ਅਤੇ ਉਸ ਰਾਜਨੀਤਿਕ ਅਤੇ ਸਮਾਜਿਕ ਚਾਹਤ ਨੂੰ ਖਤਮ ਕਰਨਾ ਸੀ ਜੋ ਕਿ ਸਿੱਖਾਂ ਦੀਆਂ ਅਭਿਲਾਸ਼ਾਵਾਂ ਦੀ ਪ੍ਰਤੀਨਿਧਤਾ ਕਰਦੀ ਸੀ।ਫੌਜੀ ਹਮਲੇ ਦਾ ਵਿਸ਼ਲੇਸ਼ਣ ਵੀ ਰਾਜਨੀਤਿਕ ਸੱਤਾਧਾਰੀਆਂ ਅਤੇ ਤੰਗ-ਨਜ਼ਰੀ ਵਿਚਾਰਕਾਂ ਦੁਆਰਾ ਬਹੁਤ ਗਲਤ ਢੰਗ ਨਾਲ ਕੀਤਾ ਗਿਆ ਹੈ।