ਪੰਜਾਬ ਵਿੱਚ ਧਾਰਮਕ, ਰਾਜਨੀਤਕ ਅਤੇ ਸਮਾਜਕ ਤੌਰ ਤੇ ਚੰਗਾ ਸੋਚਣ ਵਾਲੀ ਸੰਸਥਾ ਸੰਵਾਦ ਵੱਲੋਂ ਪਿਛਲੇ ਦਿਨੀ ਖਾਲਸਾ ਪੰਥ ਦੇ ਭਵਿੱਖੀ ਕਾਰਜਾਂ ਸਬੰਧੀ ਇੱਕ ਦਸਤਾਵੇਜ਼ ਜਾਰੀ ਕੀਤਾ ਗਿਆ ਹੈੈ।‘ਅਗਾਂਹ ਵੱਲ ਨੂੰ ਤੁਰਦਿਆਂ’ ਸਿਰਲੇਖ ਹੇਠ ਜਾਰੀ ਕੀਤੇ ਗਏ ਇਸ ਦਸਤਾਵੇਜ਼ ਵਿੱਚ ਖਾਲਸਾ ਪੰਥ ਸਾਹਮਣੇ ਦਰਪੇਸ਼ ਮਸਲਿਆਂ ਅਤੇ ਸਮੱਸਿਆਵਾਂ ਦੀ ਜਿੱਥੇ ਨਿਸ਼ਾਨਦੇਹੀ ਕੀਤੀ ਗਈ ਹੈ ਉੱਥੇ ਹੀ ਬਹੁਤ ਸਾਰੇ ਭਵਿੱਖੀ ਕਾਰਜ ਵੀ ਮਿਥੇ ਗਏ ਹਨ ਤਾਂ ਕਿ ਖਾਲਸਾ ਜੀ ਨੂੰ ਅਤੇ ਮਾਂ ਧਰਤੀ ਪੰਜਾਬ ਨੂੰ ਉਨ੍ਹਾਂ ਅਲਾਮਤਾਂ ਤੋਂ ਮੁਕਤ ਕੀਤਾ ਜਾ ਸਕੇ ਜਿਨ੍ਹਾਂ ਨੇ ਸਿੱਖ ਸਮਾਜ ਵਿੱਚ ਬਹੁਤ ਸਾਰੇ ਵਿਗਾੜ ਪੈਦਾ ਕਰ ਦਿੱਤੇ ਹਨ।

ਬਹੁਤ ਲੰਬੇ ਸਮੇਂ ਤੋਂ ਬਾਅਦ ਅਜਿਹਾ ਕੋਈ ਦਸਤਾਵੇਜ਼ ਪੰਜਾਬੀ ਵਿੱਚ ਪੜ੍ਹਨ ਨੂੰ ਮਿਲਿਆ ਹੈੈ। ਜਿਸ ਕਿਸਮ ਦੇ ਸਮਾਜੀ ਅਤੇ ਰਾਜਸੀ ਮਹੌਲ ਵਿੱਚ ਪੰਜਾਬ ਦਾ ਅਵਾਮ ਵਿਚਰ ਰਿਹਾ ਹੈ ਉਸ ਵਿੱਚ ਗੰਭੀਰ ਵਿਚਾਰ ਚਰਚਾ ਲਈ ਥਾਂ ਖਤਮ ਹੁੰਦੀ ਜਾ ਰਹੀ ਹੈੈੈ। ਹਲਕੀ ਕਿਸਮ ਦੇ ਵਿਚਾਰ ਪਰਵਾਹਾਂ ਅਤੇ ਹਲਕੀ ਕਿਸਮ ਦੇ ਨਾਇਕਾਂ ਨੇ ਪੰਜਾਬ ਦੀ ਜਵਾਨੀ ਨੂੰ ਘੇਰ ਲਿਆ ਹੈੈ।

ਪੰਜਾਬ ਦਾ ਆਮ ਅਵਾਮ ਅਤੇ ਨੌਜਵਾਨੀ ਜਿਸ ਅਵਸਥਾ ਵਿੱਚ ਅੱਜ ਵਿਚਰ ਰਹੀ ਹੈ, ਉਸਦਾ ਅਸਲ ਕਾਰਨ ਵੀ ਇਹੋ ਹੀ ਹੈ ਕਿ ਪੰਜਾਬ ਵਿੱਚੋਂ ਅਤੇ ਖਾਸ ਕਰਕੇ ਸਿੱਖ ਸਮਾਜ ਵਿੱਚੋਂ ਗੰਭੀਰ ਵਿਚਾਰ ਪਰਵਾਹਾਂ ਦਾ ਮਹੌਲ ਅਲੋਪ ਹੋ ਗਿਆ ਹੈੈ। ਸਿੱਖ ਜਵਾਨੀ ਜੇ ਅੱਜ ਹਲਕੇ ਵਿਚਾਰਾਂ ਅਤੇ ਹਲਕੇ ਨਾਇਕਾਂ ਦੇ ਜਾਲ ਵਿੱਚ ਫਸ ਗਈ ਹੈ ਤਾਂ ਇਸਾ ਵੱਡਾ ਕਾਰਨ ਵਿਚਾਰਾਂ ਦੇ ਉਸ ਪਰਵਾਹ ਦਾ ਨਾ ਵਹਿਣਾਂ ਹੈ ਜਿਸਨੇ ਸਿੱਖ ਜਵਾਨੀ ਦੀ ਮਾਨਸਿਕਤਾ ਦੇ ਮੁਹਾਣ ਮੋੜਨੇ ਸਨ। ਜਿਨਾਂ ਸਮਿਆਂ ਵਿੱਚ ਅਸੀਂ ਸਕੂਲਾਂ ਕਾਲਜਾਂ ਵਿੱਚ ਪੜ੍ਹਦੇ ਸੀ ਉਸ ਵੇਲੇ ਬਹੁਤ ਸਾਰੇ ਧਾਰਮਕ-ਰਾਜਨੀਤਿਕ ਰਸਾਲੇ ਪੰਜਾਬ ਵਿੱਚ ਛਪਦੇ ਸਨ ਜਿਨ੍ਹਾਂ ਕਾਰਨ ਸਿੱਖ ਜਵਾਨੀ ਦੀ ਮਾਨਸਿਕਤਾ ਆਪਣੇ ਪੰਜਾਬ ਦੀ ਖੁਰ ਰਹੀ ਹੋਂਦ ਅਤੇ ਹਸਤੀ ਪ੍ਰਤੀ ਸੁਚੇਤ ਰਹਿੰਦੀ ਸੀ। ਭਾਵੇਂ ਉਹ ਰਸਾਲੇ ਮਹੀਨਾਵਾਰ ਹੀ ਸਨ ਪਰ ਉਨ੍ਹਾਂ ਵਿੱਚ ਛਪਦੇ ਵਿਚਾਰ ਸਿੱਖ ਜਵਾਨੀ ਨੂੰ ਕੋਈ ਗੰਭੀਰ ਸੰਦੇਸ਼ ਜਰੂਰ ਦੇਂਦੇ ਸਨ। ਅਜਿਹੇ ਰਸਾਲਿਆਂ ਦੀ ਵਜ੍ਹਾ ਕਾਰਨ ਹੀ ਸਿੱਖ ਜਵਾਨੀ ਨੇ ਆਪਣੇ ਅਸਲ ਨਾਇਕ ਲੱਭ ਲਏ ਸਨ। ਉਹ ਆਪਣੀ ਹੋਂਦ ਬਾਰੇ ਸੁਚੇਤ ਹੋ ਗਈ ਸੀ। ਉਸਦਾ ਆਪਣੇ ਗੁਰੂ ਅਤੇ ਗੁਰੂਆਂ ਦੀ ਵਰੋਸਾਈ ਧਰਤੀ ਨਾਲ ਰਿਸ਼ਤਾ ਕਾਫੀ ਮਜ਼ਬੂਤ ਹੋ ਗਿਆ ਸੀ। ਉਨ੍ਹਾਂ ਨੇ ਉਹ ਤਾਕਤਾਂ ਵੀ ਪਹਿਚਾਣ ਲਈਆਂ ਸਨ ਜੋ ਮਾਂ ਧਰਤੀ ਦੇ ਬੇਅਦਬੀ ਕਰਨ ਲਈ ਕਾਹਲੀਆਂ ਪਈਆਂ ਹੋਈਆਂ ਸਨ।

ਪਰ ਇੱਕ ਸਮੇਂ ਤੋਂ ਬਾਅਦ ਖਾਲਸਾ ਪੰਥ ਦੇ ਘੇਰਿਆਂ ਵਿੱਚੋਂ ਗੰਭੀਰ ਵਿਚਾਰਾਂ ਦੇ ਪਰਵਾਹ ਚੱਲਣੇ ਬੰਦ ਹੋ ਗਏ। 1984 ਤੋਂ ਬਾਅਦ ਖਾਲਸਾ ਪੰਥ ਲਈ ਜੋ ਨਵੇਂ ਰਿਸ਼ਤੇ ਅਤੇ ਨਵੀਆਂ ਚੁਣੌਤੀਆਂ ਉਭਰੀਆਂ ਉਨ੍ਹਾਂ ਦੇ ਸਦੀਵੀ ਅਤੇ ਰੁਹਾਨੀ ਹੱਲ ਲਈ ਗੰਭੀਰ ਵਿਚਾਰ ਪਰਵਾਹਾਂ ਦੀ ਲੋੜ ਸੀ ਜੋ ਬਹੁਤ ਸਾਰੇ ਕਾਰਨਾ ਕਰਕੇ ਨਹੀ ਚੱਲ ਸਕੇ।

ਅੱਜ ਜਿਸ ਕਿਸਮ ਦੇ ਮਹੌਲ ਵਿੱਚ ਖਾਲਸਾ ਪੰਥ ਵਿਚਰ ਰਿਹਾ ਹੈ ਅਤੇ ਜਿਸ ਕਿਸਮ ਦਾ ਬਹੁ-ਪੱਖੀ ਖੋਰਾ ਸਿੱਖ ਜੀਵਨ ਜਾਂਚ ਨੂੰ ਲੱਗ ਰਿਹਾ ਹੈ ਉਸ ਸੰਦਰਭ ਵਿੱਚ ਬਹੁਤ ਸਾਰੇ ਵਿਚਾਰ-ਪਰਚੇ ਸਾਹਮਣੇ ਆਉਣੇ ਚਾਹੀਦੇ ਹਨ।

ਸੰਵਾਦ ਵੱਲੋਂ ਜਾਰੀ ਕੀਤੇ ਗਏ ਇਸ ਦਸਤਾਵੇਜ਼ ਵਿੱਚ ਖਾਲਸਾ ਪੰਥ ਦੇ ਪੰਥਕ ਅਤੇ ਸ਼ਖਸ਼ੀ ਜੀਵਨ ਵਿੱਚ ਆਈਆਂ ਕਮਜ਼ੋਰੀਆਂ ਦੀ ਪਹਿਚਾਣ ਕਰਕੇ, ਪੰਥ ਨੂੰ ਰੁਹਾਨੀ ਤੌਰ ਤੇ ਮੌਕਲਾ ਕਰਨ ਦੇ ਕਾਰਜ ਮਿੱਥੇ ਗਏ ਹਨ। ਖਾਲਸਾ ਪੰਥ ਦੇ ਰੁਹਾਨੀ ਜੀਵਨ ਵਿੱਚ ਆਈਆਂ ਕਮਜੋਰੀਆਂ ਕਾਰਨ ਹੀ ਅਸੀਂ ਆਪਣੇ ਅਸਲ ਨਿਸ਼ਾਨਿਆਂ ਅਤੇ ਨਾਇਕਾਂ ਤੋਂ ਭਟਕ ਰਹੇ ਹਾਂ। ਆਪਣੇ ਭਵਿੱਖ ਦੀ ਸਥਿਤੀ ਤੋਂ ਵੀ ਭਟਕ ਰਹੇ ਹਾਂ।

ਅਸੀਂ ਸਮਝਦੇ ਹਾਂ ਕਿ ਖਾੜਕੂ ਲਹਿਰ ਦੇ ਜਲੌਅ ਮੱਧਮ ਪੈਣ ਤੋਂ ਬਾਅਦ ਇਸ ਕਿਸਮ ਦੀ ਧਿਰ ਨੂੰ ਮੈਦਾਨ ਮਿਲਣਾਂ ਚਾਹੀਦਾ ਸੀ ਜੋ ਲਹਿਰ ਦੇ ਮੱਧਮ ਪੈਣ ਕਾਰਨ ਸਿੱਖ ਪੰਥ ਵਿੱਚ ਛਾਈ ਨਿਰਾਸ਼ਤਾ ਨੂੰ ਖਾਲਸਾਈ ਰਵਾਇਤਾਂ ਅਤੇ ਗੁਰੂ ਗਰੰਥ ਸਾਹਿਬ ਦੇ ਸੰਦੇਸ਼ ਦੀ ਰੌਸ਼ਨੀ ਵਿੱਚ ਮੁੜ ਤੋਂ ਚੜ੍ਹਦੀ ਕਲਾ ਵਿੱਚ ਬਦਲ ਸਕਦੀ ਅਤੇ ਖਾਲਸਾ ਜੀ ਦੇ ਖੁਸੇ ਹੋਏ ਮਾਣ ਸਨਮਾਨ ਲਈ ਕੌਮ ਮੁੜ ਯਤਨਸ਼ੀਲ ਹੋ ਸਕਦੀ। ਪਰ ਸਰਕਾਰੀ ਤਸ਼ੱਦਦ ਦੀ ਤੇਜ਼ ਹਨੇਰੀ ਕਾਰਨ ਉਸ ਤਰ੍ਹਾਂ ਨਹੀ ਹੋ ਸਕਿਆ। ਖਾੜਕੂ ਲੀਡਰਸ਼ਿੱਪ ਦੇ ਲੱਖਾਂ ਯਤਨਾ ਦੇ ਬਾਵਜੂਦ ਵੀ ਲਹਿਰ ਦੇ ਸਮੇਂ ਦੌਰਾਨ ਕੋਈ ਅਜਿਹਾ ਢਾਂਚਾ ਖੜ੍ਹਾ ਨਹੀ ਕੀਤਾ ਜਾ ਸਕਿਆ ਜੋ ਬਾਅਦ ਵਿੱਚ ਲਹਿਰ ਦੀ ਵਿਰਾਸਤ ਨੂੰ ਸੰਭਾਲ ਸਕਦਾ।

ਬੇਸ਼ੱਕ ਏਥੇ ਤੱਕ ਪਹੁੰਚਣ ਲਈ ਬਹੁਤ ਸਮਾਂ ਲੱਗ ਗਿਆ ਹੈ ਪਰ ਫਿਰ ਵੀ ਕੁਝ ਨਹੀ ਵਿਗੜਿਆ। ਸੰਵਾਦ ਵੱਲੋਂ ਜਾਰੀ ਕੀਤੇ ਗਏ ਦਸਤਾਵੇਜ਼ ਵਿੱਚ ਕੇਂਦਰੀ ਨੁਕਤਾ ਸਿੱਖ ਦੀ ਸ਼ਖਸ਼ੀ ਰਹਿਣੀ ਨੂੰ ਬੁਲੰਦੀਆਂ ਤੇ ਲਿਜਾਣ ਦਾ ਮਿਥਿਆ ਗਿਆ ਹੈੈੈ, ਜੋ ਅਸੀਂ ਸਮਝਦੇ ਹਾਂ ਕਿ ਸਹੀ ਮੌਕੇ ਤੇ ਚੁੱਕਿਆ ਗਿਆ ਸਹੀ ਕਦਮ ਹੈੈ। ਕੌਮਾਂ ਜਦੋਂ ਆਪਣੀ ਮੁਕਤੀ ਦੀ ਪਹਿਲੀ ਜੰਗ ਵਿੱਚ ਮਾਤ ਖਾ ਜਾਂਦੀਆਂ ਹਨ ਅਤੇ ਜਦੋਂ ਕੌਮਾਂ ਦੀ ਹੋਂਦ ਹਸਤੀ ਸਾਹਮਣੇ ਵੱਡੇ ਸੁਆਲ ਖੜ੍ਹੇ ਹੋ ਜਾਂਦੇ ਹਨ ਉਸ ਵੇਲੇ ਕੌਮਾਂ ਦੇ ਧਾਰਮਕ ਗਰੰਥ,ਰਵਾਇਤਾਂ, ਕੌਮਾਂ ਦੇ ਸ਼ਹੀਦ ਅਤੇ ਇਤਿਹਾਸ ਹੀ ਕੌਮਾਂ ਦੀ ਮਾਨਸਿਕਤਾ ਦੇ ਮੁਹਾਣ ਮੋੜਨ ਦਾ ਕਾਰਜ ਕਰਦੇ ਹਨ। ਅੰਦਰਨੂੀ ਖੋਰਾ ਹੀ ਕੌਮਾਂ ਲਈ ਸਭ ਤੋ ਘਾਤਕ ਹੁੰਦਾ ਹੈ, ਕਿਉਂਕਿ ਇਹ ਕੌਮਾਂ ਦੇ ਸਵੈਮਾਣ ਨੂੰ ਹਰਾ ਦੇਂਦਾ ਹੈੈ।

ਸੰਵਾਦ ਵੱਲੋਂ ਜਾਰੀ ਕੀਤੇ ਗਏ ਦਸਤਾਵੇਜ਼ ਵਿੱਚ ਬਹੁਤ ਪਰਮੁਖਤਾ ਨਾਲ ਕੌਮ ਦੀ ਮਾਨਸਿਕਤਾ ਨੂੰ ਲੱਗੇ ਬਿਪਰਨ ਕੀ ਰੀਤ ਦੇ ਜੰਗਾਲ ਨੂੰ ਲਾਹੁਣ ਵੱਲ ਸੇਧਾਂ ਮੁਹੱਈਆ ਕਰਵਾਈਆਂ ਗਈਆਂ ਹਨ। ਬਿਪਰਨ ਕੀ ਰੀਤ ਦੇ ਜੰਗਾਲ ਨੂੰ ਲਾਹ ਕੇ ਹੀ ਅੱਗੇ ਵਧਿਆ ਜਾ ਸਕਦਾ ਹੈੈ। ਜਦੋਂ ਦੁਸ਼ਮਣ ਦਾ ਵਿਚਾਰ ਪਰਵਾਹ ਅਧੀਨ ਕੌਮ ਦੇ ਮਨ-ਮਸਤਕ ਦਾ ਗਹਿਣਾਂ ਬਣ ਜਾਵੇ ਉਸ ਕੌਮ ਨੂੰ ਗੁਲਾਮ ਬਣਾਉਣਾਂ ਫਿਰ ਔਖਾ ਨਹੀ ਹੁੰਦਾ। ਜਦੋਂ ਤੱਕ ਕੌਮਾਂ ਆਪਣੇ ਧਰਮ ਗਰੰਥ ਅਤੇ ਇਤਿਹਾਸ ਦੀ ਰੌਸ਼ਨੀ ਵਿੱਚ ਆਪਣੀ ਹੋਂਦ ਬਾਰੇ ਸੁਚੇਤ ਰਹਿੰਦੀਆਂ ਹਨ ਅਤੇ ਆਪਣੇ ਆਪੇ ਨੂੰ ਬਚਾਕੇ ਰੱਖਦੀਆਂ ਹਨ ਉਦੋਂ ਤੱਕ ਨਾ ਕੇਵਲ ਉਹ ਆਪਣੀ ਸਮਾਜਕ ਹੋਂਦ ਬਚਾ ਕੇ ਰੱਖਦੀਆਂ ਹਨ ਬਲਕਿ ਸਿਆਸੀ ਤੌਰ ਤੇ ਵੀ ਆਪਣੇ ਸ਼ਹੀਦਾਂ ਦੀ ਧਰਤੀ ਨੂੰ ਮੁਕਤ ਕਰਵਾ ਲੈਂਦੀਆਂ ਹਨ।ਸੰੰਵਾਦ ਦਾ ਇਹ ਦਸਤਾਵੇਜ਼ ਨਿਸਚੇ ਵੀ ਬਹੁ੍ਹਤ ਗੰਭੀਰ ਅਤੇ ਸਹੀ ਦਿਸ਼ਾ ਵਿੱਚ ਚੁਕਿਆ ਗਿਆ ਕਦਮ ਹੈੈੈ। ਵਰਤਮਾਨ ਸਮੇਂ ਦੀ ਸਿੱਖ ਸਮੱਸਿਆ ਹੈ ਹੀ ਰੁਹਾਨੀ ਜੀਵਨ ਜਾਂਚ ਤੋਂ ਟੁੱਟ ਜਾਣ ਦੀ। ਜਦੋਂ ਖਾਲਸਾ ਪੰਥ ਮੁੜ ਤੋਂ ਉਨ੍ਹਾਂ ਪੁਰਾਤਨ ਸਿੰਘਾਂ ਵਾਲੀ ਰਹਿਣੀ ਅਤੇ ਉੱਚੇ ਕਿਰਦਾਰ ਦਾ ਮਾਲਕ ਬਣ ਜਾਵੇਗਾ ਫਿਰ ਦੁਸ਼ਮਣ ਦੇ ਨਾਇਕ ਉਸਦੇ ਨਾਇਕ ਨਹੀ ਰਹਿਣਗੇ।

ਬਲਕਿ ਕੌਮ ਦੇ ਆਪਣੇ ਨਾਇਕ ਉਸਦੇ ਰਾਹ ਦਰਸਾਵੇ ਬਣਨਗੇ। ਸੰਵਾਦ ਦਾ ਇਸ ਦਸਤਾਵੇਜ਼ ਲਈ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਕਿਉਂਕਿ ਯਾਤਰਾ ਏਥੋਂ ਹੀ ਅਰੰਭ ਹੋਣੀ ਹੈੈੈ।