ਨੌਜਵਾਨ ਪੀੜੀ ਕਿਸੇ ਵੀ ਕੌਮ ਦਾ ਸਰਮਾਇਆ ਹੁੰਦਾ ਹੈ ਇਸ ਨੌਜਵਾਨੀ ਨੂੰ ਜੱਥੇਬੰਦਕ ਸੇਧ ਦੇਣੀ ਤੇ ਲਾਮਬੰਦ ਕਰਨਾ ਹਰੇਕ ਕੌਮ ਦੀ ਜੜ ਨੂੰ ਮਜਬੂਤ ਕਰਨਾ ਹੁੰਦਾ ਹੈ। ਇਸੇ ਸੋਚ ਅਧੀਨ ੧੩ ਸਤੰਬਰ ੧੯੪੪ ਨੂੰ ਲੰਮੇ ਸਲਾਹ ਮਸ਼ਵਰੇ ਤੋਂ ਬਾਅਦ ਸਿੱਖ ਕੌਮ ਨੇ ਆਪਣੀ ਸਿੱਖ ਨੌਜਵਾਨੀ ਨੂੰ ਭਵਿੱਖ ਲਈ ਧਾਰਮਿਕ, ਰਾਜਨੀਤਿਕ, ਵਿਦਿਅਕ, ਸਮਾਜਿਕ, ਆਰਥਿਕ ਅਤੇ ਸਭਿਆਚਾਰਕ ਖੇਤਰਾਂ ਵਿੱਚ ਸੁਚੇਤ ਰੱਖਣ ਲਈ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਸਥਾਪਨਾ ਕੀਤੀ ਸੀ। ਇਸ ਦੇ ਪਹਿਲੇ ਪ੍ਰਧਾਨ ਸ੍ਰ: ਸਰੂਪ ਸਿੰਘ ਸਨ ਜੋ ਕਿ ਉਸ ਸਮੇਂ ਲਾਅ ਦੇ ਵਿਦਿਆਰਥੀ ਸਨ। ਇਹ ਭਾਰਤ ਦੀ ਅਜ਼ਾਦੀ ਤੋਂ ਪਹਿਲਾਂ ਦਾ ਉਹ ਸਮਾਂ ਸੀ ਜਦੋਂ ਹਿੰਦੂ ਤੇ ਮੁਸਲਮਾਨ ਕੌਮ ਦੇ ਸਿਆਸੀ ਲੀਡਰਾਂ ਵੱਲੋਂ ਆਪਣੇ ਧਰਮ ਦੇ ਯੂਥ ਨੂੰ ਲਾਮਬੰਦ ਰੱਖਣ ਲਈ ਵੱਖਰੀਆਂ ਵੱਖਰੀਆਂ ਨੌਜਵਾਨ ਫੈਡਰੇਸ਼ਨਾਂ ਬਣਾਈਆਂ ਹੋਈਆਂ ਸਨ। ਇਸੇ ਸੰਦਰਭ ਵਿੱਚ ਸਿੱਖ ਨੌਜਵਾਨੀ ਨੇ ਵੀ ਆਪਣਾ ਵਿਰਸਾ ਸੰਭਾਲਦਿਆਂ ਹੋਇਆਂ ਆਪਣੇ-ਆਪ ਨੂੰ ੧੩ ਸਤੰਬਰ ੧੯੪੪ ਵਿੱਚ ਸਿੱਖ ਨੌਜਵਾਨਾਂ ਦਾ ਹਰਿਆਵਲਾ ਦਸਤਾ ਸਿੱਖ ਨੌਜਵਾਨ ਫੈਡਰੇਸ਼ਨ ਦੀ ਸਥਾਪਨਾ ਕੀਤੀ ਸੀ।

ਇਸ ਸਿੱਖ ਫੈਡਰੇਸ਼ਨ ਦਾ ਪਹਿਲਾ ਇਜਲਾਸ ਅਕਤੂਬਰ ੧੯੪੫ ਵਿੱਚ ਲਾਹੌਰ ਵਿਖੇ ਹੋਇਆ ਸੀ। ਜਿਸ ਵਿੱਚ ਫੈਡਰੇਸ਼ਨ ਦੇ ਪੰਜ ਨਿਸ਼ਾਨੇ ਤਹਿ ਕੀਤੇ ਗਏ ਸਨ। ਜਿਸ ਰਾਹੀਂ ਸਿੱਖ ਫੈਡਰੇਸ਼ਨ ਨੂੰ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਲਾਮਬੰਦ ਕਰਨਾ ਤੇ ਉਨਾਂ ਦੇ ਹੱਕਾਂ ਤੇ ਹਿੱਤਾਂ ਨੂੰ ਸੁਰੱਖਿਅਤ ਕਰਨਾ ਮੁੱਖ ਸਨ। ਇਸੇ ਤਰਾਂ ਮਾਰਚ ੧੯੪੬ ਵਿੱਚ ਇਸਦੇ ਦੂਸਰੇ ਇਜਲਾਸ ਦੌਰਾਨ ਲਹੌਰ ਵਿੱਚ ਅਜ਼ਾਦ ਸਿੱਖ ਰਾਜ ਦੇ ਮਤੇ ਨੂੰ ਆਪਣਾ ਨਿਸ਼ਾਨਾ ਮਿਥਿਆ ਗਿਆ। ਜਿਸ ਨੂੰ ਬਾਅਦ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅਪਨਾਉਣਾ ਪਿਆ ਸੀ। ਸਿੱਖ ਸਟੂਡੈਂਟ ਫੈਡਰੇਸ਼ਨ ਨੇ ਭਾਰਤ ਦੀ ਅਜ਼ਾਦੀ ਤੋਂ ਪਹਿਲਾਂ ਇਹ ਧਾਰਨਾ ਵੀ ਅਪਣਾਈ ਦੱਸੀ ਜਾਂਦੀ ਹੈ ਕਿ ਉਹ ਮੁਸਲਿਮ ਲੀਗ ਦੇ ਸਰਪ੍ਰਸਤ ਜਿਨਾਹ ਦੇ ਅਸਰ ਅਧੀਨ ਸਿੱਖ ਕੌਮ ਨੂੰ ਅਜ਼ਾਦ ਸਿੱਖ ਹੋਮਲੈਂਡ ਦੇ ਵਾਅਦੇ ਸਦਕਾ ਸਿੱਖ ਕੌਮ ਦਾ ਰਲੇਵਾਂ ਪਾਕਿਸਤਾਨ ਨਾਲ ਕਰਨਾ ਲੋਚਦੇ ਸਨ। ਜੋ ਕਿ ਅੱਜ ਦੇ ਸੰਦਰਭ ਵਿੱਚ ਅੱਜ ਵੀ ਸੋਚਣ ਵਾਲਾ ਵਿਸ਼ਾ ਹੈ। ਜਿਸ ਤੇ ਵਿਸਥਾਰ ਪੂਰਵਕ ਸਿੱਖ ਫੈਡਰੇਸ਼ਨ ਦੇ ਸਥਾਪਨਾ ਦਿਵਸ ਤੇ ਵਿਚਾਰ ਹੋਣੀ ਬਣਦੀ ਹੈ ਕਿ ਇਹ ਵਿਚਾਰ ਦਰੁਸਤ ਤੇ ਦੂਰ ਅੰਦੇਸ਼ੀ ਵਾਲਾ ਸੀ ਜਾਂ ਨਹੀਂ। ਪਰ ਉਸ ਵਕਤ ਦੀ ਸਿੱਖ ਲੀਡਰਸ਼ਿਪ ਨੇ ਆਪਣੇ ਦਬਾਅ ਤੇ ਰਸੂਖ ਸਦਕਾ ਸਿੱਖ ਸ਼ਟੂਡੈਂਟ ਫੈਡਰੇਸ਼ਨ ਦੀ ਇਸ ਤਰਾਂ ਦੀ ਕਿਸੇ ਵੀ ਸੱਚ ਨੂੰ ਇਤਿਹਾਸ ਅਨੁਸਾਰ ਦਬਾਅ ਦਿੱਤਾ ਤੇ ਸਿੱਖ ਕੌਮ ਦੇ ਭਵਿੱਖ ਨੂੰ ਕਾਂਗਰਸ ਦੀ ਸੋਚ ਅਧੀਨ ਕਰਕੇ ਅਜ਼ਾਦ ਭਾਰਤ ਵਿੱਚ ਸ਼ਾਮਿਲ ਹੋਣ ਲਈ ਮਜਬੂਰ ਕਰ ਦਿੱਤਾ। ਜਦਕਿ ਉਸ ਸਮੇਂ ਭਾਰਤ ਦਾ ਸੰਵਿਧਾਨ ਮਨਜ਼ੂਰੀ ਲਈ ਭਾਰਤ ਦੇ ਅਜ਼ਾਦ ਹੋਣ ਤੋਂ ਬਾਅਦ ਸਿੱਖ ਲੀਡਰਾਂ ਦੀ ਪ੍ਰਵਾਨਗੀ ਲਈ ਉਨਾਂ ਕੋਲ ਆਇਆ ਤਾਂ ਉਸ ਵਕਤ ਇੰਨਾਂ ਸਿੱਖ ਲੀਡਰਾਂ ਨੇ ਸੰਵਿਧਾਨ ਤੇ ਹਸਤਾਖਰ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ ਸੀ। ਕਿਉਂਕਿ ਇਹ ਭਾਰਤੀ ਸੰਵਿਧਾਨ ਸਿੱਖ ਕੌਮ ਦੀਆਂ ਭਾਵਨਾਵਾਂ ਤੇ ਕੌਮ ਨਾਲ ੧੯੪੭ ਤੋਂ ਪਹਿਲਾਂ ਕੀਤੇ ਵਾਅਦਿਆਂ ਤੇ ਪੂਰਾ ਨਹੀਂ ਉਤਰਦਾ ਸੀ।

ਇਹ ਸਿੱਖ ਸ਼ਟੂਡੈਂਟ ਫੈਡਰੇਸ਼ਨ ਅਨੇਕਾਂ ਸਾਲਾਂ ਤੱਕ ਆਪਣੀ ਸਥਾਪਨਾ ਤੋਂ ਬਾਅਦ ਸਿੱਖ ਕੌਮ ਲਈ ਪ੍ਰੇਰਨਾ ਸ਼੍ਰੋਤ ਰਹੀ ਹੈ। ਪਰ ੧੯੫੯ ਤੋਂ ਇਸ ਨੂੰ ਦੋ ਫਾੜ ਕਰ ਦਿੱਤਾ ਗਿਆ ਤੇ ਇਸੇ ਰਾਹ ਚਲਦਿਆਂ ੧੯੬੩ ਤੱਕ ਇਹ ਸਿੱਖ ਨੌਜ਼ਵਾਨ ਜੱਥੇਬੰਦੀ ਅੱਜ ਵਾਂਗ ਸਿਰਫ ਕਾਗਜ਼ੀ ਅੱਖਰਾਂ ਤੱਕ ਸੀਮਿਤ ਹੋ ਕੇ ਰਹਿ ਗਈ ਸੀ। ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮਾਣਮੱਤੇ ਇਤਿਹਾਸ ਨੂੰ ਉਲੀਕਣ ਵਿੱਚ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੀ ਯੋਗ ਅਗਵਾਈ ਅਤੇ ਸ਼ਹੀਦ ਭਾਈ ਅਮਰੀਕ ਸਿੰਘ ਦਾ ਜੁਲਾਈ ੧੯੭੮ ਵਿੱਚ ਇਸਦਾ ਪ੍ਰਧਾਨ ਬਣਨਾ ਇਸ ਵਿੱਚ ਨਵੀਂ ਰੂਹ ਫੂਕਣ ਵਾਲਾ ਕੰਮ ਸੀ। ਇਸ ਤੋਂ ਬਾਅਦ ਤਕਰੀਬਨ ਦੋ ਦਹਾਕਿਆਂ ਤੱਕ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਸਿੱਖ ਸੰਘਰਸ਼ ਦੌਰਾਨ ਆਪਣੇ ਵੱਲੋਂ ਹਜ਼ਾਰਾਂ ਕੁਰਬਾਨੀਆਂ ਸਦਕਾ ਇਸਦਾ ਇਤਿਹਾਸ ਮੁੜ ਸਿਰੰਜਿਆ ਉਸ ਸਮੇਂ ਇਸਦੇ ਬਾਨੀ ਸ਼ਹੀਦ ਭਾਈ ਅਮਰੀਕ ਸਿੰਘ ਹੋਵੇ ਜਿਨਾਂ ਨੇ ੧੯੮੪ ਦੇ ਭਾਰਤੀ ਫੌਜੀ ਹਮਲੇ ਦੌਰਾਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਦੀ ਅਗਵਾਈ ਵਿੱਚ ਸ਼ਹਾਦਤ ਦਾ ਜ਼ਾਮ ਪੀਤਾ।

ਸਿੱਖ ਸੰਘਰਸ਼ ਦੇ ਨੱਬੇਵਿਆਂ ਦੇ ਸ਼ੁਰੂ ਵਿੱਚ ਮੱਧਮ ਪੈਣ ਨਾਲ ਸਿੱਖ ਸਟੂਡੇਂਟ ਫੈਡਰੇਸ਼ਨ ਵੀ ਆਪਣੀ ਲੀਹ ਤੋਂ ਉੱਤਰ ਕੇ ਅਨੇਕਾਂ ਧੜਿਆਂ ਤੇ ਕਾਗਜ਼ੀ ਪ੍ਰਧਾਨਾ ਵਿੱਚ ਵੰਡੀ ਗਈ ਤੇ ਆਪਣੇ ਆਪ ਨੂੰ ਪੂਰੀ ਤਰਾਂ ਨਾਲ ਸਮੇਂ ਦੇ ਅਕਾਲੀ ਦਲ ਵਿੱਚ ਵਿਲੀਨ ਕਰ ਲਿਆ ਅਤੇ ਆਪਣੀ ਅਜ਼ਾਦ ਹਸਤੀ ਤੇ ਉਸ ਪਿਛੇ ਇਤਿਹਾਸ ਦਾ ਸੁਨਹਿਰੀ ਵਰਕਿਆਂ ਨੂੰ ਵੀ ਸਮੇਟ ਦਿੱਤਾ। ਅੱਜ ਇਸਦੇ ੭੩ਵੇਂ ਵਰੇਗੰਡ ਤੇ ਭਾਵੇਂ ਪੰਜਾਬ ਵਿੱਚ ਕਿਤੇ ਨਾ ਕਿਤੇ ਇਸਦੇ ਸਥਾਪਨਾ ਦਿਵਸ ਨੁੰ ਸਮਰਪਿਤ ਇੱਕਠੇ ਹੋਣਗੇ, ਪਰ ਹੁਣ ਇਹ ਸਿਰਫ ਤੇ ਸਿਰਫ ਇੱਕ ਨਿਸ਼ਾਨ ਚਿੰਨ ਜਿਹਾਂ ਹੀ ਸਾਬਤ ਹੋਵੇਗਾ।